Share on Facebook

Main News Page

ਬੀ. ਸੀ. (ਕੈਨੇਡਾ) ਦੀਆਂ ਸਿੱਖ ਸੰਸਥਾਵਾਂ ਵਲੋਂ ਅਕਾਲ ਤਖ਼ਤ ਨੂੰ ਆਦੇਸ਼ ਵਾਪਸ ਲੈਣ ਲਈ ਕੀਤੀ ਗਈ ਅਪੀਲ

* ਤਖ਼ਤਾਂ ਦੇ ਜਥੇਦਾਰ ਗੁਰਮਤਿ ਦੇ ਸਿਧਾਂਤਾਂ ਤੋਂ ਉਪਰ ਨਹੀਂ ਅਤੇ ਜੇ ਕਰ ਕੋਈ ਫੈਸਲਾ ਗੁਰਮਤਿ ਅਨੁਸਾਰ ਜਾਂ ਗੁਰਬਾਣੀ ਦੀ ਰੌਸ਼ਨੀ ’ਚ ਠੀਕ ਨਹੀਂ, ਤਾਂ ਸੰਗਤਾਂ ਨੂੰ ਅਜੇਹੇ ਫੈਸਲੇ ਪਰਵਾਣ ਨਹੀਂ ਹੋਣਗੇ

ਬਠਿੰਡਾ, 27 ਜਨਵਰੀ (ਕਿਰਪਾਲ ਸਿੰਘ): ਬੀ. ਸੀ. (ਕੈਨੇਡਾ) ਦੇ 26 ਗੁਰਦੁਆਰੇ ਤੇ ਸਿੱਖ ਸੰਸਥਾਵਾਂ ਦੇ ਨੁੰਮਾਇੰਦਿਆਂ ਵਲੋਂ ਸਾਂਝੇ ਰੂਪ ’ਚ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਜਥੇਦਾਰ ਗਿ: ਗੁਰਬਚਨ ਸਿੰਘ ਨੂੰ 23 ਜਨਵਰੀ ਨੂੰ ਲਿਖੇ ਇੱਕ ਪੱਤਰ ਵਿੱਚ ਅਪੀਲ ਕੀਤੀ ਹੈ ਕਿ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਵਿਰੁਧ 3 ਜਨਵਰੀ 2012 ਨੂੰ ਜਾਰੀ ਹੋਇਆ ਆਦੇਸ਼ ਵਾਪਸ ਲਿਆ ਜਾਵੇ। ਪੱਤਰ ’ਤੇ ਦਸਖ਼ਤ ਕਰਨ ਵਾਲਿਆਂ ਵਿੱਚ ਹੇਠ ਲਿਖੀਆਂ ਸੰਸਥਾਵਾਂ ਦੇ ਨੁੰਮਾਇੰਦੇ ਸ਼ਾਮਲ ਹਨ:

1. ਗੁਰਦੁਆਰਾ ਅਕਾਲੀ ਸਿੰਘ ਸੁਸਾਇਟੀ ਵੈਨਕੂਵਰ, ਸ. ਪਿਆਰਾ ਸਿੰਘ
2. ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਸ. ਜੋਗਿੰਦਰ ਸਿੰਘ ਸੁੰਨੜ
3. ਗੁਰਦੁਆਰਾ ਦਸਮੇਸ਼ ਦਰਬਾਰ ਸਰੀ, ਸ. ਗਿਆਨ ਸਿੰਘ ਗਿੱਲ
4. ਗੁਰਦੁਆਰਾ ਗੁਰਸਿੱਖ ਟੈਂਪਲ ਮਿਸ਼ਨ, ਸ. ਤਰਲੋਕ ਸਿੰਘ ਗਿੱਧਾ
5. ਗੁਰਦੁਆਰਾ ਖਾਲਸਾ ਦੀਵਾਨ ਸੁਸਇਟੀ ਐਬਟਸਫੋਰਡ, ਸ. ਕਾਬਲ ਸਿੰਘ ਹੁੰਦਲ
6. ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵੈਨਕੂਵਰ, ਸ. ਸਤਨਾਮ ਸਿੰਘ ਜੌਹਲ
7. ਗੁਰਦੁਆਰਾ ਕੈਨੇਡੀਅਨ ਸਿੰਘ ਸਭਾ ਸਰੀ, ਸ. ਜਸਵਿੰਦਰ ਸਿੰਘ ਖੈਰਾ
8. ਗੁਰੂ ਨਾਨਕ ਸਪਿਰਚੂਅਲ ਸੈਂਟਰ ਸਰੀ, ਸ. ਹਰਦਿਆਲ ਸਿੰਘ ਗਰਚਾ
9. ਗੁਰਦੁਆਰਾ ਬੰਦਾ ਸਿੰਘ ਬਹਾਦਰ ਐਬਟਸਫੋਰਡ, ਸ. ਕੁਲਵਿੰਦਰ ਸਿੰਘ ਬਾਠ
10. ਗੁਰਦੁਆਰਾ ਭਵ ਸਾਗਰ ਤਾਰਨ ਸਿੱਖ ਟੈਂਪਲ ਓਲੀਵਰ, ਸ. ਮੁਹਿੰਦਰ ਸਿੰਘ ਗਿੱਲ
11. ਗੁਰਦੁਆਰਾ ਮੀਰੀ ਪੀਰੀ ਦਰਬਾਰ, ਨੈਨਾਇਮੋ, ਸ. ਕਰਨੈਲ ਸਿੰਘ ਮਿਨਹਾਸ
12. ਪ੍ਰਿੰਸ ਰੂਪੜ ਸਿੱਖ ਮਿਸ਼ਨਰੀ ਸੁਸਾਇਟੀ, ਸ. ਬਲਬੀਰ ਸਿੰਘ ਪਰਮਾਰ
13. ਦੀ ਓਕਾਨਾਗਨ ਸਿੱਖ ਟੈਂਪਲ ਤੇ ਕਲਚਰਲ ਸੁਸਾਇਟੀ, ਸ. ਪਰਮਜੀਤ ਸਿੰਘ ਪਾਤਾਰਾ

14. ਗੁਰਦੁਆਰਾ ਗੋਲਡਨ ਸਿੱਖ ਕਲਚਰਲ ਸੁਸਾਇਟੀ, ਸ. ਬਲਿਹਾਰ ਸਿੰਘ
15. ਗੁਰਦੁਆਰਾ ਕਲੋਵਰਡੇਲ ਸਿੱਖ ਸੁਸਾਇਟੀ, ਸ੍ਰ: ਅਜੈਬ ਸਿੰਘ ਪੱਡਾ
16. ਗੁਰਦੁਆਰਾ ਸਾਹਿਬ ਗੁਰੂ ਦਰਬਾਰ ਕੁਨੈਲ, ਸ.ਦਲਜੀਤ ਸਿੰਘ ਸਿੱਧੂ
17. ਗੁਰਦੁਆਰਾ ਅਮਰਦਾਸ ਸਿੱਖ ਸੁਸਾਇਟੀ ਕਲੋਨਾ, ਸ. ਸੁਰਿੰਦਰ ਸਿੰਘ ਸ਼ੇਰਗਿੱਲ
18. ਵੀ. ਆਈ ਸਿੱਖ ਕਲਚਰਲ ਸੁਸਾਇਟੀ ਡੰਕਨ, ਸ.ਜਗਦੇਵ ਸਿੰਘ ਸੇਖੋਂ
19. ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਵਿਲੀਅਮਜ਼ਲੇਕ, ਸ. ਹਰਿੰਦਰ ਸਿੰਘ
20. ਗੁਰੂ ਗੋਬਿੰਦ ਸਿੰਘ ਸਿੱਖ ਟੈਂਪਲ ਪ੍ਰਿੰਸ ਜਾਰਜ, ਸ. ਸੁਰਿੰਦਰ ਸਿੰਘ
21. ਸਿੰਘ ਸਭਾ ਕੈਨੇਡਾ ਬੀ.ਸੀ. ਵਿਕਟੋਰੀਆ, ਸ. ਅਮਰਜੀਤ ਸਿੰਘ
22. ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਪ੍ਰਿੰਸ ਜਾਰਜ, ਸ. ਕੇਵਲ ਸਿੰਘ ਸੰਧੂ
23. 100 ਮਾਇਲ ਹਾਊਸ ਸਿੱਖ ਸੁਸਾਇਟੀ, ਸ. ਸੋਹਣ ਸਿੰਘ ਮੁੱਧੜ
24. ਸਿੱਖ ਯੂਥ ਵੈਨਕੂਵਰ ਸ. ਅਮਰ ਸਿੰਘ ਸੰਧੂ
25. ਨੌਰਥ ਓਕਨਾਗਨ ਸਿੱਖ ਕਲਚਰ ਸੁਸਾਇਟੀ, ਵਰਨਨ ਸ. ਮਨਦੀਪ ਸਿੰਘ
26. ਗੁਰਦੁਆਰਾ ਸਚਖੰਡ ਦਰਬਾਰ ਕੈਮਲੂਪਸ ਬੀ.ਸੀ., ਸ. ਅਜੈਬ ਸਿੰਘ

ਉਨ੍ਹਾਂ ਲਿਖਿਆ ਹੈ ਕਿ ਸਮੂਹ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਪਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਅਸੀਂ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ। ਉਸ ਪੱਤਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਤਖ਼ਤਾਂ ਦੇ ਜਥੇਦਾਰ ਗੁਰਮਤਿ ਦੇ ਸਿਧਾਂਤਾਂ ਤੋਂ ਉਪਰ ਨਹੀਂ, ਅਤੇ ਜੇ ਕਰ ਕੋਈ ਫੈਸਲਾ ਗੁਰਮਤਿ ਅਨੁਸਾਰ ਜਾਂ ਗੁਰਬਾਣੀ ਦੀ ਰੌਸ਼ਨੀ ’ਚ ਠੀਕ ਨਹੀਂ, ਤਾਂ ਸੰਗਤਾਂ ਨੂੰ ਅਜੇਹੇ ਫੈਸਲੇ ਪਰਵਾਣ ਨਹੀਂ ਹੋਣਗੇ। ਉਨ੍ਹਾਂ ਲਿਖਿਆ ਹੈ ਕਿ ਇਸਤੋਂ ਪਹਿਲਾਂ ਵੀ ਕਈ ਗੈਰਸਿਧਾਂਤਕ ਫੈਸਲੇ ਵਿਵਾਦਾਂ ਦੇ ਘੇਰੇ ਵਿਚ ਆ ਚੁੱਕੇ ਹਨ ਅਤੇ ਇਸ ਨਾਲ ਕੌਮ ਵਿਚ ਏਕਤਾ ਦੀ ਥਾਂ ਅਨੇਕਤਾ ਵੱਧ ਰਹੀ ਹੈ, ਅਤੇ ਉਚ ਸਿੱਖ ਸੰਸਥਾਂਵਾਂ ਦਾ ਸਤਿਕਾਰ ਘੱਟ ਜਾਣਾ ਸੁਭਾਵਿਕ ਹੈ।

ਗੈਰ ਸਿਧਾਂਤਕ ਫੈਸਲਿਆਂ ਦੀ ਸੂਚੀ ਗਿਣਾਉਂਦਿਆਂ, ਉਨ੍ਹਾਂ ਅਕਾਲ ਤਖ਼ਤ ਸਾਹਿਬ ਵਲੋਂ ਸ੍ਰ: ਪਰਕਾਸ਼ ਸਿੰਘ ਬਾਦਲ ਨੂੰ ‘ਫ਼ਖਰ-ਇ-ਕੌਮ’ ਦਾ ਖਿਤਾਬ ਦੇਣ ਦਾ ਵਰਨਣ ਕੀਤਾ ਹੈ। ਇਜ਼ਹਾਰ ਆਲਮ ਜਿਸ ਵਲੋਂ ਸਿੱਖ ਨੋਜਵਾਨਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਦੀ ਪੁਸ਼ਟੀ ਭਾਰਤ ਦੇ ਸਾਬਕਾ ਜੋਇੰਟ ਡਾਇਰੈਕਟਰ ਗੁਪਤ ਵਿਭਾਗ ਵਲੋਂ ਵੀ ਕੀਤੀ ਗਈ ਹੈ, ਪਰ ਇਸ ਦੇ ਬਾਵਯੂਦ ਉਸ ਵਲੋਂ ਕੀਤੇ ਜ਼ੁਲਮ ਨੂੰ ਅਣਡਿਠ ਕਰਕੇ ਸ੍ਰ: ਪ੍ਰਕਾਸ ਸਿੰਘ ਬਾਦਲ ਵਲੋਂ ਉਸ ਨੂੰ ਸਿਰੋਪਾ ਦੇਣਾ ਅਤੇ ਅਜੇਹੇ ਮੌਕੇ ਜਥੇਦਾਰ ਅਕਾਲ ਤਖ਼ਤ ਵਲੋਂ ਚੁੱਪ ਧਾਰ ਲੈਣੀ, ਕਈ ਪ੍ਰਸ਼ਨ ਚਿੰਨ ਲਗਾਉਂਦੀ ਹੈ।

ਸਿੱਖ ਸੰਸਥਾਵਾਂ ਦੇ ਮੁਖੀਆਂ ਵਲੋਂ ਅੱਗੇ ਲਿਖਿਆ ਹੈ, ਕਿ ਸਿੱਖ ਕੌਮ ਦੇ ਲਈ ਵਿਲੱਖਣਤਾ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਸੱਤ ਸਾਲ ਲਾਗੂ ਕਰਕੇ ਚੁੱਪ ਚੁਪੀਤੇ ਖਤਮ ਕਰਨ ਨਾਲ ਸਿੱਖ ਕੌਮ ਵਿਚ ਰੋਸ ਜਾਗਣਾ ਅਵੱਸ਼ ਸੀ। ਇਸਤੋਂ ਬਿਨ੍ਹਾਂ ਜਿਵੇਂ ਸੌ ਸਾਲ ਪਹਿਲਾਂ ਪੰਥਕ ਵਿਦਵਾਨਾਂ ਵਿਰੁੱਧ ਫ਼ਤਵੇ ਦਿਤੇ ਗਏ ਸਨ, ਉਸ ਤਰਜ਼ ਤੇ ਅੱਜ ਵੀ ਕੀਤੇ ਜਾ ਰਹੇ ਹਨ ਅਤੇ ਅਜੇਹੀ ਕੋਈ ਪੰਥਕ ਪ੍ਰੰਪਰਾ ਵੀ ਨਹੀਂ ਹੈ। ਅਜੋਕੇ ਸਮੇ ਵੀ ਸਿੱਖ ਸੰਸਥਾਂਵਾਂ ਦਾ ਪੂਰਾ ਸਿਆਸੀਕਰਨ ਹੋ ਚੁੱਕਾ ਹੈ। ਉਨ੍ਹਾਂ ਲਿਖਿਆ ਹੈ ਕਿ ਕੁਝ ਦਿਨ ਹੋਏ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਪਦ ਤੇ ਸ਼ਸ਼ੋਭਤ ਸ੍ਰ: ਅਵਤਾਰ ਸਿੰਘ ਮੱਕੜ ਵਲੋਂ ਪੰਥ ਦੇ ਵਿਦਵਾਨ ਪ੍ਰੋ: ਸਰਬਜੀਤ ਸਿੰਘ ਧੂੰਦਾ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਇਤਨਾ ਅਸਭਿਅਕ ਸੀ, ਜਿਸ ਨੂੰ ਆਮ ਸਧਾਰਨ ਵਿਅੱਕਤੀ ਵੀ ਪ੍ਰਯੋਗ ਕਰਨ ਤੋਂ ਸੰਕੋਚ ਕਰਦਾ ਹੈ। ਉਨ੍ਹਾਂ ਪੁੱਛਿਆ ਕਿ ਕੀ ਅਜੇਹੀ ਭੱਦੀ ਸ਼ਬਦਾਵਲੀ ਵਰਤਣ ’ਤੇ ਤਖ਼ਤਾਂ ਦੇ ਜਥੇਦਾਰ ਉਸਨੂੰ ਆਦੇਸ਼ ਦੇ ਸਕਦੇ ਹਨ?

ਉਨ੍ਹਾਂ ਲਿਖਿਆ ਕਿ ਕੈਨੇਡਾ ਦੀਆਂ ਸੰਗਤਾਂ ਭਾਈ ਸਰਬਜੀਤ ਸਿੰਘ ਧੂੰਦਾ ਵਲੋਂ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਦੇ ਸੱਚ ਬਾਰੇ ਸਪਸ਼ਟ ਜਾਣਕਾਰੀ ਪ੍ਰਾਪਤ ਕਰਕੇ ਨਿਹਾਲ ਹੋ ਰਹੀਆਂ ਹਨ, ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਨੂੰ ਛੱਡ ਰਹੀਆਂ ਹਨ, ਨਸ਼ਿਆਂ ਤੋਂ ਮੁਕਤੀ ਪਾ ਰਹੀਆਂ ਹਨ। ਸੰਖੇਪ ਸ਼ਬਦਾਂ ਵਿਚ ੳਨ੍ਹਾਂ ਅੰਦਰ ਵੱਡੀ ਤਬਦੀਲੀ ਆ ਰਹੀ ਹੈ। ਉਚ ਸੰਸਥਾਂਵਾਂ ਨੂੰ ਅਜੇਹੇ ਪ੍ਰਚਾਰਕਾਂ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਚਾਹੀਦਾ ਹੈ, ਤਾਂ ਜੋ ਹੋਰ ਨੌਜਵਾਨ ਪ੍ਰਚਾਰਕ ਸਿੱਖ ਧਰਮ ਦੇ ਪ੍ਰਚਾਰ ਲਈ ਮੈਦਾਨ ਵਿਚ ਆਉਣ। ਦੂਸਰਾ ਤੁਹਾਡੇ ਵਲੋਂ ਜਾਰੀ ਆਦੇਸ਼ ਵਾਲੀ ਚਿੱਠੀ ਵਿਚ ਪ੍ਰੋ: ਧੂੰਦਾ ਪ੍ਰਤੀ ਅਖੌਤੀ ਸ਼ਬਦ ਦਾ ਪ੍ਰਯੋਗ ਕਰਨਾ ਜਚਦਾ ਨਹੀਂ, ਇਸਦਾ ਭਾਵ ਹੈ ਕਿ ਅਜੇਹਾ ਆਦੇਸ਼ ਬਦਲੇ ਦੀ ਭਾਵਨਾ ਨੂੰ ਮੁੱਖ ਰੱਖਕੇ ਜਾਰੀ ਕੀਤਾ ਗਿਆ ਹੈ। ਜੇ ਕਰ ਤਖ਼ਤਾਂ ਦੇ ਜਥੇਦਾਰ ਖ਼ੁਦ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ ਅਤੇ ਸਨਾਤਨੀ ਪ੍ਰੰਪਰਾਵਾਂ ਅਨੁਸਾਰ ਬੱਕਰੇ ਝਟਕਾ ਕੇ ਸ਼ਾਸਤਰਾਂ ਦੀ ਪੂਜਾ ਕਰਦੇ ਹਨ, ਜਾਂ ਅਜੇਹੇ ਬਿਆਨ ਦੇ ਰਹੇ ਹਨ ਜੋ ਕਿ ਗੁਰਮਤਿ ਦੀਆਂ ਧੱਜੀਆਂ ਉਡਾ ਰਹੇ ਹਨ, ਜਿਵੇਂ ਕਿ: ‘ਗੁਰੂ ਗੋਬਿੰਦ ਸਿੰਘ ਜੀ ਮੁਨੱਖਾ ਜਨਮ ’ਚ ਦੁਬਾਰਾ ਆ ਰਹੇ ਹਨ’। ਅਜੇਹੇ ਜਥੇਦਾਰ ਕਿਸੇ ਪੰਥਕ ਫੈਸਲੇ ਵਿਚ ਕਿਵੇਂ ਸ਼ਾਮਲ ਹੋ ਸਕਦੇ ਹਨ? ਉਨ੍ਹਾਂ ਵਲੋਂ ਗੁਰਮਤਿ ਵਿਰੋਧੀ ਬਿਆਨ ਦੇਣ ਪ੍ਰਤੀ ਤੁਸੀਂ ਕੀ ਫੈਸਲਾ ਲਿਆ ਹੈ?

ਸਿੱਖ ਸੰਸਥਾਵਾਂ ਦੇ ਮੁਖੀਆਂ ਨੇ ਲਿਖਿਆ ਹੈ, ਕਿ ਉਪਰੋਕਤ ਵਿਚਾਰਾਂ ਨੂੰ ਮੁੱਖ ਰੱਖਦਿਆਂ ਬੀ:ਸੀ: ਕੈਨੈਡਾ ਦੀਆਂ ਸਿੱਖ ਸੰਸਥਾਵਾਂ ਅਤੇ ਸੰਗਤਾਂ ਆਪ ਜੀ ਨੂੰ ਬੇਨਤੀ ਕਰਦੀਆਂ ਹਨ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਵਿਰੁੱਧ 3 ਜਨਵਰੀ 2012 ਨੂੰ ਜਾਰੀ ਕੀਤੇ ਆਦੇਸ਼ ਉਪਰ ਮੁੱੜ ਵਿਚਾਰ ਕੀਤੀ ਜਾਵੇ ਅਤੇ ਇਸ ਆਦੇਸ਼ (ਜੋ ਗੁਰਮਤਿ ਪ੍ਰੰਪਰਾ ਦੇ ਵਿਪਰੀਤ ਹੈ) ਨੂੰ ਵਾਪਿਸ ਲਿਆ ਜਾਵੇ ਅਤੇ ਅੱਗੇ ਤੋਂ ਕੋਈ ਆਦੇਸ਼ ਜਾਂ ਹੁਕਮ ਜਲਦਬਾਜ਼ੀ ਵਿਚ ਜਾਂ ਬਦਲੇ ਦੀ ਭਾਵਨਾ ਨਾਲ ਨਾ ਜਾਰੀ ਕੀਤਾ ਜਾਵੇ ਜਿਸ ਨਾਲ ਇਸ ਸਿਰਮੌਰ ਸੰਸਥਾ ਨੂੰ ਢਾਹ ਲੱਗੇ।

ਹੋਰ ਜਾਣਕਾਰੀ ਲਈ ਸੰਪਰਕ ਕਰਨ ਵਾਸਤੇ ਹਰਬੰਸ ਸਿੰਘ ਕੰਦੋਲਾ : 604-294-0974, ਸਤਨਾਮ ਸਿੰਘ ਜੌਹਲ : 604-307-3800 ਦੇ ਸੰਪਰਕ ਨੰ: ਦਿੱਤੇ ਗਏ ਹਨ। ਉਨ੍ਹਾਂ ਉਕਤ ਪੱਤਰ ਦੀ ਕਾਪੀ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਪ੍ਰਿੰਟਿੰਗ ਮੀਡੀਆ ਤੇ ਇਲ਼ੈਕਟਰੋਨਿਕ ਮੀਡੀਆ ਨੂੰ ਵੀ ਭੇਜੀ ਗਈ ਹੈ।

ਟਿੱਪਣੀ: ਬੀ.ਸੀ. ਕੈਨੇਡਾ ਦੀਆਂ ਸਿੱਖ ਸੰਸਥਾਵਾਂ ਵਲੋਂ ਲਿਆ ਗਿਆ ਸਟੈਂਡ ਸ਼ਲਾਘਾਯੋਗ ਹੈ, ਜਿਨ੍ਹਾਂ ਨੇ ਸੱਚ 'ਤੇ ਪਹਿਰਾ ਦਿੰਦੇ ਹੋਏ ਏਕਤਾ ਦਾ ਸਬੂਤ ਦਿੱਤਾ ਹੈ, ਅਤੇ ਜੱਥੇਦਾਰਾਂ ਦੇ ਗਿੱਦੜ ਪਰਵਾਨੇ ਦੀ ਪਰਵਾਹ ਕੀਤੇ ਬਿਨਾਂ, ਸੱਚ ਦੇ ਪ੍ਰਚਾਰ ਲਈ ਦ੍ਰਿੜ ਹਨ। ਬੀ.ਸੀ. ਦੀ ਸਿੱਖ ਸੰਗਤ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ, ਇਸਦੇ ਲਈ ਸੰਗਤਾਂ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ।

ਪਰ ਦੂਸਰੀ ਤਰਫ ਟੋਰਾਂਟੋ ਦੇ ਗੁਰਦੁਆਰੇ, ਜਿਥੇ ਪ੍ਰੋ. ਧੂੰਦਾ ਨੇ ਇੱਕ ਹੱਫਤਾ ਲਗਾਤਾਰ ਗੁਰਮਤਿ ਵੀਚਾਰਾਂ ਕੀਤੀਆਂ, ਉਨ੍ਹਾਂ ਵਲੋਂ ਕੋਈ ਵੀ ਬਿਆਨ ਜਾਂ ਦ੍ਰਿੜਤਾ ਵਾਲਾ ਕਦਮ ਨਹੀਂ ਚੁਕਿਆ ਗਿਆ। ਇਹ ਕੋਈ ਪਹਿਲੀ ਵਾਰ ਨਹੀਂ, ਉਂਟਾਰੀਓ ਦਾ ਸਭੁ ਤੋਂ ਵੱਡੇ ਗੁਰਦੁਆਰੇ ਵਾਲਿਆਂ ਦੀ ਦੋਗਲੀ ਨੀਤੀ, ਹਰ ਵਾਰੀ ਇਹੀ ਕੁੱਝ ਕਰਦੀ ਹੈ। ਵੱਡੇ ਵੱਡੇ ਦਮਗੱਜੇ ਮਾਰਕੇ, ਜਥੇਦਾਰਾਂ ਦੇ ਗਿੱਦੜ ਪਰਵਾਨਿਆਂ ਦੇ ਸਾਹਮਣੇ ਘੁਟਨੇ ਦੇਕ ਦਿੰਦੇ ਹਨ।

ਸਿਰਫ ਗੋਲਕ ਭਰਨ ਦੀ ਚਾਹ, ਗੁਰਮਤਿ ਦੀ ਕੋਈ ਨਹੀਂ ਪਰਵਾਹ, ਇਹ ਹੈ ਇਨ੍ਹਾਂ ਦਾ ਮੋਟੋ। ਪਹਿਲਾਂ ਵੀ ਜਦੋਂ ਪ੍ਰੋ. ਦਰਸ਼ਨ ਸਿੰਘ ਦੇ ਕੇਸ 'ਚ ਟੋਰਾਂਟੋ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਫੂਕ ਨਿਕਲ ਗਈ ਸੀ, ਜਦੋਂ ਤਾਂ ਕਾਰ ਪਾਰਕਿੰਗ ਬਣਵਾਉਣੀ ਸੀ, ਉਦੋਂ ਤਾਂ ਹਰ ਹਫਤੇ ਕੀਰਤਨ, ਪਰ ਜਦੋਂ, ਦ੍ਰਿੜਤਾ ਨਾਲ ਕੋਈ ਕੰਮ ਕਰਨਾ ਹੋਵੇ, ਉਦੋਂ ਫੂਕ ਨਿਕਲ ਜਾਂਦੀ ਹੈ। ਬੀ.ਸੀ. ਦੇ ਗੁਰਦੁਆਰਾ ਪ੍ਰਬੰਧਕਾਂ ਨੇ ਪ੍ਰੋ. ਦਰਸ਼ਨ ਸਿੰਘ ਦੇ ਕੇਸ ਵੇਲੇ ਵੀ ਦ੍ਰਿੜਤਾ ਦਿਖਾਈ ਸੀ, ਤੇ ਹੁਣ ਵੀ ਦਿਖਾਂ ਰਹੇ ਨੇ, ਪਰ ਟੋਰਾਂਟੋ ਵਾਲਿਆਂ ਦਾ ਹੁਣ ਵੀ ਉਹੀ ਹਾਲ ਹੈ।


05 Jan 2010 Ajit Jalandhar


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top