Share on Facebook

Main News Page

ਲੋਕੀ ਕੰਮ ਬੰਦ ਕਰਕੇ ਸੁਨਣ ਲਈ ਆਉਂਦੇ ਹਨ ਧੂੰਦਾ ਜੀ ਨੂੰ

ਪ੍ਰੋਫੇਸਰ ਸਰਬਜੀਤ ਸਿੰਘ ਜੀ ਦੇ ਗੁਰਦੁਆਰਾ ਸਿੰਘ ਸਭਾ, ਸਰੀ ਵਿਖੇ ਕਥਾ ਦੇ ਦੀਵਾਨ ਵਿਚ ਮੈਂ ਵੀ ਰਾਤ ਦੇ ਦੀਵਾਨ ਵਿਚ ਕਥਾ ਸੁਨਣ ਗਿਆ ਸੀ। ਜਦੋਂ ਗੁਰਦੁਆਰਾ ਸਾਹਿਬ ਜੀ ਦੀ ਪਾਰਕਿਂਗ ਵੇਖੀ ਤਾਂ ਕਿਤੇ ਵੀ ਥਾਂ ਨਹੀਂ ਸੀ ਗੱਡੀ ਪਾਰਕ ਕਰਨ ਨੂੰ। ਮੈਂਨੂੰ ਇਕ ਸੱਜਣ ਸਰਦਾਰ ਗੁਰਦੇਵ ਸਿੰਘ ਜੀ ਕੰਗ ਮਿਲੇ ਮੈਂ ਕਿਹਾ ਜੀ ਪਾਰਕਿੰਗ ਲਈ ਤਾਂ ਥਾਂ ਵੀ ਨਹੀਂ ਹੈ। ਉਹ ਕਹਿਣ ਲੱਗੇ ਜਦੋਂ ਕੋਈ ਗੁਰੂ ਦੀਆਂ ਸੱਚੀਆਂ ਗੱਲਾਂ ਸੁਣਾਉਂਦਾ ਹੈ ਫੇਰ ਤਾਂ ਸੰਗਤ ਸੁਨਣ ਆਉਂਦੀ ਹੀ ਹੈ। ਉਨ੍ਹਾਂ ਦੱਸਿਆ ਕਿ ਮੈਂ ਆਪਣੇ ਕੰਮ ਦੇ ਤਿੰਨ ਘੰਟੇ ਛੱਡ ਕੇ ਕਥਾ ਸੁਨਣ ਲਈ ਆਇਆ ਹਾਂ। ਉਹ ਕਹਿਣ ਲੱਗੇ ਕਿ ਸੰਗਤ ਬਹੁਤ ਪਿਆਰ ਨਾਲ ਸੁਣਦੀ ਹੈ, ਧੂੰਦਾ ਜੀ ਨੂੰ। ਮੈਂ ਜਾਣ ਕੇ ਹੀ ਪੁਛਿਆ ਕਿ ਸੰਗਤ ਸੁਣਦੀ ਹੀ ਹੈ, ਜਾਂ ਮੰਨਦੀ ਵੀ ਹੈ। ਉਨ੍ਹਾਂ ਆਖਿਆ ਉਹ ਗੱਲਾਂ ਸਾਰੀਆਂ ਮੰਨਣ ਵਾਲੀ ਹੀ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਉਨ੍ਹਾਂ ਸਾਖੀਆਂ ਸੁਣਾਈਆਂ। ਸਿੱਖ ਕਿਵੇਂ ਭੁੱਲ ਜਾਣਗੇ? ਗੁਰੂਆਂ ਦੀ ਸਾਖੀਆਂ ਸੁਣਾਉਂਦੇ ਹਨ। ਸਿੱਖ ਮੰਨਣਗੇ ਨਹੀਂ........?

ਮੈਂ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਸੋਚ ਰਿਹਾ ਸੀ, ਕਿ ਸੰਗਤ ਦੇ ਅੰਦਰ ਸਚ ਸੁਨਣ ਦੀ ਕਿੰਨੀ ਜ਼ਿਆਦਾ ਪਿਆਸ ਹੈ। ਪਰ ਸਾਡੀਆਂ ਸਟੇਜਾਂ ਤੋਂ ਸੱਚ ਨਹੀਂ ਝੂਠ ਹੀ ਸੁਣਾਇਆ ਜਾਂਦਾ ਰਿਹਾ (ਕੁਝ ਕੁ ਗਿਣਤੀ ਦੇ ਪ੍ਰਚਾਰਕਾਂ ਨੂੰ ਛੱਡ ਕੇ), ਜ਼ਿਆਦਾਤਰ ਮਨਮਤ ਹੀ ਗੁਰਦੁਆਰਿਆਂ ਤੋਂ ਸੁਣਾਈ ਗਈ ਡਰੇ ਹੋਏ, ਅਗਿਆਨੀ, ਲਾਲਚੀ, ਬੇਈਮਾਨ ਪ੍ਰਚਾਰਕ। ਵੱਡੇ-ਵੱਡੇ ਰਾਗੀਆਂ, ਕਥਾਵਾਚਕਾਂ, ਬਾਬਿਆਂ, ਬ੍ਰਹਮਗਿਆਨੀਆਂ ਦੇ ਮੁਹੋਂ ਕਥਾ ਦੌਰਾਨ ਗੁਰੂ ਇਤਿਹਾਸ ਜਾਂ ਸਿੱਖ ਇਤਿਹਾਸ ਵਿੱਚੋਂ ਸਾਖੀ ਗੁਰਮਤਿ ਅਨੁਸਾਰ ਸੁਨਣ ਨੂੰ ਨਹੀਂ ਮਿਲਦੀ। ਹਾਂ ਇਹ ਸਾਰੇ ਇਕ ਗੱਲ ਜ਼ਰੂਰ ਕਹਿੰਦੇ ਹਨ ਕਿ ਸਾਡੇ ਮਹਾਪੁਰਖ ਇਹ ਕਿਹਾ ਕਰਦੇ ਸਨ, ਉਹ ਕਿਹਾ ਕਰਦੇ ਸਨ। ਮੈਂ ਪੁਛੱਦਾ ਹਾਂ ਕਿ ਗੁਰੂ ਸਾਹਿਬਾਨ ਦਾ ਕਿਹਾ ਵੀ ਕੁਝ ਚੇਤੇ ਹੈ? ਇਨ੍ਹਾਂ ਦੀਆਂ ਜਬਾਨਾਂ ਨੂੰ ਗੁਰੂ ਸਾਹਿਬਾਨਾਂ ਦਾ ਨਾਮ ਲੈਣ ਲੱਗਿਆਂ ਤਾਲੇ ਲੱਗ ਜਾਂਦੇ ਹਨ।

ਜੇ ਕੋਈ ਸਾਖੀ ਮਿਲ ਵੀ ਜਾਏ ਤਾਂ ਉਸਨੂੰ ਵੀ ਮਨਮਤਿ ਦਾ ਰੰਗ ਚਾਢ ਕੇ ਹੀ ਸੁਣਾਉਣਗੇ, ਕਿਉਂਕਿ ਗੁਰਮਤਿ ਤੋਂ ਤਾਂ ਇਹ ਕੋਰੇ ਹਨ। ਗੁਰਮਤਿ ਨਾਲ ਤਾਂ ਇਨ੍ਹਾਂ ਦਾ ਦੂਰ ਦਾ ਵੀ ਸਬੰਧ ਨਹੀਂ ਹੈ। ਇਕ ਰਾਗੀ ਭ੍ਰਮਗਿਆਨ ਵੰਡਦਾ ਕਹਿ ਰਿਹਾ ਸੀ, ਕਿ ਗੁਰੂ ਅਮਰਦਾਸ ਜੀ ਦਾ ਇਕ ਸਿੱਖ ਝਾੜੂ ਨਾਲ ਸਫਾਈ ਕਰ ਰਿਹਾ ਸੀ। ਗੁਰੂ ਅਮਰਦਾਸ ਸਾਹਿਬ ਜੀ ਉਸ ਤੋਂ ਸੇਵਾ ਕਰਨ ਲਈ ਝਾੜੂ ਮੰਗਣ ਲੱਗੇ। ਸਿੱਖ ਨੇ ਮਨਾ ਕਰ ਦਿੱਤਾ। ਗੁਰੂ ਜੀ ਕਹਿਣ ਲੱਗੇ ਭਾਈ ਭਾਵੇਂ ਤੂੰ ਗੁਰਗੱਦੀ ਲੈ ਲੈ ਪਰ ਝਾੜੂ ਮੈਨੂੰ ਦੇ ਦੇ। ਸਿੱਖ ਕਹਿੰਦਾ ਹੈ, ਕਿ ਮੈਂ ਝਾੜੂ ਨਹੀਂ ਦੇਣਾ, ਇਸ ਵਿੱਚੋਂ ਹਜਾਰਾਂ ਗੁਰਗੱਦੀਆਂ ਨਿਕਲ ਜਾਣਗੀਆਂ। ਆਖੋ ਜੀ ਸਤਨਾਮ ਵਾਹਿਗੁਰੂ। ਇਹ ਤਾਂ ਸਾਡੀਆਂ ਸਟੇਜਾਂ ਤੋਂ ਪ੍ਰਚਾਰ ਹੁੰਦਾ ਰਿਹਾ ਹੈ।

ਪ੍ਰੋਫੇਸਰ ਸਾਹਿਬ ਜੀ ਨੇ ਕਥਾ ਦੌਰਾਨ ਗੁਰੂ ਨਾਨਕ ਸਾਹਿਬ ਜੀ ਜਨੇਊ ਵਾਲੀ ਸਾਖੀ ਸੁਣਾਉਂਦਿਆਂ ਕਿਹਾ, ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕੀੱਤੀ ਸੀ, ਕੀ ਉਸ ਰਾਤ ਪੰਡਿਤ ਚੈਨ ਨਾਲੰ ਸੌਂ ਗਿਆ ਹੋਇਗਾ? ਨਹੀਂ। ਉਸਨੇ ਤਾਂ ਪੰਡਿਤਾਂ ਦੀ ਮੀਟਿੰਗ ਸੱਦੀ ਹੋਏਗੀ, ਕਿ ਇਕ ਯੋਧਾ ਪੈਦਾ ਹੋ ਗਿਆ ਹੈ, ਜਿਸਨੇ ਸਾਡੀ ਸਦੀਆਂ ਦੀ ਚਲਦੀ ਰੋਟੀ ਨੂੰ ਵੰਗਾਰ ਪਾਈ ਹੈ। ਉਸਦਾ ਕੋਈ ਇੰਤਜਾਮ ਕਰਨਾ ਚਾਹੀਦਾ ਹੈ। ਧੂੰਦਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਨੂੰ ਯੋਧਾ ਕਹਿਣ ਦਾ ਅੰਦਾਜ ਹੀ ਐਸਾ ਸੀ, ਕਿ ਸੁਨਣ ਵਾਲਿਆਂ ਦੇ ਚਿਹਰਿਆਂ ਤੇ ਲਾਲੀ ਆ ਗਈ ਸੀ।

ਮੈਂ ਕਥਾ ਅਰੰਭ ਹੋਣ ਤੋਂ ਕੁਝ ਸਮਾਂ ਪਹਿਲੇ ਹੀ ਗੁਰਦੁਆਰਾ ਸਾਹਿਬ ਗਿਆ ਸੀ, ਵੀਰ ਜੀ ਨਾਲ ਥੋੜੀ ਜਿਹੀ ਗੱਲ ਹੋਈ ਤਾਂ ਕਹਿਣ ਲੱਗੇ ਇਹ ਸਾਰਾ ਕੁਝ ਜੋ ਅੱਜ ਪ੍ਰਚਾਰ ਹੋ ਰਿਹਾ ਹੈ। ਇਹ ਸਾਰਾ ਗੁਰੂ ਦੀ ਕਿਰਪਾ ਨਾਲ ਹੋ ਰਿਹਾ ਹੈ। ਤੇ ਇਹ ਗਿਅਨੀ ਜਗਜੀਤ ਸਿੰਘ ਸਿਦਕੀ (ਫਾਉਂਡਰ ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ ਅਣਥੱਕ ਮਿਹਨਤ ਦਾ ਹੀ ਫਲ ਹੈ। ਤੇ ਬਹੁਤ ਹੀ ਬੈਰਾਗ ਨਾਲ ਕਿਹਾ ਕਿ ਅੱਜ ਆ ਕਿ ਦੇਖੇ ਮੇਰਾ ਬਾਪੂ ਸਿਦਕੀ ਅਤੇ ਕੰਵਰ ਸਾਹਿਬ ਕਿ ਤੁਹਾਡਾ ਲਾਇਆ ਬੂਟਾ ਕਿਵੇਂ ਫਲ ਰਿਹਾ ਹੈ। ਇਹ ਆਪਣੇ ਉਸਤਾਦਾਂ ਪ੍ਰਤੀ ਕ੍ਰਤਗਯਤਾ ਹੈ ਧੂੰਦਾ ਜੀ ਦੀ।

ਕਥਾ ਤੋਂ ਬਾਦ ਵੀਰ ਚਮਕੌਰ ਸਿੰਘ ਜੀ ਸੰਧੂ ਜੋ ਕਿ ਰਿਚਮੰਡ ਤੋਂ ਕਥਾ ਸੁਨਣ ਲਈ ਆਏ ਸਨ, ਨੇ ਕਿਹਾ ਕਿ ਭਾਈ ਸਾਹਿਬ ਨੂੰ ਸੁਨਣ ਲਈ ਉਹ ਲੋਕ ਆਉਂਦੇ ਹਨ, ਜਿਨ੍ਹਾਂ ਨੂੰ ਗੁਰਮਤਿ ਦੀ ਜਾਣਕਾਰੀ ਹੈ, ਅਤੇ ਜੋ ਸਿੱਖੀ ਪ੍ਰਤੀ, ਕੌਮ ਪ੍ਰਤੀ ਜਾਗਰੁਕ ਹਨ।

ਸਤਿਗੁਰੂ ਜੀ ਮਿਹਰ ਕਰਨ, ਕਿ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਤੇ ਹੋਰ ਵੱਧ ਚੜ੍ਹ ਕੇ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖ਼ਸਣ।

ਸ਼ਰਨਜੀਤ ਸਿੰਘ (ਦੇਹਰਾਦੂਨ)

ਪ੍ਰੋ. ਸਰਬਜੀਤ ਸਿੰਘ ਧੂੰਦਾ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ 01 ਫਰਵਰੀ 2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top