Share on Facebook

Main News Page

ਅਕਾਲ ਤਖ਼ਤ ਤੇ ਕਿਸੇ ਦਾ ਬੁਰਾ ਕੀਤੇ ਜਾਣ ਦੀ ਅਰਦਾਸ ਕਰਨਾ ਮੂਰਖਾਨਾ ਕਾਰਵਾਈ: ਡਾ.ਸੰਗਤ ਸਿੰਘ

ਨਵੀਂ ਦਿੱਲੀ, 10 ਫ਼ਰਵਰੀ (ਅਮਨਦੀਪ ਸਿੰਘ): ਦਿੱਲੀ ਗੁਰਦਵਾਰਾ ਚੋਣਾਂ ਉਤੇ ਦਿੱਲੀ ਹਾਈ ਕੋਰਟ ਵਲੋਂ ਲਾਈ ਗਈ ਰੋਕ ਤੋਂ ਬਾਅਦ, ਦਿੱਲੀ ਦੇ ਅਕਾਲੀ ਧੜਿਆਂ ਦੀ ਚਾਲੂ ਹੋਈ ਖਹਿਬਾਜ਼ੀ ਪਿੱਛੋਂ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ, ਚੋਣਾਂ ਉਤੇ ਰੋਕ ਲਾਉਣ ਲਈ ਦੋਸ਼ੀ ਧੜੇ ਦੇ ਸਤਿਆਨਾਸ ਕੀਤੇ ਜਾਣ ਦੀ, ਅਕਾਲ ਤਖ਼ਤ ਤੇ ਅਰਦਾਸ ਕੀਤੇ ਜਾਣ ਦੀ ਮੰਗ ਨੇ ਪੰਥਕ ਹਲਕਿਆਂ ਚ ਨਵੀਂ ਚਰਚਾ ਛੇੜ ਦਿਤੀ ਹੈ।

ਇਸ ਸਬੰਧੀ ਪ੍ਰਸਿੱਧ ਇਤਿਹਾਸਕਾਰ ਡਾ. ਸੰਗਤ ਸਿੰਘ ਨੇ ਸਵਾਲ ਕੀਤਾ, ਕਿ ਕੀ ਭਲਾ ਅਕਾਲ ਤਖ਼ਤ ਤੇ ਵੀ ਕਿਸੇ ਦਾ ਸਤਿਆਨਾਸ ਕੀਤੇ ਜਾਣ ਦੀ ਅਰਦਾਸ ਅਕਾਲ ਪੁਰਖ ਨੂੰ ਕੀਤੀ ਜਾ ਸਕਦੀ ਹੈ? ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜੇ ਸਿੱਖ ਆਗੂਆਂ ਨੂੰ ਸਿੱਖ ਸਿਧਾਂਤ ਬਾਰੇ ਹੀ ਗਿਆਨ ਨਹੀਂ, ਤਾਂ ਉਹ ਕੌਮ ਨੂੰ ਕਿਸ ਰਾਹ ਤੇ ਲੈ ਜਾਣਗੇ? ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਮੀਡੀਏ ਰਾਹੀਂ, ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸਣੇ, ਦਿੱਲੀ ਬਾਦਲ ਦਲ ਦੇ ਅਹੁਦੇਦਾਰਾਂ ਨੂੰ ਅਕਾਲ ਤਖ਼ਤ ਉਤੇ ਤਲਬ ਕਰ ਕੇ ਗੁਰਦਵਾਰਾ ਚੋਣਾਂ ਰੁਕਵਾਉਣ ਦੀ ਸਾਜ਼ਸ਼ ਵਿਚ ਸੱਚ-ਝੂਠ ਦਾ ਨਿਸਤਾਰਾ ਕਰਨ ਦੀ ਅਪੀਲ ਕੀਤੀ ਹੈ।

ਡਾ. ਸੰਗਤ ਸਿੰਘ ਨੇ ਕਿਹਾ ਕਿ ਅਵੱਲ ਤਾਂ ਅਕਾਲ ਤਖ਼ਤ ਉਤੇ ਕਿਸੇ ਦੇ ਬੁਰੇ ਦੀ ਅਰਦਾਸ ਕਰਨ ਦੀ ਮੰਗ ਕਰਨਾ ਹੀ ਫ਼ਜ਼ੂਲ ਤੇ ਮੂਰਖ਼ਾਨਾ ਕਾਰਵਾਈ ਹੈ, ਅਤੇ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੁੰਦੇ ਹੋਏ ਆਖ਼ਰ ਗਿਆਨੀ ਗੁਰਬਚਨ ਸਿੰਘ, ਸ. ਬਾਦਲ ਨੂੰ ਅਕਾਲ ਤਖ਼ਤ ਤੇ ਕਿਉਂ ਸਦਣਗੇ? ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕੀ ਆਧਾਰ ਤੇ ਅਦਾਲਤ ਨੇ ਚੋਣਾਂ ਉਤੇ ਰੋਕ ਲਾਈ ਹੈ, ਪਰ ਕਮਾਲ ਨੇ ਸਿੱਖ ਲੀਡਰ ਜਿਹੜੇ ਹਰ ਮੁੱਦੇ ਨੂੰ ਅਕਾਲ ਤਖ਼ਤ ਤੇ ਲਿਜਾਣ ਲਈ ਕਾਹਲੇ ਰਹਿੰਦੇ ਹਨ। ਉਨ੍ਹਾਂ ਸਿੱਖ ਲੀਡਰਾਂ ਨੂੰ ਸਲਾਹ ਦਿਤੀ ਕਿ ਅਜਿਹੀਆਂ ਅਰਦਾਸਾਂ ਨਾਲ ਸਿੱਖਾਂ ਦੀ ਜੱਗ ਹਸਾਈ ਨਾ ਕਰਵਾਉ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top