Share on Facebook

Main News Page

ਪ੍ਰੋ. ਸਰਬਜੀਤ ਸਿੰਘ ਧੂੰਦਾ ਨਾਲ ਵਿਸੇਸ਼ ਮੁਲਾਕਾਤ

ਸਵਾਲ:- ਕਨੇਡਾ ਦੀ ਪ੍ਰਚਾਰ ਫੇਰੀ ਬਾਰੇ ਕੀ ਕਹਿਣਾ ਚਾਹੋਗੇ?

ਜਵਾਬ:- ਮੈਂ ਇਸ ਪ੍ਰਚਾਰ ਫੇਰੀ ਤੇ ਕਾਫੀ ਉਤਸ਼ਾਹਤ ਹੋਇਆ ਹਾਂ। ਹੱਦੋਂ ਵੱਧ ਸੰਗਤਾਂ ਨੇ ਪਿਆਰ ਦਿੱਤਾ ਹੈ। ਨੌਜਵਾਨ ਵੱਡੀ ਗਿਣਤੀ ਵਿਚ ਕਥਾ-ਵੀਚਾਰ ਸੁਣਨ ਆਏ। ਬਹੁਤ ਸਾਰੇ ਜਿਹੜੇ ਕੇਸ ਕਤਲ ਕਰਵਾਉਂਦੇ ਸਨ ਉਹਨਾਂ ਨੇ ਦਸਤਾਰਾਂ ਸਜਾ ਲਈਆਂ। ਮੈਂ ਸਮਝਦਾ ਕਿ ਅਸੀਂ ਪ੍ਰਚਾਰ ਚ ਪਛੜ ਗਏ ਹਾਂ। ਸਾਨੂੰ ਸੋਚਣਾ ਪਏਗਾ ਕਿ ਕਮੀ ਕਿੱਥੇ ਰਹਿ ਗਈ। ਮਿਸਾਲ ਵਜੋਂ ਜਿਵੇਂ ਜਿਹੋ ਜਿਹਾ ਭੋਜਨ ਪਰੋਸਿਆ ਮਿਲਦਾ ਹੈ, ਉਸੇ ਤਰ੍ਹਾਂ ਦਾ ਹੀ ਛਕਣਾ ਪੈਂਦਾ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਦਾ ਪ੍ਰਚਾਰ ਹੋਇਆ, ਕਈ ਕਰਮ ਕਾਂਡੀ ਵੀ ਪ੍ਰਚਾਰਕ ਆਏ, ਮਨਮਤੀਏ ਤੇ ਡੇਰੇਦਾਰਾਂ ਦੇ ਪ੍ਰਚਾਰ ਨਾਲ ਵੀ ਸੰਗਤਾਂ ਗੁੰਮਰਾਹ ਹੋਈਆਂ। ਪਰ ਜਦੋਂ ਗੁਰਮਤਿ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੀ ਗੱਲਬਾਤ ਚੱਲੀ ਤਾਂ ਸੰਗਤਾਂ ਚ ਹੀ ਇਹੀ ਆਵਾਜ ਹੈ, ਕਿ ਇਹ ਪ੍ਰਚਾਰ ਲੜੀ 20 ਸਾਲ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਸੀ।

ਸਵਾਲ:- ਕੀ ਤੁਸੀਂ ਸ੍ਰੀ ਜਾਪ ਸਾਹਿਬ ਦੇ ਵਿਰੋਧੀ ਹੋ?

ਜਵਾਬ:- ਇਹ ਜਾਣ ਬੁੱਝ ਕੇ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿੰਨੇ ਵੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਹਨ, ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਯਾਦਾ ਉਪਰ ਸੰਪੂਰਨ ਤੌਰ ਤੇ ਪਹਿਰਾ ਦਿੰਦੇ ਹਨ ਤੇ ਪ੍ਰਚਾਰ ਕਰਦੇ ਹਨ। ਖੰਡੇ ਦੀ ਪਾਹੁਲ ਵੇਲੇ ਪੜ੍ਹੀਆਂ ਜਾਂਦੀਆਂ ਬਾਣੀਆਂ ਜਪੁਜੀ ਸਾਹਿਬ, ਜਾਪ ਸਾਹਿਬ, ਸਵਯੇ, ਚੌਪਈ ਤੇ ਅਨੰਦ ਸਾਹਿਬ ਤੇ ਪਹਿਰਾ ਦਿੰਦੇ ਹਾਂ। ਸਾਡੇ ਕਾਲਜ ਵਿਚ ਆ ਕੇ ਦੇਖ ਲਵੋ ਸਵੇਰੇ ਨਿਤਨੇਮ ਦੀਆਂ ਬਾਣੀਆਂ ਵਿਚ ਵੀ ਇਹੀ ਬਾਣੀਆਂ ਪੜੀਆਂ ਜਾਦੀਆਂ ਹਨ।

ਸਵਾਲ:- ਟਰਾਂਟੋ ਦਾ ਇਕ ਵਿਅਕਤੀ ਜਿਉਣ ਵਾਲਾ ਜੋ ਜਾਪੁ ਸਾਹਿਬ ਨੂੰ ਨਹੀਂ ਮੰਨਦਾ, ਤੇ ਉਸਨੇ ਜਾਪ ਸਾਹਿਬ ਦੇ ਪ੍ਰਤੀ ਘਟੀਆ ਕਵਿਤਾ ਲਿਖੀ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ?

ਜਵਾਬ:- ਉਸਨੇ ਜੋ ਜਾਪੁ ਸਾਹਿਬ ਬਾਰੇ ਮਖੌਲੀਆ ਕਵਿਤਾ ਲਿਖੀ ਹੈ, ਬਹੁਤ ਗਲਤ ਹੈ ਟੋਟਲ ਗਲਤ ਹੈ। ਉਸਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ। ਮੈਨੂੰ ਟਰਾਂਟੋ ਕਿਸੇ ਦੇ ਘਰ ਮਿਲਿਆ ਸੀ, ਉਥੇ ਉਸਨੂੰ ਕਿਹਾ ਸੀ ਅਜਿਹਾ ਕਰਨਾ ਬਹੁਤ ਗਲਤ ਹੈ। ਮੈਂ ਕਿਸੇ ਦੇ ਵੀ ਅਜਿਹੇ ਕਦਮ ਨਾਲ ਸਹਿਮਤ ਨਹੀਂ ਹਾਂ, ਜੋ ਸਿੱਖ ਰਹਿਤ ਮਰਿਯਾਦਾ ਦੇ ਉਲਟ ਹੋਵੇ।

ਸਵਾਲ:- ਜਿਉਂਣਵਾਲੇ ਨਾਲ ਤੁਹਾਡਾ ਉਸ ਨਾਲ ਕੋਈ ਸਬੰਧ ਹੈ?

ਜਵਾਬ:- ਨਹੀਂ ਮੇਰਾ ਕੋਈ ਸਬੰਧ ਨਹੀਂ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਨੇ ਪੰਜਾਬ ਦੇ ਪਿੰਡਾਂ ਚ ਸਿੱਖੀ ਪ੍ਰਚਾਰ ਲਈ ਮੁਹਿੰਮ ਚਲਾਈ ਹੈ। ਉਹ ਪ੍ਰਚਾਰਕ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਹਨ। ਉਸਦੇ ਪ੍ਰਚਾਰ ਲਈ ਕਾਲਜ ਨੂੰ ਮਾਇਕ ਸਹਾਇਤਾ ਭੇਜਣ ਵਾਲਿਆ ਵਿੱਚ ਉਸਦਾ ਵੀ ਨਾਂਅ ਹੈ। ਉਹ ਕੋਈ ਵੀ ਭੇਜ ਸਕਦਾ ਹੈ। ਸਾਨੂੰ ਕਿਹੜਾ ਸਰਕਾਰੀ ਗਰਾਂਟਾਂ ਜਾਂ ਕੋਈ ਸੰਸਥਾ ਮੱਦਦ ਕਰਦੀ ਹੈ, ਜਿਵੇਂ ਡੇਰੇਦਾਰਾਂ ਨੂੰ ਸਿੱਖ ਵਿਰੋਧੀ ਸੋਚ ਵਾਲੇ ਆਰਥਿਕ ਮੱਦਦ ਦਿੰਦੇ ਹਨ। ਅਸੀਂ ਨਿਰੋਲ ਗੁਰਸਿੱਖ ਪਰਿਵਾਰਾਂ ਦੀ ਮੱਦਦ ਨਾਲ ਹੀ ਸਿੱਖੀ ਪ੍ਰਚਾਰ ਕਰਦੇ ਹਾਂ।

ਸਵਾਲ:- ਕਈ ਕਹਿੰਦੇ ਹਨ ਕਿ ਤੁਹਾਡੀ ਪ੍ਰਚਾਰ ਲਹਿਰ ਭਸੌੜੀਆਂ ਦੀ ਤਰਜ ਤੇ ਹੈ, ਹੁਣ ਤੁਸੀਂ ਦਸਮ ਗ੍ਰੰਥ ਦਾ ਵਿਰੋਧ ਕਰਦੇ ਹੋ, ਹੌਲੀ ਹੌਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਰਾਗਮਾਲਾ, ਭਗਤ ਬਾਣੀਆਂ ਨੂੰ ਵੀ ਪਾਸੇ ਕਰਨ ਦੀ ਮੁਹਿੰਮ ਚਲਾਵੋਗੇ?

ਜਵਾਬ:- ਇਹ ਬਿਲਕੁਲ ਗਲਤ ਪ੍ਰਚਾਰ ਹੈ। ਜਿਹੜੇ ਬੰਦੇ ਕਹਿੰਦੇ ਹਨ ਸਾਹਮਣੇ ਬਿਠਾਉ 10 ਮਿੰਟ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਕੋਈ ਵੀ ਮਿਸ਼ਨਰੀ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਨਹੀਂ ਕਰਦਾ। ਸਗੋਂ ਕਈ ਬਾਬੇ, ਡੇਰੇਦਾਰ ਹਨ ਜੋ ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ 1500 ਦੇ ਕਰੀਬ ਗਲਤੀ ਹੈ। ਹੁਣ ਸੋਚੋ ਕੌਣ ਕਿੰਤੂ ਕਰ ਰਿਹਾ ਹੈ। ਮੇੈਂ ਫਿਰ ਕਹਿੰਨਾ ਅਸੀਂ ਸਿੱਖ ਰਹਿਤ ਮਰਿਯਾਦਾ ਨੂੰ ਪੂਰੀ ਤਰ੍ਹਾਂ ਸਮਰਪਿਤ ਹਾਂ। ਮਿਸਾਲ ਦੇ ਤੌਰ ਤੇ ਅਖੰਡ ਕੀਰਤਨੀ ਜਥਾ ਰਾਗਮਾਲਾ ਨਹੀਂ ਪੜ੍ਹਦਾ, ਪਰ ਦਮਦਮੀ ਟਕਸਾਲ ਵਾਲੇ ਪੜ੍ਹਦੇ ਹਨ। ਪਰ ਕਿਸੇ ਵੀ ਝਗੜੇ ਤੋਂ ਬਚਣ ਲਈ ਸਿੱਖ ਰਹਿਤ ਮਰਿਯਾਦਾ ਅਨੁਸਾਰ ਜੋ ਫੈਸਲਾ ਹੈ, ਅਸੀਂ ਉਸਤੇ ਪਹਿਰਾ ਦਿੰਦੇ ਹਾਂ।

ਸਵਾਲ:- ਕਿਹਾ ਜਾਂਦਾ ਹੈ ਕਿ ਤੁਸੀਂ ਮੀਟ ਖਾਣ ਦਾ ਪ੍ਰਚਾਰ ਕਰਦੇ ਹੋ?

ਜਵਾਬ:- ਮਾਸ ਬਾਰੇ ਗੱਲ ਕਰਨ ਬਾਰੇ ਗੁਰੂ ਸਾਹਿਬ ਦਾ ਫੁਰਮਾਨ ਹੈ ਮਾਸ ਮਾਸ ਕਰਿ ਮੂਰਖ ਝਗੜੇ ਪਰ ਫੇਰ ਵੀ ਜੇ ਕਰ ਕੋਈ ਪੁੱਛਦਾ ਹੈ, ਤਾਂ ਸਿੱਖ ਰਹਿਤ ਮਰਿਯਾਦਾ ਅਨੁਸਾਰ ਜਵਾਬ ਦਿੰਦੇ ਹਾਂ। ਪਰ ਇਕ ਸਵਾਲ ਮੈਂ ਕਰਦਾ ਕਿ ਨਿਹੰਗ ਸਿੰਘ ਪੰਥ ਦਾ ਅੰਗ ਹਨ, ਉਹ ਸ਼ਰੇਆਮ ਬੱਕਰਾ ਝਟਕਾ ਕੇ ਲੰਗਰ ਵੀ ਲਾਉੇਂਦੇ ਹਨ। ਟਕਸਾਲ ਵਾਲਿਆਂ ਨਾਲ ਉਹਨਾਂ ਦੀ ਬਹੁਤ ਨੇੜਤਾ ਹੈ, ਉਹਨਾਂ ਤੇ ਕਿੰਤੂ ਪ੍ਰੰਤੂ ਕਿਉਂ ਨਹੀਂ ਕੀਤਾ ਜਾਂਦਾ? ਟਕਸਾਲ ਭਿੰਡਰਾਂ ਦੀ ਆਪਣੀ ਪੁਸਤਕ ਜਿਸਦੇ ਕਰਤਾ ਗਿ. ਗੁਰਬਚਨ ਸਿੰਘ ਜੀ ਹਨ ਉਸ ਵਿਚ ਲਿਖਿਆ ਸਰੀਰ ਦੇ ਪ੍ਰਾਣਾਂ ਨੂੰ ਬਚਾਉਣ ਵਾਸਤੇ ਲੋੜ ਪੈਣ ਤੇ ਝਟਕਾ ਕਰ ਕੇ ਛੱਕ ਲੈਣਾ ਚਾਹੀਦਾ ਹੈ। ਜੇ ਮੀਟ ਖਾਣਾ ਪਾਪ ਹੈ, ਤਾਂ ਕੀ ਲੋੜ ਪੈਣ ਤੇ ਜਾਨ ਬਚਾਉਣ ਲਈ ਪਾਪ ਕਰ ਲੈਣਾ ਚਾਹੀਦਾ ਹੈ?

ਸਵਾਲ:- ਤੁਸੀਂ ਸਿੱਖ ਪ੍ਰਚਾਰਕ ਹੋ, ਤੇ ਸਿੱਖੀ ਤੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਕਹਿੰਦੋ ਹੋ, ਪਰ ਜਿਹੜੀ 84 ਜਾ ਉਸਤੋਂ ਬਾਅਦ ਜਿਸ ਕੌਮ ਦੀ ਨਸਲਕੁਸ਼ੀ ਇਸ ਕਰਕੇ ਕੀਤੀ ਗਈ, ਕਿ ਉਹ ਸਿੱਖ ਹਨ, ੳੇੁਸ ਬਾਰੇ ਤੁਸੀਂ ਘੱਟ ਹੀ ਬੋਲਦੇ ਹੋ?

ਜਵਾਬ:- ਜਦੋਂ ਵੀ ਵਕਤ ਆਉਂਦਾ ਜਾਂ ਪ੍ਰਕਰਣ ਆਉਂਦਾ ਹੈ ਤਾਂ ਮੈਂ ਗੱਲ ਕਰਦਾ ਹਾਂ। ਅਜੇ ਕੱਲ੍ਹ ਹੀ ਸ. ਜਸਵੰਤ ਸਿੰਘ ਖਾਲੜਾ ਸਾਹਿਬ ਬਾਰੇ ਦੱਸਕੇ ਆਇਆ ਹਾਂ। ਕਿ ਇਕ ਉਹ ਵਕੀਲ ਹਨ ਜੋ ਕਾਤਲਾਂ ਦੇ ਕੇਸ ਲੜਦੇ ਹਨ। ਪਰ ਖਾਲੜਾ ਸਾਹਿਬ ਪੱਚੀ ਹਜ਼ਾਰ ਇਕ ਹੋ ਗਿਆ, ਪਰ ਉਸਨੇ ਸੱਚ ਦਾ ਪੱਲਾ ਨਾ ਛੱਡਿਆ। ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਭਾਲਦਾ ਆਪ ਲਾਸ਼ ਬਣ ਗਿਆ। ਸਮੇਂ ਸਮੇਂ ਤੇ ਜਿੰਨਾ ਵੀ ਕਹਿ ਸਕਦੇ ਹਾਂ ਜਰੂਰ ਕਹਿੰਦੇ ਹਾਂ।

ਸਵਾਲ:- ਅਖੀਰ ਵਿਚ ਕੀ ਕਹਿਣਾ ਚਾਹੋਗੇ?

ਜਵਾਬ:- ਵਿਚਾਰਾਂ ਕਰਨ ਦੀ ਆਦਤ ਪਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੇ ਚੱਲੋ। ਬਿਨਾ ਵਜ੍ਹਾ ਝੂਠਾ ਪ੍ਰਚਾਰ ਜਾਂ ਗੱਲਾਂ ਵਿਚ ਨਾ ਆਉ। ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ ਹੈ। ਝੂਠੇ ਇਲਜਾਮ ਲਾਉਂਣੇਂ ਨਿੰਦਿਆਂ ਹੈ। ਜਿਵੇਂ ਫੁੱਲ ਨੂੰ ਫੁੱਲ ਕਹਿਣਾ ਨਿੰਦਿਆ ਨਹੀਂ, ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਹੈ, ਤੇ ਕੰਡੇ ਨੂੰ ਫੁੱਲ ਕਹੀ ਜਾਣਾ ਝੂਠੀ ਵਡਿਆਈ ਹੈ। ਲੜਾਈ ਝਗੜਾ ਜਾਂ ਬਹਿਸ ਕਰਨ ਦੀ ਬਜਾਏ, ਵਿਚਾਰਾਂ ਦੀ ਸਾਂਝ ਪਾਈਏ, ਸਾਹਮਣੇ ਬਹਿ ਕੇ ਗੱਲ ਕਰਨ ਦਾ ਹੌਸਲਾ ਕਰੀਏ, ਤਾਂ ਹਰ ਮਸਲਾ ਹੱਲ ਹੋਵੇਗਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top