Share on Facebook

Main News Page

ਬਾਦਲ ਅਕਾਲੀ ਦਲ ਵੱਲੋਂ ਬੀਤੇ ਕੱਲ ਕੀਤਾ ਗਿਆ ਰੋਸ ਪ੍ਰਦਰਸ਼ਨ ਮਹਿਜ ਵਿਖਾਵਾ: ਮਨਜੀਤ ਸਿੰਘ ਕਲਕੱਤਾ

ਅੰਮ੍ਰਿਤਸਰ, 17 ਫਰਵਰੀ: ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ ਵਿੱਚ ਸਜਾ ਭੁਗਤ ਰਹੇ ਕਿਸ਼ੋਰੀ ਲਾਲ ਦੀ ਸਜਾ ਮੁਆਫੀ ਦੀ ਕਾਰਵਾਈ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਰੋਕ ਲਗਵਾ ਚੁੱਕੀ ਹੈ ਅਤੇ ਬਾਦਲ ਅਕਾਲੀ ਦਲ ਵੱਲੋਂ ਬੀਤੇ ਕੱਲ ਕੀਤਾ ਗਿਆ ਰੋਸ ਪ੍ਰਦਰਸ਼ਨ ਮਹਿਜ ਵਿਖਾਵਾ ਹੈ, ਕਿਉਂਕਿ ਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਦੀ ਯਾਦ ਸਤਾ ਰਹੀ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਦੋਸ਼ੀ ਕਿਸ਼ੋਰੀ ਲਾਲ ਦੀ ਤਿਹਾੜ ਜੇਲ ਤੋਂ ਰਿਹਾਈ ਦੀ ਖਬਰ ਮਿਲਣ ਤੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਕਾਰਵਾਈ ਕਰਦਿਆਂ ਦਿੱਲੀ ਦੇ ਗਵਰਨਰ ਜਨਰਲ ਪਾਸ ਰੋਸ ਪ੍ਰਗਟ ਕਰਦਿਆਂ ਸ਼ਿਕਾਇਤ ਕੀਤੀ, ਜਿਸ ਤੇ ਅਮਲ ਕਰਦਿਆਂ ਕਿਸ਼ੋਰੀ ਲਾਲ ਦੀ ਰਿਹਾਈ ਦੀ ਸਿਫਾਰਸ਼ੀ ਫਾਇਲ ਮੁੜ ਵਿਚਾਰ ਲਈ ਵਾਪਸ ਭੇਜ ਦਿੱਤੀ ਗਈ। ਸ੍ਰ: ਕਲਕੱਤਾ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੇ ਨਾਮ ਤੇ ਬਾਦਲ ਦਲ ਨੇ ਹੁਣ ਤੱਕ ਸਿਰਫ ਵੋਟ ਰਾਜਨੀਤੀ ਹੀ ਕੀਤੀ ਹੈ, ਜਦਕਿ ਅਮਲੀ ਰੂਪ ਵਿੱਚ ਬਾਦਲ ਦਲ ਨੂੰ ਸਿੱਖਾਂ ਦੇ ਕਤਲੇਆਮ ਨਾਲ ਕੋਈ ਹਮਦਰਦੀ ਨਹੀਂ ਹੈ।

ਸ੍ਰ: ਕਲਕੱਤਾ ਨੇ ਦੱਸਿਆ ਕਿ ਨਵੰਬਰ 84 ਦੇ ਕਤਲੇਆਮ ਨਾਲ ਸਬੰਧਿਤ ਅਦਾਲਤੀ ਕੇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੜ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਤਾਂ ਬਾਦਲ ਦਲ ਨਵੰਬਰ 84 ਦੇ ਪੀੜਤਾਂ ਦੇ ਮੁੜ ਵਸੇਵੇਂ ਦੀ ਗੱਲ ਕਰ ਰਿਹਾ ਹੈ, ਲੇਕਿਨ ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਭੇਜੇ ਗਏ 210 ਕਰੋੜ ਰੁਪਏ ਬਿਨਾਂ ਵਰਤੋਂ ਹੀ ਖਜਾਨੇ ਵਿੱਚ ਪਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਵਿਧਾਨ ਸਭਾ ਜਾਂ ਲੋਕ ਸਭਾ ਜਾਂ ਗੁਰਦੁਆਰਾ ਚੋਣ ਸਿਰ ਤੇ ਆਉਂਦੀ ਹੈ ਤਾਂ ਬਾਦਲ ਦਲ ਨਵੰਬਰ 84 ਦੇ ਕਤਲੇਆਮ ਦੀ ਯਾਦ ਆਉਂਦੀ ਹੈ, ਲੇਕਿਨ ਚੋਣ ਬੀਤਦਿਆਂ ਹੀ ਸਭ ਕੁੱਝ ਭੁੱਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਾਦਲ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਮਰੀਕਾ ਵਿੱਚ ਦਸਤਾਰ ਦੇ ਮਾਮਲੇ ਤੇ ਦਿੱਲੀ ਸਥਿਤ ਅਮਰੀਕੀ ਸਫਾਰਤਖਾਨੇ ਅੱਗੇ ਰੋਸ ਮੁਜਾਹਰਾ ਕੀਤਾ ਸੀ, ਲੇਕਿਨ ਉਸ ਉਪਰੰਤ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸ੍ਰ: ਦਵਿੰਦਰਪਾਲ ਸਿੰਘ ਭੁੱਲਰ ਦੀ ਸਜਾ ਮੁਆਫੀ ਲਈ ਵੀ ਸ਼੍ਰੋਮਣੀ ਕਮੇਟੀ ਨੇ ਕਾਫੀ ਕੁੱਝ ਕਰਨ ਦੇ ਬਿਆਨ ਦਿੱਤੇ ਸਨ, ਲੇਕਿਨ ਪੰਜਾਬ ਵਿਧਾਨ ਸਭਾ ਦੀਆਂ ਬੀਤੇ ਦਿਨੀਂ ਹੋਈਆਂ ਚੋਣਾਂ ਸਮੇਂ ਸ੍ਰ: ਭੁੱਲਰ ਦੀ ਸਜਾ ਮੁਆਫੀ ਬਾਰੇ ਕੀਤੇ ਕਾਰਜ ਦਾ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ, ਜਦਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ਾਂ ਨੂੰ ਪਹਿਚਾਣਦਿਆਂ ਸ੍ਰ: ਭੁੱਲਰ ਦੀ ਰਿਹਾਈ ਲਈ ਯਤਨਸ਼ੀਲ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top