Share on Facebook

Main News Page

ਭਾਰਤੀ ਹਕੂਮਤ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਇਨਸਾਫ਼ ਦੇ ਦੋਹਰੇ ਮਾਪਦੰਡ ਵਰਤ ਰਹੀ ਹੈ: ਭਾਈ ਸਿਰਸਾ

* ਫਿਰਕਾਪ੍ਰਸ਼ਤ ਸਰਕਾਰਾਂ ਅਤੇ ਅਦਾਲਤਾਂ ਦੀਆਂ ਨਜ਼ਰਾਂ ਵਿੱਚ ਬੱਕਰਿਆਂ ਵਾਂਗ ਸਿੱਖਾਂ ਨੂੰ ਵੱਢਣ ਵਾਲੇ ਕਸਾਈ ਦਾ ਆਚਰਣ ਚੰਗਾ ਪਰ ਪੜ੍ਹੇ ਲਿਖੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਆਣਚਰਣ ਮਾੜਾ
* ਸਿੱਖਾਂ ਨੂੰ ਜ਼ਜ਼ਬਾਤੀ ਕਰਕੇ ਅਤੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਦੱਸ ਕੇ ਵੋਟਾਂ ਪ੍ਰਾਪਤ ਕਰਨ ਵਾਲਾ ਬਾਦਲ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿੱਛੇ ਪੈ ਜਾਣ ਦੀ ਸੰਭਾਵਨਾਂ ਨੂੰ ਵੇਖ ਕੇ ਤਾਂ ਤਿਲਮਿਲਾ ਉਠਿਆ ਸੀ, ਪਰ ਹੁਣ ਸਿੱਖਾਂ ਦੇ ਕਾਤਲ ਕਿਸ਼ੋਰੀ ਲਾਲ ਅਤੇ ਸ਼ੱਕ ਦੀ ਬਿਨਾਂ ਤੇ ਸਜਾ ਭੁਗਤ ਰਹੇ ਸਿੱਖ ਕੈਦੀਆਂ ਪ੍ਰਤੀ ਆਪਣਾਏ ਜਾ ਰਹੇ ਦੂਹਰੇ ਮਾਪਦੰਡ ਨੂੰ ਵੇਖ ਕੇ ਸੁਸਰੀ ਵਾਂਗ ਨਿਸਚੰਤ ਸੁੱਤੇ ਪਏ ਹਨ
* ਯੂ.ਐਨ.ਓ, ਕੌਮਾਂਤਰੀ ਭਾਈਚਾਰਾ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਭਾਰਤ ਵਿੱਚ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਉਣ

ਬਠਿੰਡਾ, 14 ਫਰਵਰੀ (ਕਿਰਪਾਲ ਸਿੰਘ): ਭਾਰਤੀ ਹਕੂਮਤ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਇਨਸਾਫ਼ ਦੇ ਦੋਹਰੇ ਮਾਪਦੰਡ ਵਰਤ ਰਹੀ ਹੈ। ਇਸੇ ਕਾਰਣ ਫਿਰਕਾਪ੍ਰਸ਼ਤ ਸਰਕਾਰਾਂ ਅਤੇ ਅਦਾਲਤਾਂ ਦੀਆਂ ਨਜ਼ਰਾਂ ਵਿੱਚ ਬੱਕਰਿਆਂ ਵਾਂਗ ਸਿੱਖਾਂ ਨੂੰ ਵੱਢਣ ਵਾਲੇ ਕਸਾਈ ਕਿਸ਼ੋਰੀ ਲਾਲ ਦਾ ਆਚਰਣ ਚੰਗਾ ਹੈ ਪਰ ਪੜ੍ਹੇ ਲਿਖੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਆਣਚਰਣ ਮਾੜਾ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਸਾਈ ਕਿਸ਼ੋਰੀ ਲਾਲ ਨੂੰ ਦਿੱਲੀ ਦੇ ਸਟੇਟ ਸਨਟੈਂਨਸ ਰੀਵਿਊ ਬੋਰਡ (ਐਸ ਆਰ ਬੀ) ਦੀ ਸਿਫ਼ਾਰਿਸ਼ਾਂ ਤੇ ਦਿੱਲੀ ਦੇ ਰਾਜਪਾਲ ਤਜਿੰਦਰ ਖੰਨਾ ਵੱਲੋਂ 14 ਹੋਰ ਉਮਰ ਕੈਦ ਦੀ ਸਜਾ ਭੁਗਤ ਰਹੇ ਕੈਦੀਆਂ ਦੀ ਸਜਾ ਮੁਆਫੀ ਦੀਆਂ ਖ਼ਬਰਾਂ ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਸ਼ੋਰੀ ਲਾਲ ਇੱਕ ਕਸਾਈ ਸੀ ਅਤੇ ਉਸ ਤੇ ਦੋਸ਼ ਲੱਗੇ ਸਨ ਕਿ ਨਵੰਬਰ 1084 ਵਿੱਚ ੳਸ ਨੇ ਦਿੱਲੀ ਦੀਆਂ ਸੜਕਾਂ ਤੇ ਬੱਕਰੇ ਝਟਕਾਉਣ ਵਾਲੇ ਕਾਪੇ ਨਾਲ ਆਪਣੇ ਕਈ ਸਿੱਖ ਗੁਆਂਢੀਆਂ ਨੂੰ ਮਾਰਿਆ ਸੀ। ਇਨ੍ਹਾਂ ਕਤਲਾਂ ਦੇ ਦੋਸ਼ਾਂ ਹੇਠ ਹੇਠਲੀਆਂ ਅਦਾਲਤਾਂ ਨੇ ਉਸ ਨੂੰ ਸੱਤ ਵਾਰ ਮੌਤ ਦੀ ਸਜਾ ਸੁਣਾਈ ਸੀ ਪਰ ਸੁਪਰੀਮ ਕੋਰਟ ਨੇ ਬਾਅਦ ਵਿਚ ਘਟਾ ਕੇ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਸੀ।

ਕਿਸ਼ੋਰੀ ਲਾਲ ਉਨ੍ਹਾਂ 25 ਵਿਅਕਤੀਆਂ ਵਿਚ ਸ਼ਾਮਲ ਹੈ ਜਿਸ ਨੂੰ ਦਿੱਲੀ ਦੀ ਅਦਾਲਤਾਂ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਕੈਦ ਦੀ ਸਜਾ ਸੁਣਾਈ ਸੀ। ਪਰ ਇਸ ਦਾ ਆਚਰਣ ਦਿੱਲੀ ਦੀ ਕਾਂਗਰਸੀ ਮੁੱਖ ਮੰਤਰੀ ਸ਼ੀਲਾ ਦਿਕਸ਼ਤ ਦੀ ਚੇਅਰਪਰਸਨਸ਼ਿਪ ਹੇਠ ਐਸ ਆਰ ਬੀ ਨੂੰ ਬਹੁਤ ਚੰਗਾ ਲੱਗਾ ਜਿਸ ਕਾਰਣ ਉਸ ਦੀ ਸਜਾ ਮੁਆਫੀ ਕਰਕੇ ਰਿਹਾਅ ਕਰਨ ਦੀ ਸਿਫਾਰਸ਼ ਕਰ ਦਿੱਤੀ ਤੇ ਦਿੱਲੀ ਦੇ ਰਾਜਪਾਲ ਤਜਿੰਦਰ ਖੰਨਾ ਵੱਲੋਂ ਝੱਟ ਇਸ ਸਿਫਾਰਸ ਨੂੰ ਮੰਨ ਕੇ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਪਰ ਦੂਸਰੇ ਪਾਸੇ ਇੰਜਨੀਅਰ ਡਿਗਰੀ ਪ੍ਰਾਪਤ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਜੋ ਕਿ ਇੰਜਨੀਅਰਿੰਗ ਕਾਲਜ ਵਿੱਚ ਪ੍ਰੋਫੈਸਰ ਸੀ, ਅਤੇ ਜਿਸ ਦਾ ਪਿਤਾ, ਮਾਸੜ ਅਤੇ ਇੱਕ ਦੋਸਤ ਨੂੰ ਘਰੋਂ ਚੁੱਕ ਕੇ ਪੁਲਿਸ ਵਲੋਂ ਅਣਮਨੁੱਖੀ ਤਸ਼ੱਦਦ ਢਾਹ ਕੇ ਖਤਮ ਕਰ ਦਿੱਤਾ ਗਿਆ ਸੀ, ਅਤੇ ਜੋ 17 ਸਾਲਾਂ ਤੋਂ ਤਿਹਾੜ ਦੀ ਜੇਲ੍ਹ ਵਿੱਚ ਮਾਨਸਕ ਤਸੀਹੇ ਝਲਦਾ ਹੋਇਆ ਇੱਕ ਮਾਨਸਕ ਰੋਗੀ ਬਣ ਚੁੱਕਾ ਹੈ ਦਾ ਆਚਰਣ ਇਤਨਾ ਮਾੜਾ ਦਿੱਸ ਰਿਹਾ ਹੈ ਕਿ ਉਸ ਦਾ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤੇ ਜਾਣਾ ਹੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਖਤਰਾ ਜਾਪ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ ਸੁਪ੍ਰੀਮ ਕੋਰਟ ਦੇ ਫੁੱਲ ਬੈਂਚ ਦੇ ਇੱਕ ਸੀਨੀਅਰ ਜੱਜ ਵਲੋਂ ਪ੍ਰੋ: ਭੁੱਲਰ ਨੂੰ ਨਿਰਦੋਸ਼ ਮੰਨਦਿਆਂ ਇਸ ਦੀ ਮੌਤ ਦੀ ਸਜਾ ਰੱਦ ਕੀਤੇ ਜਾਣ ਵਾਲਾ ਨੋਟ ਲਿਖਿਆ ਹੈ ਪਰ ਦੋ ਜੂਨੀਅਰ ਜੱਜਾਂ ਦੀ ਰਾਇ ਨਾਲ ਹੀ ਉਸ ਦੀ ਮੌਤ ਦੀ ਸਜਾ ਬਹਾਲ ਰੱਖੀ ਗਈ ਹੈ।

ਭਾਰਤੀ ਹਕੂਮਤ ਵਲੋਂ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਇਨਸਾਫ਼ ਦੇ ਦੋਹਰੇ ਮਾਪਦੰਡ ਵਰਤਣ ਦੀਆਂ ਹੋਰ ਉਦਾਹਰਣਾਂ ਹਨ ਕਿ ਕਿਸ਼ੋਰੀ ਲਾਲ ਅਤੇ ਘੱਟੋ-ਘੱਟ 7 ਸਾਲ ਤੋਂ ਜੇਲ੍ਹਾਂ 'ਚ ਬੰਦ 14 ਹੋਰ ਕੈਦੀਆਂ ਨੂੰ ਦਿੱਤੀਆ ਜਾ ਰਹੀਆਂ ਰਿਆਇਤਾਂ ਭਾਰਤੀ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੱਖਾਂ ਨੂੰ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ? ਭਾਈ ਸਿਰਸਾ ਨੇ ਕਿਹਾ ਕਿ ਮੈਕਸੀਮਮ ਸਕਿਉਰਟੀ ਜੇਲ੍ਹ ਨਾਭਾ ਵਿੱਚ ਲਾਲ ਸਿੰਘ ਉਰਫ਼ ਮਨਜੀਤ ਸਿੰਘ ਪੁੱਤਰ ਭਾਗ ਸਿੰਘ, ਵਾਸੀ ਅਕਾਲਗੜ੍ਹ (ਕਪੂਰਥਲਾ) ਨੂੰ ਜੇਲ੍ਹ ਵਿੱਚ 19 ਸਾਲ 8 ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਉਹ 18 ਵਾਰ ਪੈਰੋਲ 'ਤੇ ਜਾ ਚੁੱਕਾ ਹੈ। ਉਸਦਾ ਵੀ ਜੇਲ੍ਹ ਜੀਵਨ ਦਾ ਵਤੀਰਾ ਵੀ ਬਹੁਤ ਚੰਗਾ ਹੈ। ਕਪੂਰਥਲਾ ਦੀ ਜਿਲ੍ਹਾ ਅਥਾਰਟੀ ਵਲੋਂ ਉਸਦੇ ਚੰਗੇ ਰਵਈਏ ਦੀ ਸਿਫ਼ਾਰਸ ਕਰਕੇ 3 ਵਾਰ ਭੇਜੀ ਗਈ ਅਰਜ਼ੀ ਗੁਜਰਾਤ ਦਾ ਪੈਰੋਲ ਬੋਰਡ ਹਰ ਵਾਰ ਰੱਦ ਕਰ ਚੁੱਕਿਆ ਹੈ। ਦੱਸਣਾ ਬਣਦਾ ਹੈ ਕਿ ਇਹ ਸਜ਼ਾ ਉਸਨੂੰ ਸਿਰਫ਼ ਹਥਿਆਰਾਂ ਦੀ ਬਰਾਮਦਗੀ ਦੇ ਕੇਸ ਵਿੱਚ ਹੋਈ ਹੈ ਅਤੇ ਉਸ 'ਤੇ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਵੀ ਕੋਈ ਕੇਸ਼ ਨਹੀਂ ਹੈ।

ਇਸੇ ਤਰਾਂ ਫਿਰੋਜ਼ਪੁਰ ਜਿਲ੍ਹੇ ਦਾ ਸਰਵਣ ਸਿੰਘ ਵੀ ਨਾਭਾ ਜੇਲ੍ਹ ਵਿੱਚ 12 ਸਾਲ ਤੋਂ ਵੱਧ ਸਮੇਂ ਤੋਂ ਬੰਦ ਹੈ। ਮੇਜਰ ਸਿੰਘ ਪੁੱਤਰ ਗੁਰਮੇਜ਼ ਸਿੰਘ ਜਿਲ੍ਹਾ ਅੰਮ੍ਰਿਸਰ 20 ਸਾਲ 9 ਮਹੀਨੇ ਤੋਂ ਨਾਭਾ ਜੇਲ੍ਹ ਵਿੱਚ ਬੰਦ ਹੈ ਤੇ 19 ਵਾਰ ਪੈਰੋਲ 'ਤੇ ਜਾ ਚੁੱਕਾ ਹੈ। ਜਿਲ੍ਹਾ ਅਥਾਰਿਟੀ ਵਲੋਂ ਉਸਦੇ ਵੀ ਚੰਗੇ ਵਤੀਰੇ ਕਾਰਨ 2 ਵਾਰ ਭੇਜੀ ਗਈ ਅਰਜ਼ੀ ਨੂੰ ਉਤਰ ਪ੍ਰਦੇਸ਼ ਦਾ ਪੈਰੋਲ ਬੋਰਡ ਰੱਦ ਕਰ ਚੁੱਕਿਆ ਹੈ। ਹੁਣ ਲਾਲ ਸਿੰਘ ਤੇ ਮੇਜਰ ਸਿੰਘ ਨੇ ਆਪਣੇ ਮੁੜ ਵਸੇਵੇ ਲਈ ਰਿੱਟ ਪਟੀਸ਼ਨਾਂ ਪਾ ਕੇ ਹਾਈਕੋਰਟ ਵਿੱਚ ਧੱਕੇ ਖਾ ਰਹੇ ਹਨ। ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ ਨੂੰ 16 ਸਾਲ ਤੋਂ ਵੱਧ ਅਤੇ ਇਸੇ ਕੇਸ ਵਿੱਚ ਲਖਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਸ਼ੇਰ ਸਿੰਘ ਨੂੰ ਜੇਲ੍ਹਾਂ ਵਿੱਚ 17 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਪਰ ਇਨ੍ਹਾਂ ਨੂੰ ਅੱਜ ਤੱਕ ਕੋਈ ਪੈਰੋਲ ਤਾਂ ਕੀ ਸਗੋਂ 42 ਦਿਨਾਂ ਦੀ ਕੈਦੀ ਦੀ ਬਣਦੀ ਛੁੱਟੀ ਵੀ ਨਹੀਂ ਦਿਤੀ ਗਈ।

ਭਾਈ ਸਿਰਸਾ ਨੇ ਕਿਹਾ ਕਿ 17 ਸਾਲ ਤੋਂ ਜੇਲ੍ਹ ਵਿੱਚ ਬੰਦ ਹੋਣ ਕਾਰਨ ਮਾਨਸਿਕ ਤੌਰ 'ਤੇ ਪੀੜਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਵਰਗੇ ਪੜ੍ਹੇ ਲਿਖੇ ਨੌਜਵਾਨ ਨੂੰ ਵੀ ਮੁੜ ਵਸੇਵੇ ਦੇ ਮਾਪਦੰਡਾਂ ਅਨੁਸਾਰ ਇਹ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ? ਜੇ ਨਿਰਦੋਸ਼ਾਂ ਦੇ ਕਾਤਲ ਕਿਸ਼ੋਰੀ ਲਾਲ ਵਰਗੇ ਲੋਕਾਂ ਨੂੰ ਸਰਕਾਰ ਮੁੜ ਵਸੇਵੇ ਦਾ ਮੌਕਾ ਦੇ ਸਕਦੀ ਹੈ ਤਾਂ ਉਕਤ ਸਿੱਖਾਂ ਜਿਨ੍ਹਾਂ 'ਤੇ ਨਿਰਦੋਸ਼ਾਂ ਦੇ ਕਤਲ ਵਰਗਾ ਕੋਈ ਕੇਸ ਵੀ ਦਰਜ ਨਹੀਂ ਹੈ, ਨੂੰ ਅਜਿਹੀ ਰਿਆਇਤ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਭਾਰਤੀ ਨਿਆਂ ਵਿਵਸਥਾ ਦੋਹਰੇ ਮਾਪਦੰਡਾਂ 'ਤੇ ਚੱਲ ਕੇ ਸਿੱਖਾਂ ਦੇ ਕਾਤਲਾਂ ਨੂੰ ਹਰ ਤਰਾ ਦੀ ਸਰਪ੍ਰਸਤੀ ਅਤੇ ਸਿੱਖਾਂ ਨੂੰ ਸਜ਼ਾਵਾਂ ਦੇ ਰਹੀਆਂ ਹਨ। ਭਾਈ ਸਿਰਸਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਸਿੱਖਾਂ ਨੂੰ ਜ਼ਜ਼ਬਾਤੀ ਕਰਕੇ ਅਤੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਦੱਸ ਕੇ ਵੋਟਾਂ ਪ੍ਰਾਪਤ ਕਰਨ ਵਾਲਾ ਬਾਦਲ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿੱਛੇ ਪੈ ਜਾਣ ਦੀ ਸੰਭਾਵਨਾਂ ਨੂੰ ਵੇਖ ਕੇ ਤਾਂ ਤਿਲਮਿਲਾ ਉਠਿਆ ਸੀ ਪਰ ਹੁਣ ਸਿੱਖਾਂ ਦੇ ਕਾਤਲ ਕਿਸ਼ੋਰੀ ਲਾਲ ਅਤੇ ਸ਼ੱਕ ਦੀ ਬਿਨਾਂ ਤੇ ਸਜਾ ਭੁਗਤ ਰਹੇ ਸਿੱਖ ਕੈਦੀਆਂ ਪ੍ਰਤੀ ਆਪਣਾਏ ਜਾ ਰਹੇ ਦੂਹਰੇ ਮਾਪਦੰਡ ਨੂੰ ਵੇਖ ਕੇ ਸੁਸਰੀ ਵਾਂਗ ਨਿਸਚੰਤ ਸੁੱਤੇ ਪਏ ਹਨ। ਉਨ੍ਹਾ ਯੂ.ਐਨ.ਓ, ਕੌਮਾਂਤਰੀ ਭਾਈਚਾਰਾ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਤੋਂ ਮੰਗ ਕੀਤੀ ਕਿ ਭਾਰਤ ਵਿੱਚ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top