Share on Facebook

Main News Page

ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਪੁਰਾਤਨ ਹੱਥ ਲਿਖਤ ਸਰੂਪ ਵੇਚਣ ਦਾ
ਜੋਗਿੰਦਰ ਸਿੰਘ ਸਪੋਕਸਮੈਨ ਅਤੇ ਜਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਿਬ ਨੂੰ ਪੜਤਾਲ ਵਿੱਚ ਸ਼ਾਮਲ ਕੀਤੇ ਜਾਣ ਨਾਲ ਖੁਲ੍ਹ ਸਕਦੀਆਂ ਹਨ ਕਈ ਨਵੀਆਂ ਪਰਤਾਂ

ਗੁਰੂ ਸਹਿਬਾਨ ਦੇ ਆਪਣੇ ਹੱਥ ਜਾਂ ਉਨ੍ਹਾਂ ਦੀ ਦੇਖ ਰੇਖ ਹੇਠ ਲਿਖੀ ਗੁਰਬਾਣੀ ਦੀ ਪੋਥੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸੇ ਇੱਕ ਵਿਅਕਤੀ ਦੀ ਮਲਕੀਅਤ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਤੋਂ ਵੀ ਅੱਗੇ ਜਾ ਕੇ ਸਮੁੱਚੀ ਮਨੁੱਖਤਾ ਦੀ ਅਮੁੱਲ ਜਾਇਦਾਦ ਹੈ, ਜਿਸ ਨੂੰ ਕਰੰਸੀ ਨੋਟਾਂ ਦੀ ਕਿਸੇ ਵੀ ਕੀਮਤ ’ਤੇ ਵੇਚਿਆ ਜਾਂ ਖ੍ਰੀਦਿਆ ਨਹੀਂ ਜਾ ਸਕਦਾ। ਜੇ ਕੋਈ ਵਿਅਕਤੀ ਇਸ ਨੂੰ ਪੈਸਿਆਂ ਦੀ ਵੱਡੀ ਰਕਮ ਪਿੱਛੇ ਵੇਚ ਰਿਹਾ ਹੈ ਤਾਂ ਇਸ ਪਿੱਛੇ ਠੱਗੀ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਪੁਰਾਤਨ ਹੱਥ ਲਿਖਤ ਸਰੂਪ ਚੋਰੀ ਛਿਪੇ ਵੇਚਣ ਵਾਲੇ 3 ਵਿਅਕਤੀਆਂ ਨੂੰ ਦਿੱਲੀ ਪੁਲਿਸ ਵਲੋਂ ਕਾਬੂ ਕੀਤੇ ਜਾਣਾ ਸਿੱਖ ਪੰਥ ਲਈ ਕਾਫੀ ਗੰਭੀਰ ਤੇ ਅਹਿਮ ਮਸਲਾ ਹੈ, ਜਿਸ ਦੀ ਡੂੰਘਾਈ ਤੱਕ ਪੜਤਾਲ ਕੀਤੇ ਜਾਣ ਦੀ ਸਖਤ ਲੋੜ ਹੈ। ਜੇ ਕਰ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ, ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਇਸ ਦੇ ਪ੍ਰਬੰਧਕੀ ਬੋਰਡ ਨੂੰ ਪੜਤਾਲ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਈ ਨਵੀਆਂ ਪਰਤਾਂ ਖੁਲ੍ਹ ਸਕਦੀਆਂ ਹਨ।

ਇਹ ਦੱਸਣਯੋਗ ਹੈ ਕਿ 6 ਅਪ੍ਰੈਲ 2008 ਨੂੰ ਜੋਗਿੰਦਰ ਸਿੰਘ ਦੇ ਘਰ ਏਕਸ ਕੇ ਬਾਰਕ ਜਥੇਬੰਦੀ ਦੀ ਹੋਈ ਪਹਿਲੀ ਮੀਟਿੰਗ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਗੁਰਬਾਣੀ ਦੀ ਅਸਲ ਪੋਥੀ ਸੁਰਖਿਅਤ ਹੈ ਤੇ ਉਸ ਨੂੰ ਪ੍ਰਗਟ ਕਰਨ ਲਈ 4 ਕ੍ਰੋੜ ਰੁਪਏ ਦੀ ਲਾਗਤ ਨਾਲ ਖੋਜ ਸੰਸਥਾ ਦਾ ਪ੍ਰੋਜੈਕਟ ਉਲੀਕਿਆ ਜਾਵੇਗਾ। ਇਸ ਦਾਅਵੇ ਦੀ ਤਸਦੀਕ 7 ਅਪ੍ਰੈਲ 2008 ਦੇ ਅਖ਼ਬਾਰ ਦੀ ਮੁੱਖ ਖ਼ਬਰ ਨੇ ਵੀ ਕੀਤੀ ਹੈ। ਇਸ ਦਾ ਭਾਵ ਸੀ ਕਿ ਉਸ ਨੂੰ ਇਸ ਸਬੰਧੀ ਪੂਰਾ ਗਿਆਨ ਸੀ ਕਿ ਅਸਲ ਪੋਥੀ ਜਿਸ ਨੂੰ ਗੁਰੂ ਸਾਹਿਬਾਨ ਦੇ ਆਪਣੇ ਹੱਥੀਂ ਜਾਂ ਉਨ੍ਹਾਂ ਦੀ ਦੇਖ ਰੇਖ ਹੇਠ ਲਿਖੀ ਹੋਈ ਕਿਹਾ ਜਾ ਸਕਦਾ ਹੈ, ਉਹ ਕਿਸ ਸਥਾਨ ’ਤੇ ਸੁਰਿਖਅਤ ਪਈ ਹੈ। 4 ਕਰੋੜ ਜਾਂ 20 ਕਰੋੜ ਰੁਪਏ ਕਿਸੇ ਆਮ ਹੱਥ ਲਿਖਤ ਬੀੜ ’ਤੇ ਨਹੀਂ ਖਰਚੇ ਜਾ ਸਕਦੇ ਪਰ ਜੇ ਗੁਰੂ ਸਾਹਿਬ ਜੀ ਦੇ ਆਪਣੇ ਹੱਥ ਦੀ ਜਾਂ ਉਨ੍ਹਾਂ ਦੀ ਸਿੱਧੀ ਦੇਖਰੇਖ ਹੇਠ ਲਿਖੀ ਕੋਈ ਬੀੜ ਮਿਲ ਜਾਵੇ ਤਾਂ ਉਸ ਦਾ ਕੋਈ ਮੁੱਲ ਹੀ ਨਹੀ ਹੈ ਤੇ ਚੋਰੀ ਛਿਪੇ 20 ਕਰੋੜ ਵਿੱਚ ਵੇਚਣ ਵਾਲੇ ਵਿਅਕਤੀ ਸਮੁੱਚੀ ਮਨੁੱਖਤਾ ਦੇ ਚੋਰ ਹਨ ਅਤੇ ਗੁਰੂ ਸਾਹਿਬ ਨਾਲ ਧ੍ਰੋਹ ਕਮਾ ਰਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਹੁਣ ਤੱਕ ਆਈਆਂ ਖ਼ਬਰਾਂ ਅਨੁਸਾਰ ਇਹ ਬੀੜ ਪਟਨਾ ਸਾਹਿਬ ਦੇ ਗੁਰਦੁਆਰਾ ਵਿੱਚੋਂ ਚੋਰੀ ਕੀਤੀ ਗਈ ਸੀ ਤੇ ਇਸ ਦੀ ਵੱਧ ਤੋਂ ਵੱਧ ਕੀਮਤ ਵਸੂਲਣ ਦੀ ਤਾਕ ਵਿੱਚ ਗਾਹਕ ਲੱਭੇ ਜਾ ਰਹੇ ਸਨ।

ਪਹਿਲੀ ਗੱਲ ਤਾਂ ਇਹ ਹੈ ਕਿ ਇਤਿਹਾਸ ਅਨੁਸਾਰ ਗੁਰੂ ਕਾਲ ਦੇ ਸਮੇਂ ਵਿੱਚ ਕੋਈ ਵੀ ਬੀੜ ਪਟਨਾ ਸ਼ਹਿਰ ਵਿੱਚ ਲਿਖੀ ਹੀ ਨਹੀਂ ਗਈ ਸੀ ਤੇ ਨਾ ਹੀ ਇਸ ਸਥਾਨ ’ਤੇ ਕਿਸੇ ਬੀੜ ਦਾ ਉਤਾਰਾ ਕੀਤੇ ਜਾਣ ਦਾ ਇਤਿਹਾਸ ਵਿੱਚ ਕੋਈ ਜ਼ਿਕਰ ਆਉਂਦਾ ਹੈ। ਇਸ ਲਈ 20 ਕਰੋੜ ਰੁਪਏ ਦੀ ਵੇਚਣ ਵਾਲੇ ਇਸ ਨੂੰ 300 ਸਾਲ ਪੁਰਾਣੀ ਦੱਸ ਕੇ ਇਕ ਵੱਡਾ ਧੋਖਾ ਕਰ ਰਹੇ ਹਨ। ਇਸ ਲਈ ਇਸ ਬੀੜ ਦੀ ਫੋਰੈਂਸਕ ਲੈਬਾਰਟਰੀ ਵਿੱਚੋਂ ਇਸ ਦੀ ਪੁਰਾਤਨਤਾ ਦੀ ਪੜਤਾਲ ਕਰਨੀ ਬਣਦੀ ਹੈ।

ਦੂਸਰੇ ਨੰਬਰ ’ਤੇ ਜੇ ਇਹ ਬੀੜ ਬਾਕਿਆ ਹੀ 300 ਸਾਲ ਤੋਂ ਵੱਧ ਸਮੇਂ ਦੀ ਸਾਬਤ ਹੁੰਦੀ ਹੈ ਤਾਂ ਇਸ ਗੱਲ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਬੀੜ ਚੋਰੀ ਹੋਈ ਕਦੋਂ ਸੀ? ਕੀ ਇਸ ਦੁਰਲੱਭ ਬੀੜ ਦੇ ਚੋਰੀ ਹੋ ਜਾਣ ਦੀ ਕੋਈ ਰੀਪੋਰਟ ਪਟਨਾ ਸ਼ਹਿਰ ਦੇ ਕਿਸੇ ਪੁਲਿਸ ਥਾਣੇ ਵਿੱਚ ਦਰਜ ਹੋਈ ਹੈ? ਜੇ ਨਹੀਂ ਤਾਂ ਇਸ ਬੀੜ ਦੀ ਸੇਵਾ ਸੰਭਾਲ ਦੇ ਮੁੱਖ ਜਿੰਮੇਵਾਰ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਦੀ ਅਣਗਹਿਲੀ ਜਾਂ ਚੋਰੀ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਪੱਖ ਦੀ ਪੜਤਾਲ ਇਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਨਾਲ ਹੀ ਹੋ ਸਕਦੀ ਹੈ। ਸੋ ਮਸਲੇ ਦੀ ਅਹਿਮੀਅਤ ਨੂੰ ਪਛਾਣਦੇ ਹੋਏ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਨੂੰ ਪੜਤਾਲ ਵਿੱਚ ਸ਼ਾਮਲ ਕਰਨਾ ਅਤਿ ਜਰੂਰੀ ਹੈ।

ਤੀਸਰੇ ਨੰਬਰ ’ਤੇ ਜੋਗਿੰਦਰ ਸਿੰਘ ਸਪੋਕਸਮੈਨ, ਜਿਸ ਨੇ ਚਾਰ ਸਾਲ ਦੇ ਲੰਬੇ ਸਮੇਂ ਤੋਂ ਬੜੇ ਜੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਹੈ ਕਿ ਮੌਜੂਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨਕਲੀ ਹੈ ਤੇ ਉਨ੍ਹਾਂ ਅਨੁਸਾਰ ਅਸਲ ਬਾਣੀ ਦੀ ਪੋਥੀ ਸੁਰਖਿਅਤ ਪਈ ਹੈ ਜਿਸ ਨੂੰ ਪ੍ਰਗਟ ਕਰਨ ਲਈ ਜੋਰਦਾਰ ਉਪ੍ਰਾਲੇ ਕੀਤੇ ਜਾਣਗੇ। ਜੋਗਿੰਦਰ ਸਿੰਘ ਦੇ ਇਸ ਪ੍ਰਚਾਰ ਨੇ ਸਿੱਖਾਂ ਦੇ ਮਨਾਂ ਵਿੱਚ ਅਸਲ ਪੋਥੀ ਲੱਭਣ ਦੀ ਉਤਸੁਕਤ ਵਧਾ ਦਿੱਤੀ ਹੈ। ਇਸ ਉਤਸੁਕਤਾ ਨੇ ਠੱਗ ਕਿਸਮ ਦੇ ਲੋਕਾਂ ਦੇ ਮਨਾਂ ਵਿੱਚ ਕਿਸੇ ਹੱਥ ਲਿਖਤ ਬੀੜ ਨੂੰ ਗੁਰੂ ਸਾਹਿਬ ਜੀ ਦੇ ਸਮੇਂ ਦੀ ਅਸਲ ਬੀੜ ਦੱਸ ਕੇ ਉਸ ਦੀ ਵੱਧ ਤੋਂ ਵੱਧ ਕੀਮਤ ਵਸੂਲਣ ਦੀ ਰੁਚੀ ਨੂੰ ਜਨਮ ਦਿੱਤਾ ਹੈ। ਕਿਉਂਕਿ ਜੇ ਹਰ ਸਿੱਖ ਦਾ ਇਹ ਪੱਕਾ ਯਕੀਨ ਹੋਵੇ ਕਿ ਮੌਜੂਦਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਸਲੀ ਬੀੜ ਦਾ ਹੀ ਉਤਾਰਾ ਹੈ ਤਾਂ ਕੋਈ ਵੀ ਮਨੁੱਖ ਇੱਕ ਬੀੜ ਦੀ 20 ਕਰੋੜ ਰੁਪਏ ਕੀਮਤ ਦੇਣ ਲਈ ਤਿਆਰ ਨਹੀਂ ਹੋਵੇਗਾ। ਸਾਡੇ ਕਾਰਸੇਵਾ ਵਾਲੇ ਬਾਬੇ ਤਾਂ ਅਜੇਹੀਆਂ ਦੁਰਲੱਭ ਬੀੜਾਂ ਨੂੰ ਅਗਨਭੇਂਟ ਕਰਨ ਵਿੱਚ ਹੀ ਬਹੁਤ ਮਹਾਨ ਸੇਵਾ ਮੰਨ ਕੇ ਇਹ ਅਖੌਤੀ ਨਿਸ਼ਕਾਮ ਸੇਵਾ ਕਰ ਰਹੇ ਹਨ।

ਪੁਰਾਤਨ ਬੀੜਾਂ ਦੀ ਸਾਂਭ ਸੰਭਾਲ ਕਰਨ ਵਿੱਚ ਸਾਡੀ ਮੁੱਖ ਸੰਸਥਾ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਤੇ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨਕਲੀ ਦੱਸੇ ਜਾਣ ਵਾਲੇ ਦੁਸ਼ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਇਸ ਨੇ ਹੁਣ ਤੱਕ ਕੋਈ ਵੀ ਠੋਸ ਕਾਰਵਾਈ ਨਹੀ ਕੀਤੀ। ਇਸ ਲਈ ਜੋਗਿੰਦਰ ਸਿੰਘ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਉਸ ਤੋਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿ ਜਿਸ ਗੁਰਬਾਣੀ ਦੀ ਅਸਲੀ ਪੋਥੀ ਉਸ ਨੇ ਸੁਰਖਿਅਤ ਹੋਣ ਦਾ ਦਾਅਵਾ ਕੀਤਾ ਸੀ, ਕੀ ਇਹ ਇਹ ਚੋਰੀ ਵੇਚੇ ਜਾਣ ਵਾਲਾ ਸਰੂਪ ਉਹੀ ਤਾਂ ਨਹੀਂ ਹੈ? ਜੇ ਨਹੀਂ ਤਾਂ ਉਹ ਦੱਸੇ ਕਿ ਜਿਸ ਪੋਥੀ ਦਾ ਅੱਜ ਤੋਂ ਚਾਰ ਸਾਲ ਪਹਿਲਾਂ ਉਸ ਨੇ ਸੁਰਖਿਅਤ ਹੋਣ ਦਾ ਦਾਅਵਾ ਕੀਤਾ ਸੀ ਉਹ ਪੋਥੀ ਕਿਥੇ ਹੈ? ਜੇ ਉਸ ਨੂੰ ਨਹੀਂ ਪਤਾ ਤਾਂ ਉਸ ਨੇ ਚਾਰ ਸਾਲ ਪਹਿਲਾਂ ਇਸ ਦੇ ਸੁਰਖਿਅਤ ਹੋਣ ਦਾ ਦਾਅਵਾ ਕਿਸ ਅਧਾਰ ’ਤੇ ਕੀਤਾ ਸੀ? ਉਹ ਇਹ ਵੀ ਦੱਸੇ ਕਿ ਚਾਰ ਸਾਲ ਵਿੱਚ ਉਸ ਨੇ ਅਸਲੀ ਪੋਥੀ ਲੱਭਣ ਲਈ ਹੁਣ ਤੱਕ ਕੀ ਕੀ ਯਤਨ ਕੀਤੇ ਹਨ? ਜੇ ਨਹੀਂ ਕੀਤੇ ਤਾਂ ਕਿਉਂ ਨਹੀਂ ਕੀਤੇ? ਜੇ ਉਕਤ ਸਵਾਲਾਂ ਦੇ ਉਨ੍ਹਾਂ ਦੇ ਜਵਾਬ ਤਸੱਲੀਬਖ਼ਸ਼ ਨਹੀਂ ਪਾਏ ਜਾਂਦੇ ਤਾਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਵੀ ਠੱਗਾਂ ਦੇ ਉਸ ਟੋਲੇ ਵਿੱਚ ਸ਼ਾਮਲ ਹੋਵੇ ਜਿਹੜੇ ਅਸਲੀ ਨੂੰ ਨਕਲੀ ਅਤੇ ਨਕਲੀ ਨੂੰ ਅਸਲੀ ਦੱਸ ਕੇ ਅਜੇਹੀਆਂ ਹੱਥ ਲਿਖਤ ਬੀੜਾਂ ਨੂੰ 20-20 ਕਰੋੜ ਰੁਪਏ ਵਿੱਚ ਵੇਚਣ ਦੇ ਘਿਨਾਉਣੇ ਆਹਰ ਵਿੱਚ ਲੱਗੇ ਹੋਏ ਹਨ।

ਮੇਰੇ ਇਸ ਸ਼ੱਕ ਦਾ ਅਧਾਰ ਇਹ ਹੈ ਕਿ ਮੀਡੀਏ ਵਿੱਚ ਛਪੀਆਂ ਰੀਪੋਰਟਾਂ ਅਨੁਸਾਰ ਸਵਾਈਨ ਫਲੂ ਆਦਿ ਵਰਗੀਆਂ ਤੇਜੀ ਨਾਲ ਫੈਲਣ ਵਾਲੀਆਂ ਜਾਨ ਲੇਵਾ ਛੂਤ ਦੀਆਂ ਬੀਮਾਰੀਆਂ ਦੀਆਂ ਅਫਵਾਹਾਂ ਫੈਲਾਉਣ ਪਿੱਛੇ ਇਨ੍ਹਾਂ ਬੀਮਾਰੀਆਂ ਦੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਵੱਡਾ ਹੱਥ ਸੀ। ਕਿਉਂਕਿ ਜਿੰਨਾਂ ਬੀਮਾਰੀ ਦਾ ਡਰ ਵੱਧ ਮੰਨਿਆ ਜਾਵੇਗਾ ਉਤਨੀਆਂ ਹੀ ਉਨ੍ਹਾਂ ਦੀਆਂ ਵੱਧ ਦਵਾਈਆਂ ਵਿਕਣਗੀਆਂ ਤੇ ਵੱਡੇ ਮੁਨਾਫੇ ਮਿਲਣਗੇ। ਸੋ ਮੌਜੂਦਾ ਗੁਰੂ ਗ੍ਰੰਥ ਸਾਹਿਬ ਨੂੰ ਨਕਲੀ ਦੱਸਣ ਨਾਲ ਜਿੰਨੀ ਦੁਬਿਧਾ ਕੌਮ ਵਿੱਚ ਵਧੇਗੀ ਉਤਨੀ ਹੀ ਗੁਰਬਾਣੀ ਦੀ ਅਸਲੀ ਪੋਥੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਅਸਲੀ ਬੀੜ ਦੀ ਭਾਲ ਲਈ ਉਤਸੁਕਤਾ ਪੈਦਾ ਹੋਵੇਗੀ। ਜਿੰਨੀ ਉਤਸੁਕਤਾ ਵਧੇਗੀ ਉਤਨੀ ਹੀ ਅਜੇਹੀਆਂ ਬੀੜਾਂ ਦੀ ਕੀਮਤ ਵਧੇਗੀ ਤੇ ਜੋਗਿੰਦਰ ਸਿੰਘ ਨੂੰ ਖੋਜ ਕਾਰਜਾਂ ਦੇ ਨਾਮ ’ਤੇ ਵੱਧ ਮਾਇਆ ਬਟੋਰਨ ਦਾ ਮੌਕਾ ਮਿਲੇਗਾ। ਇਸ ਲਈ ਜੋਗਿੰਦਰ ਸਿੰਘ ਨੂੰ ਇਸ ਪੜਤਾਲ ਵਿੱਚ ਸ਼ਾਮਲ ਕਰਨ ਦੇ ਬਹੁਤ ਠੋਸ ਕਾਰਣ ਹਨ ਤੇ ਉਨ੍ਹਾਂ ਨੂੰ ਪੜਤਾਲ ਵਿੱਚ ਸ਼ਾਮਲ ਕਰਨਾ ਅਤਿ ਜਰੂਰੀ ਹੈ।

ਅਖੀਰ ’ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਵੀ ਫਰਜ ਬਣਦਾ ਹੈ ਕਿ ਇਸ ਬੀੜ ਦਾ ਬੜੇ ਧਿਆਨ ਪੂਰਵਕ ਪਾਠ ਕਰਨ ਲਈ ਹੱਥ ਲਿਖਤ ਪ੍ਰਾਚੀਨ ਬੀੜਾਂ ਦੇ ਮਾਹਰ ਅਤੇ ਗੁਰਮਤਿ ਦੇ ਵਿਦਵਾਨਾਂ ਦਾ ਇੱਕ ਪੈਨਲ ਬਣਾਇਆ ਜਾਵੇ ਜਿਹੜਾ ਬੜੀ ਬਰੀਕੀ ਨਾਲ ਇਹ ਪਤਾ ਕਰਨ ਦਾ ਯਤਨ ਕਰੇ ਕਿ ਇਸ ਬੀੜ ਦਾ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਕਿੱਥੇ ਕਿੱਥੇ ਪਾਠ-ਅੰਤਰ ਹੈ। ਹੁਣ ਤੱਕ ਹੋਈ ਖੋਜ ਨੂੰ ਅੱਗੇ ਤੋਰਦੇ ਹੋਏ ਉਹ ਇਸ ਗੱਲ ਦਾ ਵੀ ਪਤਾ ਲਗਾਏ ਕਿ ਇਸ ਬੀੜ ਨੂੰ ਅਸਲੀ ਪ੍ਰਵਾਨ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਕਿਰਪਾਲ ਸਿੰਘ ਬਠਿੰਡਾ
(ਮੋਬ:) 9855480797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top