Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ ਅੰਤਮ ਅਰਦਾਸ ਸਮਾਗਮ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ ਅੰਤਮ ਅਰਦਾਸ ਸਮਾਗਮ ਦੌਰਾਨ ਸੰਗਤਾਂ ਨੇ ਦੇਸ਼ ਵਿਦੇਸ਼ ਤੋਂ ਹਾਜਰੀਆਂ ਭਰੀਆਂ। ਪਿਛਲੇ ਦਿਨੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਗ੍ਰਹਿ ਵਿਖੇ 18 ਜਨਵਰੀ ਨੂੰ ਸਹਿਜ ਪਾਠ ਆਰੰਭ ਕੀਤੇ। ਜਿਥੇ ਰੋਜਾਨਾਂ ਸ਼ਾਮ ਨੂੰ ਦੀਵਾਨ ਸਜਦਾ। ਜਿਸ ਵਿੱਚ ਗੁਰਬਾਣੀ ਕੀਰਤਨ ਤੋਂ ਉਪਰੰਤ ਗੁਰਮਤਿ ਵੀਚਾਰਾਂ ਹੁੰਦੀਆਂ ਰਹੀਆਂ। ਜਿਸ ਵਿੱਚ ਪ੍ਰਿੰ:ਗੁਰਬਚਨ ਸਿੰਘ ਜੀ, ਗਿ:ਸੁਖਵਿੰਦਰ ਸਿੰਘ ਜੀ ,ਗਿਆਨੀ ਹਰਜਿੰਦਰ ਸਿੰਘ ਸਭਰਾ,ਭਾਈ ਨਛੱਤਰ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਮਤਿ ਸਿਧਾਤਾਂ ਬਾਰੇ ਜਾਣੂੰ ਕਰਵਾਇਆ।

ਸੰਗਤਾਂ ਇਸ ਗੱਲ ਤੋਂ ਭਲੀਭਾਂਤ ਜਾਣੂੰ ਹਨ ਕਿ ਪ੍ਰਿੰ:ਜੀ ਨੇ ਸਾਰੀ ਉਮਰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਤੇ ਜਿਥੇ ਆਪ ਪਹਿਰਾ ਦਿੱਤਾ। ਉਥੇ ਦੂਸਰਿਆਂ ਨੂੰ ਵੀ ਇਹਨਾਂ ਸਿਧਾਤਾਂ ਤੇ ਚੱਲਣ ਦੀ ਤਾਕੀਦ ਕੀਤੀ। ਜਿਥੇ ਉਹਨਾਂ ਨੇ ਜੀਊਂਦੇ ਜੀ ਇਹਨਾਂ ਗੱਲਾਂ ਉਪਰ ਪਹਿਰਾ ਦਿੱਤਾ ਉਥੇ ਉਹਨਾਂ ਤੋਂ ਪਿਛੋਂ ਸਮੂੰਹ ਰਿਸਤੇਦਾਰ ਸਾਕ ਸਬੰਧੀਆਂ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਵੱਲੋਂ ਅੰਤਮ ਸੰਸਕਾਰ ਅਤੇ ਹੋਰ ਸਾਰੀ ਕਿਰਿਆ ਪੰਥਕ ਮਰਿਯਾਦਾ ਤੇ ਪਹਿਰਾ ਦਿੰਦਿਆਂ ਨਿਭਾਹੀ ਸਮਮਾਨ ਭੂਮੀ ਵੱਲ ਜਾਂਦੇ ਸਮੇਂ ਅੰਤਮ ਸੰਸਕਾਰ ਦੌਰਾਨ ਗੁਰਬਾਣੀ ਕੀਰਤਨ ਦਾ ਪ੍ਰਵਾਹ ਹੀ ਚਲਿਆ। (ਜਿਆਦਾ ਤਰ ਆਮ ਥਾਵਾਂ ਤੇ ਕੋਈ ਚੜਾਈ ਕਰ ਜਾਵੇ ਤਾਂ ਉਥੇ ਰੋਣਾ-ਧੋਣਾ,ਰੱਬ ਜੀ ਨੂੰ ਉਲਾਹਮੇ ਆਦਿ ਫਿਰ ਬ੍ਰਾਹਮਣੀ ਰੀਤੀ ਰਿਵਾਜ ਅਨੁਸਾਰ ਫੁੱਲ ਚੁੱਗ ਕੇ ਕੀਰਤਪੁਰ ਜਾਂ ਹੋਰ ਥਾਵਾਂ ਤੇ ਲਿਜਾਏ ਜਾਂਦੇ ਹਨ ਅਤੇ ਹੋਰ ਬਹੁਤ ਸਾਰੇ ਕਰਮਕਾਂਡ ਹੁੰਦੇ ਹਨ, ਪਰ ਇਥੇ ਅਜਿਹਾ ਕੁੱਝ ਵੀ ਨਹੀਂ ਸੀ।) 24 ਤਰੀਕ ਬੁਧਵਾਰ ਨੂੰ ਭੋਗ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਸੇਵਾਦਾਰ ਗਿ:ਕੇਵਲ ਸਿੰਘ ਜੀ ਨੇ ਘਰ ਵਿਖੇ ਹੀ ਗੁਰਮਤਿ ਵੀਚਾਰਾਂ ਕੀਤੀਆਂ ਤੇ ਕਿਹਾ ਕਿ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਨੇ ਆਪਣਾ ਜੀਵਨ ਗੁਰੂ ਹੁਕਮਾਂ ਵਿੱਚ ਰਹਿੰਦਿਆਂ ਸਿੱਖ ਕੌਮ ਦੇ ਪ੍ਰਚਾਰ ਵਾਸਤੇ ਹੀ ਅਰਪਨ ਕੀਤਾ।

ਇਸ ਉਪਰੰਤ ਗੁਰਦੁਆਰਾ ਸਾਹਿਬ ਸਰਗੋਧਾ ਕਲੋਨੀ ਲੁਧਿਆਣਾ ਵਿਖੇ ਸਮਾਗਮ ਦੀ ਆਰੰਭਤਾ ਹੋਈ ਜਿਥੇ ਪਹਿਲਾ ਭਾਈ ਬਲੇਸ਼ਵਰ ਸਿੰਘ ਜੀ ਦੇ ਰਾਗੀ ਜਥੇ ਵੱਲੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ। ਉਪਰੰਤ ਪ੍ਰਿੰ:ਬਲਜੀਤ ਸਿੰਘ ਜੀ ਨੇ ਗੁਰਮਤਿ ਵੀਚਾਰਾਂ ਕੀਤੀਆਂ, ਇਸ ਉਪਰੰਤ ਪ੍ਰਿੰ: ਗੁਰਬਚਨ ਸਿੰਘ ਜੀ ਤੇ ਪ੍ਰੋ:ਸੁਖਵਿੰਦਰ ਸਿੰਘ ਜੀ ਨੇ ਵੀ ਥੋੜਾ-ਥੋੜਾ ਸਮਾਂ ਕੰਵਰ ਸਾਹਿਬ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਕੌਮ ਪ੍ਰਤੀ ਸੇਵਾਵਾਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ।

ਇਸ ੳਪਰੰਤ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਵੱਲੋਂ ਕੰਵਰ ਸਾਹਿਬ ਜੀ ਦੇ ਪ੍ਰੀਵਾਰਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਦਸਤਾਰ ਅਤੇ ਸਨਮਾਨ ਚਿੰਨ ਦੇ ਕੇ ਕੀਤਾ। ਉਪਰੰਤ ਛੇ ਪਉੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੇ ਬਾਅਦ ਅਰਦਾਸ ਗਿ: ਸਾਗਿਬ ਸਿੰਘ ਜੀ ਸ਼ਾਹਬਾਦ ਵਾਲਿਆਂ ਨੇ ਕੀਤੀ । (ਮਿਰਤਕ ਪ੍ਰਾਣੀ ਦੀ ਅਰਦਾਸ ਸਮੇਂ ਅਜਿਹਾ ਅਕਸਰ ਕਿਹਾ ਜਾਂਦਾ ਹੈ ਕਿ ਵਿਛੜੀ ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ਣਾਂ ਆਦਿ-ਆਦਿ ,ਪਰ ਇਥੇ ਕੇਵਲ ਇਹੀ ਕਿਹਾ ਗਿਆ ਕਿ ਜਿਹੋ ਜਿਹਾ ਜੀਵਨ, ਉਚਾ ਕਿਰਦਾਰ ਉਹਨਾਂ ਨੂੰ ਮਿਲਿਆ ਜਾਂ ਉਹਨਾਂ ਨੇ ਬਤੀਤ ਕੀਤਾ ਵਾਹਿਗੁਰੂ ਸਾਨੂੰ ਤਾਕਤ ਬੱਲ ਬਖਸ਼ੇ ਅਤੇ ਉਹਨਾਂ ਪੂਰਨਿਆਂ ਤੇ ਚਲਣ ਦੀ ਸਮਰਥਾ ਬਖਸ਼ੇ) ਅਰਦਾਸ ਤੋਂ ਬਾਅਦ ਹੁਕਮਨਾਮਾ ਭਾਈ ਸੁਖਜਿੰਦਰ ਸਿੰਘ ਚਾਕਰ ਨੇ ਲਿਆ।

ਇਸ ਸਮਾਗਮ ਸਮੇਂ ਕਾਲਜ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜਰੀਆਂ ਭਰੀਆਂ ਜਿਹਨਾਂ ਵਿੱਚ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਤੋਂ ਸ੍ਰ:ਤਰਸੇਮ ਸਿੰਘ ਜੀ, ਗਿ:ਕੇਵਲ ਸਿੰਘ ਜੀ ਸਾਬਕਾ ਜਥੇਦਾਰ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰੋ:ਦਰਸ਼ਨ ਸਿੰਘ ਜੀ, ਗਿ:ਜਗਤਾਰ ਸਿੰਘ ਜੀ ਜਾਚਕ, ਜਥੇਦਾਰ ਸੰਤੋਖ ਸਿੰਘ ਨਾਰਵੇ, ਪ੍ਰੋ:ਇੰਦਰ ਸਿੰਘ ਜੀ, ਪ੍ਰੋ:ਜੁਗਿੰਦਰ ਸਿੰਘ ਜੀ, ਸ੍ਰ:ਕਿਰਪਾਲ ਸਿੰਘ ਬਠਿੰਡਾ, ਪਿੰ. :ਸੁਰਜੀਤ ਸਿੰਘ ਜੀ ਦਿੱਲੀ, ਪ੍ਰੋ:ਹਰਮਹਿੰਦਰ ਸਿੰਘ ਦਿਲੀ, ਪ੍ਰਿੰ:ਨਰਿੰਦਰਪਾਲ ਸਿੰਘ ਦਿਲੀ, ਉਪਕਾਰ ਸਿੰਘ ਜੀ ਫਰੀਦਾਬਾਦ, ਸੰਪਾਦਕ ਹਰਜੀਤ ਸਿੰਘ ਸਿੱਖ ਫੁਲਵਾੜੀ (ਸਿੱਖ ਮਿਸ਼ਨਰੀ ਕਾਲਜ), ਸੁਖਵਿੰਦਰ ਸਿੰਘ ਸਭਰਾ, ਚਰਨਜੀਤ ਸਿੰਘ ਚੰਨੀ ਲੁਧਿਆਣਾ, ਰਜਿੰਦਰ ਸਿੰਘ ਚੰਡੀਗੜ, ਸ੍ਰ:ਗੁਰਚਰਨ ਸਿੰਘ ਮੁਹਾਲੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ, ਪ੍ਰਿੰ:ਗੁਰਬਚਨ ਸਿੰਘ, ਪ੍ਰੋ:ਸੁਖਵਿੰਦਰ ਸਿੰਘ, ਗਿ: ਹਰਜਿੰਦਰ ਸਿੰਘ ਸਭਰਾ ਸਮੇਤ ਸਮੂੰਹ ਸਟਾਫ, ਵਿਧਿਆਰਥੀ, ਟਰੱਸਟੀ ਅਤੇ ਹੋਰ ਪ੍ਰਬੰਧਕਾਂ ਦੇ ਨਾਲ ਨਾਲ ਵੱਖ-ਵੱਖ ਗੁਰਮਤਿ ਪ੍ਰਚਾਰ ਕੇਂਦਰਾਂ ਦੇ ਪ੍ਰਚਾਰਕ ਅਤੇ ਪ੍ਰਬੰਧਕ ਕਮੇਟੀਆਂ, ਅਮਨਪ੍ਰੀਤ ਸਿੰਘ ਗੁਰਸਿੱਖ ਫੈਮਲੀ ਕਲੱਬ, ਵਾਹਿਗੁਰੂ ਟਰੱਸਟ ਦੇ ਪ੍ਰਬੰਧਕ, ਗਿ:ਰਣਯੋਧ ਸਿੰਘ ਫਗਵਾੜਾ, ਗੁਰਮਤਿ ਕੌਂਸਲ ਦੇ ਜਗਜੀਤ ਸਿੰਘ ਲੁਧਿਆਣਾ, ਬਾਪੂ ਜਗਤਾਰ ਸਿੰਘ ਅਕਾਲੀ, ਇੰਜੀ: ਜੋਗਿੰਦਰ ਸਿੰਘ, ਡਾ: ਹਰਜਿੰਦਰ ਸਿੰਘ ਦਿਲਗੀਰ, ਪ੍ਰਤਾਪ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਸ ਤੋਂ ਇਲਾਵਾ ਜੰਮੂ, ਦਿਲੀ, ਅਬੋਹਰ, ਫਰੀਦਾਬਾਦ ਅਤੇ ਹੋਰ ਥਾਵਾਂ ਤੋਂ ਸੰਗਤਾਂ ਨੇ ਹਾਜਰੀਆਂ ਭਰੀਆਂ।

ਰਿਪੋਰਟ:-ਸੰਦੀਪ ਸਿੰਘ ਖਾਲੜਾ 9855341616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top