Share on Facebook

Main News Page

ਮੈਂ ਆਪਣੇ 20 ਮਈ 2007 ਵਾਲੇ ਬਿਆਨ ’ਤੇ ਪੂਰੀ ਤਰ੍ਹਾਂ ਕਾਇਮ ਹਾਂ: ਰਜਿੰਦਰ ਸਿੰਘ ਸਿੱਧੂ

* ਸਿੱਖ ਕੌਮ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹੇ
* ਜਾਲ੍ਹੀ ਹਲਫੀਆ ਬਿਆਨ ਦੀ ਪੜਤਾਲ ਲਈ 11 ਫਰਵਰੀ ਨੂੰ ਦਿੱਤੀ ਜਾਵੇਗੀ ਦਰਖਾਸਤ
* ਸ਼੍ਰੋਮਣੀ ਕਮੇਟੀ ਵਲੋਂ ਸੌਦਾ ਸਾਧ ਵਿਰੁਧ ਕਾਨੂੰਨੀ ਲੜਾਈ ਲੜਨ ਲਈ ਖਰਚੇ ਗਏ ਇੱਕ ਲੱਖ ਬੱਤੀ ਹਜਾਰ ਰੁਪਏ ਦੇ ਦਾਅਵੇ ਨੂੰ ਝੁਠਲਾਇਆ- ਕਿਹਾ ਮੈਨੂੰ ਵਕੀਲਾਂ ਦੀ ਫੀਸ ਲਈ ਸਿਰਫ 35 ਹਜਾਰ ਰੁਪਏ ਹੀ ਮਿਲੇ ਹਨ: ਸਿੱਧੂ
* ਇੱਕਲਾ ਰਜਿੰਦਰ ਸਿੰਘ ਹੀ ਨਹੀਂ, ਹੋਰ ਵੀ ਬਹੁਤ ਸਾਰੇ ਹਨ ਜਿਨ੍ਹਾਂ ’ਤੇ ਵੀ ਖਰਚਾ ਕੀਤਾ ਗਿਆ ਹੈ: ਮੱਕੜ

ਬਠਿੰਡਾ, 7 ਫਰਵਰੀ (ਕਿਰਪਾਲ ਸਿੰਘ): ਸੌਦਾ ਸਾਧ ਵਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਧਾਰਾ 295ਏ ਅਧੀਨ ਕੇਸ ਦਰਜ ਕਰਵਾਉਣ ਸਮੇਂ ਮੈਂ 20 ਮਈ 2007 ਨੂੰ ਦਿੱਤੇ ਆਪਣੇ ਬਿਆਨ ’ਤੇ ਅੱਜ ਵੀ ਪੂਰੀ ਤਰ੍ਹਾਂ ਕਾਇਮ ਹਾਂ ਤੇ ਰਹਿੰਦੇ ਦਮ ਤੱਕ ਕਾਇਮ ਰਹਾਂਗਾ। ਪੰਥ ਵਿੱਚ ਫੁੱਟ ਪਾਉਣ ਲਈ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਕੌਮ ਸੁਚੇਤ ਰਹੇ। ਇਹ ਸ਼ਬਦ ਸੌਦਾ ਸਾਧ ਕੇਸ ਦੇ ਮੁਦਈ ਰਜਿੰਦਰ ਸਿੰਘ ਸਿੱਧੂ ਨੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਇੱਕ ਲਿਖਤੀ ਪ੍ਰੈੱਸ ਨੋਟ ਵਿੱਚ ਉਸ ਸਮੇਂ ਕਹੇ ਜਦੋਂ ਪ੍ਰੈੱਸ ਦੇ ਕੁਝ ਹਿੱਸੇ ਵਿੱਚ ਛਪੀਆਂ ਖ਼ਬਰਾਂ ਕਾਰਣ ਅਫਵਾਹਾਂ ਦਾ ਬਜ਼ਾਰ ਗਰਮ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਾਦਲ ਦਾ ਵੋਟਾਂ ਲਈ ਸੌਦਾ ਸਾਧ ਨਾਲ ਹੋਏ ਸਮਝੌਤੇ ਹੇਠ ਰਜਿੰਦਰ ਸਿੰਘ ਸਿੱਧੂ ਨੇ 20 ਮਈ 2011 ਨੂੰ ਕੇਸ ਵਾਪਸ ਲੈਣ ਲਈ ਸਿਆਸੀ ਦਬਾਅ ਹੇਠ ਹਲਫੀਆ ਬਿਆਨ ਦੇ ਦਿੱਤਾ ਸੀ ਤੇ ਚੋਣਾਂ ਲੰਘਣ ਉਪ੍ਰੰਤ ਫਿਰ ਆਪਣੇ ਬਿਆਨ ਤੋਂ ਮੁੱਕਰ ਗਿਆ ਹੈ।

ਉਨ੍ਹਾਂ ਕਿਹਾ ਕਿ 4 ਫਰਵਰੀ ਨੂੰ ਅਦਾਲਤ ਵਿੱਚ ਉਨ੍ਹਾਂ ਆਪਣਾ ਇਹ ਬਿਆਨ ਦਰਜ ਕਰਵਾ ਦਿੱਤਾ ਹੈ ਕਿ ਉਸ ਨੇ ਪਿਛਲੇ ਲੰਘੇ ਸਮੇਂ ਵਿੱਚ ਕੇਸ ਵਾਪਸ ਲੈਣ ਲਈ ਕੋਈ ਹਲਫੀਆ ਬਿਆਨ ਨਹੀਂ ਦਿੱਤਾ ਇਸ ਲਈ ਮੁਲਜ਼ਮ ਵਿਰੁਧ ਕੇਸ ਜਾਰੀ ਰੱਖਿਆ ਜਾਵੇ ਤੇ ਪੜਤਾਲ ਕਰਕੇ ਜਿਲ੍ਹਾ ਪੁਲਿਸ ਨੂੰ ਜਲਦੀ ਚਲਾਨ ਪੇਸ਼ ਕਰਨ ਦੀ ਹਦਾਇਤ ਦਿੱਤੀ ਜਾਵੇ। ਉਨ੍ਹਾਂ ਕਿਹਾ ਅਦਾਲਤ ਵਿੱਚ ਮੇਰੇ ਨਾਮ ’ਤੇ ਪੇਸ਼ ਕੀਤੇ ਗਏ ਜ਼ਾਲ੍ਹੀ ਹਲਫੀਆ ਬਿਆਨ ਦਾ ਸੱਚ ਜਾਨਣ ਅਤੇ ਇਸ ਜਾਲ੍ਹਸਾਜੀ ਦੇ ਦੋਸ਼ੀਆਂ ਵਿਰੁੱਧ ਪੜਤਾਲ ਕਰਕੇ ਕਾਰਵਾਈ ਕਾਰਵਾਉਣ ਲਈ ਉਹ 11 ਫਰਵਰੀ ਨੂੰ ਪੇਸ਼ੀ ਸਮੇਂ ਅਦਾਲਤ ਵਿੱਚ ਦਰਖਾਸਤ ਦੇਣਗੇ।

ਨਿਜੀ ਤੌਰ ’ਤੇ ਇਸ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਨ ਸ: ਸਿੱਧੂ ਨੇ ਕਿਹਾ ਕਿ ਬੇਸ਼ਕ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵੋਟਾਂ ਕਾਰਣ ਅਕਾਲੀ ਦਲ ਬਾਦਲ ਦੇ ਕਿਸੇ ਆਗੂ ਦਾ ਸੌਦਾ ਸਾਧ ਨਾਲ ਕੋਈ ਸਮਝੌਤਾ ਹੋਇਆ ਹੋਵੇਗਾ ਪਰ ਕਿਸੇ ਵੀ ਅਕਾਲੀ ਆਗੂ ਜਾਂ ਪੁਲਿਸ ਅਫਸਰ ਨੇ ਕੇਸ ਵਾਪਸ ਕਰਵਾਉਣ ਵਾਸਤੇ ਹਲਫੀਆ ਬਿਆਨ ਦੇਣ ਲਈ ਮੇਰੇ ’ਤੇ ਦਬਾਅ ਨਹੀਂ ਪਾਇਆ ਤੇ ਨਾ ਹੀ ਮੇਰੇ ਪੁਰਾਣੇ ਸਟੈਂਡ ਤੋਂ ਬਦਲਣ ਲਈ ਅੱਜ ਹੀ ਮੇਰੇ ’ਤੇ ਕੋਈ ਦਬਾਅ ਪਾਇਆ ਜਾ ਰਿਹਾ ਹੈ। ਗੱਲਬਾਤ ਦੌਰਾਨ ਸ: ਸਿੱਧੂ ਨੇ ਇਹ ਜਰੂਰ ਮੰਨਿਆਂ ਕਿ ਇੱਕ ਸਥਾਨਕ ਅਕਾਲੀ ਆਗੂ ਨੇ ਮੈਥੋਂ ਇਹ ਪੁੱਛਿਆ ਸੀ ਕਿ ਕੀ ਅਕਾਲੀ ਦਲ ਉਮੀਦਵਾਰਾਂ ਲਈ ਵੋਟਾਂ ਪ੍ਰਾਪਤ ਕਰਨ ਲਈ ਕੇਸ ਵਾਪਸ ਲੈਣ ਲਈ ਹਲਫੀਆ ਬਿਆਨ ਦਿੱਤਾ ਜਾ ਸਕਦਾ ਹੈ। ਉਸ ਨੂੰ ਸਖਤੀ ਨਾਲ ਨਾਂਹ ਕਰਨ ’ਤੇ ਮੁੜ ਕਿਸੇ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਮੈਨੂੰ ਉਸ ਸਮੇਂ ਹੀ ਪਤਾ ਲੱਗਾ ਜਦੋਂ ਇਸ ਸਬੰਧੀ 4 ਫਰਵਰੀ ਨੂੰ ਪੇਸ਼ੀ ਸਮੇਂ ਆਪਣਾ ਬਿਆਨ ਦਰਜ ਕਰਵਾਉਣ ਲਈ ਅਦਾਲਤ ਵਲੋਂ ਉਸ ਨੂੰ ਸੰਮਨ ਮਿਲਿਆ। ਉਨ੍ਹਾਂ ਕਿਹਾ ਮੇਰੇ ਨਾਮ ’ਤੇ ਹਲਫੀਆ ਬਿਆਨ ਕਿਸ ਨੇ ਦਿੱਤਾ ਇਸ ਦਾ ਖੁਲਾਸਾ ਪੜਤਾਲ ਹੋਣ ਤੋਂ ਬਾਅਦ ਹੀ ਹੋ ਸਕਦਾ ਹੈ ਅਤੇ ਇਸ ਪੜਤਾਲ ਲਈ ਉਹ 11 ਫਰਵਰੀ ਨੂੰ ਦਰਖਾਸਤ ਦੇ ਦੇਣਗੇ।

ਸੂਚਨਾ ਅਧਿਕਾਰ ਹੇਠ ਮਿਲੀ ਜਾਣਕਾਰੀ ਨਾਲ ਛਪੀ ਇਸ ਖਬਰ ਕਿ ਸ਼੍ਰੋਮਣੀ ਕਮੇਟੀ ਨੇ ਡੇਰਾ ਮੁਖੀ ਦੇ ਕੇਸ ਦੀ ਪੈਰਵਾਈ ਅਤੇ ਵਕੀਲਾਂ ਦੀ ਫੀਸ ’ਤੇ 1.32 ਲੱਖ ਰੁਪਏ ਖਰਚ ਕੀਤੇ ਹਨ, ’ਤੇ ਪ੍ਰਤੀ ਕਰਮ ਕਰਦੇ ਹੋਏ ਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਸ ਨੇ ਬਠਿੰਡਾ ਵਿਖੇ ਕੇਸ ਲੜ ਰਹੇ ਵਕੀਲ ਸ਼੍ਰੀ ਜਤਿੰਦਰ ਕੁਮਾਰ ਖੱਟਰ ਅਤੇ ਹਾਈ ਕੋਰਟ ਚੰਡੀਗੜ੍ਹ ਵਿਖੇ ਕੇਸ ਲੜ ਰਹੇ ਵਕੀਲ ਸ: ਨਵਕਿਰਨ ਸਿੰਘ ਤੋ ਦਸਖਤ ਕਰਵਾ ਕੇ 75 ਹਜਾਰ ਰੁਪਏ ਦਾ ਬਿੱਲ ਦਿੱਤਾ ਸੀ ਜਿਸ ਬਦਲੇ ਕਾਫੀ ਗੇੜੇ ਮਰਵਾਉਣ ਪਿਛੋਂ ਉਸ ਨੂੰ ਸਿਰਫ 35 ਹਜਾਰ ਰੁਪਏ ਕਮੇਟੀ ਵਲੋਂ ਦਿੱਤੇ ਗਏ ਸਨ ਜਿਹੜੇ ਕਿ ਦੋਵਾਂ ਵਕੀਲਾਂ ਨੂੰ ਵੰਡ ਕੇ ਦੇ ਦਿੱਤੇ ਗਏ ਸਨ। ਕਮੇਟੀ ਦਾ ਵਤੀਰਾ ਵੇਖ ਕੇ ਉਸ ਤੋਂ ਵਾਅਦ ਉਨ੍ਹਾਂ ਕਦੀ ਵੀ ਹੋਰ ਖਰਚਾ ਪ੍ਰਾਪਤ ਕਰਨ ਲਈ ਕਮੇਟੀ ਤੱਕ ਪਹੁੰਚ ਹੀ ਨਹੀਂ ਕੀਤੀ ਤੇ ਚੰਡੀਗੜ੍ਹ ਜਾਣ ਸਮੇਂ ਆਪਣੇ ਪੱਲਿਓਂ ਤੇਲ ਅਤੇ ਚਾਹ ਰੋਟੀ ਦਾ ਖਰਚਾ ਕਰਦੇ ਰਹੇ ਹਨ। ਉਸ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਏਨੀ ਰਾਸ਼ੀ ਕਿਥੇ ਖਰਚ ਕੀਤੀ ਹੈ, ਇਹ ਸਮਝੋ ਬਾਹਰ ਹੈ, ਇਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਸ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ, ਕਿ ਕਿਹੜਾ ਵਿਅਕਤੀ ਕੇਸ ਦੀ ਪੈਰਵਾਈ ਕਰਨ ਦੇ ਨਾਮ ’ਤੇ ਗੁਰੂ ਦੀ ਗੋਲਕ ਨੂੰ ਚੂਨਾ ਲਾ ਰਿਹਾ ਹੈ।

ਜਦੋਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇੱਕਲਾ ਰਜਿੰਦਰ ਸਿੰਘ ਹੀ ਨਹੀਂ ਹੋਰ ਵੀ ਬਹੁਤ ਸਾਰੇ ਹਨ ਜਿਨ੍ਹਾਂ ਨੇ ਇਸ ਕੇਸ ਦੀ ਪੈਰਵਾਈ ਕੀਤੀ ਹੈ, ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ’ਤੇ ਵੀ ਖਰਚਾ ਕੀਤਾ ਹੈ। ਜਦੋਂ ਉਨ੍ਹਾਂ ਤੋਂ ਇਸ ਦੇ ਵੇਰਵਿਆਂ ਦੀ ਮੰਗ ਕੀਤੀ ਗਈ ਕਿ ਹੋਰ ਕਿਹੜੇ ਕਿਹੜੇ ਵਿਅਕਤੀ ਹਨ ਜਿਨ੍ਹਾਂ ਨੂੰ ਸੌਦਾ ਸਾਧ ਦਾ ਕੇਸ ਲੜਨ ਲਈ ਕਮੇਟੀ ਵਲੋਂ ਅਦਾਇਗੀ ਕੀਤੀ ਗਈ ਹੈ ਤਾਂ ਉਨ੍ਹਾਂ ਇਹ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ ਤੇ ਕਮੇਟੀ ਵਲੋਂ ਕਰੋੜਾਂ ਰੁਪਏ ਦਾ ਖਰਚਾ ਕੀਤਾ ਜਾਂਦਾ ਹੈ। ਸਾਰਿਆਂ ਦੇ ਵੇਰਵੇ ਮੈਂ ਆਪਣੀ ਜੇਬ ਵਿੱਚ ਨਹੀਂ ਰੱਖਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top