Share on Facebook

Main News Page

ਪ੍ਰੋ. ਸਰਬਜੀਤ ਸਿੰਘ ਧੂੰਦਾ ਵਲੋਂ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਫੈਸਲਾ, ਪੱਤਰ ਮੁੱਖ ਸੇਵਾਦਾਰ ਨੂੰ ਭੇਜਿਆ

ਅੰਮ੍ਰਿਤਸਰ, 5 ਫ਼ਰਵਰੀ (ਚਰਨਜੀਤ ਸਿੰਘ) : ਮਿਸ਼ਨਰੀ ਵਿਦਵਾਨ ਪ੍ਰੋਫ਼ੈਸਰ ਸਰਬਜੀਤ ਸਿੰਘ ਧੂੰਦਾ ਛੇਤੀ ਹੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ‘ਜਥੇਦਾਰਾਂ’ ਸਾਹਮਣੇ ਅਪਣਾ ਪੱਖ ਰਖਣ ਜਾ ਰਹੇ ਹਨ। ਸੂਤਰਾਂ ਮੁਤਾਬਕ ਪ੍ਰੋ. ਸਰਬਜੀਤ ਸਿੰਘ ਧੂੰਦਾ ਦਾ ਇਸ ਸਬੰਧੀ ਇਕ ਪੱਤਰ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਕੋਲ ਪਿਛਲੇ ਦਿਨੀਂ ਪੁੱਜ ਚੁੱਕਾ ਸੀ ਤੇ ‘ਜਥੇਦਾਰ’ ਨੇ ਉਸ ਪੱਤਰ ਨੂੰ ਕਾਫ਼ੀ ਨਾਂਹ-ਨੁਕਰ ਤੋਂ ਬਾਅਦ ਲੈ ਲਿਆ ਸੀ। ਇਹ ਪੱਤਰ ਉਨ੍ਹਾਂ ਦਿਨੀਂ ‘ਜਥੇਦਾਰ’ ਕੋਲ ਪੁੱਜਾ ਜਿਨ੍ਹਾਂ ਦਿਨੀਂ ਪ੍ਰੋ. ਧੂੰਦਾ ਵਿਦੇਸ਼ਾਂ ਵਿਚ ਗੁਰਮਤਿ ਪ੍ਰਚਾਰ ਕਰ ਰਹੇ ਸਨ। ‘ਜਥੇਦਾਰ’ ਨੇ ਉਸ ਸਮੇਂ ਪੱਤਰ ਲੈ ਕੇ ਆਏ ਇਕ ਧਾਰਮਕ ਵਿਅਕਤੀ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨਾਲ ਸਬੰਧਤ ਇਕ ਵਿਅਕਤੀ ਨੂੰ ਪੱਤਰ ਲੈਣ ਸਮੇਂ ਅਪਣੇ ਘਰ ਵਿਚ ਹੀ ਤਿੱਖੀਆਂ ਗੱਲਾਂ ਸੁਣਾ ਕੇ ਠਾਰ ਦਿਤਾ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਪੱਤਰ ਵਿਚ ਪ੍ਰੋ. ਧੂੰਦਾ ਨੇ ‘ਜਥੇਦਾਰ’ ਨੂੰ ਲਿਖਿਆ ਹੈ ਕਿ ਉਨ੍ਹਾਂ ਦੀ ਕਥਾ ਦੇ ਇਕ ਵਿਸ਼ੇਸ਼ ਭਾਗ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਮਨਸ਼ਾ ਇਹ ਨਹੀਂ ਸੀ ਜਿਸ ਤਰ੍ਹਾਂ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦਾ ਮਕਸਦ ਕਾਨ੍ਹਾ ਢੇਸੀਆਂ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪਾਏ ਗਏ ਭੰਗੜੇ ਦੀ ਘਟਨਾ ਤੋਂ ਸਿੱਖ ਸੰਗਤ ਨੂੰ ਜਾਣੂ ਕਰਵਾਉਣਾ ਤੇ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ, ਉਸ ਤੋਂ ਜਾਗਰੂਕ ਕਰਨਾ ਸੀ ਪਰ ਕੁੱਝ ਲੋਕਾਂ ਨੇ ਉਨ੍ਹਾਂ ਦੀ ਕਹੀ ਗੱਲ ਦਾ ਗ਼ਲਤ ਮਤਲਬ ਕਢਿਆ ਹੈ। ਜਾਣਕਾਰੀ ਮੁਤਾਬਕ ‘ਜਥੇਦਾਰ’ ਨੇ ਪੱਤਰ ਲਿਆਉਣ ਵਾਲਿਆਂ ਨੂੰ ਸਪੱਸ਼ਟ ਕਰ ਦਿਤਾ ਸੀ ਕਿ ਪੱਤਰ ਤਾਂ ਉਹ ਰੱਖ ਲੈਣਗੇ ਪਰ ਸਪੱਸ਼ਟੀਕਰਨ ਦੇਣ ਲਈ ਖ਼ੁਦ ਪ੍ਰੋ. ਧੂੰਦਾ ਨੂੰ ਆਉਣਾ ਪਵੇਗਾ। ਪੱਤਰ ਲਿਆਉਣ ਵਾਲਿਆਂ ਨੇ ਸਵੀਕਾਰ ਕਰ ਲਿਆ ਸੀ ਕਿ ਉਹ ਧੂੰਦਾ ਨੂੰ ਅਕਾਲ ਤਖ਼ਤ ਸਾਹਿਬ ’ਤੇ ਜ਼ਰੂਰ ਲੈ ਕੇ ਆਉਣਗੇ। ਸਭੰਵ ਹੈ ਕਿ ਪ੍ਰੋ. ਧੂੰਦਾ ਅਗਲੇ ਇਕ ਜਾਂ ਦੋ ਦਿਨਾਂ ਤਕ ‘ਜਥੇਦਾਰ’ ਕੋਲ ਪੇਸ਼ ਹੋ ਕੇ ਅਪਣਾ ਪੱਖ ਪੇਸ਼ ਕਰ ਕੇ ਕਥਾ ਕਰਨ ਵਿਰੁਧ ਲੱਗੀ ਰੋਕ ਨੂੰ ਹਟਵਾ ਲੈਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top