Share on Facebook

Main News Page

ਸਿਰਸਾ ਸਾਧ ਵਿਰੁੱਧ ਮੁਕੱਦਮਾ ਲੜਨ ਵਾਲੇ ਰਾਜਿੰਦਰ ਸਿੰਘ ਸਿੱਧੂ ਦੀ ਕਾਨੂੰਨੀ ਮਦਦ ਕਰਨ ਲਈ ਅਖੰਡ ਕੀਰਤਨੀ ਜਥਾ ਯੂ.ਕੇ. ਵੱਲੋਂ ਪੇਸ਼ਕਸ਼

ਡਰਬੀ: ਡੇਰਾ ਸਿਰਸਾ ਸਾਧ ਦੇ ਖਿਲਾਫ਼ ਕਾਨੂੰਨੀ ਲੜਾਈ ਲੜਨ ਵਾਲੇ ਸ: ਰਜਿੰਦਰ ਸਿੰਘ ਸਿੱਧੂ ਦੀ ਅਖੰਡ ਕੀਰਤਨੀ ਜਥਾ ਯੂ ਕੇ ਵੱਲੋਂ ਆਰਥਿਕ ਮਦਦ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ । ਇਸ ਸਬੰਧੀ ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਰਘਬੀਰ ਸਿੰਘ, ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ, ਕਾਰਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸੰਘੇੜਾ, ਜਨ: ਸਕੱਤਰ ਸ: ਜੋਗਾ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਸ: ਕੁਲਵੰਤ ਸਿੰਘ ਢੇਸੀ ਅਤੇ ਜਨਰਲ ਸਕੱਤਰ ਸ: ਤਰਸੇਮ ਸਿੰਘ ਦਿਓਲ ਨੇ ਸ: ਰਾਜਿੰਦਰ ਸਿੰਘ ਸਿੱਧੂ ਵੱਲੋਂ ਲਏ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਮੀਤ ਰਾਮ ਰਹੀਮ ਵਿਰੁੱਧ ਇਹ ਮੁਕੱਦਮਾ ਹਰ ਹਾਲਤ ਵਿਚ ਚ¤ਲਣਾ ਚਾਹੀਦਾ ਹੈ।

ਉਕਤ ਆਗੂਆਂ ਨੇ ਕਿਹਾ ਇਸ ਡੇਰੇ ਵੇਲੇ ਸਾਧ ਨੇ ਗੁਰੂ ਸਾਹਿਬ ਦਾ ਨਿਰਾਦਰ ਕਰਕੇ ਲੱਖਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਹ ਕਿਸੇ ਹਾਲਤ ਵਿਚ ਬਖਸ਼ਣਯੋਗ ਨਹੀਂ ਹੈ। ਉਨ੍ਹਾਂ ਕਿਹਾ ਜੇ ਸ: ਰਾਜਿੰਦਰ ਸਿੰਘ ਸਿੱਧੂ ਨੂੰ ਕਾਨੂੰਨੀ ਲੜਾਈ ਲੜਨ ਲਈ ਆਰਥਿਕ ਮਦਦ ਦੀ ਲੋੜ ਹੈ ਤਾਂ ਉਹ ਅਖੰਡ ਕੀਰਤਨੀ ਜਥਾ ਯੂ.ਕੇ. ਨਾਲ ਸੰਪਰਕ ਕਰੇ ਜਾਂ ਅਸੀਂ ਉਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਕਿਸੇ ਵੀ ਹਾਲਤ ਵਿਚ ਇਹ ਮੁਕੱਦਮਾ ਵਾਪਸ ਨਹੀਂ ਹੋਣਾ ਚਾਹੀਦਾ, ਬਲਕਿ ਨਿਰਪੱਖਤਾ ਨਾਲ ਕਾਨੂੰਨੀ ਕਾਰਵਾਈ ਮੁਕੰਮਲ ਹੋਣੀ ਚਾਹੀਦੀ ਹੈ ਤੇ ਦੋਸ਼ੀ ਨੂੰ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਡੇਰਾ ਸਿਰਸੇ ਵਾਲੇ ਸਾਧ ਗੁਰਮੀਤ ਰਾਮ ਰਹੀਮ ਵੱਲੋਂ 2007 ਵਿਚ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੋ ਖਿਲਵਾੜ ਕੀਤਾ ਗਿਆ ਸੀ, ਉਸ ਦੇ ਵਿਰੁੱਧ ਸ: ਰਾਜਿੰਦਰ ਸਿੰਘ ਸਿੱਧੂ ਨੇ ਮੁਕੱਦਮਾ ਦਾਇਰ ਕੀਤਾ ਹੋਇਆ ਸੀ, ਜਿਸ ਦੀ ਸੁਣਵਾਈ ਵੇਲੇ ਪੁਲਿਸ ਨੇ ਬਠਿੰਡਾ ਦੀ ਅਦਾਲਤ ਵਿਚ ਸ: ਰਾਜਿੰਦਰ ਸਿੰਘ ਸਿੱਧੂ ਦੇ ਨਾਂ ‘ਤੇ ਇਕ ਐਫੀਡੈਵਿਟ (ਹਲਫੀਆ ਬਿਆਨ) ਦਰਜ ਕਰਵਾ ਕੇ ਕਿਹਾ ਸੀ ਕਿ ਉਹ ਇਹ ਮੁਕੱਦਮਾ ਵਾਪਸ ਲੈਣਾ ਚਾਹੁੰਦਾ ਹੈ। ਪਰ ਅਦਾਲਤ ਵਿਚ ਸੁਣਵਾਈ ਮੌਕੇ ਸ: ਰਾਜਿੰਦਰ ਸਿੰਘ ਸਿੱਧੂ ਨੇ ਇਸ ਹਲਫੀਆ ਬਿਆਨ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਕਿਸੇ ਹਲਫੀਆ ਬਿਆਨ ਉੱਤੇ ਦਸਤਖਤ ਨਹੀਂ ਕੀਤੇ।

ਪੁਲਿਸ ਵੱਲੋਂ ਇਹ ਝੂਠਾ ਬਿਆਨ ਉਹਦੇ ਜਾਅਲੀ ਦਸਤਖਤਾਂ ਹੇਠ ਪੇਸ਼ ਕੀਤਾ ਗਿਆ ਹੈ। ਉਸ ਨੇ ਮਾਨਯੋਗ ਅਦਾਲਤ ਨੂੰ ਕਿਹਾ ਕਿ ਡੇਰਾ ਸਿਰਸੇ ਵਾਲੇ ਸਾਧ ਦੇ ਖਿਲਾਫ਼ ਅਦਾਲਤੀ ਕਾਰਵਾਈ ਜਾਰੀ ਰ¤ਖੀ ਜਾਵੇ। ਸ: ਰਾਜਿੰਦਰ ਸਿੰਘ ਸਿੱਧੂ ਨੇ ਇਹ ਬਿਆਨ ਬਠਿੰਡਾ ਵਿਖੇ ਮੀਡੀਏ ਦੇ ਸਾਹਮਣੇ ਵੀ ਦਿੱਤੇ ਹਨ। ਯਾਦ ਰਹੇ ਸਿਰਸੇ ਵਾਲੇ ਸਾਧ ਵੱਲੋਂ ਦਸਵੇਂ ਪਾਤਿਸ਼ਾਹ ਦਾ ਸਵਾਂਗ ਰਚਣ ਦੇ ਕਾਰਨ ਸਿੱਖਾਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਸਮੇਂ ਕਈ ਸਿੱਖ ਗੰਭੀਰ ਜਖਮੀ ਅਤੇ ਕੁਝ ਸਿੰਘ ਸ਼ਹੀਦ ਵੀ ਹੋਏ ਸਨ। ਉਹਨਾਂ ਦੇ ਪਰਿਵਾਰਾਂ ਅਤੇ ਸਿੱਖ ਸੰਗਤਾਂ ਨੂੰ ਇਨਸਾਫ਼ ਦਿਵਾਉਣ ਲਈ ਡੇਰੇ ਵਾਲੇ ਸਾਧ ਖਿਲਾਫ਼ ਇਹ ਮੁਕੱਦਮਾ ਲੜਿਆ ਜਾਣਾ ਬਹੁਤ ਜ਼ਰੂਰੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top