ਬਰਨਾਲਾ, 30 ਜਨਵਰੀ ( ਜਗਸੀਰ ਸਿੰਘ ਸੰਧੂ ) - ਹੋਈਆਂ
ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ
ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦੀਆਂ ਹਰ ਰੋਜ਼ ਪ੍ਰਕਾਸ਼ਿਤ ਹੁੰਦੀਆਂ
ਖਬਰਾਂ ਮੁਤਾਬਿਕ ਵਿਧਾਨ ਸਭਾ ਚੋਣਾਂ ਲੜ ਰਹੀ ਕੋਈ ਵੀ ਪਾਰਟੀ ਪਿਛੇ ਨਹੀਂ ਰਹੀ,
ਪਰ ਇਹਨਾਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ
ਕੀਤੇ ਹੁਕਮਨਾਮੇ ਨੂੰ ਅਣਦੇਖਾ ਕਰਕੇ ਬਹੁਤ ਸਾਰੇ ਸਿੱਖ ਆਗੂਆਂ ਵੱਲੋਂ ਸੌਦਾ
ਸਾਧ ਦੇ ਦਰਵਾਜੇ 'ਤੇ ਵੋਟਾਂ ਲਈ ਨੱਕ ਰਗੜੇ ਗਏ ਹਨ। ਸੌਦਾ ਸਾਧ ਵੱਲੋਂ ਦਿੱਤੇ
ਆਦੇਸ਼ਾਂ ਮੁਤਾਬਿਕ ਉਸਦੇ ਚੇਲਿਆਂ ਨੇ ਕਿਹੜੇ ਕਿਹੜੇ ਉਮੀਦਵਾਰਾਂ ਦੀਆਂ
ਝੋਲੀਆਂ ਵਿੱਚ ਵੋਟਾਂ ਦੀ ਭੀਖ ਪਾਈ ਗਈ ਹੈ, ਇਹ ਤਾਂ ਸ਼ਾਇਦ 6 ਮਾਰਚ ਨੂੰ
ਨਤੀਜੇ ਆਉਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ, ਪਰ ਜਿਸ ਤਰਾਂ ਸ਼੍ਰੋਮਣੀ ਅਕਾਲੀ
ਦਲ ਦੇ ਉਮੀਦਵਾਰਾਂ ਵੱਲੋਂ ਸੌਦਾ ਸਾਧ ਦੀਆਂ ਲੇਲੜੀਆਂ ਕੱਢੀਆਂ ਗਈਆਂ ਹਨ, ਉਸ
ਨੂੰ ਦੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਜਰੂਰ ਇੱਕ ਅਗਨੀ
ਪ੍ਰੀਖਿਆ ਦੀ ਘੜੀ ਬਣ ਗਈ ਹੈ।
ਸੌਦਾ ਸਾਧ ਦੇ ਡੇਰੇ 'ਤੇ ਵੇਲੇ ਕੁਵੇਲੇ ਜਾ ਕੇ ਮੱਥੇ
ਰਗੜਨ ਵਾਲੇ ਕੁਝ ਅਕਾਲੀ ਲੀਡਰ ਭਾਵੇਂ ਹੁਣ ਇਸ ਤੋਂ ਮੁਨਕਰ ਹੋਣ ਵਿੱਚ ਦੇਰੀ
ਨਹੀਂ ਕਰਨਗੇ, ਪਰ ਫੇਰ ਵੀ ਕਈ ਅਜਿਹੇ ਪੁਖਤਾ ਸਬੂਤ ਹਨ, ਜੋ ਤਖਤ ਸਾਹਿਬਾਨ
ਦੇ ਜਥੇਦਾਰਾਂ ਲਈ ਸਿਰਦਰਦੀ ਖੜੀ ਕਰ ਸਕਦੇ ਹਨ। ਇਹਨਾਂ ਸਬੂਤਾਂ ਨੂੰ ਨਾ ਤਾਂ
ਤਖਤ ਸਾਹਿਬਾਨ ਦੇ ਜਥੇਦਾਰ ਨਾਕਾਰ ਸਕਣਗੇ ਅਤੇ ਨਾਹੀ ਕੋਈ ਕਾਰਵਾਈ ਕਰਨ ਦੀ
ਜੁਰਅਤ ਕਰ ਸਕਣਗੇ। ਸੌਦਾ ਸਾਧ ਦੇ ਡੇਰੇ ਵੱਲੋਂ ਪ੍ਰਕਾਸ਼ਿਤ ਹੁੰਦੇ ਰੋਜ਼ਾਨਾ
ਅਖਬਾਰ ਵਿੱਚ ਵੋਟਾਂ ਪੈਣ ਵਾਲੇ ਦਿਨ ਭਾਵ 30 ਜਨਵਰੀ ਨੂੰ ਅਖਬਾਰ ਦੇ ਤਿੰਨ
ਨੰਬਰ ਪੇਜ਼ ਉਪਰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ
ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਵੱਲੋਂ ਅਤੇ ਵਿਧਾਨ ਸਭਾ ਹਲਕਾ
ਲਹਿਰਾਗਾਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵੰਤ ਸਿੰਘ ਸਰਾਓਂ
ਵੱਲੋਂ ਤੱਕੜੀ ਦੇ ਚੋਣ ਨਿਸ਼ਾਨ ਸਮੇਤ ਛਪਵਾਏ ਵੱਡੇ ਵੱਡੇ ਇਸਤਿਹਾਰ ਸ੍ਰੀ
ਅਕਾਲ ਤਖਤ ਸਹਿਬ ਦੇ ਹੁਕਮਨਾਮੇ ਦੀ ਸਰੇਆਮ ਧੱਜੀਆਂ ਉਡਾ ਰਹੇ ਹਨ।
ਇਹਨਾਂ ਇਸਤਿਹਾਰਾਂ ਤੋਂ ਸਬੰਧਿਤ ਉਮੀਦਵਾਰ ਕਿਸੇ ਹਾਲਤ
ਵਿੱਚ ਮੁਨਕਰ ਵੀ ਨਹੀਂ ਹੋ ਸਕਦੇ ਕਿਉਂਕਿ ਚੋਣ ਕਮਿਸ਼ਨ ਵੱਲੋਂ ਸਖਤ ਹਦਾਇਤਾਂ
ਆਈਆਂ ਹੋਈਆਂ ਸਨ ਕਿ ਕੋਈ ਵੀ ਇਸਤਿਹਾਰ ਕਿਸੇ ਵੀ ਅਖਬਾਰ ਵਿੱਚ ਸਬੰਧਿਤ
ਉਮੀਦਵਾਰ ਵੱਲੋਂ ਲਿਖਤੀ ਤੌਰ 'ਤੇ ਲੋਕ ਸੰਪਰਕ ਵਿਭਾਗ ਨੂੰ ਸੂਚਿਤ ਕਰਨ
ਉਪਰੰਤ ਹੀ ਛਾਪਿਆ ਜਾਣਾ ਜਰੂਰੀ ਹੈ, ਕਿਉਂਕਿ ਹਰ ਇਸਤਿਹਾਰ ਦਾ ਖਰਚਾ ਸਬੰਧਿਤ
ਉਮੀਦਵਾਰ ਦੇ ਚੋਣ ਖਰਚੇ ਵਿੱਚ ਜੋੜਿਆ ਜਾਣਾ ਹੈ। ਕਾਂਗਰਸ ਜਾਂ ਹੋਰ ਕਿਸੇ
ਪਾਰਟੀ ਦੇ ਸਿੱਖ ਉਮੀਦਵਾਰ ਵੱਲੋਂ ਸੌਦਾ ਸਾਧ ਦੇ ਡੇਰੇ 'ਤੇ ਜਾ ਕੇ ਵੋਟਾਂ
ਮੰਗਣ ਦੇ ਮਾਮਲੇ ਉਪਰ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ
ਸਾਹਿਬ ਅਤੇ ਦੂਸਰੇ ਤਖਤਾਂ ਦੇ ਜਥੇਦਾਰਾਂ ਲਈ ਇਹ ਅਕਾਲੀ ਉਮੀਦਵਾਰਾਂ ਵੱਲੋਂ
ਸੌਦਾ ਸਾਧ ਨਾਲ ਪਾਈਆਂ ਸਾਂਝਾਂ 'ਸੱਪ ਦੇ ਮੂੰਹ 'ਚ ਆਈ ਕੋਹੜ ਕਿਰਲੀ' ਵਾਲੇ
ਹਾਲਾਤ ਪੈਦਾ ਕਰ ਸਕਦੀਆਂ ਹਨ। ਤਖਤ ਸਾਹਿਬਾਨ ਦੇ ਜਥੇਦਾਰ ਹੁਣ ਕੀ ਰੁਖ
ਅਖਤਿਆਰ ਕਰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।