Share on Facebook

Main News Page

ਵੋਟ ਨੀਤੀ ਅਧੀਨ ਸੌਦਾ ਸਾਧ ਵਿਰੁਧ ਬਠਿੰਡਾ ਪੁਲਿਸ ਵਲੋਂ ਕੇਸ ਵਾਪਸ ਲੈਣ ਦੀ ਕਹਾਣੀ ਨੇ ਲਿਆ ਨਵਾਂ ਮੋੜ

* ਉਪਰਲੇ ਪੱਧਰ ਦੇ ਆਗੂਆਂ ਦਾ ਵੋਟਾਂ ਲਈ ਸੌਦਾ ਸਾਧ ਨਾਲ ਕੋਈ ਸਮਝੌਤਾ ਹੋਇਆ ਹੋਵੇਗਾ, ਪਰ ਮੇਰਾ ਪਰ ਮੈਂ ਕੇਸ ਵਾਪਸ ਲੈਣ ਲਈ ਕੋਈ ਹਲਫੀਆ ਬਿਆਨ ਨਹੀਂ ਦਿੱਤਾ: ਸਿੱਧੂ
* ਸਿੱਧੂ ਦੇ ਨਾਮ ਤੇ ਝੂਠਾ ਹਲਫੀਆ ਬਿਆਨ ਦੇ ਕੇ ਅਦਾਲਤ ਨੂੰ ਗੁੰਮਰਾਹ ਕਰਨ ਵਾਲੇ ਤੇ ਕੇਸ ਦਰਜ ਕੀਤਾ ਜਾਵੇ: ਭਾਈ ਸਿਰਸਾ
* ਸਿਆਸੀ ਪਾਰਟੀਆਂ ਤਾਂ ਵੋਟ ਰਾਜਨੀਤੀ ਅਧੀਨ ਸੌਦਾ ਸਾਧ ਨੂੰ ਕਨੂੰਨੀ ਸਿਕੰਜੇ ਤੋਂ ਬਚਾਉਣ ਲਈ ਕਾਹਲੀਆਂ ਹਨ ਪਰ ਅਦਾਲਤ ਨੂੰ ਤਾਂ ਇਨਸਾਫ ਕਰਨਾ ਚਾਹੀਦਾ ਹੈ: ਬਾਬਾ ਹਰਦੀਪ ਸਿੰਘ

ਬਠਿੰਡਾ, 4 ਫਰਵਰੀ (ਕਿਰਪਾਲ ਸਿੰਘ): ਅਕਾਲੀ ਦਲ ਦੇ ਉਪਰਲੇ ਪੱਧਰ ਦੇ ਆਗੂਆਂ ਦਾ ਵੋਟਾਂ ਲਈ ਸੌਦਾ ਸਾਧ ਨਾਲ ਕੋਈ ਸਮਝੌਤਾ ਹੋਇਆ ਹੋਵੇਗਾ ਪਰ ਮੈਂ ਇਸ ਕੇਸ ਨੂੰ ਵਾਪਸ ਲੈਣ ਲਈ ਨਾ ਕੋਈ ਦਰਖਾਸਤ ਦਿੱਤੀ ਹੈ ਅਤੇ ਨਾ ਹੀ ਕੋਈ ਹਲਫੀਆ ਬਿਆਨ ਦਿੱਤਾ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਚੀਫ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਅੱਜ ਮਾਨਯੋਗ ਚੀਫ ਜੁਡੀਸ਼ਲ ਮੈਜਿਸਟ੍ਰੇਟ ਸ਼੍ਰੀ ਹਰਜੀਤ ਸਿੰਘ ਦੀ ਅਦਾਲਤ ਵਿੱਚ ਬਿਆਨ ਦੇਣ ਉਪ੍ਰੰਤ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਹੋ ਸਕਦਾ ਹੈ ਕਿ 2007 ਵਿੱਚ ਕੇਸ ਦਰਜ ਕਰਨ ਸਮੇਂ ਪੁਲਿਸ ਨੇ ਮੈਥੋਂ ਕੁਝ ਵਾਧੂ ਕਾਗਜਾਂ ਤੇ ਦਸਤਖਤ ਕਰਵਾ ਕੇ ਰੱਖੇ ਹੋਣ ਤੇ ਉਸ ਨੂੰ ਹੁਣ ਕੇਸ ਵਾਪਸ ਲੈਣ ਲਈ ਵਰਤ ਲਿਆ ਹੋਵੇ। ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰਵਾਉਣ ਸਮੇਂ ਵੀ ਮੈਂ ਇਹੀ ਗੱਲ ਲਿਖਾਈ ਸੀ ਕਿ ਉਨ੍ਹਾਂ ਨੇ ਅਖਬਾਰਾਂ ਵਿੱਚ ਖਬਰਾਂ ਅਤੇ ਸੌਦਾ ਡੇਰਾ ਸਿਰਸਾ ਵਲੋਂ ਛਪਵਾਏ ਇਸ਼ਤਿਹਾਰ ਪੜ੍ਹਨ ਉਪ੍ਰੰਤ ਕੇਸ ਦਰਜ ਕਰਵਾ ਰਿਹਾ ਹਾਂ। ਬਾਅਦ ਵਿੱਚ ਪੁਲਿਸ ਵਲੋਂ ਕਿਹਾ ਗਿਆ ਕਿ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰਣ ਦੀ ਘਟਨਾ ਤੁਸੀ ਅੱਖੀਂ ਨਹੀਂ ਵੇਖੀ ਇਸ ਲਈ ਅਦਾਲਤ ਵਿੱਚ ਇਹ ਕੇਸ ਜਿੱਤਣਾ ਮੁਸ਼ਕਲ ਹੈ।

ਸ: ਸਿੱਧੂ ਨੇ ਕਿਹਾ ਕਿ ਮੈਂ ਉਸ ਸਮੇਂ ਸੌਦਾ ਡੇਰਾ ਵਲੋਂ ਅਖਬਾਰ ਵਿੱਚ ਛਪਵਾਏ ਇਸ਼ਤਿਹਾਰ ਦੀ ਕਾਪੀ ਅਤੇ ਇਸ ਦਾ ਬਿੱਲ ਆਪਣੀ ਸ਼ਿਕਾਇਤ ਨਾਲ ਨੱਥੀ ਕੀਤਾ ਸੀ। ਜਦੋਂ ਡੇਰੇ ਵਲੋਂ ਇਸ ਇਸ਼ਤਿਹਾਰ ਦਾ 90,000 ਰੁਪਏ ਦੇ ਬਿੱਲ ਦਾ ਭੁਗਤਾਨ ਕੀਤਾ ਗਿਆ ਹੈ ਤਾਂ ਉਹ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਇਹ ਘਟਨਾ ਵਾਪਰੀ ਹੀ ਨਹੀਂ ਸੀ ਜਾਂ ਗੁਰਮੀਤ ਰਾਮ ਰਹੀਮ ਨੇ ਗੁਰੂ ਸਾਹਿਬ ਦੀ ਨਕਲ ਨਹੀਂ ਸੀ ਕੀਤੀ। ਇਸ ਲਈ ਇਸ ਕੇਸ ਨੂੰ ਕਮਜੋਰ ਕਹਿਣਾ ਗਲਤ ਹੈ। ਸ: ਸਿੱਧੂ ਨੇ ਕਿਹਾ ਇਹ ਹੀ ਬਿਆਨ ਅੱਜ ਮੈਂ ਅਦਾਲਤ ਵਿੱਚ ਦੇ ਕੇ ਮੰਗ ਕੀਤੀ ਸੀ ਕੇਸ ਵਾਪਸ ਨਾ ਕੀਤਾ ਜਾਵੇ ਤੇ ਇਸ ਤੇ ਕਾਰਵਾਈ ਜਾਰੀ ਰੱਖੀ ਜਾਵੇ। ਅਗਲੀ ਸੁਣਵਾਈ ਲਈ ਅਦਾਲਤ ਵਲੋਂ 11 ਫਰਵਰੀ ਦੀ ਤਰੀਕ ਪਾ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਜੇ ਉਨ੍ਹਾਂ ਨੇ ਮਈ 2011 ਵਿੱਚ ਇਸ ਕੇਸ ਦਾ ਚਲਾਨ ਪੇਸ਼ ਕਰਨ ਲਈ ਇਸਤਗਾਸਾ ਨਾ ਪਾਇਆ ਹੁੰਦਾ ਅਤੇ ਸਾਡੇ ਦਲ ਅਤੇ ਖ਼ਾਲਸਾ ਐਕਸ਼ਨ ਕਮੇਟੀ ਵਲੋਂ ਲੰਬੀ ਲੜਾਈ ਨਾ ਲੜੀ ਹੁੰਦੀ ਤਾਂ ਬਾਦਲ ਦਲ ਨੇ ਕਦੋਂ ਦਾ ਵੋਟਾਂ ਦੇ ਲਾਲਚ ਅਧੀਨ ਇਸ ਕੇਸ ਨੂੰ ਵਾਪਸ ਲੈ ਕੇ ਸਿੱਖ ਕੌਮ ਨੂੰ ਨੀਚਾ ਵਿਖਾ ਦੇਣਾ ਸੀ। ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਕਿ ਸਿਆਸੀ ਪਾਰਟੀਆਂ ਤਾਂ ਵੋਟ ਰਾਜਨੀਤੀ ਅਧੀਨ ਸੌਦਾ ਸਾਧ ਵਰਗੇ ਸਮਾਜ ਵਿਰੋਧੀ ਅਨਸਰ, ਜਿਹੜਾ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਉਣ ਤੇ ਪੰਜਾਬ ਵਿੱਚ ਹਿੰਸਕ ਘਟਨਾਵਾਂ ਦਾ ਦੋਸ਼ੀ ਹੋਣ ਤੋਂ ਇਲਾਵਾ ਕਈ ਕਤਲਾਂ ਅਤੇ ਬਲਾਤਕਾਰਾਂ ਦਾ ਵੀ ਦੋਸ਼ੀ ਹੈ, ਨੂੰ ਕਨੂੰਨੀ ਸਿਕੰਜੇ ਤੋਂ ਬਚਾਉਣ ਲਈ ਕਾਹਲੀਆਂ ਹਨ, ਪਰ ਅਦਾਲਤ ਨੂੰ ਤਾਂ ਇਨਸਾਫ ਕਰਨਾ ਚਾਹੀਦਾ ਹੈ। ਬਾਬਾ ਹਰਦੀਪ ਸਿੰਘ ਨੇ ਕਿਹਾ ਜਦੋਂ ਸਰਕਾਰਾਂ ਤੋਂ ਬਾਅਦ ਅਦਾਲਤਾਂ ਵੀ ਪੀੜਤ ਵਰਗ ਨੂੰ ਇਨਸਾਫ ਨਾ ਦੇਣ ਤਾਂ ਪੀੜਤ ਕੌਮ ਹਿੰਸਾ ਦੇ ਰਾਹ ਪੈ ਜਾਣ ਲਈ ਮਜ਼ਬੂਰ ਹੋ ਜਾਂਦੀ ਹੈ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜੇ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਸਿੱਧੂ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ ਕਿ ਉਨ੍ਹਾਂ ਕੇਸ ਵਾਪਸ ਲੈਣ ਲਈ ਕੋਈ ਦਰਖਾਸਤ ਜਾਂ ਹਲਫੀਆ ਬਿਆਨ ਨਹੀਂ ਦਿੱਤਾ ਤਾਂ ਅਦਾਲਤ ਨੂੰ ਇਸ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਨਾਮ ਤੇ ਝੂਠਾ ਹਲਫੀਆ ਬਿਆਨ ਜਾਂ ਦਰਖਾਸਤ ਕਿਸ ਨੇ ਦਿੱਤੀ ਹੈ। ਭਾਈ ਸਿਰਸਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਹਦਾਇਤ ਤੇ ਪੁਲਿਸ ਨੇ ਸ: ਸਿੱਧੂ ਦੇ ਨਾਮ ਤੇ ਝੂਠਾ ਹਲਫੀਆ ਬਿਆਨ ਦੇ ਕੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ ਇਸ ਲਈ ਉਨ੍ਹਾਂ ਵਿਰੁਧ ਵੀ ਕਾਰਵਾਈ ਕਰਨੀ ਬਣਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top