Share on Facebook

Main News Page

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਿਕ ਹਾਲਤ ਹੋਰ ਵਿਗੜੀ

ਨਵੀਂ ਦਿੱਲੀ, 9 ਫ਼ਰਵਰੀ (ਅਮਨਦੀਪ ਸਿੰਘ): ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਕ ਹਾਲਤ ਹੋਰ ਵਿਗੜ ਗਈ ਹੈ। ਪਿਛਲੇ ਇਕ ਸਾਲ ਤੋਂ ਦਿੱਲੀ ਦੇ ਸ਼ਾਹਦਰਾ ਸਥਿਤ ਮਾਨਸਕ ਰੋਗੀਆਂ ਦੇ ਹਸਪਤਾਲ ’ਚ ਜ਼ੇਰੇ ਇਲਾਜ ਪ੍ਰੋ. ਭੁੱਲਰ ਨੂੰ ਕਈ ਵਾਰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਉਹ ਪੂਰੇ ਦਿਨ ’ਚ ਮਸਾਂ ਹੀ ਇਕ ਵਾਰ ਰੋਟੀ ਖਾਂਦੇ ਹਨ। ਸਰਵਾਈਕਲ, ਬਲੱਡ ਪ੍ਰੈਸ਼ਰ ਤੇ ਪਿੱਠ ਦਰਦ ਵਰਗੀਆਂ ਬੀਮਾਰੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਘੇਰ ਰਖਿਆ ਹੈ। ਉਨ੍ਹਾਂ ਦੀ ਸਰੀਰਕ ਹਾਲਤ ਪਹਿਲਾਂ ਨਾਲੋਂ ਵੀ ਕਮਜ਼ੋਰੀ ਹੋ ਚੁਕੀ ਹੈ ਅਤੇ ਹੱਥ ਪੈਰ ਵੀ ਕੰਬਣ ਲੱਗ ਪਏ ਹਨ।

ਪਿਛਲੇ ਦਿਨੀਂ ਉਨ੍ਹਾਂ ਦੀ ਹਾਲਤ ਵਿਚ ਮਾਮੂਲੀ ਸੁਧਾਰ ਹੋਇਆ ਸੀ ਪਰ ਗੰਭੀਰ ਤਣਾਅ ਨੇ ਮੁੜ ਉਨ੍ਹਾਂ ਨੂੰ ਘੇਰ ਲਿਆ ਹੈ ਜਿਸ ਕਾਰਨ ਕਈ ਵਾਰ ਉਹ ਆਪੇ ਤੋਂ ਬਾਹਰ ਹੋ ਜਾਂਦੇ ਹਨ। ਹਸਪਤਾਲ ’ਚ ਪ੍ਰੋ. ਭੁੱਲਰ ਨਾਲ ਮੁਲਾਕਾਤ ਕਰਨ ਪਿਛੋਂ ਉਨ੍ਹਾਂ ਦੀ 75 ਸਾਲਾ ਬਜ਼ੁਰਗ ਪਰ ਬੁਲੰਦ ਹੌਂਸਲੇ ਵਾਲੀ ਮਾਤਾ ਉਪਕਾਰ ਕੌਰ ਨੇ ਇਥੇ ‘ਸਪੋਕਸਮੈਨ’ ਨੂੰ ਦੁਖੀ ਮਨ ਨਾਲ ਅਪਣੇ ਪੁੱਤਰ ਦੀ ਹਾਲਤ ਬਾਰੇ ਦਸਿਆ। ਅਪਣੇ ਪੁੱਤਰ ਦੀ ਰਿਹਾਈ ਨਾ ਹੋਣ ਤੋਂ ਡਾਢੀ ਚਿੰਤਤ ਮਾਤਾ ਉਪਕਾਰ ਕੌਰ ਨੇ ਕਿਹਾ, ‘‘ਦਵਿੰਦਰਪਾਲ ਪਿਛਲੇ ਕਈ ਦਿਨਾਂ ਤੋਂ ਸਖ਼ਤ ਬੀਮਾਰ ਹੋ ਗਿਆ ਹੈ। ਹੁਣ ਉਸ ਨੂੰ ਗੁੱਸਾ ਵੀ ਜ਼ਿਆਦਾ ਆਉਣ ਲੱਗ ਪਿਐ। ਮੈਨੂੰ ਲਗਦੈ ਕਿ ਉਹ ਅੰਦਰ ਹੀ ਅੰਦਰ ਅਪਣੀ ਹਾਲਤ ਬਾਰੇ ਸੋਚ ਕੇ ਹੋਰ ਪ੍ਰੇਸ਼ਾਨ ਹੋ ਰਿਹਾ ਹੈ। ਸਮਝ ਨਹੀਂ ਆਉਂਦੀ ਕਿ ਉਹ ਪੂਰੀ ਤਰ੍ਹਾਂ ਕਦੋਂ ਠੀਕ ਹੋਵੇਗਾ ਤੇ ਕਦੋਂ ਇਕਾਂਤਵਾਸ ਦੀ ਜ਼ਿੰਦਗੀ ’ਚੋਂ ਆਜ਼ਾਦ ਹੋ ਕੇ ਅਪਣੇ ਪਰਵਾਰ ’ਚ ਪਰਤੇਗਾ? 46 ਸਾਲ ਦੀ ਉਮਰ ’ਚ ਹੀ ਉਸ ਨੂੰ ਸਰਵਾਈਕਲ, ਪਿੱਠ ਦਰਦ ਤੇ ਕਈ ਹੋਰ ਬੀਮਾਰੀਆਂ ਨੇ ਘੇਰ ਲਿਆ ਹੈ।’’ ਫਿਰ ਥੋੜਾ ਰੁਕ ਕੇ ਭੁੱਲਰ ਦੀ ਹਾਲਤ ਬਾਰੇ ਉਹ ਦੱਸਦੇ ਹਨ , ‘‘ ਹਾਂ, 8 ਫ਼ੁਟ ਦੀ ਕਾਲ-ਕੋਠੜੀ ’ਚ 18 ਸਾਲ ਰਹਿਣਾ ਮਾਇਨੇ ਰਖਦਾ ਹੈ। ਉਥੇ ਹੀ ਟੱਟੀ-ਪਿਸ਼ਾਬ ਕਰਨਾ ਤੇ ਉਥੇ ਹੀ ਸੌਣਾ, ਕਿਹੋ ਜਿਹੀ ਜ਼ਿੰਦਗੀ ਬਣ ਗਈ ਮੇਰੇ ਪੁੱਤਰ ਦੀ।’’ ਇਹ ਪੁਛੇ ਜਾਣ ’ਤੇ ਕਿ ਇੰਨਾ ਸਮਾਂ ਹੋ ਗਿਆ ਹੈ ਕੀ ਤੁਸੀਂ ਥੱਕੇ ਨਹੀਂ?, ਜਜ਼ਬਾਤ ਦੇ ਵਹਿਣ ’ਚ ਵਹਿੰਦਿਆਂ ਉਨ੍ਹਾਂ ਕਿਹਾ,‘‘ਆਸ ਕਿਵੇਂ ਛੱਡ ਦਿਆਂ? ਮਾਂ ਹਾਂ ਆਖ਼ਰ ਉਸ ਦੀ। ਲੋਕ ਅਰਦਾਸਾਂ ਕਰ ਕੇ ਪੁੱਤਰ ਮੰਗਦੇ ਨੇ। ਮਾਂ ਬੱਚੇ ਨੂੰ ਨੌਂ ਮਹੀਨੇ ਗਰਭ ’ਚ ਪਾਲਦੀ ਹੈ। ਜਦੋਂ ਤਕ ਸਾਹ ਵਿਚ ਸਾਹ ਹੈ ਅਪਣੇ ਪੁੱਤਰ ਨੂੰ ਰਿਹਾਅ ਕਰਵਾਉਣ ਲਈ ਜੰਗ ਜਾਰੀ ਰਹੇਗੀ।

ਉਨ੍ਹਾਂ ਅੱਗੇ ਕਿਹਾ ਕਿ ਸਿੱਖ ਸੰਸਥਾਵਾਂ ਵਲੋਂ ਪ੍ਰ੍ਰੋ. ਭੁੱਲਰ ਨੂੰ ਲੈ ਕੇ ਖੇਡੀ ਗਈ ਰਾਜਨੀਤੀ ਬਾਰੇ ਵੀ ਉਹ ਸੱਭ ਕੁੱਝ ਜਾਣ ਚੁਕੇ ਹਨ। ਉਨ੍ਹਾਂ ਕਿਹਾ, ‘‘ਸਿੱਖ ਲੀਡਰਾਂ ਨੇ ਪ੍ਰੋ. ਭੁੱਲਰ ਦੇ ਮਾਮਲੇ ’ਚ ਸਟੰਟ ਰਚਿਆ। ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੇ ਸਾਡੀ ਕੀ ਸਾਰ ਲੈਣੀ ਸੀ, ਉਨ੍ਹਾਂ ਨੂੰ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ’ਚ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਭੁੱਲਰ ਦਾ ਮੁੱਦਾ ਚਾਹੀਦਾ ਸੀ, ਜਿਹੜਾ ਉਨ੍ਹਾਂ ਕੈਸ਼ ਕਰ ਲਿਆ।’ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਮਾਤਾ ਉਪਕਾਰ ਕੌਰ ਨੇ ਕਿਹਾ, ‘ਮੱਕੜ ਸਾਹਿਬ! ਤੁਸੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਹੀ ਨਿਰਾ ਪਾਖੰਡ ਕਰਨਾ ਸੀ? ਹੁਣ ਤੁਹਾਨੂੰ ਭੁੱਲਰ ਕਿਉਂ ਵਿਸਰ ਗਿਐ? ਤੁਸੀਂ ਤਾਂ ਕਹਿੰਦੇ ਸੀ ਕਿ ਅਕਾਲ ਤਖ਼ਤ ਤੋਂ ਅਪੀਲ ਕਰ ਕੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਭੁੱਲਰ ਦੀ ਰਿਹਾਈ ਲਈ ਮਤੇ ਪਾਸ ਕਰਵਾ ਕੇ ਸਰਕਾਰ ੂਨੂੰ ਭੇਜਾਂਗੇ? ਕਿਥੇ ਗਏ ਤੁਹਾਡੇ ਸਾਰੇ ਵਾਅਦੇ?’ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਭੁੱਲਰ ਦੀ ਰਿਹਾਈ ਲਈ ਵਿਧਾਨ ਸਭਾ ਵਿਚ ਇਕ ਮਤਾ ਤਕ ਪਾਸ ਨਹੀਂ ਕਰਵਾ ਸਕੇ।

ਉਨ੍ਹਾਂ ਤੋਂ ਦਲੇਰ ਤਾਂ ਤਾਮਿਲਨਾਡੂ ਦੀ ਮੁੱਖ ਮੰਤਰੀ ਬੀਬੀ ਜੈਲਲਿਤਾ ਹੀ ਨਿਕਲੀ, ਜਿਸ ਨੇ ਤਾਮਿਲਾਂ ਦੀ ਫਾਂਸੀ ਰੱਦ ਕਰਵਾਉਣ ਲਈ ਘੱਟੋ-ਘੱਟ ਮਤਾ ਤਾਂ ਪਾਸ ਕਰਵਾ ਦਿਤਾ ਪਰ ਤੁਸੀਂ, ਇਕ ਪਾਸੇ ਭੁੱਲਰ ਨੂੰ ਰਿਹਾਅ ਕਰਵਾਉਣ ਦੇ ਨਾਟਕ ਕਰਦੇ ਰਹੇ ਤੇ ਦੂਜੇ ਪਾਸੇ ਸੁਪਰੀਮ ਕੋਰਟ ਵਿਚ ਭੁੱਲਰ ਦੇ ਪਿਤਾ ਤੇ ਮਾਸੜ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਅਪਣੇ ਚਹੇਤੇ ਦਾਗ਼ੀ ਪੁਲਿਸ ਅਫ਼ਸਰ ਸੁਮੇਧ ਸੈਣੀ ਦੀ ਪੈਰਵਾਈ ਕਰ ਕੇ ਉਸ ਨੂੰ ਸਾਫ਼ ਬਚਾਉਂਦੇ ਰਹੇ। ਅਖੀਰ ਉਸ ਨੂੰ ਬਚਾ ਹੀ ਲਿਆ।’’ ਪ੍ਰੋ. ਭੁੱਲਰ ਨੂੰ ਅਤਿਵਾਦੀ ਗਰਦਾਨੇ ਜਾਣ ਸਬੰਧੀ ਪੁੱਛਣ ’ਤੇ ਮਾਤਾ ਉਪਕਾਰ ਕੌਰ ਨੇ ਜ਼ੋਰ ਦੇ ਕੇ ਗਰਜਵੀਂ ਅਵਾਜ਼ ’ਚ ਕਿਹਾ, ‘ਚਲੋ, ਮੰਨ ਲਉ, ਉਸ ਨੂੰ (ਭੁੱਲਰ ਨੂੰ) ਅਤਿਵਾਦੀ ਆਖਿਆ ਜਾਂਦੈ ਪਰ ਜੱਜ ਨੇ ਤਾਂ ਉਸ ਨੂੰ ਸਾਫ਼ ਬਰੀ ਕੀਤੈ ਤਾਂ ਫਿਰ ਸਰਕਾਰ ਉਸ ਨੂੰ ਕਿਉਂ ਨਹੀਂ ਛੱਡਣਾ ਚਾਹੁੰਦੀ? ਕੀ ਕਸੂਰ ਕੀਤੈ ਅਸੀ?ੂ ਮਰਹੂਮ ਕਾਂਗਰਸੀ ਆਗੂ ਲਲਿਤ ਮਾਕਨ ਮਾਮਲੇ ’ਚ ਤਿਹਾੜ ਜੇਲ ’ਚ ਲੰਮਾਂ ਸਮਾਂ ਬੰਦ ਰਹੇ ਰਣਜੀਤ ਸਿੰਘ ਕੁੱਕੀ ਨੂੰ ਦਿੱਲੀ ਦੀ ਸ਼ੀਲਾ ਦੀਕਸ਼ਿਤ ਸਰਕਾਰ ਵਲੋਂ ਪਹਿਲਾਂ ਪੈਰੋਲ ਦੇਣੀ ਤੇ ਪਿਛੋਂ ਰਿਹਾਅ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਮਾਤਾ ਉਪਕਾਰ ਕੌਰ ਦਾ ਕਹਿਣਾ ਸੀ, ‘ਕੁੱਕੀ ਨੂੰ ਤਾਂ ਪੈਰੋਲ ’ਤੇ ਛੱਡ ਦਿਤਾ ਗਿਆ ਸੀ, ਭੁੱਲਰ ਨੂੰ ਪੈਰੋਲ ਵੀ ਕਿਉਂ ਨਹੀਂ ਦਿਤੀ ਜਾਂਦੀ? ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੀਆਂ ਜੇਲਾਂ ’ਚ ਡੱਕੇ ਹੋਏ ਸਿੱਖ ਨੌਜਵਾਨਾਂ ਨੂੰ ਹੁਣ ਤਕ ਰਿਹਾਅ ਨਾ ਕਰਵਾਉਣ ਸਬੰਧੀ ਸਿੱਖ ਲੀਡਰਾਂ ਦੀ ਭੂਮਿਕਾ ਸਬੰਧੀ ਪੁੱਛਣ ’ਤੇ ਉਨ੍ਹਾਂ ਧੜੱਲੇਦਾਰ ਜਵਾਬ ਦੇਂਦਿਆਂ ਇਥੋਂ ਤਕ ਕਹਿ ਦਿਤਾ, ‘ਸਿੱਖ ਲੀਡਰ ਖੁਦ ਭੇਡਾਂ ਬਣੇ ਹੋਏ ਹਨ, ਉਨ੍ਹਾਂ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਅਵਾਜ਼ ਕਿਥੋਂ ਚੁੱਕਣੀ ਹੈ।’

ਪੰਜਾਬ ਦੇ ਬਠਿੰਡਾ ਸਥਿਤ ਪ੍ਰੋ. ਭੁੱਲਰ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਦੇ ਲੋਕਾਂ ਦੀਆਂ ਭੁੱਲਰ ਪ੍ਰਤੀ ਭਾਵਨਾਵਾਂ ਪੁੱਛੇ ਜਾਣ ’ਤੇ ਭੁੱਲਰ ਦੇ ਮਾਤਾ ਦਾ ਕਹਿਣਾ ਹੈ, ‘ਦਿਆਲਪੁਰਾ ਭਾਈਕਾ ਪਿੰਡ ਦੇ ਲੋਕ ਭੁੱਲਰ ਦੀ ਰਿਹਾਈ ਲਈ ਬੇਚੈਨ ਹਨ ਤੇ ਪਿੰਡ ਦਾ ਹਰੇਕ ਜੀਅ ਛੇਤੀ ਤੋਂ ਛੇਤੀ ਭੁੱਲਰ ਨੂੰ ਰਿਹਾਅ ਹੋਇਆ ਵੇਖਣਾ ਚਾਹੁੰਦੈ।’ ਦਸਣਯੋਗ ਹੈ ਕਿ ਪਿਛਲੇ ਸਾਲ ਮਈ ਵਿਚ ਰਾਸ਼ਟਰਪਤੀ ਬੀਬੀ ਪ੍ਰਤਿਭਾ ਪਾਟਿਲ ਵਲੋਂ ਪ੍ਰੋ. ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕੀਤੇ ਜਾਣ ਨਾਲ ਕੌਮਾਂਤਰੀ ਪੱਧਰ ਉਤੇ ਸਿੱਖਾਂ ਤੇ ਅਮਨ ਪਸੰਦ ਲੋਕਾਂ ’ਚ ਰੋਹ ਫੈਲ ਗਿਆ ਸੀ ਤੇ ਕੇਸ ਦੀ ਪਹਿਲਾਂ ਤੋਂ ਪੈਰਵਾਈ ਕਰ ਰਹੀ ਦਿੱਲੀ ਗੁਰਦਵਾਰਾ ਕਮੇਟੀ ਮਾਮਲੇ ਨੂੰ ਉ¤ਚ ਪੱਧਰ ’ਤੇ ਲੈ ਗਈ ਸੀ। ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਮੱਕੜ, ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ. ਭੁੱਲਰ ਨੂੰ ਰਿਹਾਅ ਕਰਵਾਉਣ ਦੇ ਵੱਡੇ-ਵੱਡੇ ਐਲਾਨ ਕੀਤੇ ਗਏ ਸਨ ਜਿਹੜੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਪਿਛੋਂ ਪਤਾ ਨਹੀਂ ਕਿਥੇ ਛੂ ਮੰਤਰ ਹੋ ਗਏ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top