Share on Facebook

Main News Page

ਅਕਾਲ ਤਖਤ ਉਹ ਸਿਧਾਂਤ ਹੈ, ਜੋ ਮਰਦਾ ਮਿਟਦਾ ਨਹੀਂ

* ਅਸੀਂ ਜਾਣੇ ਅਨਜਾਣੇ ਅਕਾਲ ਤਖਤ ਦੀ ਮਾਣ ਮਰਿਆਦਾ ਨੂੰ ਬਣਾ ਨਹੀਂ, ਬਲਕਿ ਵੱਡੀ ਢਾਹ ਲਾਉਣ ਦੇ ਜੁੰਮੇਵਾਰ ਬਣ ਰਹੇ ਹਾਂ

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਦੇਣ ਅਕਾਲ ਤਖਤ ਉਹ ਸਿਧਾਂਤ ਹੈ, ਜੋ ਮਰਦਾ ਮਿਟਦਾ ਨਹੀਂ ਅਤੇ ਉਹ ਅਸਥਾਨ ਹੈ, ਜਿੱਥੇ ਇਕੱਤਰ ਹੋ ਕੇ ਸਰਬੱਤ ਖਾਲਸਾ ਅਕਾਲ ਤਖਤ ਦੇ ਸਿਧਾਂਤ ਦਾ ਪ੍ਰਚਾਰ ਪ੍ਰਸਾਰ ਅਤੇ ਪਾਲਣਾ ਕਰਦਾ ਸੀ। ਅਕਾਲ ਤਖਤ ਦਾ ਸਿਧਾਂਤ ਅਤੇ ਅਸਥਾਨ ਸਿੱਖ ਹਿਰਦਿਆਂ ਅੰਦਰ ਉਕਰਿਆ ਗਿਆ ਵਿਸ਼ਵਾਸ਼ ਹੈ, ਜਿਸ ਦੇ ਨਾਮ ਤੋਂ ਹੀ ਸਿੱਖ ਬਲ ਲੈਂਦਾ ਰਿਹਾ, ਅਤੇ ਅਕਾਲ ਤਖਤ ਦੇ ਅਸਥਾਨ ਅੱਗੇ ਨਤਮਸਤਕ ਹੁੰਦਾ ਰਿਹਾ ਹੈ। ਅਸਲ ਵਿਚ ਸਧਾਰਣ ਸਿੱਖ ਅਤੇ ਸਰਕਾਰ ਵਿੱਚੋਂ ਕੋਈ ਭੀ ਇਹ ਨਾ ਸਮਝ ਸਕਿਆ ਤੇ ਇਸੇ ਲਈ ਹਿੰਦੁਸਤਾਨ ਦੇ ਤਖਤ ’ਤੇ ਬੈਠਣ ਵਾਲੀ ਮੁਗਲ ਸਰਕਾਰ ਜਾਂ ਅੰਗਰੇਜ਼ ਸਰਕਾਰ ਭਾਵ ਹਰ ਸਰਕਾਰ ਦੀਆਂ ਅੱਖਾਂ ਵਿਚ, ਸਿੱਖ ਕੌਮ ਦੀ ਆਤਮਕ ਸ਼ਕਤੀ ਦਾ ਕੇਂਦਰ, ਗੁਰੂ ਹਰਿ ਗੋਬਿੰਦ ਸਾਹਿਬ ਦੀ ਛੋਹ ਪ੍ਰਾਪਤ ਸਥਾਨ ਜਿਸ ਦਾ ਨਾਮ ਵੱਕਤ ਦੇ ਨਾਲ ਨਾਲ ਅਕਾਲ ਥੜਾ, ਅਕਾਲ ਬੁੰਗਾ ਜਾਂ ਹੁਣ ਵਾਲਾ ਅਕਾਲ ਤਖਤ, ਜਿੱਥੇ ਬੈਠ ਕੇ: ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥2॥’ ਜੇਹੇ ਫੈਸਲੇ ਲੈਣ ਵਾਲਾ ਕੇਂਦਰ, ਹਮੇਸ਼ਾਂ ਹੀ ਸਮੇਂ ਦੀਆਂ ਸਿੱਖ ਵਿਰੋਧੀ ਸੋਚਾਂ ਨੂੰ ਰੜਕਦਾ ਰਿਹਾ ਅਤੇ ਮੁਗਲੀਆ ਸਰਕਾਰ ਦੇ ਵੇਲੇ ਤੋਂ ਇਸੇ ਅਸਥਾਨ ਨੂੰ ਢਾਹੁੰਣ ਦੇ ਉਪਰਾਲੇ, ਹਮਲੇ ਅਤੇ ਸਾਜਸ਼ਾਂ ਹੁੰਦੀਆਂ ਰਹੀਆਂ। 1984 ਦੇ ਵੱਡੇ ਘੱਲੂ ਘਾਰੇ ਦੀ ਭੀ ਵੱਡੀ ਸਾਜਸ਼, ਇਸ ਅਕਾਲ ਤਖਤ ਨੂੰ ਮਲੀਆ ਮੇਟ ਕਰਕੇ, ਸਿੱਖ ਵਿਸ਼ਵਾਸ਼ ਦੇ ਕੇਂਦਰ ਬਿੰਦੂ ਤੋਂ ਵੱਖ ਕਰਨਾ ਹੀ ਸੀ, ਇਸੇ ਲਈ ਹਮਲੇ ਦਾ ਮੁੱਖ ਨਿਸ਼ਾਨਾ ਅਕਾਲ ਤਖਤ ਦੀ ਇਮਾਰਤ ਸੀ ਦਰਬਾਰ ਸਾਹਿਬ ਨਹੀਂ। ਇਸ ਸਾਜਸ਼ ਨੂੰ ਸਿਰੇ ਚਾੜ੍ਹਨ ਲਈ ਕੁਛ ਅਖੌਤੀ ਸਿੱਖ ਲੀਡਰਾਂ ਦਾ ਸਾਥ ਭੀ ਲਿਆ ਗਿਆ।

ਕਿਵੇਂ ਅਕਾਲ ਤਖਤ ਦੀ ਇਮਾਰਤ ‘ਤੇ ਹਮਲਾ ਕਰਨ ਦਾ ਰਾਹ ਪੱਧਰਾ ਕੀਤਾ ਗਿਆ, ਇਸ ਨਾਲ ਸਬੰਧਤ ਕਹਾਣੀ ਦੀ ਜਾਣਕਾਰੀ ਦੇਣ ਦੀ ਵੀ ਲੋੜ ਹੈ। ਬਲਿਯੂ ਸਟਾਰ ਹਮਲੇ ਤੋਂ ਪਹਿਲਾਂ ਖਾੜਕੂ ਵਾਦੀ ਸ਼ਕਤੀ ਸਰਕਾਰ ਅਤੇ ਕੁਛ ਲੀਡਰਾਂ ਦੀ ਮਰਜ਼ੀ ਨਾਲ ਦਰਬਾਰ ਸਾਹਿਬ ਪਰੀਸਰ ਵਿਚ ਪ੍ਰਵੇਸ਼ ਕਰ ਚੁੱਕੀ ਸੀ, ਅਤੇ ਟਿਕਾਣੇ ਬਣਾ ਚੁੱਕੇ ਸੀ। ਗੁਰੂ ਨਾਨਕ ਨਿਵਾਸ ਵਿਚ ਰਹਿੰਦਿਆਂ ਬੱਬਰਾਂ ਅਤੇ ਫੈਡਰੇਸ਼ਨ {ਟਕਸਾਲੀ} ਖਾੜਕੂਆਂ ਵਿਚ ਆਪਸੀ ਫਾਇਰਿੰਗ ਹੋਈ। ਉਸਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੂੰ ਸਾਥੀਆਂ ਸਮੇਤ ਲੰਗਰ ਹਾਲ ਉਪਰ ਟਿਕਾਣਾ ਦੇ ਦਿੱਤਾ ਗਿਆ। ਉਸਤੋਂ ਬਾਅਦ ਬੜੀ ਸਾਜਸ਼ ਨਾਲ ਸੰਤ ਜੀ ਨੂੰ ਅਕਾਲ ਤਖਤ ਤੇ ਰਿਹਾਇਸ਼ ਦੇ ਕੇ, ਸ੍ਰੀ ਅਕਾਲ ਤਖਤ ਅਸਥਾਨ ’ਤੇ ਹਮਲਾ ਕਰਨ ਲਈ ਤਰਤੀਬ ਅਤੇ ਹਾਲਾਤ ਦੀ ਸਿਰਜਨਾ ਕੀਤੀ ਗਈ। ਇਉਂ ਅਕਾਲ ਤਖਤ ਦਾ ਅਸਥਾਨ ਖਾੜਕੂ ਕੇਂਦਰ ਸਾਬਤ ਕਰ ਦਿਤਾ ਗਿਆ, ਅਤੇ ਦੁਸ਼ਮਣ ਦੀ ਤੋਪ ਦੇ ਗੋਲੇ ਦਾ ਨਿਸ਼ਾਨਾ ਬਣਾ ਦਿਤਾ ਗਿਆ।

ਇਸ ਸਬੰਧੀ ਪਹਿਲਾਂ ਹੀ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ, ਕਿ ਕਿਸ ਤਰ੍ਹਾਂ ਅਕਾਲ ਤਖਤ ’ਤੇ ਹਮਲਾ ਹੋਇਆ, ਤੋਪਾਂ ਦੇ ਗੋਲੇ ਚੱਲੇ, ਹਜ਼ਾਰਾਂ ਖਾੜਕੂ ਅਤੇ ਯਾਤਰੂ ਸਿੱਖ ਸ਼ਹੀਦ ਹੋਏ ਅਤੇ ਇਉਂ ਕੌਮ ਦੀ ਸ਼ਰਧਾ ਦਾ ਕੇਂਦਰ ਅਕਾਲ ਤਖਤ ਦੀ ਇਮਾਰਤ ਢਹਿ ਢੇਰੀ ਕਰ ਦਿੱਤੀ ਗਈ। ਜਿਸ ਨਾਲ ਸਿੱਖੀ ਦਾ ਹਿਰਦਾ ਵਲੂੰਦਰਿਆ ਗਿਆ। ਸਿੱਖਾਂ ਦਾ ਗੁੱਸਾ ਅਤੇ ਜੋਸ਼ ਅਸਮਾਨੀ ਧੂਆਂ ਬਣਕੇ ਉਭਰਿਆ। ਸਿੱਖ ਸ਼ਕਤੀ ਦੀ ਵਿਰੋਧੀ ਸੋਚ ਅਕਾਲ ਤਖਤ ਦੀ ਇਮਾਰਤ ਢਾਹ ਕੇ ਖੁਸ਼ੀ ਦੇ ਲੱਡੂ ਵੰਡ ਰਹੀ ਸੀ।

ਦੂਜੇ ਪਾਸੇ ਕੌਮ ਸਿੱਖ ਸ਼ਕਤੀ ਦਾ ਪ੍ਰਤੀਕ ਬਣ ਚੁੱਕੇ ਅਕਾਲ ਤਖਤ ਅਸਥਾਨ ਨੂੰ ਦੁਬਾਰਾ ਰੂਪਮਾਨ ਕਰਨ ਲਈ ਕਾਹਲੀ ਸੀ। ਕੌਮੀ ਰੋਹ ਨੂੰ ਦੇਖਦਿਆਂ ਜਲਦੀ ਵਿੱਚ ਸਰਕਾਰ ਨੇ ਪਹਿਲਾਂ ਦਿੱਲੀ ਦੀ ਸਕਿਪਰ ਕੰਪਨੀ ਕੋਲੋਂ ਢੱਠੇ ਹੋਏ ਅਕਾਲ ਤਖਤ ਦੀ ਇਮਾਰਤ ਦੀ ਮੁਰੰਮਤ ਕਰਾ ਦਿਤੀ। ਪਰ ਕੈਸੀ ਸਾਜਸ਼ ਸੀ 1985 ਵਿਚ ਦਰਬਾਰ ਸਾਹਿਬ ਫੈਡਰੇਸ਼ਨ ਦਾ ਸਮਾਗਮ ਚੱਲ ਰਿਹਾ ਸੀ, ਉਸ ਸਮੇਂ ਪੰਜਾਬ ਦੇ ਸਿੱਖਿਆ ਮੰਤਰੀ ਸੁਖਜਿੰਦਰ ਸਿੰਘ ਮੇਰੇ ਪਾਸ ਘਰ ਜ਼ੀਰਕਪੁਰ ਬੈਠੇ ਸਨ ਹਾਲਾਤ ਤੇ ਵੀਚਾਰਾਂ ਹੋ ਰਹੀਆਂ ਸਨ, ਕਿ ਮੇਰੇ ਕੋਲ ਬੈਠਿਆਂ ਦਰਬਾਰ ਸਾਹਿਬ ਤੋਂ ਸੁਖਜਿੰਦਰ ਸਿੰਘ ਨੂੰ ਫੋਨ ਆਇਆ, ਕਿ ਸਮਾਗਮ ਵਿਚ ਇਹ ਕਹਿਕੇ ਕਿ ਸਾਨੂੰ ਸਰਕਾਰ ਦਾ ਬਣਾਇਆ ਹੋਇਆ ਅਕਾਲ ਤਖਤ ਪ੍ਰਵਾਨ ਨਹੀਂ, ਸੋ ਸਮਾਗਮ ਦੀ ਸਮਾਪਤੀ ’ਤੇ ਇਕੱਠੇ ਹੱਲਾ ਕਰਕੇ ਹਥੌੜਿਆਂ ਕੁਹਾੜਿਆਂ ਨਾਲ ਅਕਾਲ ਤਖਤ ਢਾਹੁਣਾ ਸ਼ੁਰੂ ਕਰ ਦਿਤਾ ਗਿਆ ਹੈ। ਸ਼੍ਰੋਮਣੀ ਕਮੇਟੀ ਜਾਂ ਹੋਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਨ੍ਹਾਂ ਨੂੰ ਰੋਕੇ।

ਸ: ਸੁਖਜਿੰਦਰ ਸਿੰਘ ਨੇ ਬੜੀ ਮਯੂਸੀ ਨਾਲ ਕਿਹਾ ਕੇ ਅਕਾਲ ਤਖਤ ਅਪਣੀ ਹੱਥੀ ਢਾਹ ਕੇ ਚੰਗਾ ਨਹੀਂ ਨੇ ਕੀਤਾ। ਦੁਸ਼ਮਣ ਸੋਚ ਵਾਲੇ ਆਖਣਗੇ “ਆਹ ਦੇਖੋ ਸਿੱਖਾਂ ਨੇ ਆਪ ਭੀ ਤਾਂ ਅਪਣੀ ਹੱਥੀਂ ਅਕਾਲ ਤਖਤ ਢਾਹਿਆ ਹੈ”। ਇਸ ਨਾਲੋ ਚੰਗਾ ਸੀ ਕਿ ਜ਼ੁਲਮ ਦੀ ਯਾਦ ਅਤੇ ਨੀਸ਼ਾਨੀ ਵਜੋਂ ਇਸ ਇਮਾਰਤ ਨੂੰ ਪਰੀਜ਼ਰਵ ਕਰ ਲੈਂਦੇ। ਪਰ ਬੜੀ ਸਾਜਸ਼ ਨਾਲ ਢਾਹ ਕੇ ਦੁਬਾਰਾ ਬਨਾਣ ਦੇ ਬਹਾਨੇ, ਇਹ ਉਸਾਰੀ ਦਾ ਕੰਮ ਅਪਣੇ ਪਲਾਂਟ ਕੀਤੇ ਸੈਕਸ਼ਨ ਨੂੰ ਸੌਂਪ ਦਿਤਾ ਗਿਆ ਅਤੇ ਬੜੀ ਸਾਜਸ਼ ਨਾਲ ਅਕਾਲ ਤਖਤ ਦੀ ਇਮਾਰਤ ਦਾ ਪੁਰਾਤਨ ਨਕਸ਼ਾ ਬਦਲ ਦਿਤਾ ਗਿਆ।

1989 ਵਿਚ ਇਸ ਦੀ ਉਸਾਰੀ ਦਾ ਬਹੁਤਾ ਕੰਮ ਮੇਰੇ ਸੇਵਾ ਕਾਲ ਦਰਮਿਆਨ ਹੋਇਆ। ਇਸ ਦੀ ਉਸਾਰੀ ਵਿਚ ਕੀ ਕੀ ਔਕੜਾਂ ਆਈਆਂ; ਸੇਵਾ ਦੇ ਸਬੰਧ ਵਿਚ ਬਾਬਾ ਉਤਮ ਸਿੰਘ ਕਾਰ ਸੇਵਾ ਵਾਲੇ ਅਤੇ ਟਕਸਾਲ ਦੀ ਆਪਸ ਵਿਚ ਨਾ ਬਣੀ ਟਕਰਾਉ ਹੋਏ; ਆਖਰ ਇਹ ਸੇਵਾ ਦੋ ਧਿਰਾਂ ਵਿਚ ਵੰਡ ਦਿਤੀ ਗਈ; ਇਹ ਲੰਬੀ ਕਹਾਣੀ ਹੈ ਜੋ ਮੇਰਾ ਅੱਜ ਦਾ ਵਿਸ਼ਾ ਨਹੀਂ।

1989 ਵਿੱਚ ਇਕ ਦਿਨ ਮੇਰੇ ਕੋਲ ਵੀਰ ਪ੍ਰਿੰਸੀਪਲ ਸਤਬੀਰ ਸਿਘ ਜੀ ਬੈਠੇ ਸਨ। ਲੰਬਾ ਹਉਕਾ ਭਰ ਕੇ, ਉਹ ਕਹਿਨ ਲੱਗੇ ਸਿੰਘ ਸਾਹਿਬ ਲੋਹੜਾ ਮਾਰਿਆ ਨੇ, ਕੌਮੀ ਤਖਤ ਨੂੰ ਗੁਰਦੁਆਰਾ ਬਣਾ ਕੇ ਰੱਖ ਦਿਤਾ ਨੇ ਪਰ ਅੱਜ ਗੋਲੀ ਦੇ ਸਾਹਮਣੇ ਕਉਣ ਬੋਲੇ। ਕਹਿਣ ਲੱਗੇ ਧਰਮ ਸਥਾਨ ਦੀਆਂ ਪਰਕਰਮਾ ਹੋਂਦੀਆਂ ਹਨ ਅਤੇ ਹਮੇਸ਼ਾਂ ਤਖਤ ਦੇ ਸਨਮੁਖ ਪੇਸ਼ ਹੋਇਆ ਜਾਂਦਾ ਹੈ। ਅੱਗੇ ਤਖਤ ਸਾਹਿਬ ਦੀਆਂ ਪ੍ਰਕਰਮਾ ਨਹੀਂ ਸਨ, ਤੇ ਇਕ ਪਾਸਿਓਂ ਸੰਗਤ ਜਾਵੇ ਤੇ ਦੂਜੇ ਪਾਸਿਓਂ ਵਾਪਸ ਆਵੇ। ਸਿਰਫ ਖਾਸ ਸਿੰਘ ਹੀ ਊਪਰ ਤਖਤ ਸਾਹਿਬ ਦੇ ਅਸਥਾਨ ’ਤੇ ਜਾਂਦੇ ਸਨ, ਬਾਕੀ ਸਿੱਖ ਸੰਗਤ ਥੱਲੇ ਹੀ ਸਾਹਮਣੇ ਨਮਸ਼ਕਾਰ ਕਰਦੀ ਸੀ, ਇਸੇ ਲਈ ਆਮ ਸੰਗਤ ਲਈ ਥੱਲੇ ਸਾਹਮਣੇ ਹੀ ਗੋਲਕ ਪੁਰਾਣੀ ਪੱਕੀ ਅਜੇ ਭੀ ਬਣੀ ਹੋਈ ਹੈ, ਪੁਰਾਤਨ ਸਮੇ ਤੋਂ ਸਭ ਪੇਸ਼ੀਆਂ ਭੀ ਥਲੇ ਅਕਾਲ ਤਖਤ ਸਥਾਨ ਦੇ ਸਾਹਮਣੇ ਪੇਸ਼ ਹੋ ਕੇ ਹੀ ਹੋਂਦੀਆਂ ਸਨ। ਊਪਰੋਂ ਸਿਰਫ ਫੈਸਲਾ ਸੁਣਾਇਆ ਜਾਂਦਾ ਸੀ। ਸਿੱਖ ਰਹਿਤ ਮਰਿਯਾਦਾ ਮੁਤਾਬਕ ਤਨਖਾਹੀਆ ਤਾਂ ਊਪਰ ਤਖਤ ਅਸਥਾਣ ’ਤੇ ਚ੍ਹੜ ਹੀ ਨਹੀਂ ਸਕਦਾ। ਪਰ ਸਰਕਾਰ ਵਲੋਂ ਇਹ ਸਭ ਕੁਛ ਤਖਤ ਦੀ ਮਾਣ ਮਰਯਾਦਾ ਨੂੰ ਕਮਜ਼ੋਰ ਕਰਨ ਦੀ ਸਾਜਸ਼ ਨਾਲ ਬਣਾਇਆ ਗਿਆ ਹੈ, ਕਿ ਜੇ ਤਖਤ ਨਹੀਂ ਖਤਮ ਹੋਇਆ, ਤਾਂ ਕਮ ਸੇ ਕਮ ਕੁਛ ਤਖਤ ਦਾ ਕਨਸੈਪਟ ਤਾਂ ਬਦਲ ਦਿਤਾ ਜਾਵੇ।

ਇਕ ਪਾਸੇ ਇਸ ਸਰਕਾਰੀ ਸਾਜਸ਼ ਦੇ ਬਾਵਜੂਦ ਅੱਜ ਫਿਰ ਭੀ ਸਿੱਖ ਦੀ ਸ਼ਰਧਾ ਨੇ ਇਸ ਨੂੰ ਅਪਣਾ ਸ਼ਕਤੀ ਪ੍ਰਤੀਕ ਮੰਨਿਆ ਹੋਇਆ ਹੈ। ਅੱਜ ਸਿੱਖ ਦੀ ਸ਼ਕਤੀ ਨੂੰ ਮਲੀਆ ਮੇਟ ਕਰਨ ਦੀ ਲਾਲਸਾ ਰਖਦੀ ਸਿੱਖ ਸਰਕਾਰ ਦੀ ਭਾਈਵਾਲ ਸੋਚ ਇੱਕ ਨਵੀਂ ਚਾਲ ਰਾਹੀਂ, ਇੱਕ ਆਮ ਸਿੱਖ ਦੀ ਸ਼ਰਧਾ ਦਾ ਕੇਂਦਰ ਬਿੰਦੂ ਅਕਾਲ ਤਖਤ ਸਥਾਨ ਵੀ ਉਲਝਣ ਵਿਚ ਪਾ ਕੇ ਕਮਜੋਰ ਅਤੇ ਖਤਮ ਕਰਨਾ ਚਾਹੁੰਦੀ ਹੈ, ਇਸ ਲਈ ਉਸਨੇ ਇਕ ਵੱਖਰੀ ਕਾਲ ਕੋਠੜੀ ਨੂੰ ਅਕਾਲ ਤਖਤ ਦਾ ਨਾਮ ਦੇ ਲਿਆ ਹੈ, ਅਤੇ ਪੇਸ਼ੀਆਂ ਦਾ ਕੇਂਦਰ ਬਣਾ ਲਿਆ ਹੈ। ਉਥੇ ਬੈਠਕੇ ਸੌਦੇ ਹੁੰਦੇ ਹਨ, ਉਥੇ ਬੈਠ ਕੇ ਜ਼ਬਰਨ ਝੂਠੀਆਂ ਸੱਚੀਆਂ ਸ਼ਰਤਾਂ ਮਨਵਾਈਆਂ ਜਾਂਦੀਆਂ ਹਨ। ਪੰਜ ਅਖੌਤੀ ਜੱਥੇਦਾਰਾਂ ਨੂੰ ਅਕਾਲ ਤਖਤ ਡਕਲੇਅਰ ਕਰ ਦਿਤਾ ਹੈ। ਅਖੇ ਜਿਥੇ ਉਹ ਬੈਠਣ ਉਹੀ ਅਕਾਲ ਤਖਤ ਸਥਾਨ ਹੈ। ਤਾਂ ਹੀ ਕਦੀ ਬਿਹਾਰ ਦੇ ਇਕ ਪਿੰਡ ਗੂਨੇ ਤੋਂ ਭੀ ਫੈਸਲਾ ਸੁਣਾਇਆ ਗਿਆ ਸੀ, ਕਿਉਂਕਿ ਅਕਾਲ ਤਖਤ ਜੱਥੇਦਾਰ ਦੇ ਰੂਪ ਵਿਚ ਉਹਨੀ ਦਿਨੀ ਓਥੇ ਸੀ। ਹਰ ਕਿਸੇ ਨੂੰ ਉਥੇ ਹੀ ਹਾਜ਼ਰ ਹੋਣਾ ਪਵੇਗਾ ਜਿਥੇ ਜੱਥੇਦਾਰ ਹੋਣ, ਜੋ ਉਹ ਫੈਸਲਾ ਕਰਨ ਉਹ ਅਕਾਲ ਤਖਤ ਦਾ ਫੈਸਲਾ ਹੈ। ਅੱਜ ਭੀ ਇਸੇ ਗੱਲ ਤੇ ਜੋਰ ਲੱਗਾ ਹੋਇਆ ਹੈ, ਕਿ ਉਥੇ ਪੇਸ਼ ਹੋਵੋ ਜਿਥੇ ਜੱਥੇਦਾਰ ਬੈਠੇ ਹੋਣ, ਨਹੀਂ ਤਾਂ ਤੁਸੀਂ ਅਕਾਲ ਤਖਤ ਤੇ ਪੇਸ਼ ਹੀ ਨਹੀਂ ਹੋਏ।

 

ਮੇਰਾ ਅਕਾਲ ਤਖਤ ਤੇ ਪੇਸ਼ ਹੋਣਾ, ਸਭ ਸੰਗਤਾਂ ਨੂੰ ਪਤਾ ਹੈ ਕਿ ਕੁਛ ਵੀਰਾਂ ਦੇ ਰੋਕਣ ਦੇ ਬਾਵਜੂਦ ਮਾਣ ਮਰਿਯਾਦਾ ਕਾਇਮ ਰਖਦਿਆਂ, ਮੈਂ ਅਕਾਲ ਤਖਤ ’ਤੇ ਪੇਸ਼ ਹੋਇਆ। ਉਥੇ ਜਾ ਕੇ ਭਾਵੇਂ ਕੁਛ ਅਭੋਲ ਵੀਰ ਕਹਿਂਦੇ ਰਹੇ, ਕਿ ਉਪਰ ਚੱਲ ਕੇ ਬੈਠੋ, ਪਰ ਮੈ ਸਾਥੀਆਂ ਸਮੇਤ ਪੁਰਾਤਨ ਮਰਿਆਦਾ ਮੁਤਾਬਕ ਤਖਤ ਸਾਹਿਬ ਅਸਥਾਨ ਦੇ ਸਨਮੁਖ ਥੱਲੇ ਬੈਠਾ ਰਿਹਾ। ਜਦੋਂ ਆਖਿਆ ਗਿਆ ਕਿ ਕਿਸੇ ਨੇ ਭੀ ਆਕੇ ਕੋਈ ਸਵਾਲ ਨਹੀਂ ਪੁੱਛਣਾ, ਤੁਸੀਂ ਜਾ ਸਕਦੇ ਹੋ ਤਾਂ ਪਉੜੀਆਂ ਚ੍ਹੜਕੇ ਤਖਤ ਅਸਥਾਨ ਦੇ ਇਕ ਦਰਵਾਜ਼ੇ ਰਾਹੀਂ ਉਪਰ ਗਿਆ, ਨਮਸ਼ਕਾਰ ਕੀਤੀ, ਭਾਈ ਤਰਸੇਮ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਫਾਈਲ ਭੇਟ ਕਰਕੇ ਅਰਦਾਸ ਕਰਕੇ ਉਸੇ ਦਰਵਾਜ਼ੇ ਤੋ ਵਾਪਸ ਆ ਗਏ ਪਰਕਰਮਾ ਨਹੀਂ ਕੀਤੀਆਂ, ਮਰਿਆਦਾ ਕਾਇਮ ਰੱਖੀ। ਅੱਜ ਅਸੀਂ ਅਕਾਲ ਤਖਤ ਦੇ ਨਾਮ ’ਤੇ ਭਰਮ ਪਾਲ ਰਹੇ ਹਾਂ, ਕਿ ਜੱਥੇਦਾਰ ਜਿਸਦੇ ਮਰਜ਼ੀ ਥਾਪੇ ਹੋਣ, ਅਤੇ ਜਿਥੇ ਉਹ ਬੈਠੇ ਹੋਣ ਜਾਂ ਜਿਥੇ ਉਹ ਚਾਹੁਣ, ਉਥੇ ਹੀ ਅਕਾਲ ਤਖਤ ਹੈ, ਉਥੇ ਹੀ ਹਾਜ਼ਰ ਹੋਣਾ ਬਣਦਾ ਹੈ। ਇਉਂ ਅਸੀ ਜਾਣੇ ਅਨਜਾਣੇ ਉਨ੍ਹਾਂ ਏਜੰਸੀਆਂ ਦੀਆਂ ਘਾਤਕ ਸਾਜਸ਼ਾਂ ਲਈ ਹੀ ਮਦਦਗਾਰ ਸਾਬਤ ਹੋ ਰਹੇ ਹਾਂ, ਅਤੇ ਅਕਾਲ ਤਖਤ ਦੀ ਮਾਣ ਮਰਿਆਦਾ ਨੂੰ ਬਣਾ ਨਹੀਂ, ਬਲਕਿ ਵੱਡੀ ਢਾਹ ਲਾਉਣ ਦੇ ਜੁੰਮੇਵਾਰ ਬਣ ਰਹੇ ਹਾਂ।

ਇਹ ਸਾਰੀ ਕਹਾਣੀ ਪਿਛਲੇ ਦਿਨੀਂ ਮੇਰੇ ਘਰ ਮਿਲਣ ਆਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਮੁਖੀਆਂ ਨੂੰ ਸੁਣਾਈ, ਅਤੇ ਉਸ ਸਮੇਂ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਨੇ ਆਖਿਆ ਸੀ ਕਿ ਇਹ ਸਭ ਕੁਛ ਲਿਖ ਕੇ ਕੌਮ ਤਕ ਪਹੁੰਚਾਓ। ਇਹੋ ਕਾਰਣ ਹੈ ਕਿ ਇਹ ਲਿਖਤੀ ਲੇਖ ਸੰਗਤ ਤੱਕ ਪਹੁੰਚਾਉਣ ਲਈ ਭੇਜਿਆ ਹੈ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top