Share on Facebook

Main News Page

ਸਤਿਕਾਰ ਦੇ ਨਾਂ ਦੇ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ

ਸੱਚ ਦੀ ਚਾਹ ਰੱਖਣ ਵਾਲੇ ਹਰ ਸਿੱਖ ਨੂੰ ਇਹ ਚੇਤੇ ਰੱਖਣਾ ਜ਼ਰੂਰੀ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਸਤਿਕਾਰ ਇਸ ਵਿਚਲੇ ਸੁਨੇਹੇ (ਸਿਖਿਆਵਾਂ) ਨੂੰ ਜੀਵਨ ਵਿਚ ਧਾਰਨ ਕਰ ਲੈਣਾ ਹੈ। ਗੁਰਮਤਿ ਦੀ ਉਲੰਘਣਾ ਕਰਦੇ ਹੋਏ ਕਿਸੇ ਵੀ ਤਰੀਕੇ ਸਤਿਕਾਰ ਦਾ ਪ੍ਰਗਟਾਵਾ ਬੇਸ਼ਕ ਅੰਨ੍ਹੀ ਸ਼ਰਧਾ ਜਾਂ ਪਾਖੰਡ ਹੈ ਹੀ, ਜਿਸ ਲਈ ਨਾਨਕ ਫਲਸਫੇ ਵਿਚ ਕੋਈ ਥਾਂ ਨਹੀਂ ਹੈ। ਪਰ ਅਫਸੋਸ ! ਸਿੱਖ ਸਮਾਜ ਵਿਚ ਐਸੇ ‘ਸਤਿਕਾਰ’ ਦੀ ਤਾਂ ਭਰਮਾਰ ਹੈ, ਪਰ ਗੁਰਮਤਿ ਸਿੱਖਿਆਵਾਂ ਪ੍ਰਤੀ ਪਿਆਰ ਬਹੁਤ ਹੱਦ ਤੱਕ ਨਦਾਰਦ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗਰਮ ਸਰਦ ਰੁਮਾਲੇ, ਕਮਰੇ ਵਿਚ ਹੀਟਰ-ਕੂਲਰ ਦਾ ਪ੍ਰਬੰਧ, ਗੁਰਬਾਣੀ ਵਿਚਾਰ ਦੀ ਥਾਂ ਅਖੰਠ ਪਾਠਾਂ ਰੂਪੀ ਤੋਤਾ-ਰਟਨੀ ਦੀ ਪ੍ਰਧਾਨਤਾ ਆਦਿਕ ਐਸੇ ਅਨੇਕਾਂ ਹਵਾਲੇ ਅੰਨ੍ਹੀ ਸ਼ਰਧਾ ਦੇ ਸਬੂਤ ਵਜੋਂ ਦਿਤੇ ਜਾ ਸਕਦੇ ਹਨ।

‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਪ੍ਰਤੀ ਸਤਿਕਾਰ ਦੇ ਨਾਂ ਤੇ ਪਾਲੀ ਜਾ ਰਹੀ ਐਸੀ ਅੰਨ੍ਹੀ ਸ਼ਰਧਾ ਦੀ ਤਾਜ਼ੀ ਮਿਸਾਲ ‘ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ’ (ਬਲਬੀਰ ਸਿੰਘ ਮੁੱਛਲ ਜੀ) ਨਾਲ ਜੁੜੀ ਹੈ। ਆਈ ਖਬਰ ਅਨੁਸਾਰ ਮਸਲਾ ਕੁਝ ਸੱਜਣਾਂ ਵਲੋਂ ਗੁਰਬਾਣੀ ਦੇ ਕੁਝ ਗੁਟਕੇ ਥ੍ਰੀ ਵੀਲਰ ਵਿਚ ਲੈ ਜਾ ਰਹੇ ਸਨ ਅਤੇ ਉਹਨਾਂ ਨੇ ‘ਜੋੜੇ’ ਪਾਏ ਹੋਏ ਸਨ। ‘ਸਤਿਕਾਰ ਸਭਾ’ ਦੇ ਸੱਜਣਾਂ ਨੇ ਇਸ ਨੂੰ ‘ਗੁਰਬਾਣੀ ਦਾ ਨਿਰਾਦਰ’ ਮੰਨ ਕੇ ਉਹਨਾਂ ਸੱਜਣਾਂ ਨਾਲ ਤਕਰਾਰ ਸ਼ੁਰੂ ਕਰ ਦਿਤੀ , ਜੋ ਦੋਹਾਂ ਧਿਰਾਂ ਦੀ ਹਉਮੈ ਕਾਰਨ ਇਹ ਤਕਰਾਰ ਇਕ ਖੂਨੀ ਲੜਾਈ ਤੱਕ ਪਹੁੰਚ ਗਈ।

ਇਹਨਾਂ ਵੀਰਾਂ ਅਨੁਸਾਰ ਥ੍ਰੀ-ਵੀਲਰ ਵਿਚ ਲੈ ਜਾਣ ਅਤੇ ਜੁੱਤੀਆਂ ਪਾਉਣ ਕਾਰਨ ਨਿਰਾਦਰ ਹੋਇਆ ਅਤੇ ਮਰਿਯਾਦਾ ਦਾ ਉਲੰਘਣ ਹੋਇਆ। ਐਸੀ ਹੀ ਮਰਿਯਾਦਾ ਅਨੁਸਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਰੂਪ ਲੈ ਜਾਣ ਵੇਲੇ ਜੋੜੇ ਉਤਾਰ ਲੈਣੇ ਚਾਹੀਦੇ ਹਨ (ਸਤਿਕਾਰ ਵਜੋਂ)। ਪਰ ਕੋਈ ਆਮ ਸੂਝ ਵਾਲਾ (ਅੰਨ੍ਹੀ ਸ਼ਰਧਾ ਤੋਂ ਰਹਿਤ) ਮਨੁੱਖ ਵੀ ਜਾਣਦਾ ਹੈ ਕਿ ਮਿੱਟੀ-ਘੱਟੇ ਭਰਪੂਰ ਰਸਤਿਆਂ ਵਿਚ ਨੰਗੇ ਪੈਰ ਤੁਰਨ ਨਾਲੋਂ ਜੋੜੇ ਪਾ ਕੇ ਤੁਰਨਾ ਜ਼ਿਆਦਾ ਸਹੀ ਹੈ। ਐਸੇ ‘ਸਤਿਕਾਰ’ /ਸ਼ਰਧਾ ਨੂੰ ਗਲਤ ਦਸਦੇ ਹੋਏ ਗੁਰਬਾਣੀ ਸਮਝਾਉਂਦੀ ਹੈ (ਜੇ ਅਸੀਂ ਅਖੌਤੀ ਸਤਿਕਾਰ ਦਾ ਵਿਖਾਵਾ ਕਰਨ ਦੀ ਥਾਂ ਸਮਝਣ ਦੀ ਰੂਚੀ ਰੱਖਦੇ ਹੋਈਏ ਤਾਂ)

ਪਗ ਉਪੇਤਾਣਾ ਅਪਣਾ ਕੀਆ ਕਮਾਣਾ ॥(ਪੰਨਾ 467)

ਜਿਥੋਂ ਤੱਕ ਗੱਲ ਗੁਟਕੇ/ਧਾਰਮਿਕ ਪੁਸਤਕਾਂ ‘ਥ੍ਰੀ-ਵੀਲਰ’ ਵਿਚ ਲੈ ਜਾਣ ਦੀ ਗੱਲ ਹੈ ਤੇ ਇਹ ਮਸਲਾ ਵੀ ਨਿਰੋਲ ਸਤਿਕਾਰ ਦੀ ਥਾਂ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ ਹੈ। ਗੱਡੀਆਂ ਤਾਂ 100-150 ਸਾਲ ਪਹਿਲਾਂ ਹੀ ਚੱਲੀਆਂ ਹਨ। ਇਸ ਤੋਂ ਪਹਿਲਾਂ ਤਾਂ ਸਭ ਕੁਝ ਖੱਚਰਾਂ/ਘੋੜਿਆਂ/ਉਂਟਾਂ ਆਦਿ ਤੇ ਹੀ ਲੱਦ ਕੇ ਜਾਂਦਾ ਸੀ। ਅੱਜ ਵੀ ਅਨੇਕਾਂ ਧਾਰਮਿਕ ਰਸਾਲੇ/ਮੈਗਜ਼ੀਨਾਂ/ਅਖਬਾਰਾਂ ਜਿਹਨਾਂ ਵਿਚ ‘ਗੁਰਬਾਣੀ’ ਛਪੀ ਹੁੰਦੀ ਹੈ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿਚ ਕਿਵੇਂ ਪਹੁੰਚਦੇ ਹਨ, ਕਿਸੇ ਤੋਂ ਛੁਪਿਆ ਨਹੀਂ ਹੈ। ਪਰ ਧਰਮ ਨੇ ਨਾਂ ਤੇ ਪੈਦਾ ਕੀਤੀ ਗਈ ਇਸ ਅਖੌਤੀ ਸ਼ਰਧਾ/ਸਤਿਕਾਰ ਦਾ ਇਕ ਮਕਸਦ ਆਮ ਲੋਕਾਈ ਨੂੰ ‘ਬੇਅਦਬੀ’ ਹੋ ਜਾਣ ਦੇ ਡਰ ਤੋਂ ਸੱਚ ਦੇ ਸੁਨੇਹੇ (ਗਿਆਨ) ਤੋਂ ਵਾਂਝਿਆਂ ਰੱਖਣਾ ਸੀ। ਸਿੱਖ ਸਮਾਜ ਵਿਚ ਵੀ ਇਸ ਤਰਾਂ ਹੋ ਰਿਹਾ ਹੈ। ‘ਬੇਅਦਬੀ’ ਦੇ ਡਰ ਤੋਂ ਲੋਕਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਦੀ ਥਾਂ ਇਸਦਾ ਠੇਕਾ ਭਾੜੇ ਦੇ ਭਾਈਆਂ (ਪੁਜਾਰੀਆਂ) ਨੂੰ ਦੇ ਰੱਖਿਆ ਹੈ (ਵਿਰਲਿਆਂ ਨੂੰ ਛੱਡ ਕੇ)। ਜੇ ਘਰ ਪਾਠ ਰਖਵਾਇਆ ਹੋਵੇ ਤਾਂ ਪਰਿਵਾਰ ਵਾਲਿਆਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੁੰਦੀ ਕਿ ਪਾਠ ਨੂੰ ਸਮਝਣਾ/ਵਿਚਾਰਨਾ ਵੀ ਹੈ, ਹਾਂ ਇਤਨਾ ਧਿਆਨ ਜ਼ਰੂਰ ਰਹਿੰਦਾ ਹੈ ਕਿ “ਪਾਠੀ ਸੌਂ ਤਾਂ ਨਹੀਂ ਗਿਆ, ਅਗਰਬਤੀ ਲਾਈ ਹੈ ਜਾਂ ਨਹੀਂ, ਰੁਮਾਲਾ ਅਤੇ ਚੰਦੋਆ ਸੋਹਣਾ ਹੈ ਜਾਂ ਨਹੀਂ ਆਦਿ ਆਦਿ”। ਕਿਉਂਕਿ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਇਸ ਤਰਾਂ ਕਰਨ ਨਾਲ ਸਤਿਕਾਰ ਵੱਧ ਹੁੰਦਾ ਹੈ।

ਜੇ ਅਸੀਂ ਅਖੌਤੀ ਸਤਿਕਾਰ ਦੇ ਨਾਂ ਤੇ ‘ਗੁਰਬਾਣੀ ਛਪੀ’ ਹੋਣ ਦੀ ਸ਼ਰਤ ਲਾ ਕੇ, ਹਰ ਪੁਸਕਤ/ਰਸਾਲੇ/ਅਖਬਾਰ ਤੇ ਇਹ ਮਰਿਯਾਦਾ ਠੋਸ ਦੇਵਾਂਗੇ ਕਿ ਇਸ ਨੂੰ ‘ਪੰਜ ਸਿੰਘਾਂ’ ਦੀ ਹਜ਼ੂਰੀ ਵਿਚ ਵੱਡੀ ਗੱਡੀ ਵਿਚ ਸਜਾ ਕੇ ਹੀ ਲੈ ਜਾਣਾ ਵਾਜਿਬ ਹੈ ਤਾਂ ਇਸ ਤਰਾਂ ਜੋ ਥੋੜਾ ਬਹੁਤ ‘ਗੁਰਬਾਣੀ ਸੰਦੇਸ਼’ ਦੁਨੀਆਂ ਤੱਕ ਪਹੁੰਚ ਰਿਹਾ ਹੈ, ਉਹ ਵੀ ਬੰਦ ਹੋ ਜਾਵੇਗਾ। ਵੈਸੇ ਤਾਂ ਐਸੇ ‘ਸਤਿਕਾਰ ਅਤੇ ਮਰਿਯਾਦਾ’ ਨੇ ਪਹਿਲਾਂ ਹੀ ਗੁਰਬਾਣੀ ਦੇ ਪ੍ਰਸਾਰ ਨੂੰ ਸੀਮਿਤ ਕਰ ਕੇ ਰੱਖਿਆ ਹੋਇਆ ਹੈ। ਐਸੇ ਅਖੌਤੀ ਸਤਿਕਾਰ ਅਤੇ ਮਰਿਯਾਦਾ ਦਾ ਰਾਗ ਅਲਾਪਨ ਵਾਲਿਆਂ ਦਾ ਵੱਸ ਚਲੇ ਤਾਂ ਇਹ ਕੰਪਿਊਟਰਾਂ ੳੁੱਪਰ ਵੀ ਚੰਦੋਆ ਤਨਵਾ ਦੇਣ ਕਿਉਂਕਿ ਕੰਪਿਊਟਰ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਪੂਰਨ ਸਰੂਪ ਹੋਣਾ ਅੱਜ ਕਲ ਆਮ ਹੋ ਗਿਆ ਹੈ। ਗੁਰਬਾਣੀ ਅੱਖਰਾਂ/ਪਤਰਿਆਂ ਨੂੰ ‘ਗੁਰੂ’ ਦੇ ਅੰਗ ਮੰਨਣ ਵਾਲੇ ਐਸੇ ਸੱਜਣਾਂ ਲਈ ਤਾਂ ‘ਗੁਰਬਾਣੀ ਰਿਸਰਚਰ’ ਰਾਹੀਂ ਗੁਰਬਾਣੀ ਖੋਜ ਕੇ ਪੜਣਾ ਵੀ ‘ਗੁਰੂ’ ਦੀ ਚੀਰ-ਫਾੜ ਕਰਨਾ ਹੀ ਹੋਵੇਗਾ। ਪਰ ਇਹੀ ਗੁਰਬਾਣੀ ਜਦੋਂ ਅਖਬਾਰਾਂ/ਰਸਾਲਿਆਂ ਰਾਹੀਂ ਡਾਕਖਾਨਿਆਂ ਰਾਹੀਂ ਥਾਂ-ਥਾਂ ਪਹੁੰਚਦੀ ਹੈ ਤਾਂ ਇਹ ਕੈਸੇ ਹੱਥਾਂ ਵਿਚੋਂ, ਕੈਸੇ ਹਾਲਾਤਾਂ ਵਿਚੋਂ ‘ਗੁਜਰਦੀ’ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਫੇਰ ਤਾਂ ਚਾਹੀਦਾ ਹੈ ਐਸੇ ਹਰ ਅਖਬਾਰ/ਰਸਾਲੇ ਨਾਲ ‘ਪੰਜ ਸਿੰਘ’ ਭੇਜ ਦਿਤੇ ਜਾਣ (ਨੰਗੇ ਪੈਰ, ਵੱਡੀ ਗੱਡੀ ਵਿਚ) ਤਾਂ ਕਿ ‘ਗੁਰੂ’ ਦਾ ਪੂਰਨ ਸਤਿਕਾਰ ਹੋ ਸਕੇ। ਵੈਸੇ ਵੀ ਸਿੱਖ ਕੌਮ ਕੌਲ ਅਖੌਤੀ ਸ਼ਰਧਾ ਅਤੇ ਸਤਿਕਾਰ ਦੇ ਨਾਂ ਤੇ ਪੈਸਾ ਖਰਚ ਕਰਨ ਨੂੰ ਵਾਧੂ ਹੈ (ਹਾਂ ਇਸ ਦਾ ਲੋੜਵੰਦ ਤਬਕਾ ਹਰ ਥਾਂ ਮੁਹਤਾਜ ਹੈ)।

ਜੇ ਬਾਬਾ ਨਾਨਕ ਜੀ ਅੱਜ ਵਿਚਰ ਰਹੇ ਹੁੰਦੇ ਤਾਂ ਇਨ੍ਹਾਂ ‘ਸਤਿਕਾਰੀਆਂ’ ਨੇ ਉਹਨਾਂ ਨੂੰ ਵੀ ਤਨਖਾਹੀਆ ਕਰਾਰ ਦੇ ਕੇ ਮਰਿਯਾਦਾ ਦਾ ਪਾਠ ਪੜ੍ਹਾਉਂਦੇ ਹੋਏ ਸ਼ਾਇਦ ਮਾਰ-ਕੁੱਟ ਵੀ ਕਰ ਦੇਣੀ ਸੀ, ਕਿਉਂਕੀ ਬਾਬਾ ਨਾਨਕ ਤਾਂ ਲੋਕਾਈ ਤੱਕ ਸੱਚ ਪਹੁੰਚਾਨ ਲਈ ‘ਗੁਰਬਾਣੀ’ ਦੇ ਲਿਖਤੀ ਰੂਪ ਨੂੰ ‘ਕੱਛ’ ਵਿਚ ਲੈ ਕੇ ਫਿਰਦੇ ਸੀ (ਆਸਾ ਹਥਿ ਕਿਤਾਬ ਕਛਿ - ਭਾਈ ਗੁਰਦਾਸ ਜੀ ਦੀ ਮੰਨੀ ਜਾਂਦੀ ਵਾਰਾਂ ਦੀ ਪ੍ਰਚਲਿਤ ਵਿਆਖਿਆ ਅਨੁਸਾਰ)।

ਪਿੱਛਲੇ ਦਿਨੀਂ ਇੰਟਰਨੈਟ ਤੇ ਐਸੇ ਵੀਡੀਉ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਇਹਨਾਂ ਅਖੌਤੀ ‘ਸਤਿਕਾਰੀਆਂ’ (ਸਿੰਘਾਂ) ਨੇ ਕਈਂ ਲੋਕਾਂ ਦੀ ਅਨਮਨੁੱਖੀ ਕੁੱਟ-ਮਾਰ ਇਸ ਲਈ ਕੀਤੀ ਕਿ ਉਹਨਾਂ ਨੇ ਬੇਅਦਬੀ ਕੀਤੀ। ਇਸ ਤਰਾਂ ਉਹਨਾਂ ਨੇ ‘ਸਿੰਘਾਂ’ ਦਾ ਅਕਸ ਕਬੀਲਾ ਯੁਗ (ਤਾਲਿਬਾਣੀ) ਦੇ ਬੁਰਛਾ-ਗਰਦਾਂ ਵਾਂਗੂ ਹੀ ਪੇਸ਼ ਕੀਤਾ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਨਾਨਕ ਸਰੂਪਾਂ ਨੇ ‘ਗੁਰਬਾਣੀ’ ਦੀ ਰਚਨਾ ਮਨੁੱਖਤਾ ਲਈ ਕੀਤੀ ਸੀ, ਸੋ ਅਖੌਤੀ ਸਤਿਕਾਰ ਦੇ ਨਾਂ ਦੇ ‘ਮਾਨਵੀ ਕਦਰਾਂ ਕੀਮਤਾਂ ਦਾ ਕਤਲ’ ਕਰਨ ਦੀ ਪ੍ਰਵਿਰਤੀ ਹੋਰ ਭਾਂਵੇ ਕੁਝ ਵੀ ਹੋਵੇ, ਗੁਰਮਤਿ ਨਹੀਂ ਹੋ ਸਕਦੀ। ਸਤਿਕਾਰ ਕਮੇਟੀ ਦੇ ਸੱਜਣਾਂ ਸਮੇਤ ਐਸੇ ਸਤਿਕਾਰ ਦੀ ਦੁਹਾਈ ਪਾਉਣ ਵਾਲੇ ਹਰ ਸ਼ਖਸ ਨੂੰ ‘ਦਰਬਾਰ ਸਾਹਿਬ’ ਕੰਪਲੈਕਸ ਸਮੇਤ ਬਹੁਤਾਤ ਗੁਰਦੁਆਰਿਆਂ ਵਿਚ ਅਖੰਡ ਪਾਠਾਂ, ਲੜੀਆਂ ਆਦਿ ਦੇ ਰੂਪ ਵਿਚ ਹੋ ਰਹੀ ਗੁਰਬਾਣੀ ਦੀ ਅਸਲ ਨਿਰਾਦਰੀ ਕਿਉਂ ਨਜ਼ਰ ਨਹੀਂ ਆਉਂਦੀ? ਉਸ ਬਾਰੇ ਤਾਂ ਇਹਨਾਂ ਦਾ ਰੋਸ ਕਦੀ ਸੁਨਣ ਵਿਚ ਨਹੀਂ ਆਇਆ?

ਉਪਰੋਕਤ ਵਿਚਾਰ ਦਾ ਸਾਰ ਹੈ ਕਿ ਗੁਰਬਾਣੀ ਦਾ ਅਸਲ ਸਤਿਕਾਰ ਇਸ ਦੀ ਸਿੱਖਿਆਵਾਂ ਨੂੰ ਜੀਵਨ ਵਿਚ ਧਾਰਨ ਕਰਨ ਅਤੇ ਅੱਗੇ ਪ੍ਰਚਾਰਨ ਦਾ ਸੁਹਿਰਦ ਜਤਨ ਹੀ ਹੈ। ਇਸ ਨੁਕਤੇ ਨੂੰ ਅੱਖੋ-ਪਰੋਖੇ ਕਰਕੇ ਸਤਿਕਾਰ ਦੇ ਨਾਂ ਤੇ ਕੀਤਾ ਗਿਆ ਕੁਝ ਵੀ ਵਿਖਾਵਾ ਅੰਨ੍ਹੀ ਸ਼ਰਧਾ ਅਤੇ ਪਾਖੰਡ ਹੀ ਹੈ। ਪੰਥਦਰਦੀਆਂ ਲਈ ਇਹ ਵਿਚਾਰਨ ਦਾ ਵੇਲਾ ਵੀ ਹੈ ਕਿ ਕੀ ਸਤਿਕਾਰ ਦੇ ਨਾਂ ਤੇ ਪ੍ਰਚਾਰੀ ਜਾਂਦੀ ਰਹੀ ਇਹ ਮਰਿਯਾਦਾ ਆਮ ਲੋਕਾਈ ਨੂੰ ਗੁਰਬਾਣੀ ਤੋਂ ਦੂਰ ਰੱਖਣਾ ਦਾ ਇਕ ਜਤਨ/ਸਾਜਿਸ਼ ਨਹੀਂ ਸੀ। ਇਹੀ ਮਰਿਯਾਦਾ ਸਿੱਖ ਸਮਾਜ ਵਿਚ ਪੁਜਾਰੀ ਸ਼੍ਰੇਣੀ ਪੈਦਾ ਕਰਨ ਦਾ ਇਕ ਵੱਡਾ ਕਾਰਨ ਵੀ ਬਣੀ। ਇਥੇ ਗੱਲ ਸਿਰਫ ਸ਼੍ਰੋਮਣੀ ਕਮੇਟੀ ਜਾਂ ‘ਸਤਿਕਾਰ ਸਭਾ’ ਦੀ ਨਹੀਂ, ਇਕ ਗੰਭੀਰ ਵਿਚਾਰ ਦੀ ਹੈ। ਸੋ ਕਿਸੇ ਗੱਲ ਨੂੰ ਬਿਨਾਂ ਵਿਚਾਰੇ, ਸਿਰਫ ਇਸ ਕਰਕੇ ਹੱਕ ਵਿਚ ਬਿਆਨ ਦੇ ਦੇਣਾ ਕਿ ਇਹ ਗੱਲ ਕਿਉਂਕਿ ਭ੍ਰਿਸ਼ਟ ਸ਼੍ਰੋਮਣੀ ਕਮੇਟੀ ਨਾਲ ਜੁੜੀ ਹੈ, ਸਿਆਣਪ ਅਤੇ ਦੂਰ-ਅੰਦੇਸ਼ੀ ਨਹੀਂ ਕਹੀ ਜਾ ਸਕਦੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਕਮੇਟੀ ਮਹਾਂ-ਭ੍ਰਿਸ਼ਟ ਹੈ ਅਤੇ ਸਤਿਕਾਰ ਸਭਾ ਦੀ ਆਪ-ਹੁਦਰੀਆਂ ਦਾ ਵਿਰੋਧ ਇਸ ਵਲੋਂ ਕੁਝ ਸੁਧਾਰ ਲਈ ਨਹੀਂ, ਬਲਕਿ ਅਪਣੀ ਨਿੱਜੀ ਹਉਮੈ ਕਾਰਨ ਹੀ ਕੀਤਾ ਗਿਆ ਹੈ। ਇਸਦਾ ਵੱਡਾ ਸਬੂਤ ਇਹ ਹੈ ਕਿ ਸਤਿਕਾਰ ਸਭਾ ਵਲੋਂ ਕਈਂ ਵਾਰ ਪਹਿਲਾਂ ਵੀ ਐਸੀਆਂ ਆਪ-ਹੁਦਰੀਆਂ ਕਰਨ ਦੀ ਕਨਸੋਆਂ ਮਿਲਦੀਆਂ ਰਹੀਆਂ ਹਨ (ਪਿੱਛਲੇ ਦਿਨੀ ‘ਦਰਬਾਰ ਸਾਹਿਬ’ ਪ੍ਰਕਰਮਾ ਵਿਚ ਇਕ ਬੰਦੇ ਨੂੰ ਮੁੰਹ ਕਾਲਾ ਕਰ ਕੇ ਘੁਮਾਉਣ ਦੀ ਮਿਸਾਲ ਆਦਿ) ਪਰ ਉਸ ਸਮੇਂ ਤੱਕ ਸ਼੍ਰੋਮਣੀ ਕਮੇਟੀ ਨੇ ਕੋਈ ਅਵਾਜ਼ ਨਹੀਂ ਉਠਾਈ, ਪਰ ਹੁਣ ਜਦ ਹੱਥ ਅਪਣੇ ਗਲੇ ਤੱਕ ਪਹੁੰਚਿਆਂ ਤਾਂ ਹਉਮੈ ਨੂੰ ਸੱਟ ਵੱਜੀ। ਸਾਡੇ ਵਿਚ ਕਿਸੇ ਸ਼ਖਸੀਅਤ ਜਾਂ ਸੰਸਥਾ ਨਾਲ ਨੁਕਤੇ ਨੂੰ ਜੋੜ ਕੇ ਵੇਖਣ ਦੀ ਪ੍ਰਵਿਰਤੀ ਭਾਰੂ ਹੈ, ਸੋ ਸਹੀ ਸਟੈਂਡ ਲੈ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਕਾਸ਼! ਸਾਡੇ ਵਿਚ ਸ਼ਖਸੀਅਤ ਜਾਂ ਸੰਸਥਾ ਦੀ ਥਾਂ ‘ਸਿਧਾਂਤ ਅਤੇ ਦਲੀਲ’ ਵੱਲ ਵੇਖ ਕੇ ਸਟੈਂਡ ਲੈਣ ਦੀ ਸਮਰੱਥਾ ਅਤੇ ਇੱਛਾ ਪੈਦਾ ਹੋ ਸਕੇ ਤਾਂ ਹੀ ਅਸੀਂ ਗੁਰਮਤਿ ਅਨੁਸਾਰੀ ਸਟੈਂਡ ਲੈਣ ਦੇ ਕਾਬਿਲ ਹੋ ਸਕਾਂਗੇ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top