Share on Facebook

Main News Page

ਸਿੱਖ ਲੀਡਰ ਆਉਣ ਵਾਲੀਆਂ ਸਿੱਖ ਨਸਲਾਂ ਨੂੰ ਹਿੰਦ ਸਰਕਾਰ ਦੇ ਗੁਲਾਮ ਬਣਾਕੇ ਸੁੱਟ ਜਾਣਗੇ: ਹਰਬੰਸ ਸਿੰਘ

* ਸਿੱਖਾਂ ਦੀ ਧਾਰਮਕ ਅਜਾਦੀ ਦੀ ਬਹਾਲੀ ਲਈ ਵੈਂਕਟਾਚਾਲੀਆ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸੰਵਿਧਾਨ ਦੀ ਧਾਰਾ 25 ਦੀ ਕਲਾਜ਼ ਬੀ ਦੀ ਸੋਧ ਕਰਵਾਈ ਜਾਵੇ

ਬਠਿੰਡਾ, 25 ਜਨਵਰੀ (ਕਿਰਪਾਲ ਸਿੰਘ): ਸਿੱਖ ਲੀਡਰ ਅਤੇ ਜਥੇਦਾਰ ਸਾਹਿਬਾਨ ਵੈਂਕਟਾਚਾਲੀਆ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸੰਵਿਧਾਨ ਦੀ ਧਾਰਾ 25 ਦੀ ਕਲਾਜ਼ ਬੀ ਦੀ ਸੋਧ ਕਰਵਾਉਣ। ਜੇਕਰ ਇਹ ਸੋਧ ਨਹੀਂ ਕਰਵਾਈ ਜਾਂਦੀ ਤਾਂ ਪੰਥਕ ਅਖਵਾਉਣ ਵਾਲੇ ਇਹ ਸਿੱਖ ਲੀਡਰ ਆਉਣ ਵਾਲੀਆਂ ਸਿੱਖ ਨਸਲਾਂ ਨੂੰ ਹਿੰਦ ਸਰਕਾਰ ਦੇ ਗੁਲਾਮ ਬਣਾਕੇ ਸੁੱਟ ਜਾਣਗੇ। ਇਹ ਸ਼ਬਦ ਐੱਨਆਰਆਈ ਸ: ਹਰਬੰਸ ਸਿੰਘ ਨੇ ਆਕਾਲ ਤਖ਼ਤ ਸਾਹਿਬ, ਸ਼੍ਰੀ ਅਮ੍ਰਿਤਸਰ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਨੂੰ ਲਿਖੇ ਇੱਕ ਪੱਤਰ ਵਿੱਚ ਲਿਖੇ ਹਨ। ਉਨ੍ਹਾਂ ਲਿਖਿਆ ਹੈ ਕਿ ਭਾਰਤ ਦੇ ਇਤਿਹਾਸ ਵਿਚ ਸਿੱਖਾਂ ਨਾਲ ਹੋਏ ਵਿਸ਼ਵਾਸ਼ਘਾਤ ਬਾਰੇ ਆਪ ਜ਼ਰੂਰ ਜਾਣੂ ਹੋਵੋਗੇ। 26 ਜਨਵਰੀ ਨੂੰ ਭਾਰਤ ਦੀ ਆਜ਼ਾਦੀ ਦਿਵਸ ਤੋਂ ਬਾਅਦ ਨਹਿਰੂ,ਗਾਂਧੀ ਅਤੇ ਪਟੇਲ ਵਲੋਂ ਸਿੱਖ਼ਾਂ ਦੇ ਗਲ ਵਿਚ ਪਾਏ ਗੁਲਾਮੀ ਦੇ ਸੰਗਲ ਅਜ ਤੀਕਰ ਵੀ ਸਿੱਖਾਂ ਦੇ ਗਲ ਵਿਚ ਲਟਕ ਰਿਹਾ ਹੈ। ਭਾਰਤ ਦੀ ਆਜ਼ਦੀ ਵਿਚ 80% ਤੋਂ ਵੱਧ ਯੋਗਦਾਨ ਪਾਓਣ ਵਾਲੇ ਸਿੱਖ਼ ਅਜ ਵੀ ਭਾਰਤ ਅੰਦਰ ਆਜ਼ਾਦ ਨਹੀਂ ਹਨ। ਨਹਿਰੂ,ਗਾਂਧੀ ਅਤੇ ਪਟੇਲ ਵਲੋਂ ਸਿੱਖ਼ਾਂ ਅਤੇ ਸਿੱਖ਼ ਧਰਮ ਦੀ ਅੱਡਰੀ ਆਜ਼ਾਦ ਹਸਤੀ ਦੀ ਸੁਤੰਤਰ ਹੋਂਦ ਨੂੰ ਖ਼ਤਮ ਕਰਨ ਲਈ ਭਾਰਤੀ ਸਵਿਧਾਨ ਦੀ ਧਾਰਾ 25 ਵਿਚ ਇਕ ਐਸਾ ਕਲਾਜ਼-ਬੀ ਅਤੇ ਵਿਆਖਿਆ-2, ਬਣਾਇਆ ਜਿਸ ਵਿਚ ਸਿੱਖ਼ ਧਰਮ ਦੀ ਵਖ਼ਰੀ ਹੋਂਦ ਨੂੰ ਖ਼ਤਮ ਕਰਕੇ ਹਿੰਦੂ ਧਰਮ ਦਾ ਇਕ ਹਿੱਸਾ ਹੀ ਬਣਾ ਦਿੱਤਾ। 1947 ਤੋਂ ਪਹਿਲਾਂ ਭਾਰਤੀ ਕਾਨੂਨਾਂ ਤਹਿਤ ਸਿੱਖ ਧਰਮ ਦੁਨੀਆਂ ਦਾ ਇੱਕ ਮੰਨਿਆ ਹੋਇਆ ਸੁਤੰਤਰ ਧਰਮ ਸੀ, ਪਰ ਅਸੀਂ ਉਦੋਂ ਅੰਗ੍ਰੇਜਾਂ ਦੇ ਗੁਲਾਮ ਸੀ। 1947 ਤੋਂ ਬਾਅਦ ਇਸ ਕੁਨਬੇ ਨੇ ਸਿੱਖ਼ ਧਰਮ ਦੀ ਹੋਂਦ ਖ਼ਤਮ ਕਰਕੇ ਆਪਣੇ ਹੀ ਗੁਲਾਮ ਬਣਾ ਲਿਆ ਹੈ।

ਗੁਲਾਮੀ ਦਾ ਕਾਰਣ ਦਸਦਿਆਂ ਸ: ਹਰਬੰਸ ਸਿੰਘ ਨੇ ਲਿਖਿਆ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ-25 ,ਧਾਰਮਿਕ ਆਜ਼ਾਦੀ ਦੇ ਵਿਚ ਕਲਾਜ਼ ਬੀ ਦਾ ਮਤਲਬ ਵਿਆਖਿਆ-2 ਵਿਚ ਸਮਝਾਇਆ ਗਿਆ ਹੈ ਕਿ ਸਿੱਖ ਤੇ ਸਿੱਖ ਧਰਮ ਹਿੰਦੂ ਧਰਮ ਦੇ ਵਿਚੋਂ ਹੀ ਇਕ ਸੈਕਸ਼ਨ ਤੇ ਜਮਾਤ ਹਨ, ਇਸ ਕਰਕੇ ਸਿੱਖਾਂ ਉਪਰ ਹਿੰਦੂ ਧਰਮ ਦੇ ਰੈਫਰੈਂਸ ਕਾਨੂਨ ਕਾਇਦੇ ਹੀ ਲਾਗੂ ਹੋਣਗੇ। ਬਸ ਇਥੋਂ ਹੀ ਕਲਾਜ਼ ਬੀ, ਵਿਆਖਿਆ-2ਤਹਿਤ ਘੜੀਆਂ ਗਈਆਂ ਪਾਲਸੀਆਂ ਨਾਲ ਸਿੱਖ਼ ਧਰਮ ਦੀ ਆਜ਼ਾਦ ਹਸਤੀ ਦਾ ਭੋਗ ਪਾ ਦਿੱਤਾ ਗਿਆ ਤੇ ਨਾਲ ਹੀ ਸਿੱਖਾਂ ਦੀ ਵੱਖਰੀ ਆਜ਼ਾਦ ਹਸਤੀ ਵਾਲਾ ਆਨੰਦ ਮੈਰਿਜ਼ ਐਕਟ 1955 ਵਿਚ ਖ਼ਤਮ ਕਰ ਦਿੱਤਾ ਗਿਆ। ਸਿੱਖਾਂ ਨੂੰ ਹਿੰਦੂ ਜੀਵਨ ਜਾਂਚ, ਹਿੰਦੂ ਰਹਿਤ ਮਰਿਆਦਾ ਅਤੇ ਹਿੰਦੂ ਪਰਿਵਾਰਿਕ ਕਾਨੂੰਨਾਂ ਵਿਚ ਜਕੜ ਲਿਆ ਗਿਆ। ਜੋ ਕਿ ਸਿੱਖੀ ਸਿਧਾਂਤਾਂ,ਸਿੱਖੀ ਰਹਿਤ ਮਰਿਆਦਾ, ਸਾਡੇ ਸਿੱਖ ਗੁਰੂਆਂ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ “ਨਾ ਹਮ ਹਿੰਦੂ ਨਾ ਮੁਸਲਮਾਨ” ਦੇ ਅਸੂਲਾਂ ਉਪਰ ਇਹ ਇਕ ਵਡਾ ਹਮਲਾ ਵੀ ਕੀਤਾ ਗਿਆ।

ਸ: ਹਰਬੰਸ ਸਿੰਘ ਨੇ ਲਿਖਿਆ ਹੈ ਕਿ ਹਿੰਦੂ ਕੋਡ,

  1. ਆਰਟੀਕਲ -25, ਕਲਾਜ਼-ਬੀ ਵਿਆਖਿਆ-2

  2. ਹਿੰਦੂ ਮੈਰਿਜ਼ ਐਕਟ 1955

  3. ਹਿੰਦੂ ਅਡਾਪਸ਼ਨ ਐਕਟ 1956

  4. ਹਿੰਦੂ ਮਿਨੋਰਟੀ ਐਂਡ ਗਾਰਡੀਅਨਸਿਪ ਐਕਟ 1956,

  5. ਹਿੰਦੂ ਸਕਸੈਸ਼ਨ ਐਕਟ 1956,

  6. ਹਿੰਦੂ ਅਨਡਿਵਾਈਡਿਡ ਫੈਮਿਲੀ ਟੈਕਸ ਕਾਨੂੰਨ 1955

ਇਹਨਾਂ ਕਾਨੂੰਨਾਂ ਤਹਿਤ ਸਿੱਖ ਰਹਿਤ ਮਰਿਆਦਾ ਤੇ ਸਿੱਖੀ ਜੀਵਣ ਜਾਂਚ ਕਾਨੂੰਨਾਂ ਦੀ ਕੋਈ ਕਲਾਜ਼ ਨਹੀਂ ਹੈ। ਇਸ ਕਰਕੇ ਸਿੱਖਾਂ ਦਾ ਜੰਮਣਾ, ਮਰਨਾ, ਬੱਚੇ ਗੋਦ ਲੈਣਾ ਤੇ ਸਿੱਖਾਂ ਦੀਆਂ ਵਿਆਹ ਸ਼ਾਦੀਆਂ ਇਹਨਾਂ ਹਿੰਦੂ ਕਾਨੂੰਨਾਂ ਤਹਿਤ ਹੀ ਰਜਿਸਟਰਡ ਹੁੰਦੀਆਂ ਹਨ।ਇਹ ਹਿੰਦੂ ਕਾਨੂੰਨ ਮੁਸਲਮਾਨਾ ਤੇ ਕ੍ਰਿਸਚਨ ਲੋਕਾਂ ਉਪਰ ਲਾਗੂ ਨਹੀਂ ਹੁੰਦੇ ਕਿੳਂਕਿ ਇਹ ਲੋਕ ਆਪਣੀ ਆਜ਼ਾਦ ਹਸਤੀ ਨਾਲ ਭਾਰਤ ਵਿਚ ਰਹਿੰਦੇ ਹਨ। ਇਸ ਗੁਲਾਮੀ ਦੇ ਸੰਗਲ ਕਲਾਜ਼ ਬੀ ਨੂੰ ਸਿੱਖ ਲੀਡਰਾਂ ਨੇ ਇਹ ਦੱਸਣ ਲਈ ਕਿ ਸਿੱਖ ਧਰਮ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ। ਦਿੱਲੀ ਵਿਚ 1984 ’ਚ ਸਿੱਖਾਂ ਨੂੰ ਸਾੜਿਆ ਵੀ ਸੀ। ਸਨ 2002 ਵਿਚ ਹਿੰਦ ਸਰਕਾਰ ਨੇ ਸਿੱਖਾਂ ਦੇ ਧਾਰਾ 25, ਕਲਾਜ਼ ਬੀ ਬਾਬਤ ਗਿਲੇ ਸਿਕਵੇ ਸੁਣਨ ਲਈ ਚੀਫ ਜਸਟਿਸ ਐਮ ਐਨ ਵੈਂਕਟਚਾਲੀਆ ਦੀ ਪ੍ਰਧਾਨਗੀ ਹੇਠ ਕਮਿਸ਼ਨ ਵੀ ਬਣਾਇਆ। ਇਸ ਕਮਿਸ਼ਨ ਨੇ ਆਪਣੇ ਫੈਸਲੇ ਵਿਚ ਸਿੱਖ਼ ਧਰਮ, ਜੈਨ ਧਰਮ ਅਤੇ ਬੁੱਧ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਨਹੀਂ ਮੰਨਿਆ।

ਉਹਨਾਂ ਕਿਹਾ ਕਿ ਇਹ ਭਾਰਤ ਦੇ ਆਜ਼ਾਦ ਧਰਮ ਹਨ,ਇਸ ਕਰਕੇ ਧਾਰਾ 25 ਕਲਾਜ਼ ਬੀ ਦੀ ਸੋਧ ਕਰਣੀ ਬਣਦੀ ਹੈ ਅਤੇ ਵਿਆਖਿਆ-2 ਨੂੰ ਖ਼ਤਮ ਕੀਤਾ ਜਾਵੇ। ਇਹ ਫੈਸਲਾ ਅੱਜ ਤੀਕਰ ਭਾਰਤ ਸਰਕਾਰ ਦੀ ਮਿਨਿਸਟਰੀ ਆਫ ਲਾਅ ਦੀ ਵੈਬ ਸਾਈਟ ’ਤੇ ਲਿੰਕ www.lawmin.nic.in/ncrwc/finalreport.htm ’ਤੇ ਕਲਿਕ ਕਰਕੇ ਵੇਖਿਆ ਜਾ ਸਕਦਾ ਹੈ। ਸ: ਹਰਬੰਸ ਸਿੰਘ ਨੇ ਲਿਖਿਆ ਹੈ ਅਗਰ ਇਹ ਸੋਧ ਕੀਤੀ ਜਾਂਦੀ ਹੈ ਤਾਂ ਸਿੱਖ, ਜੈਨੀ ਅਤੇ ਬੋਧੀ ਭਾਰਤ ਵਿਚ ਆਪਣੀ ਆਜ਼ਾਦ ਤੇ ਸੁਤੰਤਰ ਹਸਤੀ ਨਾਲ ਬਰਾਬਰ ਦੇ ਸ਼ੀਹਰੀ ਵਜੋਂ ਜੀਅ ਸਕਦੇ ਹਨ। ਭਾਂਵੇਂ ਕਿ ਹਿੰਦ ਸਰਕਾਰ ਵਲੋਂ ਸਿੱਖ਼ ਲੀਡਰਾਂ ਦੇ ਰਾਂਹੀਂ ਮਿਠੀ ਜ਼ਹਿਰ ਜੋ ਕਿ ਨੌਕਰੀ ਵਿਚ ਰੀਜ਼ਰਵੇਸ਼ਨ, ਗਰਾਂਟਾਂ ਆਦਿ ਹਿੰਦੂ ਧਰਮ ਦੇ ਹਿਸੇ ਵਜੋਂ ਸਿੱਖ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਇਸ ਸੋਧ ਤੋਂ ਬਾਅਦ ਖ਼ੋਹ ਲਈਆਂ ਜਾਣਗੀਆਂ। ਜਿਸ ਦੇ ਡਰ ਵਜੋਂ ਸਿੱਖ ਕੌਮ ਦੇ ਲੀਡਰ ਸਿੱਖ ਧਰਮ ਦੀ ਵਖ਼ਰੀ ਹਸਤੀ ਨੂੰ ਏਸ ਮਿਠੀ ਜ਼ਹਿਰ ਬਦਲੇ ਹਿੰਦ ਸਰਕਾਰ ਅੱਗੇ ਵੇਚ ਰਹੇ ਹਨ। ਹਾਂਲਾਂ ਕਿ ਭਾਰਤ ਦਾ ਹਰ ਵਾਸੀ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਭਲੀ ਭਾਂਤ ਵਾਕਿਫ ਹੈ ਕਿ ਵੱਡੇ ਵੱਡੇ ਲਾਲਚ ਦੇਣ ਦੇ ਬਾਵਜ਼ੂਦ ਉਹਨਾਂ ਕੇਵਲ ਸਿੱਖ਼ ਧਰਮ ਦੀ ਅੱਡਰੀ ਆਜ਼ਾਦ ਹਸਤੀ ਲਈ ਆਪਣੇ ਆਪ ਨੂੰ ਕੁਰਬਾਣ ਕਰ ਦਿੱਤਾ ਪਰ ਈਨ ਨਹੀਂ ਮੰਨੀ। ਪਰ ਅੱਜ ਦੇ ਇਹ ਸਿੱਖ਼ ਲੀਡਰ ਚੰਦ ਕੁ ਮੁਫਾਜਾਂ ਦੇ ਲਈ ਕੌਮ ਦੀ ਆਜ਼ਾਦੀ ਨੂੰ ਵੇਚ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top