Share on Facebook

Main News Page

ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਨੂੰ ਅਗਨ ਭੇਂਟ ਕਰਕੇ ਫਿਰ ਪੰਜਾਬ ਨੂੰ ਲਾਂਬੂ ਲਾਉਣ ਦਾ ਕੀਤਾ ਯਤਨ

* ਦੋਸ਼ੀ ਹਰਜਿੰਦਰ ਕੌਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
* ਹਰਜਿੰਦਰ ਕੌਰ ਨੇ ਪ੍ਰੇਮੀਆਂ ਦੇ ਪ੍ਰਭਾਵ ਹੇਠ ਇਹ ਸ਼ਰਮਨਾਕ ਕਾਰਾ ਕੀਤਾ: ਗਿਆਨੀ ਨੰਦਗੜ੍ਹ

ਬਠਿੰਡਾ, 12 ਫਰਵਰੀ (ਕਿਰਪਾਲ ਸਿੰਘ): ਪਿੰਡ ਮੰਡੀ ਕਲਾਂ ਵਿੱਚ ਬੀਤੇ ਦਿਨ ਇਕ ਮਹਿਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਸਾੜ ਦਿੱਤੀ। ਪ੍ਰਵਾਰ ਵਲੋਂ ਦੱਸੀ ਜਾ ਰਹੀ ਕਹਾਣੀ ਮੁਤਾਬਕ ਮਹਿਲਾ ਹਰਜਿੰਦਰ ਕੌਰ ਨੇ ਆਪਣੀ ਸੱਸ ਨੂੰ ਸਬਕ ਸਿਖਾਉਣ ਖਾਤਰ ਇਹ ਕਦਮ ਚੁੱਕਿਆ। ਘਰ ਦੇ ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰੀਤਮ ਕੌਰ (65 ਸਾਲ) ਧਾਰਮਿਕ ਪ੍ਰਵਿਰਤੀ ਦੀ ਹੈ ਅਤੇ ਨੂੰਹ ਆਪਣੀ ਸੱਸ ਦੀ ਧਾਰਮਿਕ ਬਿਰਤੀ ਤੋਂ ਔਖੀ ਸੀ। ਬੀਤੇ ਦਿਨ ਜਿਸ ਸਮੇਂ ਸੱਸ ਪ੍ਰੀਤਮ ਕੌਰ ਸੈਂਚੀ ਤੋਂ ਪਾਠ ਕਰ ਰਹੀ ਸੀ, ਤਾਂ ਉਸ ਦੀ ਨੂੰਹ ਨੇ ਹਰਜਿੰਦਰ ਕੌਰ ਨੇ ਅੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਸਾੜ ਦਿੱਤੀ। ਮੁੱਖ ਥਾਣਾ ਅਫਸਰ ਬੋਹੜ ਸਿੰਘ ਨੇ ਦੱਸਿਆ ਕਿ ਅੱਜ ਇਸ ਪਰਿਵਾਰ ਦਾ ਘਰੇਲੂ ਝਗੜਾ ਹੋਇਆ ਸੀ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਜਦੋਂ ਇਹ ਮਾਮਲਾ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਬਠਿੰਡਾ ਪੁਲੀਸ ਨੂੰ ਕਾਰਵਾਈ ਕਰਨ ਲਈ ਆਖਿਆ। ਮੌੜ ਦੇ ਡੀ.ਐਸ.ਪੀ. ਜਸਵੀਰ ਸਿੰਘ ਅਤੇ ਥਾਣਾ ਬਾਲਿਆਂਵਾਲੀ ਦੇ ਮੁੱਖ ਥਾਣਾ ਅਫਸਰ ਨੇ ਪਿੰਡ ਮੰਡੀ ਕਲਾਂ ਵਿੱਚ ਸ਼ਾਮ ਵਕਤ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਸੈਂਚੀ ਦੇ ਬਚੇ ਹੋਏ ਸਰੂਪ ਅਤੇ ਰਾਖ ਨੂੰ ਸਬੂਤ ਵਜੋਂ ਆਪਣੇ ਰਿਕਾਰਡ ਵਿੱਚ ਰੱਖ ਲਿਆ ਹੈ। ਅਤੇ ਕਥਿਤ ਦੋਸ਼ੀ ਹਰਜਿੰਦਰ ਕੌਰ ਵਿਰੁੱਧ ਧਾਰਾ 295ਏ ਅਧੀਨ ਮੁਕੱਦਮਾ ਦਰਜ ਕਰ ਲਿਆ ਤੇ ਅੱਜ ਸ਼ਾਮੀ ਉਸ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ। ਥਾਣਾ ਮੁਖੀ ਅਨੁਸਾਰ ਮਹਿਲਾ ਤੋਂ ਪੁੱਛ ਗਿੱਛ ਜਾਰੀ ਹੈ ਤੇ ਉਸ ਨੂੰ ਸੋਮਵਾਰ ਸ਼ਾਮ ਨੂੰ ਰੀਮਾਂਡ ਪ੍ਰਾਪਤ ਕਰਨ ਲਈ ਮੈਜਿਸਟ੍ਰੇਟ ਦੇ ਪੇਸ਼ ਕੀਤਾ ਜਾਵੇਗਾ।

ਪਿੰਡ ਮੰਡੀ ਕਲਾਂ ਦੇ ਡੇਰਾ ਵੱਡਾ ਨਿਰਮਲ ਪੰਥ ਦੇ ਮਹੰਤ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੀ ਔਰਤ ਮਲਕੀਤ ਕੌਰ ਨੂੰ ਸੈਂਚੀਆਂ ਦਿੰਦੇ ਸਨ, ਜਿਸ ਵੱਲੋਂ ਅੱਗੇ ਇਹ ਸੈਂਚੀਆਂ ਪ੍ਰੀਤਮ ਕੌਰ ਨੂੰ ਦੇ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਸ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਫੌਰੀ ਇਸ ਦੀ ਇਤਲਾਹ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਦੇ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਭਾਗਾਂ ਦੇ ਰੂਪ ਵਿੱਚ ਸੈਂਚੀਆਂ ਪਹਿਲਾਂ ਵੀ ਇਹ ਔਰਤਾਂ ਡੇਰੇ ਵਿੱਚੋਂ ਲੈਂਦੀਆਂ ਰਹੀਆਂ ਹਨ।

ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਨੁਸਾਰ ਨੂੰਹ ਹਰਜਿੰਦਰ ਕੌਰ ਸਿਰਸਾ ਡੇਰਾ ਦੀ ਪ੍ਰੇਮਣ ਹੈ, ਅਤੇ ਉਨ੍ਹਾਂ ਦੇ ਪ੍ਰਵਾਰ ਦੀ ਸਾਬਣ ਦੀ ਫੈਕਟਰੀ ਵਿੱਚ ਕੱਟੜ ਪ੍ਰੇਮੀਆਂ ਦੀ ਭਾਈਵਾਲੀ ਹੈ। ਹਰਜਿੰਦਰ ਕੌਰ ਉਨ੍ਹਾਂ ਦੇ ਪ੍ਰਭਾਵ ਹੇਠ ਸੀ ਜਿਸ ਕਾਰਣ ਉਸ ਨੇ ਇਹ ਸ਼ਰਮਨਾਕ ਕਾਰਾ ਕੀਤਾ। ਪਰ ਪ੍ਰਵਾਰ ਵਾਲੇ ਕਾਨੂੰਨ ਤੋਂ ਬਚਣ ਖਾਤਰ ਇਸ ਨੂੰ ਨੂੰਹ ਸੱਸ ਦੀ ਲੜਾਈ ਦੱਸ ਰਹੇ ਹਨ। ਗਿਆਨੀ ਨੰਦਗੜ੍ਹ ਨੇ ਮੰਗ ਕੀਤੀ ਕਿ ਇਹ ਘਿਨਾਉਣੀ ਕਾਰਵਾਈ ਕਰਕੇ ਪੰਜਾਬ ਦੀ ਸ਼ਾਂਤ ਫਿਜਾ ਨੂੰ ਲਾਂਬੂ ਲਾਉਣ ਦਾ ਯਤਨ ਕਰਨ ਵਾਲੀ ਹਰਜਿੰਦਰ ਕੌਰ ਵਿਰੁਧ ਸਖਤ ਕਾਰਵਾਈ ਕਰਕੇ ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਤਾ ਕਿ ਅੱਗੇ ਤੋਂ ਅਜੇਹੇ ਸ਼ਰਾਰਤੀਆਂ ਨੂੰ ਨਸੀਹਤ ਮਿਲ ਸਕੇ।

ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਨੂੰ ਅਗਨ ਭੇਂਟ ਕਰਨ ਵਾਲੀ ਹਰਜਿੰਦਰ ਕੌਰ ਨੂੰ 14 ਦਿਨ ਲਈ ਜੁਡੀਸ਼ਲ ਰੀਮਾਂਡ ’ਤੇ ਜੇਲ੍ਹ ਭੇਜਿਆ

ਬਠਿੰਡਾ, 13 ਫਰਵਰੀ (ਕਿਰਪਾਲ ਸਿੰਘ): ਪਿੰਡ ਮੰਡੀ ਕਲਾਂ ਵਿੱਚ ਬੀਤੇ ਸਨਿਚਰਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਅਗਨ ਭੇਟ ਕਰਨ ਵਾਲੀ ਮਹਿਲਾ ਹਰਜਿੰਦਰ ਕੌਰ, ਜਿਸ ਨੂੰ ਐਤਵਾਰ ਸ਼ਾਮ ਨੂੰ ਥਾਣਾ ਬਾਲਿਆਂਵਾਲੀ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਨੂੰ ਅੱਜ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਪਹਿਲਾ, ਫੂਲ ਦੇ ਪੇਸ਼ ਕੀਤਾ ਗਿਆ। ਮੈਜਿਸਟ੍ਰੇਟ ਨੇ ਹਰਜਿੰਦਰ ਕੌਰ ਨੂੰ 14 ਦਿਨ ਦੇ ਜੁਡੀਸ਼ਲ ਰੀਮਾਂਡ ’ਤੇ ਜੇਲ੍ਹ ਭੇਜ ਦਿੱਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top