Share on Facebook

Main News Page

ਜਿਵੇਂ ਪੰਚਾਲੀ ਦੀ ਮਾਂ ਨੇ ਪੰਜਾਂ ਨਾਲ ਜੋੜ ਦਿੱਤਾ ਸੀ, ਜਿਨ੍ਹੀ ਦੇਰ ਅਸੀਂ ਵੀ ਇਨ੍ਹਾਂ ਪੰਜਾਂ ਤੋਂ ਬਾਹਰ ਨਹੀਂ ਨਿਕਲਾਂਗੇ, ਉਨ੍ਹੀ ਦੇਰ ਪੰਚਾਲੀ ਹੀ ਬਣੇ ਰਹਾਂਗੇ, ਇਕ ਦੇ ਨਹੀਂ ਬਣ ਸਕਾਂਗੇ, ਕਿਉਂਕਿ ਇਨ੍ਹਾਂ ਪੰਜਾਂ ਨੇ ਦੁਬਿਧਾ ਹੀ ਖੜੀ ਕਰਨੀ ਹੈ: ਪ੍ਰੋ. ਦਰਸ਼ਨ ਸਿੰਘ ਖਾਲਸਾ

ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੱਥੇ ਵਿੱਚ ਵੀ ਸਾਰੇ ਲੋਗ ਇਕੋ ਜਿਹੇ ਖਿਆਲਾਂ ਵਾਲੇ ਨਹੀਂ ਸਨ, ਕੁੱਝ ਲੋਗ ਐਸੇ ਵੀ ਸਨ ਜਿਹੜੇ ਕਹਿੰਦੇ ਸਨ ਬਾਬਾ ਜੀ ਐਵੇਂ ਨਾ ਜਾਨਾਂ ਗੁਆਉ, ਆਪਣਾ ਭਲਾ ਬੁਰਾ ਸੋਚ ਲਉ, ਜਾਣਾ ਠੀਕ ਹੈ? ਜਾਂ ਕਿ ਰੁਕਣਾ ਠੀਕ ਹੈ?
ਦੁੱਖ ਹੁੰਦਾ ਹੈ ਜਦੋਂ ਸਲਾਹਾਂ ਦੇਣ ਵਾਲੇ, ਇਕ ਨਾਲ ਵਿਆਹੀ ਗਈ ਦ੍ਰੋਪਦੀ ਨੂੰ ਪੰਚਾਲੀ ਬਣਾ ਕੇ ਰੱਖ ਦਿੰਦੇ ਹਨ, ਪੰਚਾਲੀ ਬਣਦੀ ਹੀ ਉਦੋਂ ਹੈ ਜਦੋਂ ਪਿਤਾ ਦਾ ਸੰਦੇਸ਼ ਭੁੱਲਦੀ ਹੈ
ਜਿਵੇਂ ਪੰਚਾਲੀ ਦੀ ਮਾਂ ਨੇ ਪੰਜਾਂ ਨਾਲ ਜੋੜ ਦਿੱਤਾ ਸੀ, ਜਿਨ੍ਹੀ ਦੇਰ ਅਸੀਂ ਵੀ ਇਨ੍ਹਾਂ ਪੰਜਾਂ ਤੋਂ ਬਾਹਰ ਨਹੀਂ ਨਿਕਲਾਂਗੇ, ਉਨ੍ਹੀ ਦੇਰ ਪੰਚਾਲੀ ਹੀ ਬਣੇ ਰਹਾਂਗੇ, ਇਕ ਦੇ ਨਹੀਂ ਬਣ ਸਕਾਂਗੇ, ਕਿਉਂਕਿ ਇਨ੍ਹਾਂ ਪੰਜਾਂ ਨੇ ਦੁਬਿਧਾ ਹੀ ਖੜੀ ਕਰਨੀ ਹੈ: ਪ੍ਰੋ. ਦਰਸ਼ਨ ਸਿੰਘ

(ਮਨਜੀਤ ਸਿੰਘ ਖਾਲਸਾ ਮੋਹਾਲੀ): 12 ਫਰਵਰੀ 2012 ਨੂੰ ਯਮੁਨਾ ਨਗਰ ਹਰਿਆਣਾ ਵਿੱਖੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਗੁਰੂ ਅਰਜਨ ਦੇਵ ਜੀ ਵਲੋਂ ਉਚਾਰਣ ਕੀਤੇ ਸ਼ਬਦ

ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥ ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥1॥ ਮਾਣੁ ਨਿਮਾਨੇ ਤੂੰ ਧਨੀ ਤੇਰਾ ਭਰਵਾਸਾ ॥ ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥1॥ ਰਹਾਉ ॥ ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥ ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥2॥ ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥ ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥3॥ ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥ ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥

>> To listen to Shabad and Viakhaya <<

ਦਾ ਕੀਰਤਨ ਕਰਦਿਆਂ ਪ੍ਰੋ ਦਰਸ਼ਨ ਸਿੰਘ ਜੀ ਨੇ ਕਿਹਾ ਕਿ ਬੈ ਖਰੀਦ ਲਫਜ਼ ਬੜਾ ਸਮਝਣ ਵਾਲਾ ਹੈ, ਲੋਕ ਮਕਾਨਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦੇ ਆਪਣੇ ਮਕਾਨ ਨਹੀਂ ਹੁੰਦੇ, ਉਹ ਵਿਚਾਰੇ ਕਿਰਾਏ ਦੇ ਮਕਾਨ ਵਿੱਚ ਰਹਿ ਲੈਂਦੇ ਹਨ, ਮਾਲਿਕ ਮਕਾਨ ਨੂੰ ਕਿਰਾਇਆ ਦੇਕੇ ਮੱਕਾਨ ਵਿੱਚ ਰਹੀ ਜਾਂਦੇ ਹਨ, ਜਿਸ ਦਿਨ ਕਿਰਾਇਆ ਰੁੱਕ ਜਾਂਦਾ ਹੈ, ਮਕਾਨ ਮਾਲਿਕ ਆ ਕੇ ਧਮਕੀ ਦਿੰਦਾ ਹੈ, ਕਿ ਜਾਂ ਤਾਂ ਕਿਰਾਇਆ ਦੇਉ, ਜਾਂ ਮਕਾਨ ਖਾਲੀ ਕਰਉ, ਕਿਉਂਕਿ ਮਕਾਨ ਤੁਹਾਡਾ ਨਹੀਂ, ਤੁਹਾਨੂੰ ਮੱਕਾਨ ਵਿੱਚ ਰਹਿਣ ਦਾ ਹੱਕ ਹੈ, ਪਰ ਤੁਸੀਂ ਇਸ ਮੱਕਾਨ ਦੇ ਮਾਲਕ ਨਹੀਂ। ਕਈ ਵਾਰ ਇਕ ਹੋਰ ਲਫਜ਼ ਵਰਤੋਂ ਵਿੱਚ ਆਉਂਦਾ ਹੈ, ਕਿ ਅਸੀਂ ਮਕਾਨ ਦਾ ਕਿਰਾਇਆ ਨਹੀਂ ਕੀਤਾ, ਪਰ ਮਕਾਨ ਗਹਿਣੇ ਪਾ ਦਿੱਤਾ ਹੈ, ਗਹਿਣੇ ਪਾਉਣ ਵਿੱਚ ਵੀ ਕਿਰਾਏਦਾਰ ਦੀ ਮਲਕੀਅਤ ਨਹੀਂ ਬਣਦੀ, ਜਦੋਂ ਮਕਾਨ ਮਾਲਕ ਚਾਹੇ ਜਿਨ੍ਹੀ ਕੀਮਤ ਵਿੱਚ ਗਹਿਣੇ ਪਾਇਆ ਹੋਵੇ, ਉਨ੍ਹੀ ਕੀਮਤ ਵਾਪਿਸ ਕਰਕੇ ਮਕਾਨ ਛੁਡਾ ਸਕਦਾ ਹੈ, ਮਕਾਨ ਗਹਿਣੇ ਲੈਣ ਵਾਲਾ ਮਨੁੱਖ ਵੀ ਮਕਾਨ ਦਾ ਮਾਲਿਕ ਨਹੀਂ ਬਣ ਸਕਦਾ। ਕਿਉਂਕਿ ਸਾਰੇ ਹੱਕ ਉਸ ਕੋਲ ਨਹੀਂ ਹੁੰਦੇ, ਗਹਿਣੇ ਲੈਣ ਵਾਲਾ ਮਨੁੱਖ, ਮਕਾਨ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ।

ਇਕ ਹੋਰ ਲਫਜ਼ ਹੈ, ਜਿਸ ਨੂੰ ਅਸੀਂ ਕਹਿਦੇ ਹਾਂ ਬੈ ਖਰੀਦਿਆ ਹੋਇਆ, ਜਿਸ ਵਿੱਚ ਹੱਕ ਖਰੀਦੇ ਜਾਂਦੇ ਹਨ, ਜਦੋਂ ਅਸੀਂ ਕੋਈ ਜਾਇਦਾਦ ਖਰੀਦੀਏ, ਉਦੋਂ ਅਰਜ਼ੀ ਨਵੀਸ ਇਸ ਲਫਜ਼ ਦੀ ਬੜੀ ਖੂਬਸੂਰਤ ਵਰਤੋਂ ਕਰਦੇ ਹਨ ਅਤੇ ਲਿਖਦੇ ਹਨ, ਕਤਈ ਬੈ, ਜਿਸਦਾ ਮਤਲਬ ਹੈ ਕਿ ਅੱਜ ਤੋਂ ਇਹ ਮਕਾਨ ਮੈਂ ਕਤਈ ਬੈ ਕਰ ਰਿਹਾ ਹਾਂ, ਅੱਜ ਤੋਂ ਇਸਦੇ ਸਾਰੇ ਹੱਕ ਹਕੂਕ ਖਰੀਦਦਾਰ ਦੇ ਹਨ, ਮੇਰਾ ਇਸ ਮਕਾਨ ਤੇ ਕੋਈ ਹੱਕ ਬਾਕੀ ਨਹੀਂ ਰਿਹਾ, ਬੈ ਲਫਜ਼ ਇਨ੍ਹਾਂ ਸ਼ਕਤੀਸ਼ਾਲੀ ਹੈ, ਕਿ ਬੈ ਕਰਨ ਤੋਂ ਬਾਅਦ, ਬੈ ਕਰਨ ਵਾਲੇ ਦੇ ਕੋਈ ਹੱਕ ਬਾਕੀ ਨਹੀਂ ਰਹਿ ਜਾਦੇ। ਗੁਰੂ ਨੇ ਵੀ ਲਫਜ਼ ਵਰਤਿਆ ਹੈ ਬੈ, ਜਿਸਨੂੰ ਅਸੀਂ ਸਮਝਣਾ ਹੈ, ਹੇ ਮੇਰੇ ਸੱਚੇ ਸਾਹਿਬ, ਇਹ ਬੰਦਾ ਤੇਰਾ ਬੈ ਖਰੀਦ ਹੈ, ਮੁੱਲ ਖਰੀਦੀ ਹੈ, ਹੁੱਣ ਇਸ ਜੀਉ ਪਿੰਡ, ਦੋਹਾਂ ਤੇ ਮੇਰਾ ਕੋਈ ਹੱਕ ਨਹੀਂ ਰਿਹਾ, ਮਨੁੱਖ ਦੋ ਚੀਜ਼ਾਂ ਦਾ ਸੁਮੇਲ ਹੈ, ਜੀਉ (ਆਤਮਾ) ਤੇ ਪਿੰਡ (ਸ਼ਰੀਰ) ਦਾ, ਗੁਰੂ ਕਹਿੰਦੇ ਹਨ ਕਿ ਮੈਂ ਤੇਰੇ ਅੱਗੇ ਬੈ ਹੋ ਗਿਆ ਹਾਂ। ਹੁੱਣ ਇਸ ਜੀਉ ਪਿੰਡ ਦੇ ਸਾਰੇ ਹੱਕ, ਹੇ ਗੁਰੂ ਹੁੱਣ ਤੇਰੇ ਹੋ ਗਏ ਹਨ, ਮੇਰੀ ਸੋਚ ਹੁੱਣ ਮੇਰੀ ਨਾ ਰਹੀ, ਸਾਰੇ ਹੱਕ ਤੇਰੇ ਹੋ ਗਏ ਹਨ। ਇਸੇ ਲਈ ਤੂੰ ਮੇਰੇ ਜੀਉ ਤੇ ਪਿੰਡ ਨੂੰ ਜਿੱਥੇ ਚਾਹੇਂ ਵਰਤ ਸਕਦਾ ਹੈਂ, ਹੁੱਣ ਇਹ ਤੇਰੇ ਅਧਿਕਾਰ ਖੇਤਰ ਵਿੱਚ ਆ ਗਿਆ ਹੈ, ਇਸ ਵਿੱਚ ਮੇਰਾ ਕੋਈ ਹੱਕ ਹਕੂਕ ਨਹੀਂ ਰਿਹਾ, ਕਿ ਮੈਂ ਕੋਈ ਤਬਦੀਲੀ ਕਰ ਸਕਾਂ।

ਅੱਜ ਬਾਬਾ ਦੀਪ ਸਿੰਘ ਜੀ ਦਾ, ਦਿਨ ਤੁਸੀਂ ਮਨਾ ਰਹੇ ਹੋ, ਉਨ੍ਹਾਂ ਬਾਰੇ ਇਕ ਗੱਲ ਬੜੀ ਪ੍ਰਚੱਲਤ ਹੈ, ਕਿ ਬਾਬਾ ਦੀਪ ਸਿੰਘ ਜੀ ਆਪਣੇ ਸਾਥੀਆਂ ਸਹਿਤ, ਗੁਰੂ ਦਰਬਾਰ ਦੇ ਮਾਣ ਸਨਮਾਨ ਦੀ ਕਾਇਮੀ ਲਈ, ਆਪਣੇ ਜੀਉ ਪਿੰਡ ਨੂੰ ਭੇਟ ਕਰਨ ਦਾ ਫੈਸਲਾ ਕਰਕੇ ਘਰੋਂ ਤੁਰੇ, ਇਤਿਹਾਸ ਵਿੱਚ ਵਾਪਰੀ ਇਹ ਗੱਲ ਸਾਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ, ਕਿ ਅਸੀਂ ਇਤਿਹਾਸ ਦੀ ਇਸ ਘਟਨਾ ਨੂੰ ਗੰਭੀਰਤਾ ਨਾਲ ਸਮਝੀਏ। ਜਦੋਂ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੀ ਨੋਕ ਨਾਲ ਲਕੀਰ ਖੀਚੀ, ਤੇ ਕਿਹਾ, ਜਿਨ੍ਹਾਂ ਨੂੰ ਗੁਰੂ ਅਦਬ ਲਈ ਜੀਉ ਪਿੰਡ ਭੇਟ ਕਰਨਾ ਚਾਹੁਣ ਉਹ ਲਾਈਨ ਦੇ ਅੰਦਰ ਆ ਜਾਣ, ਜਿਹੜੇ ਨਾ ਚਾਹੁਣ, ਉਹ ਲਾਈਨ ਦੇ ਪਿੱਛੇ ਰਹਿਣ। ਇਥੇ ਇਕ ਖਿਆਲ ਕਰਿਉ, ਇਸ ਇਤਿਹਾਸ ਵਿੱਚੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਕਿ ਬਾਬਾ ਦੀਪ ਸਿੰਘ ਜੀ ਦੇ ਜੱਥੇ ਵਿੱਚ ਵੀ ਦੁਬਿਧਾ ਸੀ, ਜੇਕਰ ਦੁਬਿਧਾ ਨਾ ਹੁੰਦੀਂ, ਤਾਂ ਫੈਸਲਾ ਇਕ ਹੁੰਦਾ, ਤੇ ਜੇ ਫੈਸਲਾ ਇਕ ਹੁੰਦਾ ਤਾਂ, ਬਾਬਾ ਦੀਪ ਸਿੰਘ ਜੀ ਨੂੰ ਲਕੀਰ ਖਿਚੱਣ ਦੀ ਲੋੜ ਹੀ ਕਿਉਂ ਪੈਣੀ ਸੀ। ਕੁਰਬਾਨੀ ਲਈ ਅਗਵਾਈ ਕਰਨ ਵਾਲੇ, ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੱਥੇ ਵਿੱਚ ਵੀ ਸਾਰੇ ਲੋਗ ਇਕੋ ਜਿਹੇ ਖਿਆਲਾਂ ਵਾਲੇ ਨਹੀਂ ਸਨ, ਕੁੱਝ ਲੋਗ ਐਸੇ ਵੀ ਸਨ ਜਿਹੜੇ ਕਹਿੰਦੇ ਸਨ ਬਾਬਾ ਜੀ ਐਵੇਂ ਨਾ ਜਾਨਾਂ ਗੁਆਉ, ਆਪਣਾ ਭਲਾ ਬੁਰਾ ਸੋਚ ਲਉ, ਜਾਣਾ ਠੀਕ ਹੈ? ਜਾਂ ਕਿ ਰੁਕਣਾ ਠੀਕ ਹੈ? ਗੁਰੂ ਵੱਲ ਮੂੰਹ ਕਰਕੇ ਜਾਣਾ ਹੀ ਠੀਕ ਹੈ? ਜਾਂ ਕਿ ਆਪਣਾ ਬਚਾਅ ਕਰਕੇ ਵਾਪਿਸ ਪਰਤ ਜਾਣਾ ਠੀਕ ਹੈ? ਜੇਕਰ ਇਹ ਵਿਚਾਰਕ ਮਤਭੇਦ ਨਾ ਹੁੰਦੇ, ਤਾਂ ਬਾਬਾ ਦੀਪ ਸਿੰਘ ਜੀ ਨੂੰ ਲਕੀਰ ਖਿਚੱਣ ਦੀ ਕੋਈ ਲੋੜ ਨਹੀਂ ਸੀ ਪੈਣੀ, ਪਤਾ ਨਹੀਂ ਕਿਨ੍ਹਾਂ ਮਜਬੂਰ ਕੀਤਾ ਹੋਵੇਗਾ ਬਾਬਾ ਦੀਪ ਸਿੰਘ ਜੀ ਨੂੰ?

ਅਕਸਰ ਮਨੁੱਖ ਔਖੇ ਸਮੇਂ ਵਿੱਚ ਡਗਮਗਾ ਜਾਂਦਾ ਹੈ, ਭਗਤ ਕਬੀਰ ਜੀ ਨੇ ਵੀ ਇਸ ਮਨੁੱਖੀ ਕਮਜੋਰੀ ਨੂੰ ਤਸਲੀਮ ਕਰਦੇ ਹੋਏ ਕਹਿਣਾ ਪਇਆ ਡਗਮਗ ਛਾਡ ਰੇ ਮਨ ਬਉਰਾ ਅਬ ਤੋ ਜਰੈ ਮਰੈ ਸਿਧ ਪਾਈ ਹੈ ਲੀਨੋ ਹਾਥ ਸਿਧੋਰਾ ਡਗਮਗ ਕਹਿੰਦੇ ਹੀ ਉਹਨੂੰ ਹੈ ਜਦੋਂ ਕਦਮ ਡਗਮਗਾ ਜਾਣ, ਥਿੜਕ ਜਾਣ, ਅੱਗੇ ਜਾਵਾਂ ਕਿ ਨਾ ਜਾਵਾਂ? ਇਹ ਗੱਲ ਮੰਨਾ ਕਿ ਨਾਹ ਮੰਨਾ? ਇਹ ਗੱਲ ਮੰਨਣ ਨਾਲ ਕਿੱਤੇ ਆਪਣਾ ਨੁਕਸਾਨ ਹੀ ਨਾ ਕਰਾ ਬੈਠਾਂ, ਕਿਤੇ ਇਸ ਗੱਲ ਫਾਇਦਾ ਹੋਵੇ ਜਾਂ ਨਾ ਹੋਵੇ, ਇਸੇ ਨੂੰ ਡਗਮਗਾਉਣਾ ਕਹਿੰਦੇ ਨੇ, ਸਾਡੇ ਨਾਲੋ ਤਾਂ ਬਾਬਾ ਕਬੀਰ ਜੀ ਹੀ ਚੰਗੇ ਹਨ, ਜੋ ਡਗਮਗ ਛੱਡਣ ਦੀ ਗੱਲ ਕਰ ਰਹੇ ਹਨ, ਪਰ ਅਸੀਂ ਤਾਂ ਅੱਜ ਵੀ ਡੋਲ ਰਹੇ ਹਾਂ, ਅੱਜ ਵੀ ਡਗਮਗਾ ਰਹੇ ਹਾਂ।

ਅਜੋਕੇ ਸਮੇਂ ਅੰਦਰ ਦਰੋਪਦੀ ਦੇ ਇਤਿਹਾਸ ਵਿੱਚੋਂ ਕਈ ਨੁਕਤੇ ਸਮਝਣ ਵਾਲੇ ਹਨ, ਜੋ ਅੱਜ ਤੱਕ ਸਾਡੇ ਸਾਮ੍ਹਣੇ ਨਹੀਂ ਆਏ। ਰਾਜਾ ਧ੍ਰੂਪਦ ਆਪਣੀ ਬੇਟੀ, ਜਿਸਦਾ ਨਾਂ ਕ੍ਰਿਸ਼ਨਾ ਸੀ, ਨੂੰ ਵਿਆਹ ਦਿੰਦਾ ਹੈ, ਧ੍ਰੂਪਦ ਰਾਜੇ ਦੀ ਕੰਨਿਆਂ ਹੋਣ ਕਰਕੇ ਹੀ ਉਸ ਦਾ ਨਾਂ ਦਰੋਪਦੀ ਪਰਚੱਲਤ ਹੋਇਆ। ਰਾਜਾ ਧ੍ਰੂਪਦ ਨੇ ਆਪ ਚੋਣ ਕਰਕੇ, ਸਵੈਂਬਰ ਰਾਹੀਂ ਬਲਵਾਨ ਯੋਧੇ ਅਰਜੁਨ ਨਾਲ ਆਪਣੀ ਬੇਟੀ ਵਿਆਹੀ।  ਕੋਈ ਬਾਪ ਆਪਣੀ ਬੇਟੀ ਨੂੰ ਦੋ, ਚਾਰ ਜਾਂ ਪੰਜਾਂ ਨਾਲ ਨਹੀਂ ਵਿਆਹੁਣਾ ਚਾਹੁੰਦਾ ਕੋਈ ਬਾਪ ਨਹੀਂ ਚਾਹੁੰਦਾ, ਕਿ ਮੇਰੀ ਬੱਚੀ ਇਕ ਤੋਂ ਵੱਧ ਆਦਮੀਆਂ ਨਾਲ ਵਿਆਹੀ ਜਾਏ, ਅਪਮਾਨ ਹੈ ਇਸ ਗੱਲ ਵਿੱਚ, ਧ੍ਰੂਪਦ ਐਸਾ ਕਿਵੇਂ ਕਰ ਸਕਦਾ ਸੀ? ਉਸਨੇ ਕੇਵਲ ਮਹਾਬਲੀ ਸੂਰਮੇ ਅਰਜਨ ਨਾਲ ਆਪਣੀ ਬੇਟੀ ਵਿਆਹੀ, ਲੇਕਿਨ ਬਦਕਿਸਮਤੀ ਇਹ ਹੋਈ, ਕਿ ਪਿਤਾ ਦੀ ਗੱਲ ਨਾ ਚੱਲੀ, ਜਿਸ ਵੇਲੇ ਪਾਂਡਵਾਂ ਨੇ ਘਰ ਜਾਕੇ ਅੰਧੇਰੇ ਵਿੱਚ ਆਵਾਜ਼ ਦਿੱਤੀ ਕਿ ਦੇਖ ਮਾਂ ਅਸੀਂ ਕੀ ਲਿਆਏ ਹਾਂ। ਮਾਂ ਨੇ ਬਿਨਾ ਅੱਖਾਂ ਖੋਲੇ ਨੀਂਦ ਵਿੱਚ ਹੀ ਕਹਿ ਦਿੱਤਾ ਕਿ ਜੋ ਲਿਆਏ ਹੋ ਉਹ ਪੰਜਾਂ ਦਾ ਹੈ, ਪੰਜੇ ਵੰਡ ਲਉ, ਹੁਣ ਇਕ ਪਾਸੇ ਦਰੋਪਤੀ ਦਾ ਪਿਤਾ ਕਹਿੰਦਾ ਹੈ, ਕਿ ਮੈਂ ਆਪਣੀ ਬੇਟੀ ਇਕ ਨਾਲ ਵਿਆਹੀ ਹੈ, ਦੂਜੇ ਪਾਸੇ ਅਗਿਆਨ ਮਾਂ ਕਹਿੰਦੀ ਹੈ, ਪੰਜੇ ਵੰਡ ਲਉ, ਕਿਨ੍ਹੀ ਬਦਕਿਸਮਤੀ ਹੈ, ਜਿਹੜਾ ਪਿਤਾ ਜਾਗਦਿਆਂ ਬੇਟੀ ਵਿਆਹੁਦਾ ਹੈ, ਉਸਦੀ ਗੱਲ ਕੋਈ ਨਹੀਂ ਮੰਨਦਾ, ਬਲਕਿ ਅਗਿਆਨਤਾ ਦੀ ਮਾਂ ਦਾ ਅਸਰ ਕਬੂਲ ਲਿਆ ਜਾਂਦਾ ਹੈ।

ਅਗਿਆਨਤਾ ਦੀ ਮਾਂ ਇਤਿਹਾਸ ਬਦਲ ਦਿੰਦੀ ਹੈ, ਹੁੱਣ ਉਹ ਦਰੋਪਦੀ ਨਾ ਹੋਕੇ ਪੰਚਾਲੀ ਬਣ ਗਈ ਹੈ, ਉਸਦਾ ਇਕ ਖਸਮ ਨਹੀਂ ਰਿਹਾ, ਬਲਕਿ ਪੰਜ ਹੋ ਗਏ ਨੇ, ਜਿਹੜਾ ਸਮਾਜਿਕ ਪੱਖੋਂ ਵੀ ਬੜਾ ਵੱਡਾ ਗੁਨਾਹ ਸੀ ਜਿਹੜਾ ਅਗਿਆਨਤਾ ਨੇ ਕਰਵਾ ਦਿੱਤਾ। ਭਲਿਉ ਇਸ ਮਿਥਿਹਾਸ ਨੂੰ ਕਿਵੇਂ ਬਦਲੋਂਗੇ? ਇਸ ਮਿਤਿਹਾਸ ਵਿੱਚੋਂ ਕੁੱਝ ਲੱਭਣਾ ਹੈ, ਉਸ ਪੰਚਾਲੀ ਦੇ ਮੂੰਹ ਵਿੱਚੋਂ ਨਿਕਲਿਆ ਇਕ ਲਫਜ਼ ਇਤਿਹਾਸ ਵਿੱਚ ਹਲਚੱਲ ਪੈਦਾ ਕਰ ਦਿੰਦਾ ਹੈ, ਜਿਸਨੂੰ ਦੂਜੇ ਲਫਜ਼ਾਂ ਵਿੱਚ ਅਸੀਂ ਮਹਾਂਭਾਰਤ ਦਾ ਯੁੱਧ ਕਹਿੰਦੇ ਹਾਂ। ਪਾਂਡਵਾਂ ਨੇ ਆਪਣਾ ਨਵਾਂ ਮਹਿਲ ਦਿਖਾਉਣ ਲਈ ਦੁਰਯੋਧਨ, ਦੋਹਸਾਸਨ ਨੂੰ ਬੁਲਾਇਆ, ਮਹਿਲ ਵਿੱਚ ਪਾਣੀ ਦੀ ਥਾਂ ਤੇ ਦੀਵਾਰ ਸੀ, ਤੇ ਦੀਵਾਰ ਦੀ ਥਾਂਵੇਂ ਪਾਣੀ, ਜਦੋਂ ਦੀਵਾਰ ਨਾਲ ਟੱਕਰਾ ਗਿਆ ਤਾਂ ਦਰੋਪਦੀ ਨੇ ਇਕ ਲਫਜ਼ ਮੂੰਹੋਂ ਕਢਿਆ, ਅੰਧ ਕੇ ਅੰਧ ਰਹੇ। ਦਰੋਪਦੀ ਦੇ ਇਸ ਇਕ ਲਫਜ਼ ਨੇ ਸੰਘਰਸ਼ ਪੈਦਾ ਕਰ ਦਿੱਤਾ, ਅਤੇ ਐਡਾ ਵੱਡਾ ਸੰਘਰਸ਼ ਪੈਦਾ ਕੀਤਾ, ਜਿਸਨੂੰ ਮਿਤਿਹਾਸ ਮੁਤਾਬਕ ਮਹਾਂਭਰਤ ਦਾ ਯੁੱਧ ਕਹਿੰਦੇ ਹਨ। ਇਕ-ਇਕ ਲਫਜ਼ ਮੂੰਹੋਂ ਸੋਚ ਕੇ ਕੱਢਣਾ ਚਾਹੀਦਾ ਹੈ। ਕਈ ਵਾਰ ਇਕ ਲਫਜ਼ ਹੀ ਸੰਘਰਸ਼ ਪੈਦਾ ਕਰ ਦਿੰਦਾ ਹੈ ਇਤਿਹਾਸ ਵਿੱਚ, ਉਸ ਸੰਘਰਸ਼ ਦਾ ਅੰਤ ਕੀ ਹੋਇਆ।

ਉਸਦਾ ਦੂਜਾ ਪੱਖ ਵੀ ਵਿਚਾਰਨ ਵਾਲਾ ਹੈ, ਕਿ ਜਿਨ੍ਹਾਂ ਪੰਜਾਂ ਦਾ ਸਹਾਰਾ ਲੈ ਕੇ ਪੰਚਾਲੀ ਬਣੀ ਸੀ, ਉਨ੍ਹਾਂ ਨੇ ਹੀ ਜੂਏ ਵਿੱਚ ਹਾਰ ਦਿੱਤਾ ਉਸਦੀ ਜਿੰਦਗੀ ਨੂੰ, ਕਿਉਂਕਿ ਉਹ ਉਸਦੇ ਹੈ ਹੀ ਨਹੀਂ ਸਨ, ਉਨ੍ਹਾਂ ਪੰਜਾਂ ਨੇ ਥੋੜਾ ਵਿਆਹਿਆ ਸੀ, ਉਸਨੂੰ ਉਨ੍ਹਾਂ ਪੰਜਾਂ ਨੇ ਦੁਹਸਾਸਨ ਦੀ ਸਭਾ ਵਿੱਚ, ਜ਼ਲੀਲ ਹੋਣ ਲਈ ਧੱਕ ਦਿੱਤਾ।

ਅੱਜ ਸਾਡੇ ਵਿੱਚ ਵੀ ਨਿੱਤ ਨਵੀਆਂ ਪੰਚਾਲੀਆਂ ਪੈਦਾ ਹੋ ਰਹੀਆਂ ਹਨ, ਜਿਹੜੀਆਂ ਇਕ ਦੀਆਂ ਨਹੀਂ ਬਣਦੀਆਂ, ਅਤੇ ਪੰਜਾਂ ਦੇ ਅੱਗੇ ਹੱਥ ਜੋੜ-ਜੋੜ ਖਲੋਂਦੀਆਂ ਹਨ, ਜਿਹੜਾ ਵੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਨੂੰ ਪ੍ਰਚਾਰਨ ਵਾਲਾ, ਇਕ ਸ੍ਰੀ ਅਕਾਲ ਤਖਤ ਨੂੰ ਛੱਡਕੇ ਪੰਜਾਂ ਅੱਗੇ ਹੱਥ ਜੋੜ ਖਲੋਏਗਾ, ਉਹ ਸਮਝ ਲਿਉ ਪੰਚਾਲੀ ਹੀ ਹੈ। ਬੜਾ ਦੁੱਖ ਹੁੰਦਾ ਹੈ, ਐਸੀਂਆਂ ਪੰਚਾਲੀਆਂ ਨੂੰ ਦੇਖਕੇ। ਅੱਜ ਤਾਂ ਸਿੱਖ ਸਮਾਜ ਹੀ ਪੰਚਾਲੀਆਂ ਦਾ ਬਣ ਗਿਆ ਹੈ, ਮੇਰੇ ਗੁਰੂ ਨੇ ਇਕ ਦੇ ਲੜ ਲਾਇਆ ਸੀ, ਗੁਰੂ ਸਾਡਾ ਪਿਤਾ ਹੈ, ਗੁਰੂ ਨੇ ਸਾਨੂੰ ਇਕ ਅਕਾਲਪੁੱਰਖ ਦੇ ਲੜ ਲਾਇਆ ਸੀ, ਪਰ ਅਸੀਂ ਇਕ ਦਾ ਪੱਲਾ ਛਡਕੇ ਪੰਜਾਂ ਦੇ ਮਗਰ ਲੱਗ ਗਏ ਹਾਂ, ਪੰਚਾਲੀ ਬਣ ਗਏ ਹਾਂ। ਸਿੱਖ ਸਮਾਜ ਵਿੱਚ ਅੱਜ ਬਹੁੱਤੇ ਲੋਗ ਪੰਚਾਲੀ ਬਣ ਰਹੇ ਹਨ, ਇਕ ਦਾ ਪੱਲਾ ਛੱਡ ਰਹੇ ਹਨ, ਨਾ ਉਨ੍ਹਾਂ ਨੂੰ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਿਸਦਾ ਹੈ, ਨਾ ਉਨ੍ਹਾਂ ਨੂੰ ਇਕ ਅਕਾਲਪੁੱਰਖ ਦਿਸਦਾ ਹੈ।

ਅੱਜ ਤਾਂ ਇਹ ਹਾਲਤ ਹੋ ਗਈ ਹੈ, ਕਿ ਮੇਰੇ ਵਰਗੇ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ, ਕਿ ਜੇ ਤੈਨੂੰ ਉਨ੍ਹਾਂ ਪੰਜਾਂ ਨੇ ਸਿੱਖ ਨਾ ਮੰਨਿਆਂ, ਤਾਂ ਤੂੰ ਸਿੱਖ ਹੀ ਨਹੀਂ ਹੈਂ। ਮੇਰੇ ਗੁਰੂ ਨੇ ਤਾਂ ਮੈਨੂੰ ਸਮਝਾਇਆ ਸੀ ਕਿ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੈਂ, ਮੇਰੇ ਗੁਰੂ ਨੇ ਤਾਂ ਮੈਨੂੰ ਯਕੀਨ ਦਵਾਇਆ ਸੀ, ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਰਹੇਂਗਾ, ਉਦੋਂ ਤੱਕ ਤੂੰ ਸਿੱਖ ਹੈਂ, ਜਿਸ ਦਿਨ ਤੂੰ ਗੁਰੂ ਨਾਲੋਂ ਟੁੱਟੇਂਗਾ, ਉਸ ਦਿਨ ਮਰ ਜਾਏਂਗਾ, ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰੂ ਬਿਨ ਮਰ ਜਾਈ। ਇਹੋ ਕਾਰਣ ਹੈ ਕਿ ਮੇਰੇ ਗੁਰੂ ਨੇ ਮੈਨੂੰ ਜੀਵਨ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਾਇਆ ਹੈ, ਜਿਸਦੇ ਹੁੰਦਿਆਂ ਮੇਰੀ ਸਿਖੀ ਨੂੰ ਕੋਈ ਨਹੀਂ ਮਾਰ ਸਕਦਾ। ਪਰ ਆਪਣੇ ਸਮਾਜ ਵੱਲ ਦੇਖਕੇ ਮੈਨੂੰ ਤਰਸ ਆਉਂਦਾ ਹੈ ਜਿਸ ਵਿੱਚ ਕੇਵਲ ਪੰਚਾਲੀਆਂ ਹੀ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਨੂੰ ਆਪਣਾ ਇਕ ਗੁਰੂ ਨਹੀਂ ਦਿਸਦਾ, ਸਾਡੇ ਨਾਲੋਂ ਤਾਂ ਫਿਰ ਪੰਚਾਲੀ ਚੰਗੀ ਸੀ, ਉਸਨੇ ਸਮੇਂ ਨੂੰ ਸੰਭਾਲਦੇ ਹੋਏ ਪਛਾਣ ਲਿਆ, ਕਿ ਮੇਰੇ ਪਿਤਾ ਨੇ ਤਾਂ ਇਨ੍ਹਾਂ ਪੰਜਾਂ ਨਾਲ ਮੈਨੂੰ ਵਿਆਹਿਆ ਹੀ ਨਹੀਂ ਸੀ, ਫਿਰ ਇਨ੍ਹਾਂ ਪੰਜਾਂ ਨੇ ਹੀ ਤਾਂ ਮੈਨੂੰ ਇਸ ਜਲਾਲਤ ਭਰੀ ਕਾਲ ਕੋਠਰੀ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ, ਅਤੇ ਮੈਨੂੰ ਜ਼ਲੀਲ ਕਰਨ ਵਾਲੇ ਵੀ ਇਹੋ ਪੰਜੇ ਹੀ ਹਨ। ਮੈਂ ਹੁੱਣ ਇਨ੍ਹਾਂ ਪੰਜਾਂ ਕੋਲੋਂ ਕੀ ਆਸ ਰੱਖਾਂ? ਕਿਨ੍ਹੀ ਚੰਗੀ ਸੀ ਦ੍ਰੋਪਦੀ, ਕੰਮ ਸੇ ਕੰਮ ਕਿਸੇ ਮੋੜ ਤੇ ਆਕੇ ਤਾਂ ਕੋਈ ਚੰਗਾ ਫੈਸਲਾ ਕਰ ਸਕੀ, ਉਦੋਂ ਫਰਿਆਦ, ਪੰਜਾਂ ਅੱਗੇ ਨਾ ਕਰਕੇ ਕੇਵਲ ਇੱਕ ਅੱਗੇ ਕੀਤੀ, ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ ਹੈ ਕਹਿੰਦੇ ਨੇ ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥ ਨਾ ਅਰਜਨ ਦੀ ਯਾਦ ਆਈ, ਨਾ ਧਰਮ ਪੁੱਤਰ ਯੁਧਿਸ਼ਟਰ ਦੀ, ਨਾ ਭੀਮਸੈਣ ਦੀ, ਨਾ ਨਕੁੱਲ ਦੀ, ਪੰਜਾਂ ਵਿੱਚੋਂ ਕਿਸੇ ਦੀ ਯਾਦ ਨਾ ਆਈ, ਜੇ ਤੁਸੀਂ ਪੰਜੇ ਮੇਰੇ ਸਹਾਇਕ ਹੀ ਨਾ ਬਣੇ, ਤੁਸੀਂ ਪੰਜੇ ਹੀ ਤਾਂ ਮੈਨੂੰ ਜਲਾਲੱਤ ਦੀ ਕੋਠੜੀ ਵਿੱਚ ਲਿਆਉਣ ਵਾਲੇ ਹੋ, ਮੈਂ ਤੁਹਾਡੇ ਕੋਲੋਂ ਕੀ ਲੈਣਾ ਹੈ। ਉਦੋਂ ਕੇਵਲ ਇਕ ਚੇਤੇ ਆਇਆ, ਫੈਸਲਾ ਬਾਣੀ ਨੇ ਦਿੱਤਾ, ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥ ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀੳਲੇ॥

ਪਰ ਦੁੱਖ ਹੁੰਦਾ ਹੈ ਜਦੋਂ ਸਲਾਹਾਂ ਦੇਣ ਵਾਲੇ, ਇਕ ਨਾਲ ਵਿਆਹੀ ਗਈ ਦ੍ਰੋਪਦੀ ਨੂੰ ਪੰਚਾਲੀ ਬਣਾ ਕੇ ਰੱਖ ਦਿੰਦੇ ਹਨ, ਪੰਚਾਲੀ ਬਣਦੀ ਹੀ ਉਦੋਂ ਹੈ ਜਦੋਂ ਪਿਤਾ ਦਾ ਸੰਦੇਸ਼ ਭੁੱਲਦੀ ਹੈ, ਅਤੇ ਅਗਿਆਨੀ ਮਾਂ ਦੇ ਪਿੱਛੇ ਲੱਗ ਤੁੱਰਦੀ ਹੈ, ਮਾਂ ਮਾਇਆ ਹੈ, ਮਾਂ ਸੰਸਥਾਂਵਾਂ ਹੈ, ਮਾਂ ਕੁਰਸੀਆਂ ਹੈ, ਇਹ ਸਾਰਾ ਕੁੱਝ ਅਗਿਆਨੀ ਮਾਂ ਦਾ ਕੰਮ ਕਰ ਰਹੀਆਂ ਹਨ। ਜਿਵੇਂ ਪੰਚਾਲੀ ਦੀ ਮਾਂ ਨੇ ਪੰਜਾਂ ਨਾਲ ਜੋੜ ਦਿੱਤਾ ਸੀ, ਜਿਨ੍ਹੀ ਦੇਰ ਅਸੀਂ ਵੀ ਇਨ੍ਹਾਂ ਪੰਜਾਂ ਤੋਂ ਬਾਹਰ ਨਹੀਂ ਨਿਕਲਾਂਗੇ, ਉਨ੍ਹੀ ਦੇਰ ਪੰਚਾਲੀ ਹੀ ਬਣੇ ਰਹਾਂਗੇ, ਇਕ ਦੇ ਨਹੀਂ ਬਣ ਸਕਾਂਗੇ, ਕਿਉਂਕਿ ਇਨ੍ਹਾਂ ਪੰਜਾਂ ਨੇ ਦੁਬਿਧਾ ਹੀ ਖੜੀ ਕਰਨੀ ਹੈ, ਸਤਿਗੁਰੂ ਨੇ ਬਾਣੀ ਵਿੱਚ ਆਖਿਆ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥ ਜਿਸਦੇ ਦੁਆਲੇ ਪੰਜ ਦੋਖੀ ਖੜੇ ਹੋਣ, ਭਲਾ ਉਸਦਾ ਜੀਵਨ ਕਿਵੇਂ ਬਚੇਗਾ, ਬਸ ਇਹੋ ਜਿਹਾ ਹੀ ਸਮਾਂ ਬਣਿਆ ਹੋਵੇਗਾ, ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦਾ, ਧੰਨ ਹਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਖੰਡੇ ਨਾਲ ਲਕੀਰ ਖਿਚ ਕੇ ਆਪਣੇ ਇਕ ਗੁਰੂ ਨੂੰ ਜੀਵਨ ਸਮਰਪਿਤ ਕਰਨ ਵਾਲਿਆਂ ਨੂੰ ਲਕੀਰ ਦੇ ਅੰਦਰ ਆ ਜਾਣ ਲਈ ਪ੍ਰੇਰਿਆ। ਬਾਬਾ ਦੀਪ ਸਿੰਘ ਜੀ ਦੀ ਇਸ ਪ੍ਰੇਰਨਾ ਨੂੰ ਅੱਜ ਵੀ ਅਪਨਾਉਣ ਦੀ ਲੋੜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top