Share on Facebook

Main News Page

ਸਿੱਖ ਕਤਲੇਆਮ-ਕਿਸ਼ੋਰੀ ਲਾਲ ਦੀ ਸਜ਼ਾ-ਮੁਆਫ਼ੀ ਦੇ ਹੁਕਮ ਵਾਪਸ

ਨਵੀਂ ਦਿੱਲੀ, (15 ਫਰਵਰੀ, ਪੀ.ਐਸ.ਐਨ): ਦਿੱਲੀ ਦੇ ਉਪ ਰਾਜਪਾਲ ਤੇਜਿੰਦਰ ਖੰਨਾ ਨੇ 1984 ਦੇ ਸਿੱਖ ਕਤਲੇਆਮ ਦੇ ਇਕ ਦੋਸ਼ੀ ਦੀ ਉਮਰ ਕੈਦ ਦੀ ਸਜ਼ਾ ਮੁਆਫ ਕਰਨ ਦੇ ਆਪਣੇ ਹੁਕਮ ਅੱਜ ਵਾਪਸ ਲੈ ਲਏ ਅਤੇ ਦਿੱਲੀ ਦੇ ਸਜ਼ਾਵਾਂ 'ਤੇ ਨਜ਼ਰਸਾਨੀ ਵਾਲੇ ਬੋਰਡ (ਐਸ.ਆਰ.ਵੀ.) ਨੂੰ ਇਸ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਨੇ ਸਜ਼ਾ ਮੁਆਫੀ ਦੇ ਹੁਕਮਾਂ ਖ਼ਿਲਾਫ਼ ਰੋਸ ਵਿਖਾਵੇ ਕੀਤੇ ਸਨ। ਦਿੱਲੀ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਰੋਸ ਨੂੰ ਵੇਖਦਿਆਂ ਹੀ ਇਹ ਮਾਮਲਾ ਦੁਬਾਰਾ ਨਜ਼ਰਸਾਨੀ ਬੋਰਡ ਹਵਾਲੇ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਖੇਤਰ ਦੇ ਝਟਕਈ ਕਿਸ਼ੋਰੀ ਲਾਲ (48) ਨੂੰ ਦੰਗਿਆਂ ਦੌਰਾਨ ਕੁਝ ਵਿਅਕਤੀਆਂ ਦੀਆਂ ਹਤਿਆਵਾਂ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜੋ ਉਪ ਰਾਜਪਾਲ ਨੇ ਮੁਆਫ਼ ਕਰ ਦਿੱਤੀ ਸੀ। ਕਿਸ਼ੋਰੀ ਲਾਲ ਨੂੰ ਹੇਠਲੀਆਂ ਅਦਲਤਾਂ ਨੇ ਘੱਟੋ-ਘੱਟ ਪੰਜ ਮਾਮਲਿਆਂ ਵਿਚ ਮੌਤ ਦੀ ਸਜ਼ਾ ਸੁਣਾਈ ਸੀ ਜੋ ਬਾਅਦ 'ਚ ਸੁਪਰੀਮ ਕੋਰਟ ਨੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਸੀ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਐਸ.ਆਰ.ਬੀ. ਨੂੰ ਕਿਸ਼ੋਰੀ ਲਾਲ ਦੀ ਉਮਰ ਕੈਦ ਦੀ ਸਜ਼ਾ ਮੁਆਫ ਕਰਨ ਦੀ ਸਿਫਾਰਸ਼ ਕੀਤੀ ਸੀ। ਉਹ 1997 ਤੋਂ ਤਿਹਾੜ ਜੇਲ੍ਹ 'ਚ ਬੰਦ ਹੈ। ਜੇਲ੍ਹ ਅਧਿਕਾਰੀਆਂ ਨੇ ਉਸ ਦੇ ਚੰਗੇ ਵਿਹਾਰ ਨੂੰ ਦੇਖਦਿਆਂ ਉਸ ਦੀ ਰਿਹਾਈ ਲਈ ਅਪੀਲ ਕੀਤੀ ਸੀ। ਇਸ ਤੋਂ ਬਾਅਦ ਐਮ.ਆਰ.ਬੀ. ਪਿਛਲੇ ਸਾਲ ਇਹ ਅਪੀਲ ਵਿਚਾਰ ਕਰਨ ਲਈ ਉਪ ਰਾਜਪਾਲ ਕੋਲ ਭੇਜੀ। ਇਸ ਮਹੀਨੇ ਦੇ ਸ਼ੁਰੂ ਵਿਚ ਉਸ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ। ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਸਿੱਖ ਭਾਈਚਾਰੇ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top