Share on Facebook

Main News Page

ਐਲਬਰਟਾ ਦੇ ਗੁਰਦੁਆਰੇ ਅਤੇ ਸਿੱਖ ਸੰਸਥਾਵਾਂ ਵਲੋਂ ਗਿਆਨੀ ਗੁਰਬਚਨ ਸਿੰਘ ਨੂੰ ਬੇਨਤੀ ਪੱਤਰ

ਸਿੰਘ ਸਾਹਿਬ, ਗਿ: ਗੁਰਬਚਨ ਸਿੰਘ ਜੀ, 15 ਫਰਵਰੀ 2012
ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ,
ਅੰਮ੍ਰਿਤਸਰ, ਪੰਜਾਬ, ਇੰਡੀਆ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਵਿਸ਼ਾ : ਭਾਈ ਸਰਬਜੀਤ ਸਿੰਘ ਧੂੰਦਾ ਸੰਬੰਧੀ ਜਾਰੀ ਹੋਏ ਆਦੇਸ਼ ਬਾਰੇ

ਆਪ ਜੀ ਵਲੋਂ 3 ਜਨਵਰੀ 2012 ਨੂੰ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਜਿਤਨਾ ਚਿਰ ਸ੍ਰੀ ਅਕਾਲ ਤਖ਼ਤ ਵਲੋਂ ਲੱਗੇ ਦੋਸ਼ਾਂ ਦਾ ਸਪਸ਼ਟੀਕਰਨ ਨਹੀ ਦਿੰਦੇ, ਉਤਨੀ ਦੇਰ ਉਹ ਗੁਰਮਤਿ ਪ੍ਰਚਾਰ ਨਹੀ ਕਰ ਸਕਦੇ ਅਤੇ ਨਾਲ ਹੀ ਤੁਸੀਂ ਸੰਗਤਾਂ ਨੂੰ ਆਦੇਸ਼ ਦਿਤਾ ਹੈ ਕਿ ਉਨ੍ਹਾਂ ਦਾ ਸਹਿਯੋਗ ਨਾ ਦੇਣ।

ਸ੍ਰੀ ਗੁਰੂ ਗਰੰਥ ਸਾਹਿਬ ਦੀ ਸਰਵ ਉਚਤਾ ਨੂੰ ਸਮਰਪਿਤ ਸਿੱਖ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ, ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਦੀ ਜਥੇਬੰਦਕ ਸ਼ਕਤੀ ਦਾ ਪ੍ਰਤੀਕ ਹੈ। ਸਿੱਖ ਸੰਗਤਾਂ ਸਾਹਮਣੇ ਇਹ ਵੀ ਸਪਸ਼ਟ ਹੈ ਕਿ ਕੌਮ ਦੇ ਸੇਵਾਦਾਰ, ਅਹੁਦੇਦਾਰ, ਪ੍ਰਚਾਰਕ, ਪ੍ਰਬੰਧਕ ਅਤੇ ਜਥੇਦਾਰ ਸਾਰੇ ਹੀ ਗੁਰਮਤਿ ਦੇ ਸਿਧਾਂਤਾਂ ਤੋਂ ਉਂੱਪਰ ਨਹੀ ਹਨ। ਤੁਹਾਡੇ ਆਦੇਸ਼ ਤੇ ਗੌਰ ਕਰਨ ਤੋਂ ਪਹਿਲਾਂ, ਸਿੱਖ ਸੰਗਤਾਂ ਕਿਤਨੇ ਚਿਰ ਤੋਂ ਇਸ ਮੁੱਦੇ ਦਾ ਜਵਾਬ ਮੰਗ ਰਹੀਆਂ ਹਨ ਕਿ ਜੇ ਕਰ ਕੁਝ ਤਖ਼ਤਾਂ ਦੇ ਜਥੇਦਾਰ ਖ਼ੁਦ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਨਹੀ ਮੰਨਦੇ, ਤਾਂ ਅਜੇਹੇ ਜਥੇਦਾਰਾਂ ਦਾ ਕਿਸੇ ਪੰਥਕ ਫੈਸਲੇ ਵਿਚ ਸ਼ਾਮਲ ਹੋਣ ਦਾ ਕੀ ਅਧਿਕਾਰ ਰਹਿ ਜਾਂਦਾ ਹੈ? ਇਸ ਤਰਾਂ ਦੇ ਜਥੇਦਾਰਾਂ ਦੇ ਇਕੱਠ ਵਿਚ ਕੀਤਾ ਕੋਈ ਫੈਸਲਾ ਕਿਵੇਂ ਗੁਰਮਤਿ ਅਨੁਸਾਰ ਜਾਂ ਗੁਰਬਾਣੀ ਦੀ ਰੋਸ਼ਨੀ ’ਚ ਠੀਕ ਮੰਨਿਆਂ ਜਾ ਸਕਦਾ ਹੈ ? ਇਸ ਤਰਾਂ ਦੇ ਸਿਧਾਂਤ ਵਿਹੂਣੇ ਫੈਸਲੇ ਸੰਗਤਾਂ ਨੂੰ ਸੁਭਾਵਿਕ ਹੀ ਪਰਵਾਣ ਨਹੀ ਹੋਣਗੇ।

ਪਹਿਲਾਂ ਵੀ ਕਈ ਅਜਿਹੇ ਫੈਸਲੇ ਵਿਵਾਦਾਂ ਦੇ ਘੇਰੇ ਵਿਚ ਆ ਚੁੱਕੇ ਹਨ ਅਤੇ ਜਿਨ੍ਹਾਂ ਕਾਰਨ ਕੌਮ ਵਿਚ ਸਿਧਾਂਤਕ ਏਕਤਾ ਦੀ ਥਾਂ ਇੰਤਸ਼ਾਰ ਵਧਿਆ ਹੈ। ਜਿਵੇਂ ਕਿ ਸਿੱਖ ਕੌਮ ਦੇ ਲਈ ਵਿਲੱਖਣਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਸੱਤ ਸਾਲ ਲਾਗੂ ਕਰਕੇ ਅਜਿਹੇ ਢੰਗ ਨਾਲ ਬਦਲਿਆ ਗਿਆ ਕਿ ਸਿੱਖ ਕੌਮ ਵਿਚ ਰੋਸ ਜਾਗਣਾ ਅਵੱਸ਼ ਸੀ। ਅਜੇਹੇ ਫੈਸਲਿਆਂ ਕਾਰਨ ਹੁਣ ਸਿੱਖ ਸੰਗਤਾਂ ਮਹਿਸੂਸ ਕਰਦੀਆਂ ਹਨ ਕਿ ਸਾਡੀਆਂ ਉਚ ਸਿੱਖ ਸੰਸਥਾਂਵਾਂ ਦਾ ਪੂਰਾ ਸਿਆਸੀਕਰਨ ਹੋ ਚੁੱਕਾ ਹੈ। ਅਜਿਹੇ ਸਮੇਂ ਕੌਮ ਦੇ ਚੰਗੇਰੇ ਭਵਿਖ ਵਾਸਤੇ ਦੂਰ-ਦ੍ਰਿਸ਼ਟਤਾ ਵਾਲੀ ਸੋਚ ਅਤੇ ਉਸਾਰੂ ਕਦਮਾਂ ਦੀ ਜਰੂਰਤ ਹੈ।

ਸਿਧਾਂਤਕ ਏਕਤਾ ਨੂੰ ਪਰਪੱਕ ਕਰਨ ਲਈ, ਲੰਬੇ ਸਮੇਂ ਤੋਂ ਬਹੁਤ ਸਾਰੀਆ ਸਿੱਖ ਜੱਥੇਬੰਦੀਆਂ ਇਹ ਬੇਨਤੀ ਕਰਦੀਆਂ ਆ ਰਹੀਆਂ ਹਨ ਕਿ ਜੱਥੇਦਾਰਾਂ ਦੀ ਨਿਯੁਕਤੀ, ਯੋਗਤਾ, ਅਧਿਕਾਰ ਖੇਤਰ, ਸੇਵਾ ਮੁਕਤੀ ਅਤੇ ਫੈਸਲਿਆਂ ਦੀ ਪ੍ਰਕ੍ਰਿਆ ਬਾਰੇ ਪਾਰਦਰਸ਼ੀ ਨਿਯਮਾਂਵਲੀ ਬਨਾਉਣ ਲਈ ਮੁਢਲੇ ਕਦਮ ਸ਼ੁਰੂ ਕੀਤੇ ਜਾਣ। ਇਸ ਪੱਖ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਅਣਗਹਿਲੀ ਕੌਮ ਨੂੰ ਦਿਨੋ ਦਿਨ ਅਣਸੁਖਾਵੀਂ ਸਥਿਤੀ ਵਿਚ ਧਕੇਲਣ ਲਈ ਜਿਮੇਂਵਾਰ ਹੈ। ਇਸ ਨਿਯਮਾਂਵਲੀ ਦੀ ਅਣਹੋਂਦ ਕਾਰਨ ਹੌਲੀ ਹੌਲੀ ਸਿੱਖ ਸੰਗਤਾਂ ਵਿਚ ਇਨ੍ਹਾਂ ਫੈਸਲਿਆਂ ਦਾ ਸਤਿਕਾਰ ਘੱਟ ਜਾਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।
ਭਾਈ ਸਰਬਜੀਤ ਸਿੰਘ ਜੀ ਧੂੰਦਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੇ ਧਾਰਨੀ ਅਤੇ ਬਹੁਤ ਪ੍ਰਭਾਵਸ਼ਾਲੀ ਪ੍ਰਚਾਰਕ ਹਨ। ਭਾਈ ਸਰਬਜੀਤ ਸਿੰਘ ਜੀ ਧੂੰਦਾ ਵਲੋਂ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਦੇ ਸੱਚ ਬਾਰੇ ਸਪਸ਼ਟ ਜਾਣਕਾਰੀ ਪ੍ਰਾਪਤ ਕਰਕੇ ਸੰਗਤਾਂ ਵਹਿਮਾਂ, ਭਰਮਾਂ ਅਤੇ ਕਰਮਕਾਂਡਾਂ ਬਾਰੇ ਸੁਚੇਤ ਹੋ ਰਹੀਆਂ ਹਨ। ਹਮੇਸ਼ਾਂ ਦੀ ਤਰਾਂ ਗੁਰਮਤਿ ਗਿਆਨ ਵਿਰੋਧੀ ਸੋਚ ਵਾਲੇ ਸ਼ਾਇਦ ਇਸ ਆ ਰਹੀ ਤਬਦੀਲੀ ਦੇ ਡਰ ਕਾਰਨ ਘਬਰਾ ਰਹੇ ਹਨ। ਆਪਜੀ ਵਲੋਂ ਜਾਰੀ ਕੀਤੇ ਇਕਤਰਫਾ ਆਦੇਸ਼ ਦੇ ਬਾਵਜੂਦ, ਇਹਨਾਂ ਦੇ ਕਥਾ ਪਰੋਗਰਾਮਾਂ ਵਿਚ, ਕੈਨੇਡਾ ਦੀਆਂ ਸੰਗਤਾਂ ਹਰ ਰੋਜ਼ ਹਜਾਰਾਂ ਦੀ ਗਿਣਤੀ ਵਿਚ ਪਹੁੰਚ ਰਹੀਆਂ ਹਨ। ਇਸ ਤਰਾਂ ਦੇ ਸੰਸਾਰ ਪ੍ਰਸਿਧ ਪ੍ਰਚਾਰਕ ਵਾਸਤੇ ਜਾਰੀ ਕੀਤੇ ਇਸ ਆਦੇਸ਼ ਵਾਲੀ ਚਿੱਠੀ ਵਿਚ ਅਖੌਤੀ ਸ਼ਬਦ ਦਾ ਪ੍ਰਯੋਗ ਕਰਨਾ ਸ਼ੋਭਦਾ ਨਹੀ। ਇਸ ਤਰਾਂ ਦੀ ਸ਼ਬਦਾਵਲੀ ਆਦੇਸ਼ ਦੀ ਭਾਵਨਾ ਅਤੇ ਉਦੇਸ਼ ਉਂੱਪਰ ਕਈ ਤਰਾਂ ਦੇ ਸਵਾਲ ਅਤੇ ਸ਼ੰਕੇ ਪੈਦਾ ਕਰਦੀ ਹੈ।

ਸੱਚ ਤੇ ਇਨਸਾਫ ਨੂੰ ਸਮਰਪਿਤ ਇਨਸਾਨਾਂ ਅਤੇ ਸੰਸਥਾਵਾਂ ਦੇ ਤਰਾਜੂ ਵਿਚ ਸ਼ਬਦਾਂ ਦੀ ਤਰਤੀਬ ਨਾਲੋਂ ਭਾਵਨਾਂ ਅਤੇ ਵਾਰ-ਵਾਰ ਕੀਤੇ ਕਰਮਾਂ ਦੀ ਪੜਚੋਲ ਜਿਆਦਾ ਵਜ਼ਨ ਰਖਦੀ ਹੈ। ਇਨ੍ਹਾਂ ਕਾਰਨਾਂ ਕਰਕੇ ਪੰਥ ਦੇ ਵਡੇਰੇ ਹਿਤਾਂ ਨੂੰ ਮੁੱਖ ਰਖਦਿਆਂ, ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਵਿਰੁੱਧ 3 ਜਨਵਰੀ 2012 ਨੂੰ ਜਾਰੀ ਕੀਤੇ ਆਦੇਸ਼ ਉਪਰ ਮੁੜ ਵਿਚਾਰ ਕੀਤੀ ਜਾਵੇ ਅਤੇ ਇਸ ਆਦੇਸ਼ ਨੂੰ ਵਾਪਿਸ ਲਿਆ ਜਾਵੇ ਅਤੇ ਅੱਗੇ ਤੋਂ ਕੋਈ ਆਦੇਸ਼ ਜਾਂ ਹੁਕਮ ਜਲਦਬਾਜ਼ੀ ਵਿਚ ਇਕਤਰਫਾ ਜਾਰੀ ਨਾਂ ਕੀਤਾ ਜਾਵੇ ਜਿਸ ਨਾਲ ਇਸ ਮਹਾਨ ਸੰਸਥਾ ਦੇ ਮਹੱਤਵ ਨੂੰ ਹੋਰ ਢਾਹ ਲੱਗੇ। ਸਾਡੀਆਂ ਸੰਸਥਾਂਵਾਂ ਨੂੰ ਅਜੇਹੇ ਪ੍ਰਚਾਰਕਾਂ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਚਾਹੀਦਾ ਹੈ, ਤਾਂ ਜੋ ਇਸ ਤਰਾਂ ਦੇ ਹੋਰ ਸੂਝਵਾਨ ਨੌਜਵਾਨ ਪ੍ਰਚਾਰਕ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰੇਰਿਤ ਹੋਣ।

ਸੰਗਤਾਂ ਦੇ ਦਾਸ,

Gurdwara Siri Guru Singh Sabha Society, Edmonton, Alberta, Canada

Siri Guru Nanak Sikh Gurdwara of Alberta, Edmonton, Canada

Guru Nanak Foundation for Humanity, Edmonton, Alberta, Canada

Sikh Federation of Edmonton, Alberta, Canada

United Sikh Federation, Calgary, Alberta

Gurdwara, Sikh Society of Calgary, Alberta, Canada

Sikh Sports Club, Calgary, Alberta, Canada

Pingalwara Society of Ontario (Regd.), Canada

Drug Awareness Foundation, Calgary, Alberta, Canada


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top