Share on Facebook

Main News Page

ਪੰਜਾਬ ਪੁਲਿਸ : ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ!: ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਪੰਜਾਬ ਪੁਲਿਸ ਵਲੋਂ ਅਣਮਨੁੱਖੀ ਤਸ਼ੱਦਦ ਦੀਆਂ ਘਟਨਾਵਾਂ ਪੰਜਾਬ ਦੇ ਥਾਣਿਆਂ ਵਿਚ ਰੋਜ਼ਾਨਾ ਵਾਪਰਦੀਆਂ ਹਨ। ਭਾਵੇਂਕਿ ਇਨ੍ਹਾਂ ਵਿਚੋਂ ਕੁਝ ਕੁ ਖਬਰਾਂ ਹੀ ਬਾਹਰ ਆਉਂਦੀਆਂ ਹਨ। ਪਿਛਲੇ ਦਿਨੀਂ ਬਰਨਾਲਾ ਪੁਲਿਸ ਵਲੋਂ 17 ਸਾਲਾ ਨੌਜਵਾਨ ਦੀ ਪੁਲਿਸ ਹਿਰਾਸਤ ਵਿਚ ਮੌਤ ਤੇ ਹੁਣ ਬਰੇਟਾ ਪੁਲਿਸ ਵਲੋਂ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤੀਆਂ ਔਰਤਾਂ ਦੀ ਮਰਦ ਪੁਲਿਸ ਵਲੋਂ ਮਾਰਕੁਟਾਈ ਪੰਜਾਬ ਪੁਲਿਸ ਦੀ ਦਾਗਦਾਰ ਚਾਦਰ ਉਤੇ ਇਕ ਹੋਰ ਵੱਡਾ ਧੱਬਾ ਹੈ।

ਉਨ੍ਹਾਂ ਕਿਹਾ ਕਿ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਪੰਜਾਬ ਪੁਲਿਸ ਦਿਖਾਵੇ ਦੀ ਖਾਤਰ ਭਾਵੇਂ ਲੱਖ ਯਤਨ ਕਰ ਲਵੇ ਕਿ ਅਸੀਂ ਲੋਕ ਭਲਾਈ ਲਈ ਕਾਰਜ ਕਰਨ ਲਈ ਸੁਧਾਰ ਕਰ ਰਹੇ ਹਾਂ ਪਰ ਜੇ ਪੰਜਾਬ ਪੁਲਿਸ ਨੇ ਆਪਣਾ ਅਕਸ ਬਦਲ ਲਿਆ ਤਾਂ ਵਾਰਸ ਸ਼ਾਹ ਨੂੰ ਸੱਚਾ ਕੌਣ ਕਹੇਗਾ। ਕਿਉਂਕਿ ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ, ਦੇ ਅਖਾਣ ਮੁਤਾਬਕ ਪੰਜਾਬ ਪੁਲਿਸ ਦੀ ਵਰਦੀ ਉਤੇ ਭਾਵੇਂ ਕਈ ਤਰ੍ਹਾਂ ਦੇ ਢਕਵੰਜ ਜੜ੍ਹ ਦਿੱਤੇ ਗਏ ਹਨ ਪਰ ਪੰਜਾਬ ਪੁਲਿਸ ਆਤਮਿਕ ਤੌਰ ’ਤੇ ਮਰ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇਕ ਅਦਾਲਤ ਨੇ ਪੰਜਾਬ ਪੁਲਿਸ ਦੇ ਤਸ਼ੱਦਦ ਤੋਂ ਦੌੜ ਕੇ ਕੈਨੇਡਾ ਪੁੱਜੇ ਇਕ ਵਿਅਕਤੀ ਦੀ ਸਿਆਸੀ ਸ਼ਰਨ ਲਈ ਦਰਖਾਸਤ ਉਤੇ ਗੌਰ ਫੁਰਮਾਉਂਦਿਆਂ ਕਿਹਾ ਸੀ ਕਿ ਜੇਕਰ ਪੰਜਾਬ ਨੂੰ ਸੁਧਾਰਨਾ ਹੈ ਤਾਂ ਇਸਦਾ ਨਵੇਂ ਸਿਰੇ ਤੋਂ ਗਠਨ ਕਰਨਾ ਚਾਹੀਦਾ ਹੈ। ਐਡਵੋਕੇਟ ਮੰਝਪੁਰ ਨੇ ਕਿਹਾ ਕਿ ਪੰਜਾਬ ਵਿਚ ਖਾੜਕੂਵਾਦ ਮੁੜ ਸੁਰਜੀਤ ਹੋਣ ਦੇ ਨਾਂ ਹੇਠ ਸੈਂਕੜੇ ਨੌਜਵਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜਿਨ੍ਹਾਂ ਵਿਚ ਭਾਈ ਸੋਹਨਜੀਤ ਸਿੰਘ ਦੀ ਅੰਮ੍ਰਿਤਸਰ ਪੁਲਿਸ ਹਿਰਾਸਤ ਵਿਚ ਅਣਮਨੁੱਖੀ ਮੌਤ ਸਭ ਤੋਂ ਘਿਨਾਉਣੀ ਤੇ ਨਵੀਂ ਉਦਾਹਰਣ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਸਿਆਸੀਕਰਨ ਤੇ ਸਿਆਸੀ ਪਾਰਟੀਆਂ ਦਾ ਪੂਰੀ ਤਰ੍ਹਾਂ ਅਪਰਾਧੀਕਰਨ ਹੋ ਚੁੱਕਾ ਹੈ ਅਤੇ ਹੁਣ ਤਾਂ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀਆਂ ਵਲੋਂ ਸਿਆਸੀ ਪਾਰਟੀਆਂ ਦੀਆਂ ਵੋਟਾਂ ਵਿਚ ਉਮੀਦਵਾਰੀਆਂ ਦੀ ਝਾਕ ਨੇ ਉਨ੍ਹਾਂ ’ਤੇ ਸਿਆਸੀ ਧੜ੍ਹਿਆਂ ਦੇ ਪੱਖ ਪੂਰਨ ਦਾ ਝੁਕਾਅ ਜ਼ਿਆਦਾ ਕਰ ਦਿੱਤਾ ਹੈ। ਜਿਸਦੀ ਪ੍ਰਤੱਖ ਉਦਾਹਰਣ ਪੰਜਾਬ ਪੁਲਿਸ ਦੇ ਡੀ.ਜੀ.ਪੀ. ਪੀ.ਐਸ. ਗਿੱਲ ਵਲੋਂ ਸੁਖਬੀਰ ਬਾਦਲ ਨਾਲ ਪਹਿਲਾਂ ਹੀ ਗੰਢਤਰੁੱਪ ਕਰਕੇ ਆਪਣੀ ਸੀਟ ਮੋਗੇ ਤੋਂ ਪੱਕੀ ਕਰਵਾਈ ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਪੂਰੀ ਵਫਾਦਾਰੀ ਨਿਭਾਈ। ਡੀ.ਜੀ.ਪੀ. ਗਿੱਲ ਦੀ ਵਫਾਦਾਰੀ ਸੁਖਬੀਰ ਬਾਦਲ ਨਾਲ ਉਸ ਬਿਆਨ ਤੋਂ ਸਾਹਮਣੇ ਆਈ ਜਿਸ ਵਿਚ ਉਸਨੇ ਕਿਹਾ ਕਿ ਅਸੀਂ ਦਲਜੀਤ ਸਿੰਘ ਬਿੱਟੂ ਨੂੰ ਸਜ਼ਾ ਕਰਵਾਕੇ ਹੀ ਸਾਹ ਲਵਾਂਗੇ।

ਉਨ੍ਹਾਂ ਅੰਤ ਵਿਚ ਕਿਹਾ ਕਿ ਪੰਜਾਬ ਪੁਲਿਸ ਦੇ ਸੁਧਰਨ ਦੇ ਕੋਈ ਬਹੁਤੇ ਆਸਾਰ ਨਜ਼ਰ ਨਹੀਂ ਆਉਂਦੇ ਕਿਉਂਕਿ ਇਸ ਵਿਚ ਚੌਧਰੀ ਉਹ ਲੋਕ ਬਣੇ ਹੋਏ ਨੇ ਜਿਨ੍ਹਾਂ ਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਢਾਹ ਕੇ ਲਵਾਰਸ ਲਾਸ਼ਾਂ ਬਣਾ ਦਿੱਤਾ ਸੀ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ
98554-01843


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top