Share on Facebook

Main News Page

ਪਖੰਡੀ ਸਾਧਾਂ ਤੋ ਸੁਚੇਤ ਕਰਨਾ ਹੀ ਜਿੰਦਗੀ ਦਾ ਮਨੋਰਥ: ਭਾਈ ਨਿਰਮਲ ਸਿੰਘ ਲੋਧੀਮਾਜਰਾ

ਅਨੰਦਪੁਰ ਸਾਹਿਬ, 3 ਫਰਵਰੀ, (ਸੁਰਿੰਦਰ ਸਿੰਘ ਸੋਨੀ): ਮੇਰੀ ਜਿੰਦਗੀ ਦਾ ਮਨੋਰਥ ਲੋਕਾਂ ਨੂੰ ਪਖੰਡੀ ਸਾਧਾਂ ਸੰਤਾਂ ਤੋ ਸੁਚੇਤ ਕਰਨਾ ਹੈ, ਇਸ ਮਕਸਦ ਲਈ ਮੈ ਹਰ ਜਗ੍ਹਾ ਜਾ ਕੇ ਸਾਧਾਂ ਦੀ ਅਸਲੀਅਤ ਦਿਖਾਉਂਦੇ ਪੋਸਟਰ ਲਾਉੰਦਾ ਹਾਂ, ਜੋ ਲੋਕ ਬਹੁਤ ਪਸੰਦ ਕਰ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਭਾਈ ਨਿਰਮਲ ਸਿੰਘ ਲੋਧੀਮਾਜਰਾ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਅਖੌਤੀ ਸਾਧਾਂ ਸੰਤਾਂ ਦੇ ਪਹਿਰਾਵੇ ਨੂੰ ਦੇਖ ਕੇ ਬਹੁਤੇ ਲੋਕ ਇਨ੍ਹਾਂ ਮਗਰ ਲਗ ਜਾਂਦੇ ਹਨ ਤੇ ਆਪਣਾ ਬਹੁਤ ਕੁਛ ਗਵਾ ਬੈਠਦੇ ਹਨ। ਉਨ੍ਹਾਂ ਕਿਹਾ ਅਸਲ ਵਿਚ ਸਿੱਖ ਧਰਮ ਵਿਚ ਵਿਹਲੜ ਤੇ ਨਿਖੱਟੂ ਸਾਧਾਂ ਲਈ ਕੋਈ ਥਾਂ ਨਹੀਂ ਪਰ ਅਫਸੋਸ ਸਾਡੇ ਤਖਤਾਂ ਦੇ ਜਥੇਦਾਰ, ਸ੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਦੇ ਅਵੇਸਲੇ ਪਨ ਕਾਰਨ ਇਹ ਪਖੰਡੀ ਸਾਧਾਂ ਦੀ ਗਿਣਤੀ ਵਿਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਭਾਈ ਲੋਧੀਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ, ਕਿ 1984 ਦੇ ਸਾਕੇ ਜਾ ਉਸਤੋ ਬਾਅਦ ਸਿੱਖ ਨੋਜਵਾਨਾਂ ਦੇ ਕਤਲੋਗਾਰਤ ਸਮੇ ਕੋਈ ਵੀ ਸਾਧ ਅੱਗੇ ਨਹੀਂ ਆਇਆ, ਪਰ ਇਸ ਤੋਂ ਬਾਅਦ ਯਕਦਮ ਸਾਧਾ ਸੰਤਾਂ ਦੀ ਇਕ ਫੌਜ ਤਿਆਰ ਹੋ ਗਈ, ਜੋ ਹੁਣ ਹਰ ਗਲੀ ਮੁਹੱਲੇ ਤੱਕ ਪੁਜ ਚੁੱਕੀ ਹੈ।

ਉਨ੍ਹਾਂ ਕਿਹਾ ਪਾਵਨ ਗੁਰਬਾਣੀ ਦੇ ਮਨਭਾਉਂਦੇ ਅਰਥ ਕਰਕੇ, ਭੋਲੇ ਭਾਲੇ ਲੋਕਾਂ ਨੂੰ ਆਪਣੇ ਮਗਰ ਲਾ ਕੇ ਆਪਣਾ ਹਲਵਾ ਪੂਰੀ ਚਲਾਉਣ ਵਾਲੇ, ਅਖੌਤੀ ਸਾਧ ਅਸਲ ਵਿਚ ਬਨਾਰਸ ਕੇ ਠੱਗ ਹਨ, ਜਿਨ੍ਹਾਂ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਮੈ ਹਰੇਕ ਮੇਲੇ ਜਾਂ ਇਕੱਠ ਵਿਚ ਜਾ ਕੇ ਜਗਾ ਜਗਾ ਆਪ ਤਿਆਰ ਕੀਤੇ ਪੋਸਟਰ ਦੀਵਾਰਾਂ ਤੇ ਚਿਪਕਾਉਂਦਾ ਹਾਂ, ਜਿਸਦਾ ਸਾਰਾ ਖਰਚ ਮੈਂ ਆਪਣੇ ਪਲਿਓਂ ਕਰਦਾ ਹਾਂ। ਉਨ੍ਹਾਂ ਦੱਸਿਆ ਕਿ ਉਹ ਆਪ ਹੀ ਇਹ ਇਸ਼ਤਿਹਾਰ ਤਿਆਰ ਕਰਦੇ ਹਨ, ਤੇ ਆਪ ਹੀ ਵੱਖ ਵੱਖ ਥਾਂਵਾਂ ਤੇ ਜਾ ਕੇ ਲਾਉਂਦੇ ਹਨ। ਉਨ੍ਹਾਂ ਕਿਹਾ ਕਈ ਵਾਰ ਕੋਸ਼ਿਸ਼ ਕੀਤੀ ਕਿ ਮੇਰੇ ਨਾਲ ਕੋਈ ਹੈਲਪਰ ਲਗ ਜਾਵੇ, ਪਰ ਸਾਧਾਂ ਤੋ ਡਰਦਾ ਕੋਈ ਵੀ ਮੇਰੇ ਨਾਲ ਕੰਮ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਈ ਵਾਰ ਮੈਨੂੰ ਇਨ੍ਹਾਂ ਸਾਧਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਤੇ ਇਸੇ ਕਰਕੇ ਕਈ ਵਾਰ ਥਾਣੇ ਅੰਦਰ ਬੰਦ ਵੀ ਹੋਣਾ ਪਿਆ। ਉਨ੍ਹਾਂ ਕਿਹਾ ਕੁਝ ਸਾਧਾਂ ਨੇ ਮੇਰੇ ਨਾਲ ਮਾਰ ਕੁਟਾਈ ਵੀ ਕੀਤੀ, ਪਰ  ਮੈਂ ਆਪਣੀ ਜਿੰਦਗੀ ਦਾ ਮਨੋਰਥ ਲੋਕਾਂ ਨੂੰ ਇਨ੍ਹਾਂ ਸਾਧਾਂ ਤੋ ਸੁਚੇਤ ਕਰਨਾ ਮਿਥ ਲਿਆ ਹੈ, ਤੇ ਸਾਰੀ ਉਮਰ ਇਹ ਕਾਰਜ ਕਰਦਾ ਹੀ ਰਹਾਂਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top