Share on Facebook

Main News Page

ਮਾਮਲਾ ਟੀ ਸ਼ਰਟਾਂ ਤੇ ਛਪੀ ਭਿੰਡਰਾਂਵਾਲਿਆਂ ਦੀ ਤਸਵੀਰ ਦਾ
ਪੁਲਿਸ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨਾਲ਼ ਧੱਕਾ ਕਰ ਰਹੀ ਹੈ: ਐਡਵੋਕੇਟ ਲੂੰਬਾ

* ਲੀਗਲ ਐਡਵਾਈਜਰ ਨਾਲ਼ ਗੱਲ ਕਰ ਕੇਸ ਦਰਜ ਕਰਨਾ ਚਾਹੀਦਾ ਸੀ

ਬਠਿੰਡਾ, 17 ਫਰਵਰੀ (ਕਿਰਪਾਲ ਸਿੰਘ): ਪਿਛਲੇ ਦਿਨੀ ਲੁਧਿਆਣੇ ਦੀ ਹੌਜ਼ਰੀ ਤੋਂ ਜੋ ਭਿੰਡਰਾਂਵਾਲਿਆਂ ਦੀ ਛਪੀ ਤਸਵੀਰ ਅਤੇ ਸੰਤਾ ਦੇ ਭਾਸ਼ਣ ਦੀਆਂ ਲਾਈਨਾਂ ਛਪੀਆਂ ਟੀ ਸ਼ਰਟਾਂ ਫੜੀਆਂ ਸਨ ਉਸ ਸਬੰਧੀ ਹਾਈ ਕੋਰਟ ਨੇ ਬੜੀਆਂ ਸਿੱਧੀਆਂ ਤੇ ਸਪੱਸ਼ਟ ਹਦਾਇਤਾਂ ਦਿਤੀਆਂ ਹੋਈਆਂ ਹਨ ਕਿ ਫੋਟੋਆਂ ਲਗਾਉਣੀਆਂ ਜਾਂ ਖ਼ਾਲਿਸਤਾਨ ਬਾਰੇ ਟੀ ਸ਼ਰਟਾਂ ਤੇ ਲਿਖਣਾ ਭਾਰਤੀ ਸੰਵਿਧਾਨ ਅਨੁਸਾਰ ਕੋਈ ਗੁਨਾਹ ਨਹੀਂ ਹੈ। ਪੁਲਿਸ ਗੁੰਡਾ ਗਰੁੱਪਾਂ ਦੀ ਸ਼ਹਿ ਤੇ ਉਹਨਾਂ ਨੂੰ ਕੁੱਝ ਜਿਆਦਾ ਹੀ ਬੜਾਵਾ ਦੇਣ ਵਾਲੀ ਫਿਰਕਾਪ੍ਰਸਤ ਨੀਤੀ ਤੇ ਕੰਮ ਕਰ ਰਹੀ ਹੈ। ਇਹ ਸ਼ਬਦ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਨੇ ਮੋਹਾਲੀ ਵਿਖੇ ਬੀਤੇ ਦਿਨ ਪ੍ਰੈੱਸ ਨਾਲ ਗੱਲ ਕਰਦਿਆਂ ਕਹੇ।

ਉਨ੍ਹਾਂ ਕਿਹਾ ਇਸ ਸਬੰਧੀ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਸਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਮੇਰੇ ਕਲਾਇੰਟ ਦੀ ਜਾਨ ਮਾਲ ਨੂੰ ਖਤਰਾ ਹੈ ਜਿਸ ਦੀ ਰੱਖਿਆ ਦੀ ਸਿੱਧੀ ਜਿੰਮੇਵਾਰੀ ਪੁਲਿਸ ਦੀ ਬਣਦੀ ਹੈ। ਉਹਨਾਂ ਹਾਈਕੋਰਟ ਦੇ ਫੈਸਲੇ ਦੀ ਕਾਪੀ ਦਿਖਾਉਂਦੇ ਹੋਏ ਕਿਹਾ ਕਿ ਇਹ ਮਾਨਯੋਗ ਹਾਈਕੋਰਟ ਦਾ ਹੁਕਮ ਹੈ ਕਿ ਜਦ ਤੱਕ ਕਿਸੇ ਨੂੰ ਧਮਕੀ ਨਹੀਂ ਦਿੱਤੀ ਜਾਂਦੀ ਜਾਂ ਹਿੰਸਾ ਨਹੀਂ ਕੀਤੀ ਜਾਂਦੀ ਉਤਨੀ ਦੇਰ ਖਾਲਿਸਤਾਨ ਦੇ ਹੱਕ ਵਿੱਚ ਅਮਨਪੂਰਵਕ ਬੋਲਣਾ ਨਾਹਰੇ ਲਗਾਉਣਾ ਕੋਈ ਜੁਰਮ ਨਹੀਂ ਹੈ। ਜਿਸ ਵਿੱਚ 153ਏ ਨੂੰ ਗਲਤ ਤਰੀਕੇ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਹਾਈਕੋਰਟ ਨੇ ਵਿਚਾਰ ਦਿਤਾ ਹੈ ਕਿ ਇਸ ਤਰਾਂ ਦੇ ਮਾਮਲਿਆਂ ਵਿੱਚ ਐਫ.ਆਈ.ਆਰ. ਤੱਕ ਰੱਦ ਕੀਤੀ ਗਈ ਹੈ।

ਇਸ ਬਾਰੇ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਈਕੋਰਟ ਵਲੋਂ ਸਥਿਤੀ ਸਪੱਸ਼ਟ ਕੀਤੀ ਗਈ ਹੈ। ਜਿਵੇਂ ਕਿ ਪਿਛਲੇ ਕੇਸ ਬਲਵੰਤ ਸਿੰਘ ਬਨਾਮ ਸਟੇਟ ਆਫ ਪੰਜਾਬ (1995) ਅਨੁਸਾਰ ਖਾਲਿਸਤਾਨ ਜਿੰਦਾਬਾਦ ਕਹਿਣਾ, ਭਿੰਡਰਾਂਵਾਲਾ ਜਿੰਦਾਬਾਦ ਕਹਿਣਾ ਆਦਿ ਕੋਈ ਜੁਰਮ ਨਹੀਂ ਹੈ ਅਤੇ ਬਲਵੰਤ ਸਿੰਘ ਦੀ ਐਫ.ਆਈ.ਆਰ ਕੁਆਇਸ਼ ਹੋਈ ਹੈ। ਉਹਨਾਂ ਗੱਲ ਕਰਦਿਆਂ ਅੱਗੇ ਹੋਰ ਕਿਹਾ ਕਿ ਇਸ ਨੂੰ ਟਾਡਾ ਥੱਲੇ ਵੀ ਜ਼ੁਰਮ ਨਹੀਂ ਮੰਨਿਆ ਜਾਂਦਾ। ਸੋ ਸੰਤ ਜਨਰੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਨੂੰ ਟੀ ਸ਼ਰਟਾਂ ਤੇ ਛਾਪਣਾ, ਸਟਿਕਰ ਵੰਡਣੇ ਜਾਂ ਗੱਡੀਆਂ ਤੇ ਲਗਾਉਣਾ ਕੋਈ ਗੁਨਾਹ ਨਹੀਂ ਹੈ। ਫਾਸ਼ੀਵਾਦੀ ਸੰਸਥਾਵਾਂ ਕਾਨੂੰਨ ਨੂੰ ਹੱਥ ਵਿੱਚ ਲੈ ਕਾਨੂੰਨ ਦਾ ਉਲੰਘਣਾ ਕਰ ਰਹੀਆਂ ਹਨ। ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਦੇ ਫੈਸਲਿਆਂ ਦਾ ਸਤਿਕਾਰ ਕਰਦੇ ਹੋਏ ਪੁਲਿਸ ਨੂੰ ਫਾਸ਼ੀਵਾਦੀ ਸੰਸਥਾਵਾਂ ਦੇ ਪ੍ਰੈੱਸ਼ਰ ਵਿੱਚ ਆ ਕੇ ਨੌਜੁਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ ਪਰ ਉਲਟਾ ਪੁਲਿਸ ਪ੍ਰਸ਼ਾਸਨ ਇਹਨਾਂ ਫਾਸ਼ੀਵਾਦੀ ਸੰਸਥਾਵਾਂ ਦੇ ਕਹਿਣ ਤੇ ਝੂਠੇ ਕੇਸ ਦਰਜ ਕਰ ਰਿਹਾ ਹੈ ਅਤੇ ਇਹਨਾਂ ਨੂੰ ਸਰਕਾਰੀ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।

ਇਸ ਮੌਕੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਸੱਚ ਦੀ ਅਵਾਜ਼ ਨੂੰ ਬੁਲੰਦ ਕਰਦੇ ਹੋਏ ਉਨ੍ਹਾਂ ਆਪਣੀ ਨੌਕਰੀ ਅਤੇ ਆਪਣੇ ਸੁੱਖ ਅਰਾਮ ਦੀ ਪ੍ਰਵਾਹ ਨਾਂ ਕਰਦੇ ਹੋਏ ਸਿੱਖ ਕਤਲੇਆਮ ਦੇ ਜਿੰਦਾ ਜਾਗਦੇ ਸਬੂਤ ਨੂੰ ਦੁਨੀਆਂ ਸਾਹਮਣੇ ਰੱਖਿਆ। ਮੇਰੀ ਆਵਾਜ ਬੰਦ ਕਰਵਾਉਣ ਲਈ ਫਿਰਕਾਪ੍ਰਸਤਾਂ ਵਲੋਂ ਉਸ ਦੇ ਘਰ ਤੇ ਵੀ ਹਮਲਾ ਕਰਵਾਇਆਂ ਗਿਆ। ਪੁਲਿਸ ਨੇ ਪ੍ਰੋਟੈਕਸ਼ਨ ਤਾਂ ਕੀ ਕਰਨੀ ਸੀ ਉਲਟਾ ਸ਼ਿਵਸੈਨਾ ਦੇ ਕਹਿਣ ਤੇ ਹੀ ਮੇਰੇ ਵਿਰੁੱਧ ਕੇਸ ਦਰਜ ਕਰ ਦਿਤਾ।

ਇਸ ਮੌਕੇ ਉਹਨਾਂ ਨਾਲ਼ ਇੰਟਰਨੈਸ਼ਨਲ ਸਿੱਖ ਔਰਗੇਨਾਈਜੇਸ਼ਨ ਦੇ ਪ੍ਰਧਾਨ ਸ. ਸੁਖਜਿੰਦਰ ਸਿੰਘ ਜੌੜਾ, ਸੀਨੀਅਰ ਮੀਤ ਪ੍ਰਧਾਨ ਸ. ਸੁਖਵਿੰਦਰ ਸਿੰਘ ਖਾਲਸਾ ਅਤੇ ਪੰਥਕ ਸੇਵਾ ਲਹਿਰ ਦੇ ਪ੍ਰਧਾਨ ਸ. ਬਲਜੀਤ ਸਿੰਘ ਕਾਲਾਨੰਗਲ ਵੀ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top