Share on Facebook

Main News Page

ਜਾਗਰੂਕ ਪੰਥ ਦਾ ਗੁਰਮਤਿ ਦੇ ਝੰਡੇ ਹੇਠ ਲਾਮਬੰਦ ਹੋਣਾ ਸਮੇਂ ਦੀ ਲੋੜ

ਨੋਟ:- ਇਹ ਵਿਚਾਰ ਤੱਤ ਗੁਰਮਤਿ ਪਰਿਵਾਰ ਵਲੋਂ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੇ ਚਲਾਣੇ ਸੰਬੰਧੀ ਸਮਾਗਮ ਉਪਰੰਤ ਲੁਧਿਆਣਾ ਵਿਖੇ 24 ਜਨਵਰੀ 2012 ਨੂੰ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਗ੍ਰਿਹ ਵਿਖੇ ਹੋਈ ਸੁਚੇਤ ਪੰਥਦਰਦੀਆਂ ਦੀ ਇਕਤੱਰਤਾ ਦੌਰਾਨ ਪ੍ਰਗਟਾਏ ਗਏ।

ਗੁਰਮਤਿ ਇਨਕਲਾਬ ਦੇ ਹਮਸਫਰ, ਇਕ ਨਿਸ਼ਕਾਮ ਸਿਪਾਹ-ਸਾਲਾਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ ਅੰਤਿਮ ਅਰਦਾਸ ਸਮੇਂ ਇਕੱਤਰਤਾ ਦਾ ਸਦਉਪਯੋਗ ਕਰਨ ਦੇ ਮਕਸਦ ਨਾਲ ਜੁੜ ਬੈਠੇ ਸੁਚੇਤ ਪੰਥਦਰਦੀ ਸੱਜਣੋ!

ਤੱਤ ਗੁਰਮਤਿ ਪਰਿਵਾਰ ਵਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।

ਸਿੰਘ ਸਭਾ ਲਹਿਰ ਦੇ ਖੜੇ ਕੀਤੇ ਮਜ਼ਬੂਤ ਆਧਾਰਾਂ ਤੋਂ ਪੈਦਾ ਹੋਈ ਗੁਰਦੁਆਰਾ ਸੁਧਾਰ ਲਹਿਰ ਵਿਚਲੀਆਂ ਬੇਅੰਤ ਕੁਰਬਾਣੀਆਂ ਦੀ ਉਪਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ, ਕੌਮ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਹੁਣ ਹੁਕਮਰਾਨਾ ਦੇ ਪਿਆਦੇ ਵਜੋਂ ਵਿਚਰ ਰਹੇ ਮੱਕਾਰ, ਨਾ-ਅਹਿਲ ਅਤੇ ਸਵਾਰਥੀ ਮਹੰਤਾਂ ਤੋਂ ਸਦਾ ਸਦਾ ਲਈ ਮੁਕਤੀ ਹਾਸਲ ਹੋ ਜਾਵੇਗੀ ਅਤੇ ਸਿੱਖੀ ਦਾ ਵੇਹੜਾ ਪੁਜਾਰੀਵਾਦੀ ਸੋਚ ਦੇ ਕੂੜੇ-ਕਰਕਟ ਦੇ ਸਾਫ ਹੋਣ ਤੋਂ ਬਾਅਦ, ਮੌਜੂਦਾ ਪ੍ਰਬੰਧ ਰਾਹੀਂ, ਸਮੁੱਚੀ ਮਨੁੱਖਤਾ ਨੂੰ (ਨਾਨਕ ਫਲਸਫੇ ਦੀ ਸਪਸ਼ਟ ਮਾਨਵਵਾਦੀ ਸੋਚ ਦੀ ਸੇਧ ਹੇਠ) ਗਲਵਕੜੀ ਵਿਚ ਲੈ ਕੇ, ਨਾਨਕ ਪਾਤਸ਼ਾਹ ਵਲੋਂ ਚਿਤਵੇ ਸਚਿਆਰੇ ਮਨੁੱਖਾਂ ਦੀ ਘਾੜਤ ਲਈ ਠੋਸ ਉਪਰਾਲੇ ਹੋਣਗੇ।

ਪਰ ਧਾਰਮਿਕ ਦਿੱਖ ਵਾਲੇ ਇਸ ਸਿਆਸੀ ਪ੍ਰਬੰਧਨ ਦੀ ਹੋਂਦ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੀਆਂ ਕਾਰਗੁਜ਼ਾਰੀਆਂ ਦਾ ਲੇਖਾ-ਜੋਖਾ ਕੀਤਿਆਂ (ਮੌਜੂਦਾ ਰਹਿਤ ਮਰਿਯਾਦਾ ਤੋਂ ਸਿਵਾ) ਕੋਈ ਵੀ ਐਸੀ ਪ੍ਰਾਪਤੀ ਨਜ਼ਰ ਨਹੀਂ ਆਉਂਦੀ, ਜਿਸ ਤੇ ਮਾਣ ਕੀਤਾ ਜਾ ਸਕੇ। ਸਗੋਂ ਇਸ ਤੇ ਕਾਬਜ਼ ਹੋਣ ਤੋਂ ਬਾਅਦ ਕੁਝ ਘਾਗ ਸਿਆਸੀ ਕਾਵਾਂ ਨੇ ਨਿੱਜ ਸਵਾਰਥ, ਆਪਾ-ਧਾਪੀ ਅਤੇ ਭਾਈ ਭਤੀਜਾਵਾਦ ਦਾ ਐਸਾ ਮਾਹੌਲ ਸਿਰਜਿਆ ਜਿਸ ਰਾਹੀਂ ਹੋਲੀ ਹੋਲੀ ਗੁਰਮਤਿ ਦਾ ਸਪਸ਼ਟ ਰੂਪ ਧੁੰਦਲਕੇ ਵਿਚ ਗੁਆਚ ਗਿਆ ਅਤੇ ਸਿੱਖੀ ਦਾ ਵੇਹੜਾ ਨਾਨਕ ਵਿਚਾਰਧਾਰਾ ਰਾਹੀਂ ਦਰਸਾਈ ਸਪਸ਼ਟ ਰੱਬੀ ਸਿਧਾਂਤਾਂ ਦੀ ਸਮਝ ਤੋਂ ਵਾਂਝਾ ਹੁੰਦਾ ਗਿਆ। ਇਸ ਪ੍ਰਬੰਧ ਰਾਹੀਂ ਕਾਬਜ਼ ਸਿਆਸਤਦਾਨਾਂ ਨੇ (ਅਕਾਲ ਤਖਤ ਦੇ ਨਾਂ ਤੇ ਅੰਗ੍ਰੇਜ਼ ਸ਼ਾਸਕਾਂ ਵਲੋਂ ਮਜ਼ਬੁਤ ਕੀਤੀ ਗਈ) ਪੁਜਾਰੀਵਾਦੀ ਵਿਵਸਥਾ ਅਤੇ ਡੇਰਾਵਾਦ ਨੂੰ (ਅਪਣੇ ਸੌੜੇ ਸਿਆਸੀ ਮੁਫਾਦਾਂ ਕਾਰਨ) ਵਿਉਂਤਬੰਦ ਤਰੀਕੇ ਨਾਲ ਇਸ ਕਦਰ ਮਜ਼ਬੂਤ ਕੀਤਾ ਕਿ ਲਗਭਗ ਹਰ ਸਿੱਖ ਇਸ ਭਰਮਜਾਲ ਦਾ ਸ਼ਿਕਾਰ ਹੋ ਗਿਆ। ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ (ਦੇ ਸੁਨੇਹੇ) ਦੀ ਸਰਬਉਚਤਾ ਨੂੰ ਵਿਸਾਰ ਕੇ ‘ਅਕਾਲ ਤਖਤ ਸਰਬਉਚ ਹੈ’ ਜਿਹੇ ਨਾਅਰਿਆਂ ਦੀ ਆੜ ਵਿਚ ਇਸ ਪੁਜਾਰੀਵਾਦੀ ਵਿਵਸਥਾ ਦੀ ਸਰਬਉਚਤਾ ਹੀ ਪ੍ਰਮਾਨਿਤ ਕਰਨ/ਪ੍ਰਚਾਰਨ ਲੱਗ ਪਿਆ। ਸਿੱਖੀ ਦੇ ਚੰਦਨ ਬੂਟੇ ਨੂੰ ਗੁਰਬਿਲਾਸ ਪਾ: 6, ਅਖੌਤੀ ਦਸਮ ਗ੍ਰੰਥ, ਜਨਮ ਸਾਖੀਆਂ, ਭਗਤ ਮਾਲ, ਸੂਰਜ ਪ੍ਰਕਾਸ਼ ਅਤੇ ਕੁਝ ਅਖੌਤੀ ਰਹਿਤਨਾਮੇ ਆਦਿਕ ਸੱਪ ਲਿਪਟ ਗਏ।

ਇਹਨਾਂ ਸੱਪਾਂ ਦੀਆਂ ਸਿਰੀਆਂ ਫੇਹਨ ਦੀ ਥਾਂ, ਅਸੀਂ ਇਹਨਾਂ ਵਿਚਲੇ ਜ਼ਹਿਰ ਨੂੰ ਗੁਰਮਤਿ ਬਣਾ ਕੇ ਪੇਸ਼ ਕਰਦੇ ਰਹੇ। ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਅਪਣੇ ਸਿੰਘਾਸਨ ਦੇ ਜੜੋਂ ਪੁੱਟੇ ਜਾਣ ਦੀ ਸੰਭਾਵਨਾਵਾਂ ਨੂੰ ਮਹਿਸੂਸ ਕਰਦਿਆਂ ਸ਼ਾਤਰ ਪੁਜਾਰੀ ਨੇ ਦੂਰ ਦੀ ਸੋਚਦਿਆਂ ਜੋ ਵਿਉਤਾਂ ਗੁੰਦੀਆਂ, ਉਹਨਾਂ ਦੀ ਪੂਰਤੀ ਲਈ ਕਛੂਏ ਦੀ ਚਾਲ ਚਲਦਿਆਂ, ਗੁਰਦੁਆਰਾ ਪ੍ਰਬੰਧਨ ਦੀ ਚੋਰ ਮੋਰੀ ਰਾਹੀਂ ਅਕਾਲ ਤਖਤ ਦੇ ਨਾਂ ਤੇ ਭ੍ਰਿਸ਼ਟ ਵਿਵਸਥਾ ਪੈਦਾ ਕਰਕੇ ਮੋਹਰੀ ਬਣ ਬੈਠਾ। ਪੰਥ ਵਿਰੋਧੀ ਤਾਕਤਾਂ ਦੇ ਸਿਆਸੀ ਥਾਪੜੇ ਦੀ ਤਾਕਤ ਰਾਹੀਂ, ਗੁਰਮਤਿ ਸਿਧਾਂਤਾਂ ਨੂੰ ਠੁਠ ਵਿਖਾਉਂਦਿਆਂ, ਇਹ ਪੁਜਾਰੀ ਗੁਰਮਤਿ ਸਮਝ ਦੀਆਂ ਜੜਾਂ ਖੋਖਲੀਆਂ ਕਰਨ ਦੇ ਨਾਪਾਕ ਉਪਰਾਲੇ ਨਿਰੰਤਰ ਕਰਦਾ ਆ ਰਿਹਾ ਹੈ। ਨਾਨਕ ਪਾਤਸ਼ਾਹ ਜੀ ਵਲੋਂ ਅਪਣੀ ਗਿਆਨ ਖੜਗ ਰਾਹੀਂ ਦਿਤੀ ਭੂਆਂਟਨੀ ਰਾਹੀਂ ਨਕਾਰੇ ਗਏ ਇਸ ਅਜਗਰ ਨੇ ਆਪਣਾ ਪੁਰਾਨਾ ਅਤੇ ਸ਼ਕਤੀਸ਼ਾਲੀ ਛੇਕਣ ਦਾ ਬ੍ਰਹਮ-ਅਸਤਰ ਵਰਤ ਕੇ ਰੱਬੀ ਨਿਆਂ ਪ੍ਰਣਾਲੀ ਦੇ ਅਧੀਨ ਸਰਬ ਸਾਂਝੇ ਭਾਈਚਾਰੇ ਦੀਆ ਸੰਭਾਵਨਾਵਾਂ ਦੇ ਰਾਹ ਵਿਚ ਰੁਕਾਵਟਾਂ ਪੈਦਾ ਕੀਤੀਆਂ।

ਜਦੋਂ ਵੀ ਗੁਰਮਤਿ ਗਾਡੀ ਰਾਹ ਦੇ ਕਿਸੇ ਪਾਂਧੀ ਨੇ ਗੁਰਮਤਿ ਗਿਆਨ ਰਾਹੀਂ ਮਨੁਖਤਾ ਨੂੰ ਧਰਮ ਦੇ ਸ਼ੁਧ ਸਰੂਪ ਦੀ ਸਮਝ ਨਾਲ ਰੁਸ਼ਨਾਸ ਕਰਨ ਦਾ ਉਪਰਾਲਾ ਕੀਤਾ, ਇਸ ਸਿਆਸੀ-ਪੁਜਾਰੀ ਗਠਜੋੜ ਨੇ ਵਾਵਰੋਲਾ ਖੜਾ ਕਰਦਿਆਂ ਅਸਮਾਨ ਸਿਰ ਤੇ ਚੁੱਕ ਲਿਆ। ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿਤ ਸਿੰਘ, ਗਿਆਨੀ ਭਾਗ ਸਿੰਘ ਅੰਬਾਲਾ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਅਤੇ ਹੁਣ ਸਰਬਜੀਤ ਸਿੰਘ ਧੂੰਦਾ। ਗੱਲ ਕੀ, ਗੁਰਮਤਿ ਨਾਲ ਪ੍ਰਣਾਈਆਂ ਅਤੇ ਪੰਥ ਦਰਦ ਨਾਲ ਲਬਰੇਜ਼ ਸਾਰੀਆਂ ਸਨਮਾਨਿਤ ਸ਼ਖਸੀਅਤਾਂ ਹੀ ਇਸ ਭ੍ਰਿਸ਼ਟ ਹੋ ਚੁੱਕੀ ਵਿਵਸਥਾ ਪ੍ਰਣਾਲੀ ਤੇ ਕਾਬਜ਼ ਦਲਾਲਾਂ ਦੀਆਂ ਅੱਖਾਂ ਵਿਚ ਕੱਖ ਬਣ ਕੇ ਕਿਉਂ ਰੜਕੀਆਂ? ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲੇ, ਬਾਬੇ ਨਾਨਕ ਵਲੋਂ ਬਖਸ਼ੇ ਸੁਨਹਿਰੇ ਸੱਚ ਨੂੰ ਤਿਲਾਂਜਲੀ ਦੇ ਕੇ ਹਵਨ ਟਿੱਕੇ ਅਤੇ ਹਰ ਹਰ ਮਹਾਂਦੇਵ ਦੇ ਜੈ-ਘੋਸ਼ ਕਰਦੇ ਸਰਸਿਆਂ, ਭਨਿਆਰਿਆਂ, ਨਾਮਧਾਰੀਆਂ ਆਦਿ ਡੇਰਿਆਂ ਤੇ ਮੱਥੇ ਰਗੜਦੇ ਸਿਆਸਤਦਾਨ ਅਤੇ ਗੁਰਮਤਿ ਦੀ ਖਿੱਲੀ ਉਡਾਉਂਦੇ, ਬੇਗਮਪੁਰੇ ਦੀਆਂ ਮਜ਼ਬੂਤ ਸੰਭਾਵਨਾਵਾਂ ਦੀ ਆਧਾਰਸ਼ਿਲਾ ਪੰਜਾਬ ਦੀ ਧਰਤ ਨੂੰ ਰੁੰਡ-ਮੁੰਡ ਸਿਰਾਂ ਦੀ ਨਗਰੀ ਬਣਾ ਚੁੱਕੇ, ਸਿੱਖਾਂ ਦੇ ਰੂਪ ਵਿਚ ਬਹਿਰੂਪੀਏ ਪੁਜਾਰੀ, ਡੇਰੇਦਾਰ ਅਤੇ ਮਹੰਤ ਆਦਿ ਇਨ੍ਹਾਂ ਦੀ ਨਜ਼ਰੇ ਕਿਉਂ ਨਹੀਂ ਪੈਂਦੇ? ਇਹ ਰਾਜ਼ ਸਾਡੇ ਵਿਚੋਂ ਕਿਸੇ ਕੋਲੋਂ ਲੁਕਿਆ-ਛਿਪਿਆ ਨਹੀਂ।

ਸਭ ਕੁਝ ਜਾਣਦੇ ਹੋਏ, ਪੰਥ ਦਾ ਜਾਗੂਰਕ ਅਤੇ ਚੇਤੰਨ ਹਿੱਸਾ, ਜਿਸ ਦੀ ਗਿਣਤੀ ਪੁਜਾਰੀਆਂ ਦੀ ਗਿਣਤੀ ਨਾਲੋਂ ਘੱਟ ਨਹੀਂ (ਕਿਉਂਕਿ ਆਮ ਲੋਕਾਂ ਦੀ ਭੀੜ ਹੀ ਹੁੰਦੀ ਹੈ, ਜਿਸਨੂੰ ਦੋ ਤਬਕੇ ਹੀ ਅਗਵਾਈ ਦੇਂਦੇ ਹਨ। ਇਕ ਸੱਚ ਦੇ ਰਾਹੀਆਂ ਦਾ ਜਾਗਰੂਕ ਤਬਕਾ ਅਤੇ ਦੂਜਾ ਕੱਚ ਦੀ ਡਗਰ ਦਾ ਕੁਰਾਹੀਆ ਪੁਜਾਰੀ ਤਬਕਾ)। ਇਹ ਵੀ ਸੱਚ ਹੈ ਕਿ ਕੱਚ ਨੇ ਹਮੇਸ਼ਾਂ ਸੱਚ ਤੋਂ ਮਾਰ ਖਾਦੀ, ਪਰ ਉਦੋਂ ਜਦੋਂ ਸੱਚ ਦੇ ਪਾਂਧੀਆਂ ਨੇ ਦ੍ਰਿੜਤਾ ਅਤੇ ਸਾਬਿਤ ਕਦਮੀ ਨਾਲ ਸ਼ਬਦ ਗੁਰੂ ਦੇ ਸਪਸ਼ਟ ਸਿਧਾਂਤ ਦਾ ਪੱਲਾ ਮਜ਼ਬੂਤੀ ਨਾਲ ਫੜ ਕੇ, ਪੁਖਤਾ ਇਰਾਦਿਆਂ ਦੇ ਪ੍ਰਗਟਾਵੇ ਰਾਹੀਂ, ਅਮਲੀ ਕਦਮ ਪੁੱਟੇ। ਤਦੋਂ ਹੀ ‘ਕੂੜ ਨਿਖੁਟੇ ਨਾਨਕਾ, ਉੜਕਿ ਸਚਿ ਰਹੀ’(ਪੰਨਾ 953)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਵਿਚ ਆਉਣ ਤੋਂ ਬਾਅਦ ਅਸੀਂ ਕੁਰਸੀ-ਜੰਗ ਜਾਂ ਰਾਜਨੀਤਕ ਇੱਛਾਵਾਂ ਦੀ ਪੂਰਤੀ ਲਈ ਸੰਘਰਸ਼ ਤਾਂ ਵਿੱਢੇ, ਪਰ ਨਾਨਕ ਵਿਚਾਰਧਾਰਾ ਦੀ ਰੋਸ਼ਨੀ ਵਿਚ, ਸਾਂਝੇ ਮੁਹਾਜ਼ ਰਾਹੀਂ, ਮਾਨਵੀ ਉਥਾਨ ਦੇ ਨਜ਼ਰੀਏ ਤੋਂ ਕੋਈ ਵਿਉਂਤਬੰਦੀ ਅਤੇ ਮਜ਼ਬੂਤ ਉਪਰਾਲਾ ਨਹੀਂ ਕੀਤਾ। ਕੁਝ ਅਸਹਿਮਤੀਆਂ ਨੂੰ ਵਿਰੋਧ ਬਣਾ ਕੇ, ਕੁਝ ਸ਼ਖਸੀਅਤਾਂ ਦੇ ਵਿਅਕਤੀਗਤ ਟਕਰਾਅ ਕਾਰਨ, ਵੱਖ-ਵੱਖ ਰੂਪ ਧਾਰਨ ਕਰ ਚੁੱਕੀਆਂ ਕੁਝ ਸੰਸਥਾਵਾਂ ਭਾਵੇਂ ਇਕੋ ਟੀਚੇ ਦੀ ਪ੍ਰਾਪਤੀ ਲਈ ਕੰਮ ਕਰ ਰਹੀਆਂ ਹਨ, ਪਰ ਕੌਮੀ ਏਕਤਾ ਨੂੰ ਖੌਰਾ ਲਾ ਕੇ, ਇਕ ਯੋਗ ਆਗੂ ਦੀ ਅਗਵਾਈ ਨੂੰ ਤਿਲਾਂਜਲੀ ਦੇ ਕੇ, ਸਾਂਝੇ ਕੌਮੀ ਮੁਹਾਜ਼ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਕੇ, ਵੱਖਰੇ ਵੱਖਰੇ ਰੂਪ ਵਿਚ, ਪੰਥਕ ਏਕਤਾ ਦੀ ਗੱਲ ਬਾਰ ਬਾਰ ਅਤੇ ਇਕ ਦੂਜੇ ਤੋਂ ਵੱਧ ਕੇ ਕਰ ਰਹੀਆਂ ਹਨ। ਏਕਤਾ ਫਿਰ ਵੀ ਨਹੀਂ ਹੋ ਪਾ ਰਹੀ।

ਜੇ ਨਾਨਕ ਵਿਚਾਰਧਾਰਾ ਨੂੰ ਪ੍ਰਣਾਏ ਹੋਣ ਦਾ ਦਾਅਵਾ ਕਰਦੇ ਜਾਗਰੂਕ ਅਤੇ ਸਿਧਾਂਤਕ ਸਦਵਾਉਂਦੀਆਂ ਧਿਰਾਂ ਆਪਸੀ ਸਾਂਝ ਤੋਂ ਸੱਖਣੀਆਂ ਹਨ ਤਾਂ ਧਰਮ ਵਿਰੋਧੀ ਸਿਆਸੀ-ਪੁਜਾਰੀ ਗਠਜੋੜ ਵਿਰੁਧ ਮਜ਼ਬੂਤ ਲਹਿਰ ਦੀ ਕਾਇਮੀ ਅਤੇ ਜਿੱਤ ਕਿਵੇਂ ਸੰਭਵ ਹੈ? ਸਿਧਾਂਤਕ ਅਤੇ ਵਿਚਾਰਧਾਰਕ ਸਮਝ ਪ੍ਰਤੀ ਵੱਖਰੀ-ਵੱਖਰੀ ਪਹੁੰਚ ਕਾਰਨ ਪੈਦਾ ਹੋਰੇ ਵਖਰੇਵੇਂ ਅਤੇ ਅਸਹਿਮਤੀ ਦੇ ਮਸਲੇ ਹਾਂ-ਪੱਖੀ ਸੋਚ ਅਤੇ ਇਮਾਨਦਾਰਾਨਾ ਪਹੁੰਚ ਅਪਣਾ ਕੇ ਸੁਲਝਾਏ ਜਾ ਸਕਦੇ ਹਨ। ਜਾਗਰੂਕ ਕੌਮੀ ਸ਼ਖਸੀਅਤਾਂ ਅਤੇ ਸੰਸਥਾਵਾਂ ਦੇ ਪੰਥਕ ਪਿਆਰ ਅਤੇ ਦਰਦ ਤੋਂ ਕੋਈ ਮੁਨਕਰ ਨਹੀਂ, ਪਰ ਵਿਚਾਰਨ ਦੀ ਗੱਲ ਇਹ ਹੈ ਕਿ ਇਕ ਪਾਸੇ ਗੁਰਮਤਿ ਦਾ ਸਿਰਫ ਲਬਾਦਾ ਧਾਰੇ ਪੁਜਾਰੀ, ਡੇਰੇਦਾਰ ਅਤੇ ਸਿਆਸੀ ਇਕਮੁੱਠ ਹਨ ਤੇ ਦੂਜੇ ਪਾਸੇ ਨਾਨਕ ਵਿਚਾਰਧਾਰਾ ਦੇ ਪਹਿਰੂਏ ਹੋਣ ਦਾ ਦਾਅਵਾ ਕਰਨ ਵਾਲੇ ਅਸੀਂ ਇਕਮੁੱਠ ਕਿਉਂ ਨਹੀਂ? ਸਾਡੀ ਅਵਾਜ਼ ਇਕ ਕਿਉਂ ਨਹੀਂ? ਸਾਡਾ ਮੁਹਾਜ਼ ਇਕ ਕਿਉਂ ਨਹੀਂ? ਸਾਡੀ ਇਹੀ ਕਮਜ਼ੋਰੀ ਪੁਜਾਰੀਆਂ ਦੀ ਸਭ ਤੋਂ ਵੱਡੀ ਤਾਕਤ ਹੈ। ਇਸੇ ਦਾ ਫਾਇਦਾ ਉਠਾਉਂਦਿਆਂ, ਅਕਾਲ ਤਖਤ ਦੇ ਨਾਮ ਤੇ ਕਾਇਮ ਹੋ ਚੁੱਕੀ, ਸਿਆਸੀਆਂ ਦੀ ਘੜੀ ਹੋਈ ਕਚਿਹਰੀ ਰੂਪੀ ਭ੍ਰਿਸ਼ਟ ਵਿਵਸਥਾਂ ਦੀ ਦੋ-ਧਾਰੀ ਤਲਵਾਰ ਪ੍ਰੋ. ਗੁਰਮੁੱਖ ਸਿੰਘ ਤੋਂ ਸ਼ੁਰੂ ਹੋ ਕੇ ਪ੍ਰੋ. ਧੂੰਦਾ ਤੱਕ ਸਾਡੀ ਅਣਖ ਨੂੰ ਵੰਗਾਰ ਰਹੀ ਹੈ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸੁਚੇਤ ਪੰਥਦਰਦੀਆਂ ਦਾ ਇਹ ਇਕੱਠ, ਅੱਜ ਕੋਈ ਠੋਸ ਅਤੇ ਮਜ਼ਬੂਤ ਆਧਾਰ ਪੈਦਾ ਕਰ ਸਕੇ ਤਾਂ ਜੋ ਆਉਂਦੀਆਂ ਨਸਲਾਂ ਗੁਰਮਤਿ ਦੀ ਰੋਸ਼ਨੀ ਵਿਚ ਸਪਸ਼ਟ ਨਿਰਣੇ ਲੈਣ ਦੇ ਸਮਰੱਥ ਹੋ ਸਕਣ ਅਤੇ ਸਰਬੱਤ ਦਾ ਭਲਾ ਕਰਦੇ ਮਨੁੱਖੀ ਵਿਕਾਸ ਦੀਆਂ ਸਿਖਰਾਂ ਛੂਹਣ ਵਿਚ ਅਪਣਾ ਯੋਗਦਾਨ ਪਾ ਸਕਣ।

ਇਸ ਦੇ ਨਾਲ ਹੀ ਤੱਤ ਗੁਰਮਤਿ ਪਰਿਵਾਰ ਕੁਝ ਨੁਕਤਿਆਂ ਬਾਰੇ ਅਪਣਾ ਸਟੈਂਡ ਸਪਸ਼ਟ ਕਰਨਾ ਚਾਹੁੰਦਾ ਹੈ।

  1. ਅਕਾਲ ਤਖਤ ਦੇ ਨਾਂ ਤੇ ਚਲ ਰਹੀ, ਫਲਸਫੇ ਵਿਰੋਧੀ (ਕਚਿਹਰੀ ਰੂਪੀ) ਮੌਜੂਦਾ ਵਿਵਸਥਾ ਗੁਰਮਤਿ ਦੀ ਪ੍ਰੋੜਤਾ ਨਹੀਂ ਕਰਦੀ। ਨਾਨਕ ਵਿਚਾਰਧਾਰਾ ਵਿਚ ਇਸ ਦੀ ਕੋਈ ਥਾਂ ਨਹੀਂ। 1469 ਤੋਂ 1708 ਦੇ ਪ੍ਰਮਾਣਿਕ ਸਿੱਖ ਇਤਿਹਾਸ ਵਿਚ ਵੀ ਐਸੀ ਕਿਸੇ ਵਿਵਸਥਾ ਦੀ ਹੋਂਦ ਦਾ ਜ਼ਿਕਰ ਨਹੀਂ ਮਿਲਦਾ, ਜਿਸ ਵਿਚ ਕਚਿਹਰੀ ਲਾ ਕੇ ਕਿਸੇ ਨੂੰ ਛੇਕ ਦੇਣ (ਸਮਾਜਿਕ ਬਾਈਕਾਟ) ਦਾ ਪ੍ਰਾਵਧਾਨ ਹੋਵੇ। ਇਹ ਮੌਜੂਦਾ ਵਿਵਸਥਾ ਪੁਜਾਰੀਵਾਦ ਦੀ ਹੀ ਉਪਜ ਹੈ। ਤੱਤ ਗੁਰਮਤਿ ਪਰਿਵਾਰ ਇਸ ਵਿਵਸਥਾ ਨੂੰ ਕਿਸੇ ਵੀ ਰੂਪ ਵਿਚ ਮਾਨਤਾ ਨਹੀਂ ਦਿੰਦਾ। ਸਾਡੀ ਸਮਝ ਅਨੁਸਾਰ ਮੌਜੂਦਾ ਵਿਵਸਥਾ ਦੀ ਕਿਸੇ ਵੀ ਰੂਪ ਵਿਚ ਪ੍ਰੋੜਤਾ ਗੁਰਮਤਿ ਨੂੰ ਪਿੱਠ ਵਿਖਾਉਣ ਦੇ ਤੁੱਲ ਹੈ।

  2. ਇਕ ਗੁਰਮਤਿ ਪ੍ਰਚਾਰਕ ਸੰਗਤ (ਸਮਾਜ) ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ। ਪ੍ਰੋ. ਧੂੰਦਾ ਜਨਤਕ ਤੌਰ ਤੇ ਅਤੇ ਸੰਗਤੀ ਰੂਪ ਇਸ ਬਾਰੇ ਸਪਸ਼ਟੀਕਰਨ ਦੇ ਚੁੱਕੇ ਹਨ। ਸਾਡੀ ਗੁਰਮਤਿ ਸੂਝ ਮੁਤਾਬਿਕ ਉਹਨਾਂ ਵਲੋਂ ਕਿਸੇ ਵੀ ਤਰਾਂ ਪੁਜਾਰੀਆਂ ਸਾਹਮਣੇ ਪੇਸ਼ ਹੋਣਾ, ਮੌਜੂਦਾ ਗੁਰਮਤਿ ਵਿਰੋਧੀ ਵਿਵਸਥਾ ਨੂੰ ਮਾਨਤਾ ਦੇਣਾ ਹੋਵੇਗਾ। ਤੱਤ ਗੁਰਮਤਿ ਪਰਿਵਾਰ ਉਹਨਾਂ ਦੇ ਪੁਜਾਰੀਆਂ ਸਾਹਮਣੇ ਪੇਸ਼ ਹੋਣ ਦੇ ਵਿਚਾਰ ਦੀ ਹਿਮਾਇਤ ਨਹੀਂ ਕਰਦਾ। ਜੇ ਅੱਜ ਦੀ ਇਕੱਤਰਤਾ ਉਹਨਾਂ ਦੇ ਮੌਜੂਦਾ ਪੁਜਾਰੀਵਾਦੀ ਵਿਵਸਥਾ ਦੇ ਸਾਹਮਣੇ ਪੇਸ਼ ਹੋਣ ਦੇ ਹੱਕ ਵਿਚ ਕੋਈ ਮਤਾ ਪਾਸ ਕਰਦੀ ਹੈ ਤਾਂ ਪਰਿਵਾਰ ਦੀ ਅਸਹਿਮਤੀ ਨੋਟ ਕੀਤੀ ਜਾਵੇ।
    ਇਤਨਾ ਤਾਂ ਸਪਸ਼ਟ ਹੈ ਕਿ ਮੌਜੂਦਾ ਵਿਵਸਥਾ ਗੁਰਮਤਿ ਅਨੁਸਾਰੀ ਨਹੀਂ। ਇਸ ਦਾ ਬਦਲ ਕੀ ਹੋਵੇ, ਉਸ ਬਾਰੇ ਦੀਰਘ ਵਿਚਾਰ ਦੀ ਲੋੜ ਹੈ। ਜਦੋਂ ਕਦੇ ਸੁਚੇਤ ਪੰਥ ਨੇ ਇਸਦਾ ਗੁਰਮਤਿ ਅਨੁਸਾਰੀ ਬਦਲ ਲੱਭਣ ਲਈ ਜਤਨ ਸ਼ੁਰੂ ਕੀਤੇ ਤਾਂ ਪਰਿਵਾਰ ਖੁੱਲ ਕੇ ਅਪਣੇ ਵਿਚਾਰ ਪੇਸ਼ ਕਰੇਗਾ ਅਤੇ ਐਸੇ ਉਪਰਾਲਿਆਂ ਲਈ, ਗੁਰਮਤਿ ਦੀ ਸੇਧ ਵਿਚ, ਪੂਰਨ ਸਹਿਯੋਗ ਦੇਣ ਦਾ ਜਤਨ ਕਰੇਗਾ।

  3. ਇਥੇ ਮੌਜੂਦ ਲਗਭਗ ਸਾਰੇ ਸੱਜਣ ਇਸ ਗੱਲ ਨਾਲ ਸਹਿਮਤ ਹਨ ਕਿ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੇ ਕਈਂ ਨੁਕਤੇ ਗੁਰਮਤਿ ਦੀ ਬਜਰ ਉਲੰਘਣਾ ਕਰਦੇ ਹਨ। ਇਹ ਜਾਣਦੇ ਹੋਏ ਵੀ ਜਨਤਕ ਤੌਰ ਤੇ ਇਸ ਮਰਿਯਾਦਾ ਦੀ ਇੰਨ-ਬਿੰਨ ਪ੍ਰੋੜਤਾ ਦੀ ਨੀਤੀ ‘ਮਨ ਹੋਰ ਮੁੱਖ ਹੋਰ’ ਵਾਲੀ ਪਹੁੰਚ ਹੈ, ਗੁਰਮਤਿ ਇਸ ਦੀ ਘੋਰ-ਖੰਡਨਾ ਕਰਦੀ ਹੈ। ਪਰਿਵਾਰ ਦਾ ਮੰਨਣਾ ਹੈ ਕਿ ਜਾਗਰੂਕ ਪੰਥ ਨੂੰ ਮੌਜੂਦਾ ਮਰਿਯਾਦਾ ਦੇ ਸੁਧਾਰ ਲਈ ਹੁਣ ਤੱਕ ਸਾਂਝੇ ਜਤਨ ਕਰ ਲੈਣੇ ਚਾਹੀਦੇ ਸਨ। ਪਰ ਜਦੋਂ ਵਾਰ ਵਾਰ ਹੋਕਾ ਦੇਣ ਤੇ ਵੀ ਸੁਚੇਤ ਪੰਥ ਇਸ ਸੁਧਾਰ ਵੱਲ ਕੋਈ ਠੋਸ ਕਦਮ ਨਾ ਚੁੱਕ ਸਕਿਆ ਤਾਂ ਪਰਿਵਾਰ ਨੇ ਅਪਣਾ ਫਰਜ਼ ਸਮਝਦੇ ਹੋਏ, ਇਸ ਦਿਸ਼ਾ ਵੱਲ ਠੋਸ ਕਦਮ ਚੁੱਕਣ ਦਾ ਮਨ ਬਣਾਇਆ। ਇਸ ਸੰਦਰਭ ਵਿਚ ਪਰਿਵਾਰ ਨੇ ਲੰਮੀਆਂ ਵਿਚਾਰਾਂ ਉਪਰੰਤ ਗੁਰਮਤਿ ਦੀ ਸੇਧ ਵਿਚ ਸੋਧਿਆ ਹੋਇਆ ਖਰੜਾ ਤਿਆਰ ਕਰਕੇ, ਮੀਡੀਆ ਰਾਹੀਂ ਅਤੇ ਨਿੱਜੀ ਤੌਰ ਤੇ ਵੱਖ ਵੱਖ ਸੁਚੇਤ ਸੰਸਥਾਵਾਂ, ਧਿਰਾਂ ਅਤੇ ਸ਼ਖਸੀਅਤਾਂ ਤੱਕ ਪਹੁੰਚਾਇਆ। ਜਿਸ ਸੱਜਣ ਤੱਕ ਇਹ ਖਰੜਾ ਨਹੀਂ ਪਹੁੰਚਿਆ ਉਹ ਹੁਣ ਲੈ ਸਕਦਾ ਹੈ। ਸਾਡੀ ਆਪ ਸਭ ਨੂੰ ਸਨਿਮਰ ਬੇਨਤੀ ਹੈ ਕਿ ਆਪ ਇਸ ਖਰੜੇ ਬਾਰੇ ਅਪਣੇ ਬਹੁੱਮੁਲੇ ਸੁਝਾਅ ਨੁਕਤਾਵਾਰ ਗੁਰਮਤਿ ਦੀ ਰੋਸ਼ਨੀ ਵਿਚ ਦੇਣ ਦੀ ਕਿਰਪਾਲਤਾ ਕਰਨਾ ਤਾਂ ਕਿ ਇਸ ਨੂੰ ਸੰਪੂਰਨ ਰੂਪ ਵਿਚ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
24 ਜਨਵਰੀ 2012
ਲੁਧਿਆਣਾ (ਪੰਜਾਬ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top