Share on Facebook

Main News Page

ਅਕਾਲ ਤਖ਼ਤ ਤੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ: ਜਥੇਦਾਰ ਨੰਦਗੜ੍ਹ

* ਜਿਸ ਉਮੀਦਵਾਰ ਨੂੰ ਸੌਦਾ ਸਾਧ ਆਪਣੀ ਵੋਟ ਬੈਂਕ ਨਾਲ ਜਿਤਾਉਣ ਦਾ ਐਲਾਣ ਕਰੇਗਾ ਅਸੀਂ ਉਸ ਦੇ ਵਿਰੋਧੀ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰਾਂਗੇ
* ਜੇ ਬਾਦਲ ਜਾਂ ਸੁਖਬੀਰ ਵਲੋਂ ਵੋਟਾਂ ਲਈ ਸੌਦਾ ਸਾਧ ਦੇ ਡੇਰੇ ਜਾਣ ਦਾ ਪੱਕਾ ਸਬੂਤ ਮਿਲ ਜਾਵੇਗਾ ਤਾਂ ਉਨ੍ਹਾਂ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੇ ਪਹੁੰਚਣ ਤੇ ਸਿਰੋਪਾ ਨਹੀਂ ਦਿੱਤਾ ਜਾਵੇਗਾ
* ਡੇਰੇ ਵਿੱਚ ਵੋਟਾਂ ਮੰਗਣ ਜਾਣ ਵਾਲਿਆਂ ਤੇ ਵੀ ਚੋਣ ਜ਼ਾਬਤ ਲਾਗੂ ਹੋਣਾ ਚਾਹੀਦਾ ਹੈ, ਅਕਾਲ ਤਖ਼ਤ ਦੇ ਨਾਮ ਦੀ ਹੋ ਰਹੀ ਦੁਰਵਰਤੋਂ ਸਬੰਧੀ ਧਾਰੀ ਚੁੱਪ

ਬਠਿੰਡਾ, 5 ਫਰਵਰੀ (ਕਿਰਪਾਲ ਸਿੰਘ): ਅਕਾਲ ਤਖ਼ਤ ਤੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ। ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਉਸ ਸਮੇਂ ਕਹਿਣੇ ਪਏ ਜਦੋਂ ਅੱਜ ਇੱਥੇ ਇੱਕ ਪੱਤਰਕਾਰ ਵਾਰਤਾ ਚ ਪੱਤਰਕਾਰ, ਉਨ੍ਹਾਂ ਨੂੰ ਸੌਦਾ ਸਾਧ ਵਿਰੁੱਧ ਇੱਥੋਂ ਦੀ ਅਦਾਲਤ ਵਿੱਚ ਚੱਲ ਰਹੇ ਕੇਸ ਨੂੰ ਵਾਪਸ ਲੈਣ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਬਾਦਲ ਦੇ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਵਲੋਂ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸੌਦਾ ਸਾਧ ਦੇ ਦਰਬਾਰ ਵਿੱਚ ਵੋਟਾਂ ਦੀ ਭੀਖ ਲਈ ਹਾਜਰੀਆਂ ਭਰਨ ਵਾਲਿਆਂ ਵਿਰੁੱਧ ਅਕਾਲ ਤਖ਼ਤ ਤੋਂ ਕੋਈ ਕਾਰਵਾਈ ਨਾ ਕਰਨ ਸਬੰਧੀ ਸਵਾਲ ਪੁੱਛ ਰਹੇ ਸਨ।

ਉਨ੍ਹਾਂ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ਏਕ ਨੂਰ ਖਾਲਸਾ ਫੌਜ ਦੇ ਜ਼ਿਲਾ ਪ੍ਰਧਾਨਾਂ ਦੀ ਮੀਟਿੰਗ ਉਪ੍ਰੰਤ ਜਥੇਦਾਰ ਨੰਦਗੜ੍ਹ ਨੇ ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪੱਤਰਕਾਰਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਸੌਦਾ ਡੇਰਾ ਆਪਣੀ ਵੋਟ ਬੈਂਕ ਦਾ ਭਰਮ ਪਾਲੀ ਬੈਠਾ ਹੈ ਤੇ ਵੱਡੀ ਗਿਣਤੀ ਵਿੱਚ ਅਨਭੋਲ ਪ੍ਰੇਮੀਆਂ ਨੂੰ ਇਕੱਠੇ ਕਰਕੇ ਰਾਜਨੀਤਕ ਆਗੂਆਂ ਨੂੰ ਗੁਮਰਾਹ ਕਰ ਰਿਹਾ ਹੈ। ਚੋਣ ਨਤੀਜਾ ਆਉਣ ਤੱਕ ਉਹ ਆਪਣੀ ਹਮਾਇਤ ਪ੍ਰਾਪਤ ਕਿਸੇ ਉਮੀਦਵਾਰ ਦਾ ਨਾਮ ਦੱਸਣ ਲਈ ਤਿਆਰ ਨਹੀਂ ਹੁੰਦਾ ਪਰ ਨਤੀਜਾ ਆਉਣ ਤੇ ਜਿਹੜਾ ਵੀ ਉਮੀਦਵਾਰ ਜਿੱਤ ਜਾਂਦਾ ਹੈ ਤਾਂ ਉਸ ਸਮੇਂ ਦਾਅਵਾ ਕਰ ਦਿੱਤਾ ਜਾਂਦਾ ਹੈ ਕਿ ਇਹ ਸਾਡੇ ਸਮਰੱਥਨ ਨਾਲ ਜਿਤਿਆ ਹੈ।

ਬਦਕਿਸਮਤੀ ਇਹ ਹੈ ਕਿ ਹਾਰਣ ਵਾਲਾ ਉਮੀਦਵਾਰ ਵੀ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਲਈ ਕਹਿਣ ਲੱਗ ਪੈਂਦਾ ਹੈ ਕਿ ਉਸ ਨੂੰ ਡੇਰਾ ਪ੍ਰੇਮੀਆਂ ਨੇ ਹਰਾਇਆ ਹੈ। ਅਤੇ ਜਿੱਤਣ ਵਾਲਾ ਉਮੀਦਵਾਰ ਅੱਗੇ ਤੋਂ ਵੀ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਪ੍ਰਾਪਤ ਕਰਨ ਦੀ ਲਾਲਸਾ ਅਧੀਨ ਉਨ੍ਹਾਂ ਦਾ ਧੰਨਵਾਦ ਕਰਦਾ ਹੋਇਆ ਮੰਨਣ ਲੱਗ ਪੈਂਦਾ ਹੈ ਕਿ ਉਸ ਨੂੰ ਡੇਰਾ ਪ੍ਰੇਮੀਆਂ ਨੇ ਹੀ ਜਿਤਾਇਆ ਹੈ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਜਿਸ ਉਮੀਦਵਾਰ ਨੂੰ ਸੌਦਾ ਸਾਧ ਆਪਣੀ ਵੋਟ ਬੈਂਕ ਨਾਲ ਜਿਤਾਉਣ ਦਾ ਐਲਾਣ ਕਰੇਗਾ ਡੇਰਾ ਵੋਟ ਦਾ ਪ੍ਰਭਾਵ ਖਤਮ ਕਰਨ ਲਈ ਅਸੀਂ ਉਸ ਦੇ ਵਿਰੋਧੀ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰਾਂਗੇ। ਜਦੋਂ ਪੁੱਛਿਆ ਗਿਆ ਕਿ ਇਸ ਦਾ ਭਾਵ ਹੈ ਕਿ ਤੁਸੀਂ ਆਪਣੀ ਕੋਈ ਪਾਲਸੀ ਬਨਾਉਣ ਵਿੱਚ ਅਸਫਲ ਹੋਏ ਹੋ ਤੇ ਸਿਰਫ ਸਿਰਸਾ ਡੇਰਾ ਨੂੰ ਵੇਖ ਕੇ ਹੀ ਉਸ ਦੇ ਉਲਟ ਚੱਲਣ ਦੀ ਆਪਣੀ ਪਾਲਸੀ ਬਣਾਉਂਦੇ ਹੋ, ਤਾਂ ਉਨ੍ਹਾਂ ਕਿਹਾ ਕਿ ਇਹ ਸਿਰਫ ਉਸ ਦੇ ਵੋਟ ਬੈਂਕ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਹੈ।

ਜਦੋਂ ਇਹ ਪੁੱਛਿਆ ਗਿਆ ਕਿ ਸਿਰਫ ਸਿਰਸਾ ਡੇਰਾ ਹੀ ਨਹੀਂ ਹੋਰ ਵੀ ਬਹੁਤ ਸਾਰੇ ਡੇਰੇਦਾਰ ਹਨ ਜਿਨ੍ਹਾਂ ਦਾ ਕਿਰਦਾਰ ਸਿਰਸੇ ਵਾਲੇ ਜਿੰਨਾ ਹੀ ਘਟੀਆ ਹੈ। ਜੇ ਇੱਕ ਪਾਰਟੀ ਦੀ ਹਿਮਾਇਤ ਸਿਰਸੇ ਵਾਲਾ ਕਰਦਾ ਹੈ ਤੇ ਦੂਸਰੀ ਪਾਰਟੀ ਦੀ ਨੂਰ ਮਹਿਲੀਆ ਹਿਮਾਇਤ ਕਰੇ ਤਾਂ ਫਿਰ ਤੁਸੀਂ ਕਿਸ ਦੀ ਹਮਾਇਤ ਕਰੋਗੇ। ਜਵਾਬ ਵਿੱਚ ਖਿਝ ਕੇ ਸਵਾਲ ਕਰਤਾ ਨੂੰ ਕਹਿਣ ਲੱਗੇ: ਮੈਂ ਕਿਰਦਾਰ ਦੀ ਗੱਲ ਨਹੀਂ ਕਰ ਰਿਹਾ ਸਿਰਫ ਉਨ੍ਹਾਂ ਦੀ ਗੱਲ ਕਰਦਾ ਹਾਂ ਜਿਨ੍ਹਾਂ ਨੂੰ ਅਕਾਲ ਤਖ਼ਤ ਤੋਂ ਛੇਕਿਆ ਗਿਆ ਹੈ। ਕਿਰਦਾਰ ਤਾਂ ਹੋ ਸਕਦਾ ਹੈ ਕਿ ਤੇਰਾ ਉਸ ਤੋਂ ਵੀ ਮਾੜਾ ਹੋਵੇ! ਇੱਕ ਹੋਰ ਸਵਾਲ ਪੁਛਿਆ ਗਿਆ ਕਿ ਤੁਸੀਂ ਤਾਂ ਮੰਨ ਰਹੇ ਹੋ ਕਿ ਅਕਾਲ ਤਖ਼ਤ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਫਿਰ ਅਕਾਲ ਤਖ਼ਤ ਦੇ ਕਿਹੜੇ ਹੁਕਮਨਾਮੇ ਨੂੰ ਮੰਨਿਆ ਜਾਵੇ? ਉਨ੍ਹਾਂ ਕਿਹਾ ਅਕਾਲ ਤਖ਼ਤ ਸਾਡੇ ਲਈ ਸਰਬਉਚ ਹੈ। ਇਸ ਸਵਾਲ ਨੂੰ ਉਹ ਫਿਰ ਟਾਲ ਗਏ ਕਿ ਅਕਾਲ ਤਖ਼ਤ ਤਾਂ ਸਰਬਉੱਚ ਹੈ ਪਰ ਸਵਾਲ ਉਨ੍ਹਾਂ ਜਥੇਦਾਰਾਂ ਸਬੰਧੀ ਹੈ ਜਿਹੜੇ ਤੁਹਾਡੀ ਵੀ ਸੁਣਵਾਈ ਕਰਨ ਲਈ ਤਿਆਰ ਨਹੀਂ ਹਨ ਤਾਂ ਹੋਰ ਕਿਸੇ ਸਿੱਖ ਦੀ ਉਥੇ ਕੀ ਸੁਣਵਾਈ ਹੁੰਦੀ ਹੋਵੇਗੀ? ਇਹ ਪੁੱਛਿਆ ਗਿਆ ਕਿ ਤੁਹਾਡੇ ਕਾਫਲੇ ਨਾਲ ਇੱਕ ਗੱਡੀ ਆਈ ਹੈ ਜਿਸ ਤੇ ਤਖ਼ਤੀ ਲੱਗੀ ਹੈ ਅਕਾਲ ਤਖ਼ਤ ਜਿਲ੍ਹਾ ਪ੍ਰਧਾਨ। ਇਹ ਅਕਾਲ ਤਖ਼ਤ ਜਿਲ੍ਹਾ ਪ੍ਰਧਾਨ ਦਾ ਅਹੁੱਦਾ ਕਿਸ ਨੇ ਬਣਾਇਆ ਹੈ ਤੇ ਇਸ ਦੇ ਅਹੁੱਦੇਦਾਰ ਕੌਣ ਕੌਣ ਹਨ? ਤਾਂ ਉਹ ਕਹਿਣ ਲੱਗੇ ਇਹ ਅਕਾਲ ਤਖ਼ਤ ਤੋਂ ਪੁੱਛੋ।

ਬਾਦਲ ਸਰਕਾਰ ਵਲੋਂ ਸੌਦਾ ਸਾਧ ਵਿਰੁਧ ਕੇਸ ਵਾਪਸ ਲੈਣ ਲਈ ਅਦਾਲਤ ਵਿੱਚ ਦਿੱਤੀ ਗਈ ਦਰਖਾਸਤ ਸਬੰਧੀ ਆਪਣਾ ਪ੍ਰਤੀਕਰਮ ਦਿੰਦੇ ਹੋਏ ਗਿਆਨੀ ਨੰਦਗੜ੍ਹ ਨੇ ਕਿਹਾ ਮੈਂ ਇਸ ਦੀ ਨਿੰਦਾ ਕਰਦਾ ਹਾਂ ਅਤੇ ਜਿਤਨੀ ਦੇਰ ਮੁੱਦਈ (ਰਜਿੰਦਰ ਸਿੰਘ ਸਿੱਧੂ) ਆਪਣੇ ਸਟੈਂਡ ਤੇ ਕਾਇਮ ਹੈ ਮੈਂ ਇਸ ਦੇ ਨਾਲ ਖੜ੍ਹਾਂਗਾ। ਕੀ ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੇਸ ਵਾਪਸ ਲੈਣ ਦੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਪਹੁੰਚ ਕਰੋਗੋ, ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਦ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਉਥੇ ਮੇਰੀ ਕੋਈ ਸੁਣਵਾਈ ਨਹੀਂ ਹੈ ਫਿਰ ਵਾਰ ਵਾਰ ਤੁਸੀਂ ਮੈਥੋਂ ਕੀ ਕਹਾਉਣਾ ਚਾਹੁੰਦੇ ਹੋ? ਇਸ ਜਵਾਬ ਨੂੰ ਉਹ ਟਾਲ ਗਏ ਕਿ ਜੇ ਉਥੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਤਾਂ ਤੁਸੀ ਅਸਤੀਫਾ ਕਿਉਂ ਨਹੀਂ ਦੇ ਦਿੰਦੇ! ਜੇ ਅਕਾਲ ਤਖ਼ਤ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਤਾਂ ਤੁਸੀ ਆਪਣੇ ਤੌਰ ਤੇ ਕੀ ਕਾਰਵਾਈ ਕਰੋਗੇ? ਇਸ ਦੇ ਜਵਾਬ ਚ ਗਿਆਨੀ ਨੰਦਗੜ੍ਹ ਨੇ ਕਿਹਾ ਜਿਸ ਵੀ ਆਗੂ ਵਲੋਂ ਸਿਰਸਾ ਡੇਰੇ ਚ ਜਾਣ ਦੇ ਪੱਕੇ ਸਬੂਤ ਮਿਲ ਜਾਣਗੇ ਉਨ੍ਹਾਂ ਦੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣ ਤੇ ਉਨ੍ਹਾਂ ਨੂੰ ਸਿਰੋਪਾ ਨਹੀਂ ਦਿੱਤਾ ਜਾਵੇਗਾ।

ਜਦੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਹੀ ਅਕਾਲੀ ਉਮੀਦਵਾਰਾਂ ਵਲੋਂ ਵੋਟਾਂ ਮੰਗਣ ਲਈ ਸਿਰਸਾ ਡੇਰਾ ਚ ਜਾਣ ਦੇ ਪੱਕੇ ਸਬੂਤ ਮੀਡੀਏ ਵਿੱਚ ਆ ਚੁੱਕੇ ਹਨ ਤੇ ਡੇਰੇ ਵਲੋਂ ਉਨ੍ਹਾਂ ਦੀ ਵੀਡੀਓ ਰੀਕਾਰਡਿੰਗ ਵੀ ਕੀਤੀ ਗਈ ਹੈ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਸੌਦਾ ਸਾਧ ਤਾਂ ਬਹੁਤ ਕੁਝ ਕਹਿੰਦਾ ਹੈ ਪਰ ਜੇ ਸ: ਬਾਦਲ ਜਾਂ ਸੁਖਬੀਰ ਸਮੇਤ ਕਿਸੇ ਸਿੱਖ ਉਮੀਦਵਾਰ ਵਲੋਂ ਵੋਟਾਂ ਲਈ ਸੌਦਾ ਸਾਧ ਦੇ ਡੇਰੇ ਤੇ ਜਾਣ ਦੇ ਪੱਕੇ ਸਬੂਤ ਮਿਲ ਜਾਣਗੇ ਤਾਂ ਉਨ੍ਹਾਂ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੇ ਪਹੁੰਚਣ ਤੇ ਸਿਰੋਪਾ ਨਹੀਂ ਦਿੱਤਾ ਜਾਵੇਗਾ। ਇਸ ਸਵਾਲ ਨੂੰ ਉਹ ਫਿਰ ਟਾਲ ਗਏ ਕਿ ਤੁਸੀਂ ਅਕਾਲੀ ਆਗੂਆਂ ਤੋਂ ਸਪਸ਼ਟੀਕਰਣ ਮੰਗੋਗੇ ਕਿ ਕੀ ਉਹ ਸਿਰਸਾ ਡੇਰਾ ਗਏ ਸਨ ਜਾਂ ਨਹੀਂ? ਇਸ ਦੇ ਜਵਾਬ ਚ ਗਿਆਨੀ ਨੰਦਗੜ੍ਹ ਨੇ ਕਿਹਾ ਕਿ ਜਿਸ ਤਰ੍ਹਾਂ ਚੋਣ ਕਮਿਸ਼ਨ ਨੇ ਪਾਬੰਦੀ ਲਾਈ ਹੈ ਕਿ ਕਿਸੇ ਵੀ ਧਾਰਮਕ ਸਥਾਨ ਤੇ ਜਾ ਕੇ ਉਮੀਦਵਾਰ ਵੋਟ ਨਹੀਂ ਮੰਗ ਸਕਦਾ ਇਸ ਤਰ੍ਹਾਂ ਡੇਰੇ ਵਿੱਚ ਵੋਟਾਂ ਮੰਗਣ ਜਾਣ ਵਾਲਿਆਂ ਤੇ ਵੀ ਚੋਣ ਜ਼ਾਬਤ ਲਾਗੂ ਹੋਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top