Share on Facebook

Main News Page

ਗੁਰੂ ਆਪਣੇ ਬੋਲਾਂ ਨਾਲ ਮਨੁੱਖ ਨੂੰ ਬਦਲਣ ਦੀ ਸਮਰਥਾ ਰਖਦਾ ਹੈ, ਬੋਲਾਂ ਨਾਲ ਇਨਕਲਾਬ ਵੀ ਲਿਆ ਸਕਦਾ ਹੈ: ਪ੍ਰੋ ਦਰਸ਼ਨ ਸਿੰਘ ਖਾਲਸਾ

(ਮਨਜੀਤ ਸਿੰਘ ਖਾਲਸਾ ਮੋਹਾਲੀ): 30 ਦਸੰਬਰ 2011 ਨੂੰ ਜਿਲਾ ਜਲੰਧਰ ਦੇ ਹਲਕਾ ਨਕੋਦਰ ਦੇ ਗੁਰਦੁਆਰਾ ਸਾਹਿਬ, ਪਿੰਡ ਖਾਨਪੁਰ ਵਿੱਖੇ ਗੁਰੂ ਅਮਰਦਾਸ ਸਾਹਿਬ ਵਲੋਂ ਉਚਾਰਣ ਕੀਤੀ ਬਾਣੀ ਆਨੰਦ ਸਾਹਿਬ ਦੀ ਪਉੜੀ “ਆਵਹੁ ਸਿੱਖ ਸਤਿਗੁਰ ਕੇ ਪਿਆਰਿਉ ਗਾਵਹੁ ਸਚੀ ਬਾਣੀ” ਦਾ ਕੀਰਤਨ ਕਰਦਿਆਂ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ ਨੇ ਕਿਹਾ ਕਿ ਗੁਰੂ ਅਮਰਦਾਸ ਸਾਹਿਬ ਵਲੋਂ ਸਿੱਖਾਂ ਨੂੰ ਗਾਵਹੁ ਸਚੀ ਬਾਣੀ ਦੀ ਗੱਲ ਕਹਿਕੇ ਸਪਸ਼ਟ ਸਮਝਾਇਆ ਗਿਆ ਹੈ ਕਿ ਸਚੀ ਬਾਣੀ ਦੇ ਮੁਕਾਬਲਤਨ ਕੱਚੀ ਬਾਣੀ ਵੀ ਸਿੱਖ ਦੋਖੀਆਂ ਨੇ ਪ੍ਰਚਲਿਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਸੁਜਾਨ ਗੁਰੂ ਦੇ ਜੀਵਨ ਕਾਲ ਵਿੱਚ ਸਿੱਖ ਵਿਰੋਧੀ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋ ਸਕੇ, ਕਿਉਕਿ ਗੁਰੁ ਨੇ ਸੱਚੀ ਬਾਣੀ ਅਤੇ ਕੱਚੀ ਬਾਣੀ ਦੀ ਪਰਖ ਕਰਨੀ ਸਿੱਖਾਂ ਨੂੰ ਸਮਝਾ ਦਿੱਤੀ ਸੀ ਇਸ ਗੱਲ ਦੀ ਪ੍ਰਰੋੜਤਾ ਵਿੱਚ ਉਨ੍ਹਾਂ ਨੇ ਗੁਰਬਾਣੀ ਫੁਰਮਾਨ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥” ਅਤੇ ਸਿੱਖਾਂ ਨੇ ਗੁਰੂ ਦੀ ਇਸ ਸਿਖਿਆ ਨੂੰ ਆਪਣੇ ਹਿਰਦਿਆਂ ਵਿੱਚ ਵਸਾ ਕੇ ਸੰਭਾਲ ਲਿਆ। ਵੈਸੇ ਸਿੱਖ ਅਤੇ ਗੁਰੂ ਦੀ ਸਾਂਝ, ਕੇਵਲ ਤਾਂ ਹੀ ਰਹਿ ਸਕਦੀ ਹੈ ਜੇਕਰ ਸਿੱਖ ਗੁਰੂ ਦੇ ਬੋਲਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਲਏ।

ਸ਼ਰੀਰ ਕਰਕੇ ਅੱਜ ਗੁਰੂ ਸਾਡੇ ਕੋਲ ਨਹੀਂ ਹੈ, ਸਾਡੇ ਕੋਲ ਹੈ, ਤਾਂ ਕੇਵਲ ਗੁਰੂ ਦੇ ਬੋਲ, ਗੁਰੁ ਦੇ ਕਹੇ ਹੋਏ ਸ਼ਬਦ, ਜਿਨ੍ਹਾਂ ਦੇ ਸਹਾਰੇ ਅੱਜ ਤੱਕ ਸਿੱਖ ਬੈਠਾ ਹੈ ਅਤੇ ਗੁਰੂ ਦੇ ਇਨ੍ਹਾਂ ਬੋਲਾਂ ਨੂੰ ਹੀ ਸੁਣਕੇ ਸਿੱਖ ਜਾਗ੍ਰਿਤ ਹੁੰਦਾ ਹੈ, ਕਿੳਕਿ ਬੋਲਾਂ ਵਿੱਚ ਗੁਰੂ ਆਪ ਬੈਠਾ ਹੁੰਦਾ ਹੈ ’ਤੇ ਉਹ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਕੋਲ ਮੋਜੂਦ ਹਨ “ਸਤਿਗੁਰ ਬਚਨ ਬਚਨ ਹੈ ਸਤਿਗੁਰ” ਗੁਰੂ ਆਪਣੇ ਬੋਲਾਂ ਨਾਲ ਮਨੁੱਖ ਨੂੰ ਬਦਲਣ ਦੀ ਸਮਰਥਾ ਰਖਦਾ ਹੈ। ਇੰਨਸਾਨ ਨੂੰ, ਮਨੁੱਖ ਤੋਂ ਦੇਵਤਾ ਬਣਾਉਣ ਦੀ ਸਮਰਥਾ ਹੈ ਗੁਰੁ ਦੇ ਬੋਲਾਂ ਵਿੱਚ। ਨਿਰੇ ਮਨੁੱਖਾਂ ਤੋਂ ਦੇਵਤੇ ਨਹੀਂ “ਪਸੁ ਪਰੇਤ ਮੁਗਧ ਭਏ ਸਰੋਤੇ ਹਰਿ ਨਾਮਾ ਮੁਖਿ ਗਇਆ” ਦੇ ਬੋਲਾਂ ਨਾਲ ਇਨਕਲਾਬ ਵੀ ਲਿਆ ਸਕਦਾ ਹੈ ਗੁਰੂ, ਬਦਲ ਸਕਦਾ ਹੈ ਗੁਰੂ, ਮਨੁੱਖੀ ਜੀਵਨ ਨੂੰ।

ਪਰ ਅਫਸੋਸ ਅੱਜ ਸਿੱਖ ਜਗਤ ਦਾ ਬਹੁਤਾਤ ਹਿੱਸਾ ਗੁਰੁ ਦੇ ਇਨ੍ਹਾਂ ਬੋਲਾਂ ਨੂੰ ਕੇਵਲ ਹਰ ਰੋਜ਼ ਪੜ੍ਹਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਪਰ ਇਨ੍ਹਾਂ ਬੋਲਾਂ ਵਿੱਚੋਂ ਸਿਧਾਂਤ ਦੇ ਕੰਸੈਪਟ ਨੂੰ ਨਾ ਸਮਝ ਕੇ ਸੱਚੀ ਬਾਣੀ ਅਤੇ ਕੱਚੀ ਬਾਣੀ ਦੇ ਅੰਤਰ ਨੂੰ ਸਮਝਣ ਵਿੱਚ ਅਸਫਲ ਹੁੰਦਾ ਦਿਖਾਈ ਦੇ ਰਿਹਾ ਹੈ। ਪ੍ਰੋ. ਸਾਹਿਬ ਨੇ ਇਸ ਕੰਨਸੈਪਟ ਨੂੰ ਸਮਝਾਉਣ ਲਈ ਔਰੰਗਜ਼ੇਬ ਦੇ ਸਮੇਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਔਰੰਗਜ਼ੇਬ ਨੇ ਜਦੋਂ ਫੈਸਲਾ ਕੀਤਾ ਕਿ ਸਮੁੱਚੀ ਹਿੰਦੂ ਕੌਮ ਨੂੰ ਮੁਸਲਮਾਨ ਬਣਾਉਣਾ ਹੈ ਤਾਂ ਉਸਦੇ ਸਹਿਯੋਗੀਆਂ ਨੇ ਔਰੰਗਜ਼ੇਬ ਨੂੰ ਮਸ਼ਵਰਾ ਦਿਤਾ ਕਿ ਬਾਦਸ਼ਾਹ ਸਲਾਮਤ ਇਹ ਕੰਮ ਇਨਾਂ ਆਸਾਨ ਨਹੀਂ ਜਿਨ੍ਹਾਂ ਤੁਸੀਂ ਸਮਝ ਰਹੇ ਹੋ, ਤੁਹਾਡੀ ਇਸ ਖੂਬਸੂਰਤ ਸੋਚ, ਜੋ ਇਸਲਾਮ ਦੇ ਵਾਧੇ ਅਤੇ ਪ੍ਰਸਾਰ ਲਈ ਲਾਹੇਵੰਧ ਹੈ, ਸੋਚ ਨੂੰ ਆਸਾਨੀ ਨਾਲ ਨਪੇਰੇ ਚਾੜ੍ਹਣ ਲਈ ਜੇਕਰ ਤੁਸੀ ਹਿੰਦੂ ਕੌਮ ਦੇ ਧਾਰਮਿਕ ਗੁਰੂ ਜਿਸ ਤੋਂ ਬਿਨਾ ਹਿੰਦੂ ਕੌਮ ਇਕ ਕਦਮ ਵੀ ਨਹੀਂ ਪੁਟ ਸਕਦੀ, ਉਸ ਕੋਲੋਂ ਪੁੱਛੇ ਬਿਨਾ, ਜਨਮ ਤੋਂ ਲੈਕੇ ਮਰਨ ਤੱਕ, ਸ਼ਰੀਰ ਨੂੰ ਚਿਖਾ ਉਪਰ ਰਖਣ ਤੱਕ, ਹਿੰਦੂ ਆਪਣੇ ਗੁਰੂ ਕੋਲੋਂ ਪੁਛਦਾ ਹੈ, ਕਿ ਹੇ ਗੁਰੁ ਮਿਰਤੱਕ ਸ਼ਰੀਰ ਦੇ ਪੈਰ ਕਿਹੜੇ ਪਾਸੇ ਰੱਖਾਂ ਅਤੇ ਸਿਰ ਕਿਹੜੇ ਪਾਸੇ ਰੱਖਾਂ? ਆਪਣੇ ਗੁਰੂ ਕੋਲੌ ਪੁਛੇ ਬਿਨ੍ਹਾਂ ਹਿੰਦੂ ਕੁੱਝ ਵੀ ਨਹੀਂ ਕਰ ਸਕਦਾ, ਬਾਣੀ ਨੇ ਵੀ ਇਸ ਗੱਲ ਨੂੰ ਪਰਵਾਨ ਕੀਤਾ ਅਤੇ ਕਿਹਾ “ਸਿਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ” ਭਗਤ ਕਬੀਰ ਜੀ ਨੇ ਇਥੋਂ ਤੱਕ ਕਹਿ ਦਿੱਤਾ ਬਾਹਮਣ ਗੁਰੁ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ” ਆਪਣੇ ਬੱਚਿਆਂ ਦੇ ਵਿਆਹ ਤੋਂ ਪਹਿਲਾਂ ਲਗਨ, ਦਿਨ, ਸਮਾਂ, ਘੜੀ, ਪਲ, ਮਹੂਰਤ ਆਦਿ ਪੁੱਛੇ ਬਿਨ੍ਹਾਂ ਇਕ ਕਦਮ ਵੀ ਹਿੰਦੂ ਨਹੀਂ ਚੁੱਕ ਸਕਦਾ। ਇਸ ਲਈ ਹੇ ਬਾਦਸ਼ਾਹ ਸਲਾਮਤ ਜੇਕਰ ਸਾਡੀ ਸਲਾਹ ਮਨ੍ਹੋਂ ਤਾਂ ਸਾਰੀ ਹਿੰਦੂ ਕੌਮ ਨੂੰ ਮੁਸਲਮਾਨ ਬਣਾਉਣ ਨਾਲੋਂ ਜੇਕਰ ਹਿੰਦੂ ਦੇ ਗੁਰੂ, ਬ੍ਰਾਹਮਣ ਨੂੰ ਹੀ ਮੁਸਲਮਾਨ ਬਣ੍ਹਾ ਲਿਆ ਜਾਏ ਤਾਂ ਬ੍ਰਾਹਮਣ ਸਾਰੇ ਹਿੰਦੂਆਂ ਨੂੰ ਆਸਾਨੀ ਨਾਲ ਆਪਣੇ ਪਿੱਛੇ ਲਗਾ ਲਏਗਾ, ਇਹ ਤਰੀਕਾ ਅਪਨਾਇਆਂ, ਆਸਾਨੀ ਨਾਲ ਸਮੁੱਚੀ ਹਿੰਦੂ ਕੌਮ ਨੂੰ ਇਸਲਾਮ ਵਿੱਚ ਬਦਲਿਆ ਜਾ ਸਕਦਾ ਹੈ।

ਔਰੰਗਜ਼ੇਬ ਨੂੰ ਇਹ ਮਸ਼ਵਰਾ ਬੜਾ ਹੀ ਪਸੰਦ ਆਇਆ। ਇਸ ਲਈ ਉਸਨੇ ਇਸ ਕੰਮ ਦੀ ਸ਼ੂਰੂਆਤ ਬ੍ਰਾਹਮਣਾਂ ਦੇ ਗੜ੍ਹ ਕਸ਼ਮੀਰ ਤੋਂ ਅਰੰਭ ਕੀਤੀ, ਇਸੇ ਲਈ ਕਸ਼ਮੀਰੀ ਪੰਡਿਤ ਸਹਾਇਤਾ ਲਈ ਗੁਰੁ ਤੇਗ ਬਹਾਦੁਰ ਜੀ ਕੋਲ ਪਹੁੰਚੇ।ਇਸ ਇਤਿਹਾਸ ਤੋਂ ਇਹ ਕੰਨਸੈਪਟ ਸਮਝ ਆਇਆ ਕਿ ਕੇ ਗੁਰੂ ਬਦਲ ਜਾਏ ਤਾਂ ਸ਼ਿਸ਼ (ਸਿੱਖ) ਨੂੰ ਬਦਲਨਾ ਬੜਾ ਹੀ ਆਸਾਨ ਕੰਮ ਹੈ। ਹਿੰਦੂਆਂ ਨੂੰ ਸਮਝ ਆ ਗਿਆ ਇਹ ਕੰਨਸੈਪਟ, ਭਾਵੇਂ ਕਿ ਇਹ ਹਿੰਦੂਆਂ ਉੱਤੇ ਵਰਤਿਆ ਸੀ, ਪਰ ਹੈ ਬੜਾ ਖੂਬਸੂਰਤ ਸੀ ਜੇ ਕਰ ਇਹ ਕੰਨਸੈਪਟ ਹਿੰਦੂ ਸਿੱਖਾਂ ਉੱਤੇ ਵਰਤਣ ਵਿੱਚ ਕਾਮਯਾਬ ਹੋ ਜਾਣ ਤਾਂ ਬੜੀ ਆਸਾਨੀ ਨਾਲ ਸਿੱਖਾਂ ਨੂੰ ਹਿੰਦੂਆਂ ਵਿੱਚ ਬਦਲਿਆਂ ਜਾ ਸਕਦਾ ਹੈ। ਜਿਹੜੀ ਗੱਲ ਇਨ੍ਹਾਂ ਹਿੰਦੂਆਂ ਨੇ 300 ਸਾਲ ਪਹਿਲਾਂ ਇਹ ਕਹਿ ਕੇ ਆਰੰਭੀ ਸੀ ਕਿ “ਤਿਲਕ ਜੰਝੂ ਰਾਖਾ ਪ੍ਰਭ ਤਾਂਕਾ…..” ਇਹ ਲਾਈਨਾਂ ਇਨ੍ਹਾਂ ਨੇ ਹੀ ਪਾਈਆਂ ਹਨ, ਅਤੇ ਅੱਜ ਇੱਥੋਂ ਤੱਕ ਪਹੁੰਚ ਗਈਆਂ ਹਨ ਅਤੇ ਇਹ ਹਿੰਦੂ ਬਾਰ-ਬਾਰ ਦੁਹਰਾਉਂਦੇ ਰਹਿੰਦੇ ਹਨ ਕਿ ਸਿੱਖ ਤਾਂ ਕੇਸਾਂਧਾਰੀ ਹਿੰਦੂ ਹੀ ਹਨ।

ਹੁਣ ਮਸਲਾ ਇਹ ਹੈ ਕਿ ਇਸ ਗੱਲ ਨੂੰ ਮਾਨਤਾ ਕਿਵੇਂ ਮਿਲੇ? ਮਾਨਤਾ ਕੇਵਲ ਉਦੋਂ ਹੀ ਮਿਲ ਸਕੇਗੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਸਾਬਤ ਕਰ ਦਿੱਤਾ ਜਾਏ।ਤੇ ਜੇਕਰ ਇਸ ਕਾਰਜ ਵਿੱਚ ਸਫਲਤਾ ਮਿਲ ਜਾਏ ਤਾਂ ਸਿੱਖ ਆਪ ਹੀ ਹਿੰਦੂ ਹੋ ਜਾਏਗਾ। ਇਸ ਲਈ ਉਨ੍ਹਾਂ ਨੇ ਇਕ ਦੂਜੇ ਗ੍ਰੰਥ ਦੀ ਰਚਨਾ ਕੀਤੀ ਜੋ ਦੇਖਣ ਨੂੰ ਬਿਲਕੁੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਲਗੇ ਜੇਕਰ ਇਸ ਗ੍ਰੰਥ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਦਿੱਤਾ ਜਾਏ ਤਾਂ ਸਿੱਖ ਆਸਾਨੀ ਨਾਲ ਸਿੱਖ, ਹਿੰਦੂ ਬਣ ਸਕਦਾ ਹੈ ਤੇ ਉਹ ਗ੍ਰੰਥ ਕੀ ਸਾਬਤ ਕਰਨਾ ਚਾਹੁੰਦਾ ਹੈ? ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਉਸ ਗ੍ਰੰਥ ਦੇ ਜ਼ਰੀਏ ਦਸਮ ਪਿਤਾ ਦੀ ਕਥਾ ਬਿਆਨਣ ਵੇਲੇ, ਜੋ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਮੁਕਾਰਬਿੰਦ ਵਿੱਚ ਪਾਈਆਂ ਗਈਆਂ ਹਨ ਉਸ ਨੂੰ ਸਮਝਣ ਲਈ, ਮੈਂ ਉਨ੍ਹਾਂ ਵੀਰਾਂ ਨੂੰ ਵਿਚਾਰ ਲਈ ਸੱਦਾ ਦਿੰਦਾ ਹਾਂ ਜੋ ਉਸ ਗ੍ਰੰਥ ਦਾ ਅਖਰ-ਅਖਰ ਗੁਰੁ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ।

ਉਹ ਕਥਾ ਇਸ ਤਰ੍ਹਾਂ ਹੈ:

ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧਿ ਮੁਹਿ ਆਨੋ। ਹੇਮਕੁੰਟ ਪਰਬਤ ਹੇ ਜਹਾਂ। ਸਪਤ ਸ੍ਰਿੰਗ ਸੋਬਿਤ ਹੈ ਤਹਾਂ। ਸਪਤ ਸ੍ਰਿੰਗ ਤਹ ਨਾਮੁ ਕਹਾਵਾ। ਪੰਡੁ ਰਾਜ ਜਹ ਜੋਗੁ ਕਮਾਵਾ। ਤਹ ਹਮ ਅਧਿਕ ਤਪਸਿਆ ਸਾਦੀ। ਮਹਾਂਕਾਲ ਕਾਲਕਾ ਅਰਾਧੀ।

ਮੈਂ ਉੱਥੇ ਘੋਰ ਤਪਸਿਆ ਕੀਤੀ। ਕਿਸਦੀ ਤਪਸਿਆ ਕੀਤੀ? ਕਿਸਦੇ ਨਾਮ ਦੀ ਤਪਸਿਆ ਕੀਤੀ? ਜਵਾਬ ਮਿਲਦਾ ਹੈ ਮਹਾਂਕਾਲ ਦੀ ਅਤੇ ਕਾਲਕਾ ਦੇਵੀ ਦੀ। ਇਸ ਰਚਨਾ ਦੇ ਤਪਸਵੀ ਨੂੰ ਮੈਂ ਗੁਰੂ ਗੋਬਿੰਦ ਸਿੰਘ ਜੀ ਨਹੀਂ ਕਹਿ ਸਕਦਾ, ਮੈ ਕੀ, ਕੋਈ ਵੀ ਸਿੱਖ ਇਸ ਰਚਨਾ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਮੰਨ ਸਕਦਾ।

ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਗੁਰਆਈ ਦਾ ਸਿੰਘਾਸਨ ਦੇ ਕੇ ਸਿੱਖ ਜਗਤ ਨੂੰ ਹੁਕਮ ਕੀਤਾ ਸੀ ਕਿ “ਸਭ ਸਿੱਖਨ ਕੋ ਹੁਕਮ ਹੈ ਗੁਰੁ ਮਾਨਿਉ ਗ੍ਰੰਥ” ਉਸ ਬਾਣੀ ਵਿੱਚੋਂ ਜੇਕਰ ਅਕਾਲ ਦੇ ਰੂਪ ਦੇਖੀਏ ਤਾਂ ਸਾਡੀ ਬਾਣੀ ਦਸਦੀ ਹੈ ਕਿ ਉਹ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਹੈ, ਅਤੇ ਜੇਕਰ ਕੋਈ ਉਸ ਗ੍ਰੰਥ ਤੋਂ ਮਹਾਂਕਾਲ ਦਾ ਰੂਪ ਪੁੱਛੇ ਤਾਂ ਉਸ ਵਿੱਚ ਅੰਕਿਤ ਹੈ ਉਸਦੀਆਂ ਚਿਟੀਆਂ ਲੰਬੀਆਂ ਦੋ ਦਾੜ੍ਹਾਂ ਹਨ, ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਕੇ ਹੱਥ ਵਿੱਚ ਤਲਵਾਰ ਪਕੜਦਾ ਹੈ। ਸਾਡੇ ਦਸਮ ਤੇ ਉਨ੍ਹਾਂ ਦੇ ਦਸਮ ਵਿੱਚ ਬੜਾ ਅੰਤਰ ਹੈ ਕਿੳਕਿ ਜੇ ਸਾਡਾ ਦਸਮ ਇਹੋ ਜਿਹਾ ਹੁੰਦਾ ਤਾਂ ਸਾਨੂੰ ਅੰਮ੍ਰਿਤ ਦੇ ਬਾਟੇ ਦੀ ਥਾਂ ਸ਼ਰਾਬ ਦੇ ਨਸ਼ੇ ਨਾਲ ਸਾਡੇ ਹੱਥ ਤਲਵਾਰ ਪਕੜਾਉਦਾ। ਅਤੇ ਜੇਕਰ ਦਸਮ ਕਹੇ ਕਿ ਜੇਹੜਾ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਕੇ ਤਲਵਾਰ ਪਕੜਦਾ ਹੈ ਮੈਂ ਉਸ ਮਹਾਂਕਾਲ ਦੀ ਉਪਾਸਨਾ ਕਰਦਾ ਹਾਂ। ਤਾਂ ਫਿਰ ਉਹ ਸਾਡਾ ਦਸਮ ਹੋ ਹੀ ਨਹੀਂ ਸਕਦਾ। ਇਸ ਲਈ ਜਿਹੜਾ ਸਿੱਖ, ਮਹਾਂਕਾਲ ਕਾਲਕਾ ਅਰਾਧੀ ਦੇ ਬਚਨ ਨੂੰ ਪੜਕੇ, ਉਸ ਰਚਨਾ ਨੂੰ ਨਮਸ਼ਕਾਰ ਕਰਦਾ ਹੈ ਤਾਂ ਐਸੇ ਸਿੱਖ ਨੂੰ ਕਾਲਕਾ ਦੇ ਮੰਦਿਰ ਜਾਣ ਦੀ ਕੋਈ ਮਨਾਹੀ ਨਹੀਂ, ਉਹ ਜਾ ਸਕਦਾ ਹੈ ਕਾਲਕਾ ਦੇ ਮੰਦਿਰ ਵਿੱਚ। ਉਨ੍ਹਾਂ ਨੂੰ ਮੱਥੇ’ਤੇ ਤਿਲਕ ਲਗਾ ਕੇ ਹਵਨ ਕਰਨ ਤੋਂ ਕੋਈ ਨਹੀਂ ਰੋਕ ਸਕਦਾ।

ਹੁਣ ਇਹ ਫੈਸਲਾ ਸਿੱਖ ਸੰਗਤਾਂ ਨੇ ਕਰਨਾ ਹੈ, ਕਿ ਉਨ੍ਹਾਂ ਨੇ ਕੀ ਕਰਨਾ ਹੈ? ਇਥੇ ਹੀ ਬਸ ਨਹੀਂ ਜੇਕਰ, ਇਨ੍ਹਾਂ ਦੇ ਦਸਮ ਕੋਲੋਂ ਪੁਛਿਏ ਕਿ ਇਹ ਰਚਨਾ ਤੁਸੀਂ ਕਿਵੇਂ ਕੀਤੀ ਤਾਂ ਜਵਾਬ ਮਿਲਦਾ ਹੈ “ਪ੍ਰਥਮ ਧਰੋਂ ਭਗਵੰਤ ਕੋ ਧਿਆਨਾ ਬਹੁਰ ਕਰੋਂ ਕਬਿਤਾ ਬਿਧ ਨਾਨਾ” ਜਿਹੜੀ ਮੈਂ ਤਰ੍ਹਾਂ-ਤਰ੍ਹਾਂ ਦੀ ਕਵਿਤਾ ਰਚੀ ਹੈ ਉਸ ਕਵਿਤਾ ਰਚਨ ਤੋਂ ਪਹਿਲਾਂ, ਮੈਂ ਭਗਵਤੀ ਦੇਵੀ ਦਾ ਧਿਆਨ ਧਰਿਆ ਹੈ, ਕਿਉਕਿ ਉਹ ਮੇਰਾ ਇਸ਼ਟ ਹੈ
ਅਤੇ ੳਸਦੇ ਕੋਲੋਂ ਹੀ ਇਸ ਰਚਨਾ ਨੂੰ ਸੰਪੂਰਨ ਕਰਵਾਉਣ ਲਈ, ਮੈਂ ਮਦਦ ਰੂਪੀ ਅਗਵਾਈ ਮੰਗੀ ਹੈ “ਨੇਤ੍ਰ ਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਉ ਰਘੁਬਰ ਕਥਾ ਪ੍ਰਸੰਗ” ਮੈਂ ਜਿਨ੍ਹੇ ਵੀ ਪ੍ਰਸੰਗ ਇਸ ਰਚਨਾ ਵਿੱਚ ਲਿਖੇ ਹਨ (ਜਿਹੜੇ ਸੁਣੇ ਵੀ ਨਹੀਂ ਜਾ ਸਕਦੇ), ਉਹ ਬਖਸ਼ਿਸ਼ ਮੇਨੂੰ ਦੇਣ ਵਾਲੀ ਹੈ, ਭਗਵਤੀ ਦੇਵੀ। ਅਤੇ ਉਹ ਗ੍ਰੰਥ ਇਹ ਵੀ ਕਹਿ ਰਿਹਾ ਹੈ “ਸਾਧ ਅਸਾਧ ਜਾਨੋ ਨਾਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਉ ਭਗਵਤ ਕ੍ਰਿਪਾ ਪ੍ਰਸਾਦ”। 1430 ਪੰਨੇ ਵਾਲਾ ਅਖੌਤੀ ਦਸਮ ਗ੍ਰੰਥ ਭਗਵਤੀ ਦੀ ਕਿਰਪਾ ਨਾਲ ਪੂਰਨ ਹੋਇਆ ਹੈ। ਇਹ ਗੱਲ ਸਿੱਖ ਨਹੀਂ ਮੰਨ ਸਕਦਾ।

ਜੇਕਰ ਇਨ੍ਹਾਂ ਸਭ ਗੱਲਾਂ ਨੂੰ ਜਾਣਦੇ ਹੋਏ ਵੀ ਉਸ ਗ੍ਰੰਥ ਦੀ ਮੰਜੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਲਗਉਣ ਵਿੱਚ, ਕੌਮ ਦੇ ਆਗੂ ਤਤਪਰ ਰਹਿਣ, ਤਾਂ ਸਾਨੂੰ ਇਹ ਸਮਝਣ ਵਿੱਚ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ, ਕਿ ਇਹ ਉਹੀ ਕੰਨਸੈਪਟ ਸਾਡੇ ਉੱਤੇ ਦੁਹਰਾਇਆ ਜਾ ਰਿਹਾ ਹੈ ਜਿਹੜਾ ਕਦੇ ਔਰੰਗਜ਼ੇਬ ਨੇ ਹਿੰਦੂ ਕੌਮ ਲਈ ਵਰਤਿਆ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top