Share on Facebook

Main News Page

ਮੱਕੜ ਸਪੱਸ਼ਟ ਕਰੇ ਕਿ ਉਹ ਕਿਸ ਹੈਸੀਅਤ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ: ਪ੍ਰਦੀਪ ਸਿੰਘ ਵਾਲੀਆ

ਬਠਿੰਡਾ, 6 ਫਰਵਰੀ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਵੱਲੋਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਖਿਲਾਫ ਕੀਤੀ ਗਈ ਬਿਆਨਬਾਜੀ ਨੂੰ ਮੱਕੜ ਦਾ ਬਾਦਲਕਿਆਂ ਪ੍ਰਤੀ ਹੇਜ਼ ਕਰਾਰ ਦਿੰਦਿਆਂ ਸ਼ਹਿਰੀ ਅਕਾਲੀ ਦਲ ਦੇ ਟਕਸਾਲੀ ਆਗੂ ਸ੍ਰ: ਪ੍ਰਦੀਪ ਸਿੰਘ ਵਾਲੀਆ ਨੇ ਕਿਹਾ ਹੈ ਕਿ ਸ੍ਰ: ਕਲਕੱਤਾ ਦੀ ਹੈਸੀਅਤ ਪੁੱਛਣ ਵਾਲਾ ਸ੍ਰ: ਅਵਤਾਰ ਸਿੰਘ ਮੱਕੜ ਹੀ ਇਹ ਸਪੱਸ਼ਟ ਕਰੇ ਕਿ ਉਹ ਕਿਸ ਹੈਸੀਅਤ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ, ਕਿਉਂਕਿ ਸ੍ਰ: ਅਵਤਾਰ ਸਿੰਘ ਮੱਕੜ ਨਾ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਹੈ ਅਤੇ ਨਾ ਹੀ ਪ੍ਰਧਾਨ। ਸ੍ਰ: ਵਾਲੀਆ ਨੇ ਕਿਹਾ ਕਿ ਸ੍ਰ: ਮੱਕੜ ਇਸ ਵਕਤ ਸਿਰਫ ਬਾਦਲ ਪਿਓ ਪੁੱਤਰ ਨਿੱਜੀ ਕੰਪਨੀ ਦਾ ਇੱਕ ਜੀ ਹਜ਼ੂਰੀਆ ਮੁਲਾਜ਼ਮ ਹੈ ਅਤੇ ਮੁਲਾਜ਼ਮ ਨੂੰ ਕਦੇ ਵੀ ਇਹ ਹੱਕ ਨਹੀਂ ਪੁੱਜਦਾ ਕਿ ਉਹ ਆਪਣੇ ਮਾਲਕ ਦੀ ਥਾਂ ਤੇ ਬਿਆਨਬਾਜੀ ਕਰਦਾ ਫਿਰੇ।

ਸ੍ਰ: ਵਾਲੀਆ ਨੇ ਕਿਹਾ ਕਿ ਦਿੱਲੀ ਦੇ ਗੁਰਦੁਆਰਿਆਂ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤੇ ਜਾਣ ਦੇ ਦਮਗਜੇ ਮਾਰਨ ਵਾਲਾ ਮੱਕੜ ਇਹ ਤਾਂ ਸਪੱਸ਼ਟ ਕਰੇ ਕਿ ਉਸ ਨੇ ਸ਼੍ਰੋਮਣੀ ਕਮੇਟੀ ਦੀ ਦਫਤਰੀ ਗੱਡੀ ਲਈ ਕਰੋੜਾਂ ਰੁਪਏ ਦਾ ਪੈਟਰੋਲ ਕਿਸ ਖਾਤੇ ਵਿੱਚ ਸਮਾ ਲਿਆ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਖਾਤਿਆਂ ਬਾਰੇ ਆਡੀਟਰਾਂ ਵੱਲੋਂ ਲਗਾਏ ਗਏ ਇਤਰਾਜ ਅਤੇ ਬਜ਼ਟ ਦੀਆਂ ਕਮਜ਼ੋਰੀਆਂ ਬਾਰੇ ਮੱਕੜ ਨੇ ਕੀ ਕੀਤਾ ਹੈ। ਸ੍ਰ: ਵਾਲੀਆ ਨੇ ਕਿਹਾ ਕਿ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਤਾਂ 1953 ਤੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਸਫਰ ਸ਼ੁਰੂ ਕਰਕੇ ਅਕਾਲੀ ਦਲ ਦੀ ਜਨਰਲ ਸਕੱਤਰੀ ਅਤੇ ਫਿਰ ਪੰਜਾਬ ਦੇ ਮੰਤਰੀ ਤੱਕ ਦਾ ਸਫਰ ਤੈਅ ਕੀਤਾ ਹੈ, ਲੇਕਿਨ ਸ੍ਰ: ਮੱਕੜ ਨੇ ਤਾਂ ਕਦੇ ਲੁਧਿਆਣੇ ਦੀ ਗਲੀ ਦੀ ਪ੍ਰਧਾਨਗੀ ਵੀ ਨਹੀਂ ਕੀਤੀ। ਇਸ ਲਈ ਉਨਾਂ ਦਾ ਟਕਸਾਲੀ ਅਕਾਲੀਆਂ ਬਾਰੇ ਬਿਆਨਬਾਜੀ ਕਰਨਾਂ ਆਪਣੇ ਮਾਲਕਾਂ ਦੀ ਖੁਸ਼ਨੰਦੀ ਹਾਸਲ ਕਰਨ ਤੋਂ ਵੱਧ ਕੁੱਝ ਵੀ ਨਹੀਂ ਹੈ। ਇਸ ਮੌਕੇ ਸ੍ਰ: ਮਨਿੰਦਰ ਸਿੰਘ ਧੁੰਨਾ, ਤਰਲੋਚਨ ਸਿੰਘ ਅਜੀਤ ਨਗਰ, ਅਮਰਜੀਤ ਸਿੰਘ ਵਾਲੀਆ, ਬਲਵਿੰਦਰ ਸਿੰਘ ਬਿੱਲਾ ਵੀ ਮੌਜੂਦ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top