Share on Facebook

Main News Page

ਪੈਸੇ ਖਾਤਰ ਵਿਕਾਓ ਤੇ ਚਾਪਲੂਸ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਕਵੀ ਰਾਮ, ਸਿਆਮ ਹੀ ਜ਼ਾਬਰ ਨੂੰ ਨਿਆਂ ਪਸੰਦ ਆਖ ਸਕਦੇ ਹਨ: ਯੰਗ ਸਿੱਖ ਐਸੋਸਿਏਸ਼ਨ ਫ਼ਰੀਦਾਬਾਦ

* ਗੁਰੂ ਗੋਬਿੰਦ ਸਿੰਘ ਜੀ ਕਿਸੇ ਜ਼ਾਬਰ ਨੂੰ ਨਿਆਂ ਪਸੰਦ ਆਖ ਕੇ ਝੂਠ ਕਿਵੇਂ ਬੋਲ ਸਕਦੇ ਹਨ?

(13 ਫਰਵਰੀ 2011 : ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਸਿੱਖੀ ਵਿਚ ਹਮੇਸ਼ਾਂ ਸੱਚ ’ਤੇ ਪਹਿਰਾ ਦਿੱਤਾ ਗਿਆ ਇਸ ਲਈ ਉਸ ਵੇਲੇ ਦੇ ਮੁਗਲ ਬਾਦਸ਼ਾਹ ਦੇ ਜ਼ਬਰ ਤੇ ਜ਼ੁਲਮ ਨੂੰ ਵੇਖਦਿਆਂ ਉਸ (ਬਾਬਰ) ਨੂੰ ਜ਼ਾਬਰ ਆਖਣ ਤੋਂ ਵੀ ਸੰਕੋਚ ਨਾ ਕੀਤਾ। ਬਾਬੇ ਨਾਨਕ ਦੀ ਦਸਵੀਂ ਜੋਤਿ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਉਸ ਦੇ ਜ਼ੁਲਮਾਂ ਲਈ ਤਾੜਨਾ ਕਰਦੇ ਹਨ। ਕੀ ਉਹੀ ਦਸਵੇਂ ਨਾਨਕ ਗੁਰੂ ਅਰਜੁਨ ਪਾਤਸ਼ਾਹ ਨੂੰ ਭਿਆਨਕ ਤਸੀਹੇ ਦੇਣ ਵਾਲੇ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਆਦਿਲ (ਨਿਆਂ ਪਸੰਦ) ਆਖ ਸਕਦੇ ਹਨ ? ਉਹਨਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਰਚਨਾ ਚਰਿਤਰੋਪਖਿਆਨ ਵਿਚ ਜਹਾਂਗੀਰ ਨੂੰ ਨਿਆਂ ਪਸੰਦ (ਆਦਿਲ) ਰਾਜਾ ਆਖਿਆ ਗਿਆ ਹੈ, ਕੀ ਗੁਰੂ ਸਾਹਿਬ ਕਿਸੇ ਜ਼ੁਲਮ ਕਰਣ ਵਾਲੇ ਇਨਸਾਨ ਨੂੰ ਨਿਆਂ ਪਸੰਦ ਆਖ ਸਕਦੇ ਹਨ?

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਅਖੌਤੀ ਦਸਮ ਗ੍ਰੰਥ ਬਚਿੱਤਰ ਨਾਟਕ ਵਿਚ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਇਹ ਭੁਲੇਖਾ ਛੱਡ ਦੇਣ ਕਿਉਂਕਿ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਇਤਿਹਾਸਕ ਤੱਥਾਂ ਪ੍ਰਤੀ ਬਿਲਕੁਲ ਅਨਾੜੀ ਹੈ ਅਤੇ ਜਾਣਬੁਝ ਕੇ ਉਸ ਨੇ ਕਈ ਥਾਂ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਡਾ. ਰਤਨ ਸਿੰਘ ਜੱਗੀ ਦੀ ਪੁਸਤਕ ਦਸਮ ਗ੍ਰੰਥ ਦਾ ਕਰਤ੍ਰਿਤਵ ਪੰਨਾ-167-168) ਦਾ ਹਵਾਲਾ ਦਿੰਦਿਆ ਕਿਹਾ ਕਿ ਡਾ ਜੱਗੀ ਅੁਨਸਾਰ ਦਸਮ ਗ੍ਰੰਥ ਦੀਆਂ ਪੌਰਾਣਿਕ ਕ੍ਰਿਤੀਆਂ ਦੇ ਕਵੀ ਇਕ ਨਹੀਂ ਅਨੇਕ ਹਨ, ਜਿੰਨ੍ਹਾਂ ਦਾ ਗਿਆਨ ਸੀਮਿਤ ਅਤੇ ਭ੍ਰਾਂਤੀਪੂਰਣ ਹੈ। ਇੰਨ੍ਹਾਂ ਦੀ ਭਾਵਨਾ ਸਿੱਖ ਪਰੰਪਰਾ ਨਾਲ ਮੇਲ ਨਹੀਂ ਖਾਂਦੀ। ਇਹ ਸਾਰੇ ਕਵੀ ਅਪਣੇ ਆਸਰਾਦਾਤੇ ਪ੍ਰਤੀ ਸ਼ਰਧਾਵਾਨ ਹਨ। ਕਵਿਤਾ ਕਰਕੇ ਰਾਜਿਆਂ, ਸਰੋਤਿਆਂ ਆਦਿ ਨੂੰ ਪ੍ਰਸੰਨ (ਖੁਸ਼) ਕਰਨਾ ਅਤੇ ਬਦਲੇ ਵਿਚ ਧਨ ਪ੍ਰਾਪਤ ਕਰਨਾ ਇੰਨ੍ਹਾਂ ਦਾ ਵਿਵਸਾਯ (ਪੇਸ਼ਾ) ਹੈ। ਇਹ ਅਪਣੀ ਕਵਿਤਾ ਦੀ ਭੁਲ ਸੁਧਾਰ ਦਾ ਅਧਿਕਾਰ ਹੋਰਨਾਂ ਕਵੀਆਂ ਨੂੰ ਦਿੰਦੇ ਹਨ (ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ-ਕ੍ਰਿਸ਼ਨਾਵਤਾਰ/ਅਖੌਤੀ ਦਸਮ ਗ੍ਰੰਥ) ਅਤੇ ਇੰਨ੍ਹਾਂ ਨੂੰ ਅਪਣੇ ਕਾਵਿ ਦੋਸ਼ਾਂ ਕਰ ਕੇ ਨਿੰਦਿਆ ਦੀ ਵੀ ਸ਼ੰਕਾ ਰਹਿੰਦੀ ਹੈ ਅਤੇ ਅਜਿਹਾ ਨਾ ਕਰਨ ਲਈ ਸਰੋਤਿਆਂ ਅੱਗੇ ਸਦਾ ਪ੍ਰਾਰਥਨਾਸ਼ੀਲ ਹਨ ਇੰਨ੍ਹਾਂ ਕ੍ਰਿਤੀਆਂ ਦਾ ਕਰਤ੍ਰਿਤਵ ਦਸਮ ਗੁਰੂ ਦਾ ਸਿੱਧ ਨਹੀਂ ਹੁੰਦਾ।”

ਇਸ ਲਈ ਇਹ ਸਪਸ਼ਟ ਹੈ ਕਿ ਕਿਸੇ ਜੁਲਮੀ ਤੇ ਜਾਬਰ ਨੂੰ ਆਦਿਲ (ਨਿਆਂ ਪਸੰਦ) ਗੁਰੂ ਗੋਬਿੰਦ ਸਿੰਘ ਜੀ ਤਾਂ ਕਤਈ ਨਹੀਂ ਆਖ ਸਕਦੇ ਨਿਸ਼ਚੇ ਹੀ ਇਹ ਕੰਮ ਪੈਸਾ ਖਾਤਰ ਵਿਕੇ ਹੋਏ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਰਚਨਹਾਰ ਕਵੀ ਰਾਮ, ਸਿਆਮ ਤੇ ਕਾਲ ਦਾ ਹੀ ਹੋ ਸਕਦਾ ਹੈ। ਇਸ ਮੌਕੇ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਵੀ ਸੰਗਤਾਂ ਵਿਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top