Share on Facebook

Main News Page

ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੱਕਰੇ ਝਟਕਾਉਣ ਦੀ ਰਵਾਇਤ ਰੋਕਣ ਲਈ, ਪੰਜ ਲੱਖ ਦਸਤਖਤ ਕਰਾਉਣ ਦਾ ਟੀਚਾ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਆਨ ਲਾਈਨ ਪਟੀਸ਼ਨ ਉੱਤੇ ਦਸਤਖ਼ਤ

 

ਡਰਬੀ: ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਉਥੋਂ ਦੇ ਸਿੱਖਾਂ ਵੱਲੋਂ ਬੱਕਰੇ ਝਟਕਾਉਣ ਦੀ ਇਕ ਰਵਾਇਤ ਦੇ ਵਿਰੁੱਧ ਇਸ ਚੜੇ ਸਾਲ ਹੀ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ 5 ਜਨਵਰੀ 2012 ਨੂੰ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਭਰਵਾਂ ਹੁੰਘਾਰਾ ਮਿਲ ਰਿਹਾ ਹੈ।

ਸ: ਪੁਰੇਵਾਲ ਨੇ ਇਸ ਮੁਹਿੰਮ ਵਿਚ ਸ਼ਾਮਿਲ ਸੰਸਥਾਵਾਂ ਅਤੇ ਸਹਿਯੋਗ ਦੇਣ ਵਾਲੀਆਂ ਸਮੂਹ ਸਿੱਖ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਹੁਣ ਤੱਕ ਯੂ ਕੇ ਅਤੇ ਯੂਰਪੀਨ ਦੇਸ਼ਾਂ ਵਿਚੋਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰ ਇਸ ਮੁਹਿੰਮ ਵਿਚ ਸ਼ਾਮਿਲ ਹੋ ਗਏ ਹਨ, ਤੇ ਹੁਣ ਤੱਕ ਹਜ਼ਾਰਾਂ ਸੰਗਤਾਂ ਨੇ ਇਸ ਮੁਹਿੰਮ ਸਬੰਧੀ ਪਟੀਸ਼ਨ ਉੱਤੇ ਦਸਤਖ਼ਤ ਕੀਤੇ ਹਨ। ਸੰਗਤਾਂ ਆਪ ਹੀ ਪੇਪਰ ਵਿਚੋਂ ਫਾਰਮ ਕਾਪੀ ਕਰਕੇ ਉਸ ਉੱਤੇ ਦਸਤਖਤ ਕਰਵਾ ਕੇ ਭੇਜ ਰਹੀਆਂ ਹਨ, ਇਸ ਦੇ ਇਲਾਵਾ ਯੂ ਕੇ, ਯੂਰਪ, ਅਮਰੀਕਾ, ਕੈਨੇਡਾ, ਇੰਡੀਆ ਅਤੇ ਹੋਰ ਦੇਸ਼ਾਂ ਤੋਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਵੀ ਸਹਿਯੋਗ ਦੇ ਰਹੀਆਂ ਹਨ।

ਸ: ਪੁਰੇਵਾਲ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਪਟੀਸ਼ਨ ਉੱਤੇ ਪੰਜ ਲੱਖ ਦੇ ਕਰੀਬ ਸਿੱਖ ਸੰਗਤਾਂ ਦੇ ਦਸਤਖ਼ਤ ਕਰਵਾ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਬੋਰਡ ਸ੍ਰੀ ਹਜ਼ੂਰ ਸਾਹਿਬ ਨੂੰ ਭੇਜੇ ਜਾਣਗੇ । ਇਸ ਤਰਾਂ ਸਿੱਖ ਸੰਗਤਾਂ ਦੀ ਆਵਾਜ਼ ਉਥੇ ਤੱਕ ਪਹੁੰਚਾਈ ਜਾਏਗੀ ਤਾਂ ਕਿ ਗੁਰੂ ਘਰ ਦੇ ਅੰਦਰ ਚੱਲ ਰਹੀ ਇਹ ਮਨਮਤਿ ਭਰੀ ਰਵਾਇਤ ਬੰਦ ਕੀਤੀ ਜਾਵੇ। ਉਨਾਂ ਕਿਹਾ ਇਹ ਮੁਹਿੰਮ ਇਸ ਲਈ ਸ਼ੁਰੂ ਕੀਤੀ ਗਈ ਹੈ ਕਿਉਂਕਿ ਇਕੱਲੇ-ਦੁਕੱਲੇ ਬੰਦੇ ਜਾਂ ਕਿਸੇ ਸੰਸਥਾ ਦੀ ਸ਼ਿਕਾਇਤ ਉੱਤੇ ਉਹ ਗੌਰ ਨਹੀਂ ਕਰਦੇ ਸਗੋਂ ਇਸ ਦਾ ਵਿਰੋਧ ਕਰਨ ਵਾਲੇ ਨਾਲ ਬੁਰਾ ਵਰਤਾਓ ਕੀਤਾ ਜਾਂਦਾ ਹੈ। ਅਜਿਹੀ ਸ਼ਿਕਾਇਤ ਨਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸੁਣਦੇ ਹਨ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸੁਣਦੀ ਹੈ। ਸ: ਪੁਰੇਵਾਲ ਨੇ ਕਿਹਾ ਦਸਤਖ਼ਤ ਕਰਾਉਣ ਦਾ ਕੰਮ ਖਾਲਸਾ ਪੰਥ ਦੇ ਸਾਜਨਾ ਦਿਵਸ ਤੱਕ ਮੁਕੰਮਲ ਕਰਕੇ, ਇਸ ਮਸਲੇ ਬਾਰੇ ਯੂ ਕੇ ਵਿਚ ਇਕ ਭਾਰੀ ਪੰਥਕ ਇਕੱਠ ਬੁਲਾਇਆ ਜਾਏਗਾ, ਜਿਸ ਵਿਚ ਸੰਗਤਾਂ ਦਾ ਸਹਿਯੋਗ ਲਿਆ ਜਾਵੇਗਾ।

ਉਹਨਾਂ ਨੇ ਸਿੱਖ ਵਿਦਵਾਨਾਂ ਅਤੇ ਲੇਖਕਾਂ ਨੂੰ ਬੇਨਤੀ ਕੀਤੀ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੱਕਰੇ ਝਟਕਾਉਣ ਦੀ ਰੀਤ ਬਾਰੇ ਸਿੱਖ ਕੌਮ ਨੂੰ ਗੁਰਬਾਣੀ ਦੇ ਆਧਾਰ 'ਤੇ ਅਗਵਾਈ ਦੇਣ, ਤਾਂ ਕਿ ਇਸ ਮਨਮਤਿ ਭਰੀ ਰਵਾਇਤ ਨੂੰ ਰੋਕਿਆ ਜਾ ਸਕੇ । ਜਿਵੇਂ ਪਿਛਲੇ ਸਮੇਂ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਰਮਾ ਵਿਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕਰ ਦਿੱਤੀਆਂ ਗਈਆਂ ਸਨ, ਤੇ ਉਨਾਂ ਨੂੰ ਉਥੋਂ ਹਟਾਉਣ ਲਈ ਸਿੱਖ ਪੰਥ ਨੂੰ ਵੱਡਾ ਸੰਘਰਸ਼ ਕਰਨਾ ਪਿਆ ਸੀ, ਇਸੇ ਤਰਾਂ ਇਹ ਮਨਮਤਿ ਵੀ ਗੁਰੂ ਘਰ ਦੇ ਅੰਦਰੋਂ ਹਟਾਉਣੀ ਚਾਹੀਦੀ ਹੈ, ਅਗਰ ਕੋਈ ਬਾਹਰ ਅਜਿਹਾ ਕਰਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਗੁਰੂ ਘਰ ਦੇ ਅੰਦਰ ਸ਼ਰੇਆਮ ਜਨਤਾ ਦੇ ਦਰਮਿਆਨ ਬੱਕਰਿਆਂ ਦੀ ਬਲੀ ਦੇਣੀ ਗੁਰਮਤਿ ਦੇ ਵਿਰੁੱਧ ਹੈ।

ਸ: ਪੁਰੇਵਾਲ ਨੇ ਦੱਸਿਆ ਕਿ ਸੰਗਤਾਂ ਇਸ ਪਟੀਸ਼ਨ ਉੱਤੇ ਔਨ ਲਾਈਨ ਵੀ ਦਸਤਖ਼ਤ ਕਰ ਰਹੀਆਂ ਹਨ। ਜਿਹਨਾਂ ਨੂੰ ਪੰਜਾਬ ਟਾਈਮਜ਼ ਪੇਪਰ ਜਾਂ ਦਸਤਖ਼ਤਾਂ ਵਾਲੇ ਫਾਰਮ ਨਹੀਂ ਮਿਲ ਰਹੇ ਉਹ ਇਸ ਵੈਬ ਸਾਈਟ ਤੇ ਜਾ ਕੇ ਆਨ ਲਾਈਨ ਦਸਤਖ਼ਤ ਕਰ ਸਕਦੇ ਹਨ। www.sssint.org ਇਸ ਮੁਹਿੰਮ ਵਿਚ ਹੁਣ ਤੱਕ ਹੇਠਾਂ ਲਿਖੀਆਂ ਸੰਸਥਾਵਾਂ ਸ਼ਾਮਿਲ ਹੋ ਚੁੱਕੀਆਂ ਹਨ।

ਅਖੰਡ ਕੀਰਤਨੀ ਜਥਾ ਯੂ ਕੇ, ਕਾਰ ਸੇਵਾ ਕਮੇਟੀ ਸਿੱਖ ਗੁਰਧਾਮ (ਪਾਕਿਸਤਾਨ), ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਓਲਡਬਰੀ, ਸਿੰਘ ਸਭਾ ਗੁਰਦੁਆਰਾ ਡਰਬੀ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਵੈਂਟਰੀ, ਬ੍ਰਿਟਿਸ਼ ਸਿੱਖ ਕੌਂਸਲ, ਨੌਟਿੰਘਮ ਦੇ ਗੁਰਦੁਆਰਾ ਸਾਹਿਬਾਨ: ਗੁਰੂ ਨਾਨਕ ਸਤਿਸੰਗ ਗੁਰਦੁਆਰਾ, ਸ੍ਰੀ ਗੁਰੂ ਸਿੰਘ ਸਭਾ ਨੌਟਿੰਘਮ, ਬਾਬਾ ਬੁੱਢਾ ਜੀ ਗੁਰਦੁਆਰਾ, ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ, ਰਾਮਗੜੀਆ ਸਭਾ ਗੁਰਦੁਆਰਾ, ਗੁਰੂ ਨਾਨਕ ਦੇਵ ਜੀ ਗੁਰਦੁਆਰਾ, ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ, ਗੁਰੂ ਨਾਨਕ ਸਤਸੰਗ ਗੁਰਦੁਆਰਾ ਕੈਨਕ ਰੋਡ, ਸ੍ਰੀ ਦਸਮੇਸ਼ ਸਿੱਖ ਟੈਪਲ ਲੈਸਟਰ, ਗੁਰੂ ਨਾਨਕ ਗੁਰਦੁਆਰਾ ਲੈਸਟਰ, ਗੁਰੂ ਨਾਨਕ ਗੁਰਦੁਆਰਾ ਸਟਾਫੋਰਡ, ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ, ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬੈਡਫੋਰਡ, ਸਾਹਿਬ ਮੈਗਜ਼ੀਨ ਬ੍ਰਮਿੰਘਮ, ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਟੋਰੰਟੋ ਕੈਨੇਡਾ, ਕਨੈਡੀਅਨ ਸਿੱਖ ਐਸੋਸੀਏਸ਼ਨ ਟੋਰੰਟੋ ਅਤੇ ਅਮਰੀਕਾ ਤੋਂ ਸ: ਤਰਲੋਚਨ ਸਿੰਘ ਦੁਪਾਲਪੁਰ, ਸਿੱਖ ਸੇਵਕ ਸੁਸਾਇਟੀ ਇੰ: (ਪੰਜਾਬ) ਦੇ ਪ੍ਰਧਾਨ ਸ: ਪ੍ਰਮਿੰਦਰਪਾਲ ਸਿੰਘ, ਸੁਰਿੰਦਰ ਸਿੰਘ ਗੋਲਡੀ ਅਤੇ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਸ਼ਾਮਿਲ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top