Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਦਿੱਲੀ ਅਤੇ ਖੰਨਾ ਵਿਖੇ ਆਨੰਦ ਕਾਰਜ ਸਮਾਗਮਾਂ 'ਚ ਸ਼ਮੂਲੀਅਤ ਕੀਤੀ


ਜੋ ਗੱਲ ਗੁਰੂ ਨੂੰ ਪਸੰਦ ਨਹੀਂ, ਉਹ ਸਿੱਖ ਨੂੰ ਕਿਵੇਂ ਪਸੰਦ ਹੋ ਸਕਦੀ ਹੈ? ਜੇ ਗੁਰੂ ਤੇ ਸਿੱਖ ਦੀ ਪਸੰਦ ਵਖੋ ਵਖਰੀ ਹੋਵੇ, ਜੇ ਗੁਰੂ ਦੀ ਗੱਲ ਸਿੱਖ ਨੂੰ ਪਸੰਦ ਹੀ ਨਾ ਆਏ ਤਾਂ ਫਿਰ ਗੁਰੂ ਤੇ ਸਿੱਖ ਦਾ, ਕਿਸ ਗੱਲ ਦਾ ਰਿਸ਼ਤਾ? ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ

ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਉਨ੍ਹਾਂ ਦੀ ਤਾਬਿਆ ਕੇਵਲ ਰਸਮ ਲਈ ਨਹੀਂ ਬੈਠਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਲੈਣ ਵਾਸਤੇ ਬੈਠਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸਿੱਖ ਣਾ ਹੈ ਕਿ ਅਸੀਂ ਜੀਵਨ ਦੇ ਕਿਸ ਰਾਹ ਤੇ ਤੁਰੀਏ?

(ਮਨਜੀਤ ਸਿੰਘ ਖਾਲਸਾ ਮੋਹਾਲੀ): 17 ਫਰਵਰੀ 2012 ਨੂੰ ਪੰਜਾਬ ਦੇ ਸ਼ਹਿਰ ਖੰਨਾ ਵਿੱਖੇ ਸ੍ਰ. ਪ੍ਰੀਤਮ ਸਿੰਘ ਦੇ ਸਪੁੱਤਰ ਪ੍ਰਭਪ੍ਰੀਤ ਸਿੰਘ ਦੇ ਵਿਆਹ ਸਬੰਧੀ ਰੱਖੇ ਗਏ ਸਮਾਗਮ ਤੇ ਗੁਰੂ ਅਰਜਨ ਦੇਵ ਜੀ ਵਲੋਂ ਰਾਗ ਸੂਹੀ ਵਿੱਚ ਉਚਾਰਣ ਕੀਤੇ ਸ਼ਬਦ ਸੇ ਸੰਜੋਗ ਕਰਹੁ ਮੇਰੇ ਪਿਆਰੇ ॥ ਜਿਤੁ ਰਸਨਾ ਹਰਿ ਨਾਮੁ ਉਚਾਰੇ ॥1॥ ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥ ਸਾਧ ਗਾਵਹਿ ਗੁਣ ਸਦਾ ਰਸਾਲਾ ॥1॥ ਰਹਾਉ ॥ ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥ ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥2॥ ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥ ਤੂੰ ਦਾਤਾ ਪ੍ਰਭ ਦੇਵਣਹਾਰੁ ॥3॥ ਰਾਮ ਰਮਤ ਸੰਤਨ ਸੁਖੁ ਮਾਨਾ ॥ ਨਾਨਕ ਦੇਵਨਹਾਰ ਸੁਜਾਨਾ ॥4॥

ਦਾ ਕੀਰਤਨ ਕਰਦਿਆਂ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ ਨੇ ਕਿਹਾ ਕਿ ਹੇ ਅਕਾਲ ਪੁਰਖ ਮੈਨੂੰ ਉਹ ਸੰਜੋਗ, ਉਹ ਮਿਲਾਪ ਦੇਹ, ਜਿਸ ਮਿਲਾਪ ਵਿੱਚ ਮੈਨੁੰ ਤੂੰ ਚੇਤੇ ਆਵੇਂ।
ਸੰਜੋਗ ਜੀਵਨ ਹੈ, ਸੰਸਾਰ ਦੇ ਰਚਨਹਾਰ ਨੇ, ਹਰ ਚੀਜ ਦੀ ਜੋੜੀ ਬਣਾ ਦਿੱਤੀ ਹੈ, ਅਤੇ ਉਸ ਜੋੜੀ ਵਿੱਚੋਂ, ਚੋਣ ਕਰਣ ਦਾ ਹੱਕ ਮਨੁੱਖ ਨੂੰ ਦੇ ਦਿੱਤਾ ਹੈ, ਪਰ ਚੋਣ ਕਰਨ ਵੇਲੇ ਇਕ ਗੱਲ ਦਾ ਧਿਆਨ ਰੱਖਣਾ ਜਰੂਰੀ ਹੈ ਕਿ, ਚੋਣ ਪਸੰਦ ਉੱਤੇ ਨਿਰਭਰ ਕਰਦੀ ਹੈ, ਦੋ ਚੀਜ਼ਾਂ ਵਿੱਚੋਂ ਕਿਸੇ ਇਕ ਚੀਜ਼ ਨੂੰ ਮਨੁੱਖ ਨੇ ਚੁਨਣਾ ਹੈ, ਗੁਰੂ ਨੇ ਬਾਣੀ ਵਿੱਚ ਵੀ ਕਹਿ ਦਿੱਤਾ, ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ॥ ਰਾਹ ਦੋ ਹਨ, ਦੋ ਰਾਹਾਂ ਤੇ ਇਕ ਮਨੁੱਖ ਇਕੋ ਸਮੇਂ ਵਿੱਚ ਨਹੀਂ ਚੱਲ ਸਕਦਾ, ਇਸਲਈ ਜਿੱਥੇ ਦੋ ਰਾਹ ਆ ਜਾਣ ਉਥੇ ਹੀ ਮਨੁੱਖ ਦੇ ਭੁਲੱਣ ਦਾ ਚਾਨਸ ਬਣ ਜਾਦਾ ਹੈ, ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ॥ ਦੇ ਮਹਾਂਵਾਕ ਅਨੁਸਾਰ ਜਿਨ੍ਹੇ ਜਿਆਦਾ ਰਾਹ ਹੋਣਗੇ ਭੁੱਲਣ ਦੇ ਉਨ੍ਹੇ ਹੀ ਜਿਆਦਾ ਚਾਨਸ ਹੋਣਗੇ, ਕਿਸੇ ਡਰਾਈਵਰ ਕੋਲੋਂ ਪੁੱਛੋ, ਜਦੋਂ ਕੋਈ ਚੋਰਸਤਾ ਜਾਂ ਦੋਰਾਹਾ ਆ ਜਾਏ, ਉੱਥੇ ਡਰਾਈਵਰ ਬ੍ਰੇਕ ਕਿਉਂ ਲਗਾ ਲੈਂਦਾ ਹੈ, ਉਸਦੀ ਰੱਫਤਾਰ ਮਧੱਮ ਕਿਉਂ ਹੋ ਜਾਂਦੀ ਹੈ? ਕਿਉਂਕਿ ਰਾਹ ਇੱਕ ਤੋਂ ਵੱਧ ਹੋ ਜਾਣ ਕਾਰਣ ਉਸ ਨੇ ਫੈਸਲਾ ਕਰਨਾ ਹੁੰਦਾ ਹੈ ਕਿ ਕਿਹੜਾ ਰਾਹ ਠੀਕ ਹੈ? ਇਸ ਫੈਸਲੇ ਤੋਂ ਬਿਨਾ ਡਰਾਈਵਰ ਚੱਲ ਹੀ ਨਹੀਂ ਸਕਦਾ, ਇਹ ਫੈਸਲਾ ਕਰਨ ਲਈ ਹੀ ਉਸਦੀ ਗੱਤੀ ਰੱਕ ਜਾਂਦੀ ਹੈ।

ਗੁਰੂ ਕਹਿੰਦੇ ਹਨ, ਜਦੋਂ ਜਿੰਦਗੀ ਵਿੱਚ, ਇਕ ਤੋਂ ਵੱਧ ਰਾਹ ਹੋਣ ਉਥੇ ਮਨੁੱਖ ਨੇ ਚੋਣ ਕਰਕੇ ਫੈਸਲਾ ਕਰਨਾ ਹੈ ਕਿ ਇਨ੍ਹਾਂ ਵਿੱਚੋਂ ਮੇਰਾ ਰਾਹ ਕਿਹੜਾ ਹੈ? ਇਸਦੇ ਨਾਲ ਇਹ ਵੀ ਧਿਆਨ ਰੱਖਣਾ ਹੈ ਕਿ ਕਿਸੇ ਚੀਜ ਦੀ ਚੋਣ, ਸਾਡੀ ਪਸੰਦ ਉੱਤੇ ਨਿਰਭਰ ਕਰਦੀ ਹੈ, ਦੋ ਚੀਜਾਂ ਵਿੱਚੋਂ ਸਾਨੂੰ ਕਿਹੜੀ ਪਸੰਦ ਹੈ? ਇਹ ਵੀ ਹੋ ਸਕਦਾ ਹੈ ਕਿ ਸਾਡੀ ਪਸੰਦ ਦੂਜੇ ਨੂੰ ਨਾ ਚੰਗੀ ਲੱਗੇ, ਉਸਨੂੰ ਕੋਈ ਹੋਰ ਪਸੰਦ ਹੋਵੇ, ਅਸੀਂ ਬਾਣੀ ਨੂੰ ਜਿਉਂ-ਜਿਉਂ ਸਮਝਾਂਗੇ ਤਿਉਂ ਤਿਉਂ ਜੀਵਨ ਦੇ ਰਾਹ ਖੁੱਲਣਗੇ, ਅਕਾਲਪੁਰੱਖ ਨੇ ਹਰੇਕ ਚੀਜ਼ ਦੇ, ਘਟੋ ਘਟ ਦੋ ਰੂਪ ਬਣਾ ਦਿੱਤੇ ਹਨ, ਤਾਂ ਕਿ ਮਨੁੱਖ ਦੇ ਸਾਮ੍ਹਣੇ ਇਕ ਸਵਾਲ ਵੀ ਖੜਾ ਰਹੇ, ਕਿ ਦੋਨਾਂ ਵਿੱਚੋਂ ਕਿਹੜਾ, ਅਤੇ ਕੀ ਪਸੰਦ ਕਰਨਾ ਹੈ? ਰਾਤ ਜਾਂ ਦਿਨ, ਚਾਨਣ ਜਾਂ ਅੰਧੇਰਾ, ਸੱਚ ਜਾਂ ਝੂਠ, ਨੇਕੀ ਜਾਂ ਬਦੀ, ਆਪਣਾ ਜਾਂ ਬੇਗਾਨਾ, ਹਰ ਚੀਜ਼ ਦੇ ਦੋ ਰੂਪ ਹਨ, ਤੰਦਰੂਸਤੀ ਜਾਂ ਬਿਮਾਰੀ, ਦੋਹਾਂ ਚੀਜ਼ਾਂ ਵਿੱਚੋਂ ਸਾਨੂੰ ਕੀ ਪਸੰਦ ਹੈ? ਕੋਈ ਵਿਰਲਾ ਹੀ ਕਹੇਗਾ ਕਿ ਮੈਨੂੰ ਬਿਮਾਰੀ ਪਸੰਦ ਹੈ, ਮਨੁੱਖ ਨੇ ਚੋਣ ਕਰਨੀ ਹੈ ਨਾ, ਆਖਿਰ ਬਿਮਾਰੀ ਵੀ ਤਾਂ ਮੋਜੂਦ ਹੈ ਸੰਸਾਰ ਵਿੱਚ, ਐਸਾ ਤਾਂ ਨਹੀਂ ਕਿ ਬਿਮਾਰੀ ਹੈ ਹੀ ਨਹੀਂ, ਲੋਗਾਂ ਦੇ ਨਾ ਚਾਹੁੰਣ ਦੇ ਬਾਵਜੂਦ ਵੀ, ਬੀਮਾਰੀ ਹੈ, ਫਿਰ ਵੀ ਲੋਗ ਤੰਦਰੂਸਤੀ ਚਾਹੁੰਦੇ ਹਨ ਬਿਮਾਰੀ ਬਿਲਕੁੱਲ ਨਹੀਂ ਚਾਹੁੰਦੇ, ਪਰ ਬਣਾਉਣ ਵਾਲੇ ਕਰਤੇ ਨੇ, ਤੰਦਰੂਸਤੀ ਦੇ ਨਾਲ ਬਿਮਾਰੀ ਵੀ ਬਣਾ ਦਿੱਤੀ ਹੈ।

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਦੋ ਚੀਜ਼ਾਂ ਬਣਾਉਣ ਤੋਂ ਬਾਦ ਹੁਣ ਸਵਾਲ ਇਹ ਉਠਦਾ ਹੈ ਕਿ ਦੋਹਾਂ ਵਿੱਚੋਂ ਸਾਡੀ ਕੀ ਪਸੰਦ ਹੈ? ਉਸ ਕਰਤੇ ਨੇ ਚਾਨਣ ਦੇ ਨਾਲ ਅੰਧੇਰਾ ਵੀ ਬਣਾਇਆ ਹੈ, ਇਨ੍ਹਾਂ ਦੋਹਾਂ ਵਿੱਚੋਂ ਸਾਨੂੰ ਕੀ ਪਸੰਦ ਕਰਨਾ ਹੈ? ਮਨੁੱਖ ਨੇ ਆਖਿਆ ਮੇਨੂੰ ਚਾਨਣ ਪਸੰਦ ਹੈ ਇਸੇ ਲਈ ਮੈਨ੍ਹੂੰ ਅੰਧੇਰਾ ਨਹੀਂ ਚਾਹੀਦਾ, ਅੰਧੇਰਾ ਪੈਣ ਤੇ ਦੁਕਾਨਾਂ ਬੰਦ ਹੋ ਜਾਣਗੀਆਂ, ਫੈਕਟਰੀਆਂ ਬੰਦ ਹੋ ਜਾਣਗੀਆਂ, ਅਤੇ ਮੁਸਾਫਿਰਾਂ ਦੇ ਰਾਹ ਰੁੱਕ ਜਾਣਗੇ, ਜੇਕਰ ਕਿਸੇ ਮੁਸਾਫਿਰ ਨੂੰ ਮਜਬੂਰਨ ਚੱਲਣਾ ਪਏ ਤਾਂ ਉਸਨੂੰ ਆਪਣੀ ਗਡੀ ਅਗੇ ਲਾਈਟਾਂ ਜਗਾਉਣੀਆਂ ਪੈਣਗੀਆਂ, ਲਾਈਟਾਂ ਤੋਂ ਬਿਨਾ ਚੱਲ ਹੀ ਨਹੀਂ ਸਕਦਾ ਕਿਉਂਕਿ ਰੌਸ਼ਨੀ ਦੀ ਜਰੂਰਤ ਹੈ, ਮਨੁੱਖੀ ਜੀਵਨ ਦੀ ਜਿਨ੍ਹੀ ਵੀ ਚਾਲ ਹੈ, ਉਹ ਸਾਰੀ ਰੌਸ਼ਨੀ ਤੇ ਆਧਾਰਿਤ ਹੈ, ਇਸੇ ਲਈ ਜੀਵਨ ਨੂੰ ਵੀ ਰੌਸ਼ਨੀ ਕਿਹਾ ਗਿਆ ਹੈ, ਤਿਸ ਦੈ ਚਾਨਣਿ ਸਭ ਮਹਿ ਚਾਨੁਣ ਹੋਇ॥ ਗੁਰਬਾਣੀ ਦੇ ਇਸ ਮਹਾਂਵਾਕ ਅਨੁਸਾਰ, ਉਹ ਚਾਨਣ, ਸਾਰਿਆਂ ਵਿੱਚ ਚਾਨਣ ਦਿੰਦਾ ਹੈ, ਮਨੁੱਖ ਸਦੀਆਂ ਤੋਂ ਕੋਸ਼ਿਸ਼ ਕਰ ਰਿਹਾ ਹੈ ਕਿ ਜੀਵਨ ਵਿੱਚ ਅੰਧੇਰਾ ਨਾ ਰਹੇ, ਜਿਹੜੀਆਂ ਲਾਈਟਾਂ ਅਸੀਂ ਜਗਦੀਆਂ ਦੇਖਦੇ ਹਾਂ ਨਾਂ, ਇਹ ਕੋਈ ਇਕ ਦਿਨ ਵਿੱਚ ਨਹੀਂ ਬਣ ਗਈਆਂ, ਸਦੀਆਂ ਬੀਤ ਗਈਆਂ ਹਨ, ਮਨੁੱਖ ਅੰਧੇਰੇ ਵਿੱਚ ਹੀ ਫਿਰਦਾ ਰਿਹਾ ਹੈ, ਅਸੀਂ ਆਪਣੀ ਜਿੰਦਗੀ ਵਿੱਚ ਉਹ ਸਮਾਂ ਵੀ ਦੇਖਿਆ ਹੈ, ਜਦੋਂ ਸ਼ਾਮ ਹੁੰਦਿਆਂ ਸਾਰ ਬਜਾਰਾਂ ਵਿੱਚ ਅੰਧੇਰਾ ਹੋ ਜਾਂਦਾ ਸੀ, ਦੁਕਾਨਾਂ ਬੰਦ ਹੋ ਜਾਂਦੀਆਂ ਸਨ, ਕੋਈ ਕੋਈ ਪੰਸਾਰੀ ਦੀ ਦੁਕਾਨ ਖੁੱਲੀ ਰਹਿ ਜਾਂਦੀ ਸੀ, ਤੇ ਦੁਕਾਨਦਾਰ ਇਕ ਛੋਟਾ ਜਿਹਾ, ਮਿਟੀ ਦੇ ਤੇਲ ਦਾ ਦੀਵਾ ਜਗ੍ਹਾ ਕੇ, ਆਪਣੇ ਗੱਲੇ ਉਪਰ ਰੱਖ ਲੈਂਦਾ ਸੀ, ਕਿਉਕਿ ਗੱਲੇ ਵਿੱਚ ਪੈਸੇ ਪਏ ਹੁੰਦੇ ਸੀ ਜਿਨ੍ਹਾਂ ਨੂੰ ਗਿਨਣ ਦੀ ਜਰੂਰਤ ਹੁੰਦੀ ਸੀ, ਇਸ ਤਰ੍ਹਾਂ ਇਕ ਅੱਧਾ ਘੰਟਾ ਪੰਸਾਰੀ ਦੀ ਦੁਕਾਨ ਬਾਜਾਰ ਨਾਲੋਂ ਦੇਰ ਨਾਲ ਬੰਦ ਹੁੰਦੀ ਸੀ, ਇਸੇ ਲਈ ਮਨੁੱਖ ਨੇ ਚਾਨਣ ਦੀ ਲੋੜ ਪੂਰੀ ਕਰਨ ਲਈ ਪਜਿਲਾਂ ਦੀਵੇ ਬਣਾਏ, ਉਸ ਤੋਂ ਬਾਦ ਲੈਂਪ ਬਣਾਏ, ਕਿਉਂਕਿ ਦੀਵੇ ਦੀਵਾਰਾਂ ਨੂੰ ਕਾਲਾ ਕਰ ਦਿੰਦੇ ਸਨ, ਇਸੇ ਲਈ ਲਾਲਟੈਨ ਬਣਾਈਆਂ, ਕਿਉਂਕਿ ਅੱਗ ਦੀ ਲਾਟ ਨਾਲ ਕਾਲੀ ਹੋਈ ਚਿਮਨੀ ਸਾਫ ਕਰਨੀ ਆਸਾਨ ਹੁੰਦੀ ਸੀ, ਫਿਰ ਗੈਸ ਬਣੇ, ਅਤੇ ਉਸ ਤੋਂ ਬਾਦ ਘਰਾਂ ਵਿੱਚ ਟਿਊਬ ਲਾਈਟਾਂ ਲੱਗਣ ਤੋਂ ਬਾਦ, ਹਰੇਕ ਘਰ ਜਗਮਗਾ ਉਠਿਆ, ਘਰਾਂ ਵਿੱਚ ਵਿਆਹ ਸ਼ਾਦੀ ਦੇ ਸਮੇਂ ਚਾਨਣ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਇਸ ਘਰ ਵਿੱਚ ਵਿਆਹ ਹੈ, ਜਿਸ ਘਰ ਵਿੱਚ ਚਾਨਣ ਨਾ ਹੋਵੇ, ਤਾਂ ਸਮਝਣਾ ਮੁਸ਼ਕਿਲ ਹੁੰਦਾ ਹੈ, ਕਿ ਇਸ ਘਰ ਵਿੱਚ ਵਿਆਹ ਹੈ, ਵਿਆਹ ਸ਼ਾਦੀਆਂ ਦੇ ਮੌਕੇ ਤੇ ਘਰ ਦੇ ਬਨੇਰਿਆਂ ਉਪਰ, ਲੋਗ, ਉਚੇਚੀਆਂ ਲਾਈਟਾਂ ਲਗਾਉਂਦੇ ਹਨ, ਕਿਉਂ? ਕਿਉਂਕਿ ਲਾਈਟ ਖੁਸੀਂ ਦਾ ਪ੍ਰਤੀਕ ਹੈ ਕਿ ਇਸ ਘਰ ਵਿੱਚ ਖੁਸੀਂ ਹੈ, ਲਾਈਟਾਂ ਲਗਾਉਣ ਤੋਂ ਇਹ ਸਾਬਤ ਹੁੰਦਾ ਹੈ ਕਿ ਅੰਧੇਰੇ ਅਤੇ ਚਾਨਣ ਵਿੱਚੋਂ, ਮਨੁੱਖ ਨੇ ਲਾਈਟ ਦੀ ਚੋਣ ਕੀਤੀ ਹੈ, ਸਦੀਆਂ ਤੋਂ ਕੋਸ਼ਿਸ਼ ਕਰਦਾ ਕਰਦਾ ਮਨੁੱਖ, ਅੱਜ ਟਿਊਬ ਲਾਈਟਾਂ ਤੇ ਆ ਪੁੱਜਿਆ ਹੈ। ਲਾਈਟ ਦੀ ਇਸ ਉਦਾਹਰਣ ਤੋਂ ਇਹ ਗੱਲ ਸਮਝਣੀ ਹੈ, ਕਿ ਹਰੇਕ ਦੋ ਚੀਜ਼ਾਂ ਵਿੱਚੋ, ਮਨੁੱਖ ਨੂੰ ਕੋਈ ਇਕ ਚੀਜ਼ ਚੁਨਣੀ ਹੀ ਪੈਣੀ ਹੈ।

ਇੱਕ ਗੱਲ ਹੋਰ ਸਮਝਿਉ, ਜੀਵਨ ਵਿੱਚ ਪਰਵਿਰਤੀ ਮਾਰਗ ਤੇ ਨਿਰਵਿਰਤੀ ਮਾਰਗ ਦੋ ਰਸਤੇ ਸਨ। ਨਿਰਵਿਰਤੀ ਮਾਰਗ ਨੂੰ ਅਪਨਾਉਣ ਵਾਲਿਆਂ ਨੇ ਘਰ ਬਾਰ ਛੱਡ ਕੇ ਜੰਗਲਾਂ ਦੇ ਫੱਲ ਅਤੇ ਪੱਤੇ ਖਾ ਕੇ ਗੁਜਾਰਾ ਕਰ ਲੈਣਾ, ਜਿਆਦਾ ਲੋੜ ਪੈਣ ਤੇ ਕਿਸੇ ਗ੍ਰਹਿਸਤੀ ਦੇ ਦਰਵਾਜ਼ੇ ਤੋਂ ਮੰਗ ਕੇ ਰੋਟੀ ਖਾ ਲੈਣੀ, ਮੰਗ ਕੇ ਕਪੜਾ ਪਹਿਣ ਲੇਣਾ, ਜੰਗਲਾਂ ਵਿੱਚ ਰਹਿਣ ਵਾਲੇ ਨੂੰ ਨਿਰਵਿਰਤੀ ਮਾਰਗ ਕਹਿੰਦੇ ਸਨ, ਅਤੇ ਦੂਜਾ ਮਾਰਗ ਸੀ ਪਰਵਿਰਤੀ ਮਾਰਗ, ਪਰਵਿਰਤੀ ਮਾਰਗ ਵਾਲਿਆਂ ਦੇ ਘਰ ਖੂਬਸੂਰਤ ਹੁੰਦੇ ਸਨ, ਉਨ੍ਹਾਂ ਦਾ ਵੱਡਾ ਪਰਿਵਾਰ ਹੁੰਦਾ ਸੀ, ਉਨ੍ਹਾਂ ਦੇ ਘਰ ਸੰਤਾਨ ਹੁੰਦੀ ਸੀ, ਕਾਰੋਬਾਰ ਹੁੰਦਾ ਸੀ, ਉਹ ਰੱਜ ਰੋਟੀ ਆਪ ਵੀ ਖਾਂਦੇ ਸਨ ਤੇ ਕਿਸੇ ਲੋੜਵੰਦ ਨੂੰ ਵੀ ਖਵਾਉਂਦੇ ਸਨ, ਨਿਰਵਿਰਤੀ ਮਾਰਗ ਦੇ ਲੋਗਾਂ ਨੇ ਗ੍ਰਿਹਸਤ ਨੂੰ ਛੱਡ ਦਿੱਤਾ, ਜੰਗਲਾਂ ਵਿੱਚ ਚਲੇ ਗਏ, ਗੁਰਮਤਿ ਨੇ ਇਸ ਗੱਲ ਨੂੰ ਨਹੀਂ ਕਬੂਲਿਆ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਉਨ੍ਹਾਂ ਦੀ ਤਾਬਿਆ ਕੇਵਲ ਰਸਮ ਲਈ ਨਹੀਂ ਬੈਠਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਲੈਣ ਵਾਸਤੇ ਬੈਠਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸਿੱਖ ਣਾ ਹੈ ਕਿ ਅਸੀਂ ਜੀਵਨ ਦੇ ਕਿਸ ਰਾਹ ਤੇ ਤੁਰੀਏ? ਗੁਰੂ ਨੇ ਪਰਵਿਰਤੀ ਅਤੇ ਨਿਰਵਿਰਤੀ ਮਾਰਗ ਵਿੱਚੋਂ ਚੋਣ ਕੀਤੀ ਕਿ ਮੈਨੂੰ ਕੀ ਪਸੰਦ ਹੈ? ਅਤੇ ਨਿਰਵਿਰਤੀ ਮਾਰਗ ਵਾਲਿਆਂ ਨੂੰ ਮੁਖਾਤਬ ਕਰਕੇ ਕਹਿ ਦਿੱਤਾ ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥ ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥ ਦਰਵਾਜੇ ਦਰਵਾਜੇ ਮੰਗ ਕੇ ਖਾਦਾ, ਗੁਰੂ ਨੂੰ ਨਿਰਵਿਰਤੀ ਮਾਰਗ ਪਸੰਦ ਨਹੀਂ, ਇਸ ਲਈ ਛੱਡ ਦਿੱਤਾ, ਤੇ ਜੋ ਗੱਲ ਗੁਰੂ ਨੂੰ ਪਸੰਦ ਨਹੀਂ, ਉਹ ਸਿੱਖ ਨੂੰ ਕਿਵੇਂ ਪਸੰਦ ਹੋ ਸਕਦੀ ਹੈ?

ਜੇ ਗੁਰੂ ਤੇ ਸਿੱਖ ਦੀ ਪਸੰਦ ਵਖੋ ਵਖਰੀ ਹੋਵੇ, ਜੇ ਗੁਰੂ ਦੀ ਗੱਲ ਸਿੱਖ ਨੂੰ ਪਸੰਦ ਹੀ ਨਾ ਆਏ ਤਾਂ ਗੁਰੂ ਤੇ ਸਿੱਖ ਦਾ, ਕਿਸ ਗੱਲ ਦਾ ਰਿਸ਼ਤਾ? ਪਸੰਦ ਵਖੋ ਵੱਖ ਹੋਣ ਕਾਰਣ ਰਿਸ਼ਤਾ ਟੁੱਟ ਜਾਂਦਾ ਹੈ, ਰਿਸ਼ਤਾ ਤਾਂ ਹੈ ਹੀ ਪਸੰਦ ਦਾ, ਗੁਰਸਿੱਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥ ਜੋ ਕੁੱਝ ਗੁਰੂ ਨੇ ਕਰਨਾ ਤੇ ਕਹਿਣਾ ਹੈ, ਜੋ ਗੁਰੂ ਨੂੰ ਪਸੰਦ ਹੈ, ਉਹੀ ਸਿੱਖ ਨੂੰ ਪਸੰਦ ਹੈ, ਜੇ ਨਿਰਵਿਰਤੀ ਮਾਰਗ ਗੁਰੂ ਨੂੰ ਪਸੰਦ ਨਹੀਂ ਤਾਂ ਸਿੱਖ ਨੂੰ ਕਿਵੇਂ ਹੋ ਸਕਦਾ ਹੈ? ਇਹੋ ਕਾਰਨ ਹੈ ਇਤਿਹਾਸਕ ਪੰਨਿਆ ਤੇ ਨਿਗ੍ਹਾਹ ਮਾਰ ਕੇ ਦੇਖ ਲਉ, ਸਿੱਖ ਦਾ ਗੁਰੂ ਵੀ ਗ੍ਰਹਿਸਤੀ ਹੈ ਸਿੱਖ ਵੀ ਗ੍ਰਹਿਸਤੀ ਹੈ, ਗੁਰੂ ਨੇ ਸਿੱਖ ਨੂੰ ਖਿੰਦਾ ਮੁੰਦਾ ਮਾਇਆ, ਨਹੀਂ ਸਿੱਖਾਇਆ, ਹੁਣ ਮਸਲਾ ਇਹ ਹੈ ਕਿ ਜੇ ਪਰਵਿਰਤੀ ਮਾਰਗ ਵਿੱਚ ਜਾਣਾ ਹੈ ਤਾਂ ਇਹ ਮਾਰਗ ਹੈ ਸੰਜੋਗ ਦਾ, ਸੇ ਸੰਜੋਗ ਕਰਉ ਮੇਰੇ ਪਿਆਰੇ ਇਥੇ ਵੀ ਦੋ ਮਾਰਗ ਹਨ ਸੰਜੋਗ ਤੇ ਵਿਜੋਗ, ਦੋਹਾਂ ਦਾ ਜੋੜਾ ਹੈ, ਗੁਰੂ ਵੀ ਕਹਿ ਰਹੇ ਹਨ ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ॥ ਸੰਸਾਰ ਦੀ ਜਿਨ੍ਹੀ ਕਾਰ ਹੈ, ਉਹ ਸੰਜੋਗ ਤੇ ਵਿਜੋਗ ਚਲਾ ਰਹੇ ਹਨ, ਇਨ੍ਹਾਂ ਦੋਹਾਂ ਵਿੱਚੋਂ ਮਨੁੱਖ ਨੂੰ ਕੀ ਪਸੰਦ ਹੈ?

ਪਰਵਿਰਤੀ ਮਾਰਗ ਵਿੱਚ ਸੰਜੋਗ ਦੀ ਲੋੜ ਹੈ, ਪਰਵਿਰਤੀ ਮਾਰਗ ਦਾ ਆਰੰਭ ਹੀ ਸੰਜੋਗ ਤੋਂ ਹੁੰਦਾ ਹੈ, ਭਾਵ ਰਿਸ਼ਤਾ ਜੋੜਨਾ, ਤੋੜਨਾ ਨਹੀਂ, ਇਕ ਖਿਆਲ ਕਰਿਉ ਦੁਨੀਆਂ ਦੇ ਜਿਨ੍ਹੇ ਜੀਵ ਨੇ, ਭਾਵੇਂ ਆਕਾਸ਼ ਤੇ ਉਡਾਰੀਆਂ ਲਗਾਉਣ ਵਾਲੇ ਪੰਛੀ, ਭਾਵੇਂ ਜੰਗਲਾਂ ਵਿੱਚ ਰਹਿਣ ਵਾਲੇ ਜਾਨਵਰ, ਭਾਵੇਂ ਪਾਣੀ ਦੀਆਂ ਗਹਿਰਾਈਆਂ ਵਿੱਚ ਰਹਿਣ ਵਾਲੇ, ਮੱਛੀ, ਡੱਡੂ ਆਦਿਕ, ਇਨ੍ਹਾਂ ਸਾਰਿਆਂ ਵਿੱਚ ਸੰਜੋਗ ਹੈ, ਮਛੀ ਤੋਂ ਮਛੀ ਮਛੀ ਤਾਂ ਹੀ ਪੈਦਾ ਹੁੰਦੀ ਹੈ ਜੇਕਰ ਸੰਜੋਗ ਹੈ, ਮੇਲ ਹੈ, ਅੱਜ ਦੀ ਸਾਂਈਸ ਨੇ ਤਾਂ ਇਥੋਂ ਤੱਕ ਸਾਬਤ ਕਰ ਦਿੱਤਾ ਹੈ ਕਿ ਬਨਾਸਪਤੀ ਵਿੱਚ ਵੀ ਮੇਲ ਹੈ, ਸੰਜੋਗ ਹੈ, ਅੱਜ ਦਾ ਯੁੱਗ ਪੜ੍ਹਿਆ ਲਿਖਿਆ ਹੈ, ਐਗਰੀਕੱਲਚਰ ਯੁਨੀਵਰਸੀਟੀ ਨਾਲ ਸਬੰਧਿਤ ਨੋਜਵਾਨ ਜਾਣਦੇ ਹਨ ਕਿ ਜਿਨ੍ਹੇ ਵੀ ਦਰੱਖਤ ਨੇ, ਬਨਾਸਪਤੀ ਹੈ ਇਨ੍ਹਾਂ ਵਿੱਚ ਵੀ ਨਰ ਅਤੇ ਮਾਦਾ ਹਨ, ਜਿਸ ਕਾਰਣ ਇਹ ਦਰੱਖਤ ਫੱਲ ਦਿੰਦੇ ਹਨ, ਇਨ੍ਹਾਂ ਨੂੰ ਸੰਤਾਨ ਰੂਪੀ ਫੱਲ ਤਾਂ ਹੀ ਲੱਗਦੇ ਹਨ ਜੇ ਦੋਹਾਂ ਦਾ ਮੇਲ ਹੁੰਦਾ ਹੈ, ਇਨ੍ਹਾਂ ਵਿੱਚ ਮੇਲ ਦਾ ਤਰੀਕਾ ਭਾਵੇਂ ਵੱਖਰਾ ਹੈ, ਪਰ ਇਨ੍ਹਾਂ ਵਿੱਚ ਵੀ ਸੰਜੋਗ ਹੁੰਦਾ ਹੈ, ਤਾਂ ਹੀ ਵਾਧਾ ਹੁੰਦਾ ਹੈ, ਜੇ ਸੰਜੋਗ ਨਾ ਹੋਵੇ,ਤਾਂ ਵਾਧਾ ਨਹੀਂ ਹੋ ਸਕਦਾ, ਜਿਨ੍ਹੇ ਵੀ ਆਕਾਸ਼ ਤੇ ਉਡਾਰੀਆਂ ਲਗਾਉਣ ਵਾਲੇ ਪੰਛੀ ਨੇ, ਤੋਤਾ ਤੋਤੀ, ਕਬੂਤਰ ਕਬੂਤਰੀ, ਚਿੜਾ ਚਿੜੀ, ਇਨ੍ਹਾਂ ਵਿੱਚ ਵੀ ਸੰਜੋਗ ਹੁੰਦਾ ਹੈ, ਤਾਂ ਹੀ ਉਨ੍ਹਾਂ ਦੇ ਘਰ ਸੰਤਾਨ ਹੁੰਦੀ ਹੈ। ਸੰਤਾਨ ਦੀ ਹੋਂਦ ਇਹ ਸਾਬਤ ਕਰਦੀ ਹੈ ਕਿ ਹਰ ਜਾਨਵਰ, ਹਰ ਜੀਵ ਸੰਜੋਗਾਂ ਨਾਲ ਜੁੜਿਆ ਹੈ, ਸਮਝਣ ਵਾਲੀ ਗੱਲ ਹੁੱਣ ਇਹ ਹੈ, ਕਿ ਸੰਜੋਗ ਹੈ, ਤਾਂ ਸੰਤਾਨ ਹੈ, ਜੋ ਹਰ ਹੀਵ ਦੇ ਘਰ ਹੁੰਦੀ ਹੈ, ਭਾਵੇਂ ਅੰਡਜ, ਜੇਰਜ,ਸੇਤਜ, ਉਤਭੁੱਜ ਦੇ ਰੂਪ ਵਿੱਚ, ਤੇ ਹਰ ਜੀਵ ਆਪਣੀ ਸੰਤਾਨ ਨੂੰ ਪਾਲਨਾ ਵੀ ਜਾਣਦੇ ਹਨ, ਸੰਤਾਨ ਪਾਲਣ ਦੀ ਇਹ ਦੇਨ ਵੀ ਕੁਦਰੱਤ ਨੇ ਜੀਵਾਂ ਨੂੰ ਦੇ ਦਿੱਤੀ ਹੈ, ਆਲ੍ਹਣੇ ਵਿੱਚ ਬੈਠੇ ਚਿੜੇ ਚਿੜੀ ਦੇ ਬੋਟ ਨੂੰ ਧਿਆਨ ਨਾਲ ਦੇਖਉ, ਕਿਵੇਂ ਚਿੜੀ ਚੋਗਾ ਚੁੱਗ ਕੇ ਲਿਆਉਦੀ ਹੈ, ਕਿਵੇਂ ਇੱਕ ਇੱਕ ਦਾਣਾ ਉਸ ਬੋਟ ਦੇ ਮੂੰਹ ਵਿੱਚ ਪਾਉਂਦੀ ਹੈ, ਕਿਉਂਕਿ ਉਸਨੂੰ ਆਪਣੀ ਸੰਤਾਨ ਨੂੰ ਪਾਲਣਾ ਆਉਂਦਾ ਹੈ, ਉਹ ਆਪਣਾ ਘਰ, ਆਲ੍ਹਣਾ ਵੀ ਬਣਾਉਂਦੀ ਹੈ, ਹਰ ਜੀਵ ਦਾ ਸੰਜੋਗ ਹੈ, ਸੰਜੋਗ ਤੋਂ ਹੀ ਵਾਧਾ ਹੁੰਦਾ ਹੈ। 

ਸੰਜੋਗ ਤੋਂ ਬਾਦ ਸੰਤਾਨ ਹੈ, ਸੰਤਾਨ ਤੋਂ ਬਾਦ ਪਾਲਣਾ ਹੈ, ਪਾਲਣੇ ਤੋਂ ਬਾਦ ਆਲ੍ਹਣਾ ਹੈ, ਘਰ ਹੈ, ਇਹ ਸਾਰੀਆਂ ਚੀਜਾਂ ਸਾਰੇ ਜੀਵਾਂ ਵਿੱਚ ਕੁਦਰੱਤ ਨੇ ਸਾਂਝੀਆਂ ਦਿੱਤੀਆਂ ਹਨ, ਪਰ ਮਨੁੱਖ ਵਿੱਚ ਇਕ ਗੱਲ ਵਖਰੀ ਅਤੇ ਕੁੱਝ ਖਾਸ ਹੈ, ਜਿਹੜੀ ਅਸੀਂ ਸਮਝਣੀ ਹੈ, ਕਿਸੇ ਚਿੜੇ ਚਿੜੀ ਦਾ ਰਿਸ਼ਤਾ ਕਰਨ ਵਾਸਤੇ ਕੋਈ ਗ੍ਰੰਥੀ ਨਹੀਂ ਗਿਆ, ਕੋਈ ਪੜੌਸੀ, ਕੋਈ ਰਿਸ਼ਤੇਦਾਰ ਨਹੀਂ ਗਿਆ, ਫਿਰ ਵੀ ਉਨ੍ਹਾਂ ਦਾ ਸੰਜੋਗ ਹੋ ਜਾਂਦਾ ਹੈ, ਪੰਛੀਆਂ ਲਈ ਕਿਸੇ ਪਛਾਣ ਜਾਂ ਕਿਸੇ ਚੋਣ ਦੀ ਲੋੜ ਨਹੀਂ, ਚੋਣ ਉੱਥੇ ਹੁੰਦੀ ਹੈ, ਜਿੱਥੇ ਆਪਣੀ ਪਸੰਦ ਹੋਵੇ, ਪੰਛੀਆਂ ਵਿੱਚ ਅਜੇਹੀ ਕੋਈ ਚੋਣ ਨਹੀਂ ਹੁੰਦੀ, ਅਤੇ ਨਾ ਹੀ ਚੋਣ ਵਿੱਚ ਉਨ੍ਹਾਂ ਦਾ ਕੋਈ ਸਾਥ ਹੀ ਦਿੰਦਾ ਹੈ, ਇਸ ਦੇ ਉਲਟ ਜਦੋਂ ਸਾਡਾ ਬੱਚਾ ਜ਼ਰਾ ਕੁ ਜੋਬਨ ਵਿੱਚ ਪੈਰ ਰਖਦਾ ਹੈ, ਅਸੀਂ ਪੜੌਸੀਆਂ, ਮਿੱਤਰਾਂ, ਦੋਸਤਾਂ ਨੂੰ ਕਹਿੰਦੇ ਹਾਂ ਕਿ ਬੱਚੀ/ਬੱਚਾ ਜਵਾਨ ਹੋ ਗਏ ਹਨ, ਕੋਈ ਰਿਸ਼ਤਾ ਦੇਖੋ, ਸਾਡੇ ਦੋਸਤ ਮਿੱਤਰ ਦੱਸ ਪਾਉਂਦੇ ਹਨ ਤੇ ਖੋਜ ਵੀ ਕਰਦੇ ਹਨ, ਮਾਤਾ ਪਿਤਾ ਆਪ ਵੀ ਦੌੜ ਭੱਜ ਕਰਕੇ, ਆਪਣੀ ਚਾਹਤ ਅਤੇ ਸਿਆਨਪ ਨਾਲ ਚੋਣ ਕਰਦੇ ਹਨ, ਕੁੱਝ ਸੁੰਦਰਤਾ ਦੇ ਆਧਾਰ ਤੇ, ਕੁੱਝ ਸ਼ਰੀਰ ਅਤੇ ਗੁਣਾਂ ਦੇ ਆਧਾਰ ਤੇ, ਸ਼ਰੀਰ ਕਰਕੇ ਵੀ ਖੂਬਸੂਰਤ ਹੋਵੇ, ਤੇ ਗੁਣਾਂ ਕਰਕੇ ਵੀ ਖੂਬਸੂਰਤ ਹੋਵੇ, ਗੁਣ ਅੰਦਰ ਹੁੰਦੇ ਨੇ, ਸ਼ਰੀਰ ਬਾਹਰ ਦਿਸਦਾ ਹੈ, ਕਈ ਵਾਰ ਸ਼ਰੀਰ ਬਾਹਰੋਂ ਬੜਾ ਖੂਬਸੂਰਤ ਦਿਸਦਾ ਹੈ, ਪਰ ਅੰਦਰ ਗੁਣ ਨਹੀਂ ਹੁੰਦੇ, ਮਨੁੱਖ ਚੋਣ ਕਰਨ ਲਗਿਆਂ, ਦੋਵੇਂ ਚੀਜਾਂ ਦੇਖਦਾ ਹੈ, ਉਸ ਵਿੱਚ ਚੰਗੇ ਗੁਣ ਵੀ ਹੋਣ, ਸੁੰਦਰ ਸ਼ਰੀਰ ਵਾਲਾ ਵੀ ਹੋਵੇ, ਪਰ ਜਾਨਵਰਾਂ ਅਤੇ ਪੰਛੀਆਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਹਾਲਾਂਕਿ ਸੰਤਾਨ ਉਨ੍ਹਾਂ ਦੇ ਘਰ ਵੀ ਹੁੰਦੀ ਹੈ, ਆਲ੍ਹਣੇ ਰੂਪੀ ਘਰ ਉਨ੍ਹਾਂ ਦੇ ਵੀ ਹੁੰਦੇ ਹਨ, ਪਰਿਵਾਰ ਉਨ੍ਹਾਂ ਦੇ ਵੀ ਹੁੰਦੇ ਹਨ, ਪਰ ਉਨ੍ਹਾਂ ਵਿੱਚ ਕੋਈ ਚੋਣ ਨਹੀਂ ਕੀਤੀ ਜਾਂਦੀ, ਮਨੁੱਖਾਂ ਵਿੱਚ ਚੋਣ ਹੁੰਦੀ ਹੈ, ਸਾਰੇ ਦੋਸਤ, ਰਿਸ਼ਤੇਦਾਰ ਮਿਲਕੇ ਚੋਣ ਕਰਦੇ ਨੇ, ਸਾਡੇ ਬੱਚੇ ਲਈ ਇਹੋ ਜਿਹਾ ਰਿਸ਼ਤਾ ਹੋਵੇ, ਕੁੱਝ ਗੱਲਾਂ ਸ਼ਰੀਰ ਦੀਆਂ ਅਸੀਂ ਤੁਸੀਂ ਦੇਖ ਲੈਦੇਂ ਹਾਂ, ਚੋਣ ਵੀ ਅਸੀਂ ਕਰ ਲੈਂਦੇ ਹਾਂ।

ਸਿੱਖ ਦੀ ਕੀ ਨਿਸ਼ਾਨੀ ਹੈ? ਸਿੱਖ ਸਮਝਦਾ ਹੈ, ਕਿ ਜਿਨ੍ਹੇ ਵੀ ਗੁਣ ਹਨ ਉਹ ਮੇਰੇ ਨਹੀਂ, ਉਹ ਮੇਰੇ ਗੁਰੂ ਦੇ ਹਨ, ਗੁਰਬਾਣੀ ਨੇ ਇਹ ਫਰਕ ਬੜੀ ਗਹਿਰਾਈ ਨਾਲ ਸਿੱਖ ਨੂੰ ਸਮਝਾਇਆ ਹੈ, ਕਿ ਹੇ ਮਨੁੱਖ, ਜੀਉ (ਆਤਮਾ) ਅਤੇ ਮਨ ਤੂੰ ਪੈਦਾ ਹੀ ਨਹੀਂ ਕੀਤਾ, ਤੂੰ ਤਾਂ ਕੇਵਲ ਤਨ ਹੀ ਪੈਦਾ ਕੀਤਾ ਹੈ, ਮਿਲਿ ਮਾਤ ਪਿਤਾ ਪਿੰਡੁ ਕਮਾਇਆ॥ ਮਾਤਾ ਪਿਤਾ ਨੇ ਕੇਵਲ ਤਨ ਨੂੰ ਜਨਮ ਦਿਤਾ ਹੈ, ਮਨ ਨੂੰ ਜਨਮ ਬਿਲਕੁੱਲ ਨਹੀਂ ਦਿੱਤਾ, ਇਸ ਲਈ ਤਨ ਦੀ ਖੂਬਸੂਰਤੀ ਤਾਂ ਮਾਤਾ ਪਿਤਾ ਤੇ ਜਾ ਸਕਦੀ ਹੈ ਜਿਸਨੂੰ ਦੇਖ ਕੇ ਹੀ ਲੋਗ ਅੰਦਾਜ਼ਾ ਲਗਾ ਲੈਂਦੇ ਹਨ ਕਿ ਇਹ ਫਲਾਣੇ ਦਾ ਪੁੱਤਰ ਹੈ ਇਸਦੀ ਸ਼ਕਲ ਉਸ ਨਾਲ ਮਿਲਦੀ ਹੈ, ਇਸ ਸੱਭ ਕੁੱਝ ਦੇ ਬਾਵਜੂਦ ਕਈ ਵਾਰ ਅਸੀਂ ਦੇਖਦੇ ਹਾਂ, ਤਨ ਪਿਤਾ ਤੇ ਗਿਆ ਹੁੰਦਾ ਹੈ, ਪਰ ਉਸਦੇ ਗੁਣ ਅਤੇ ਵਿਚਾਰ ਪਿਤਾ ਨਾਲ ਨਹੀਂ ਮਿਲਦੇ, ਜਿਹੋ ਜਹੀ ਸੰਗਤ ਉਸਨੂੰ ਮਿਲ ਜਾਏ, ਉਹੋ ਜਿਹਾ ਹੀ ਹੋ ਜਾਂਦਾ ਹੈ, ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥ ਤਨ ਦਾ ਸੁੰਦਰ ਹੋਣਾ ਹੋਰ ਚੀਜ਼ ਹੈ, ਮਨ ਦਾ ਗੁਣਵਾਨ ਹੋਣਾ ਹੋਰ ਚੀਜ਼ ਹੈ ਕਿਉਂਕਿ ਮਨੁੱਖ ਨੇ ਤਨ ਪੈਦਾ ਕੀਤਾ ਹੈ, ਇਸ ਲਈ ਇਸਦੀ ਚੋਣ ਤਨ ਦੀ ਸੁੰਦਰਤਾ ਤਕ ਹੀ ਸੀਮਤ ਹੈਂ, ਗੁਣ ਮੇਰੇ ਰੱਬ, ਮੇਰੇ ਗੁਰੂ ਕੋਲ ਹਨ, ਕਿਉਂਕਿ ਜੀਉ ਉਸਨੇ ਪੈਦਾ ਕੀਤਾ ਹੈ, ਗੁਰੂ ਨੇ ਬਾਣੀ ਵਿੱਚ ਇਸੇ ਲਈ ਕਹਿ ਦਿਤਾ, ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥ ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਗੁਣ ਹਨ ਮੇਰੇ ਗੁਰੂ ਕੋਲ, ਇਸ ਲਈ ਸਿੱਖ ਦੀ ਨਿਸ਼ਾਨੀ ਹੈ ਕਿ ਚੰਗਾ ਘਰ, ਚੰਗਾ ਵਰ, ਚੰਗਾ ਰਿਸ਼ਤਾ ਢੂੰਢਣ ਤੋਂ ਬਾਦ, ਫਿਰ ਗੁਰੂ ਕੋਲ ਆ ਕੇ ਅਰਦਾਸ ਕਰਦਾ ਹੈ, ਕਿ ਹੇ ਗੁਰੂ ਜੀ ਗੁਣ ਤੁਹਾਡੇ ਕੋਲ ਹਨ, ਤੇ ਤੂਸੀਂ ਆਪਣੇ ਗੁਣਾਂ ਨਾਲ ਇਸਨੂੰ ਸਵਾਰ ਦਿਉ, ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰਿ ਨਾਮ ਉਚਾਰੇ ਇਹ ਵਰ, ਘਰ ਮੈਂ ਤਨ ਕਰਕੇ ਢੂੰਢ ਲਿਆ ਹੈ ਹੁਣ ਇਸਨੂੰ ਮਨ ਕਰਕੇ ਤੁਸੀਂ ਖੂਬਸੂਰਤ ਬਣਾ ਦਿਉ, ਮੈਂ ਤਾਂ ਕੇਵਲ ਤਨ ਨੂੰ ਹੀ ਪਰਖ ਕੇ ਦੇਖ ਸਕਦਾ ਸਾਂ, ਦੇਖ ਲਿਆ ਹੈ, ਖਾਨਦਾਨ ਬੜਾ ਚੰਗਾ ਹੈ, ਨੋਜਵਾਨ ਬੜਾ ਚੰਗਾ ਹੈ, ਹੁਣ ਤੁਹਾਡੇ ਕੋਲ ਇਸ ਲਈ ਆਇਆ ਹਾਂ ਕਿ ਇਸ ਵਿੱਚ ਮਨ ਕਰਕੇ ਵੀ ਸੱਚ ਅਤੇ ਗੁਣ ਭਰ ਦਿਉ, ਨੇਕੀ ਭਰ ਦਿਉ, ਤਾਂ ਕਿ ਇਹ ਅੰਦਰੋਂ ਬਾਹਰੋਂ ਖੂਬਸੂਰਤ ਹੋ ਜਾਏ, ਇਹ ਅਰਦਾਸ ਕਰਨ ਵਾਸਤੇ ਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਇਕੱਠੇ ਹੁੰਦੇ ਹਾਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top