Share on Facebook

Main News Page

ਲੋਕ-ਸੇਵਕ ਤੋਂ ਹੁਕਮਰਾਨ ਬਣਨ ਤੱਕ

ਅੱਜ ਦੇ ਹੁਕਮਰਾਨ ਜਦ ਦੇਸ ਨੂੰ ਤਾਨਾਸ਼ਾਹਾਂ ਵਾਂਗ ਚਲਾਉਣਾਂ ਲੋਚਦੇ ਹਨ ਤਦ ਇਹ ਭੁੱਲ ਜਾਂਦੇ ਹਨ ਕਿ ਅਸਲੀ ਮਾਲਕ ਤਾਂ ਲੋਕ ਹੁੰਦੇ ਹਨ। ਇਹਨਾਂ ਲੋਕਾਂ ਨੇ ਤਾਂ ਵਕਤ ਆਉਣ ਤੇ ਵੱਡੇ ਵੱਡੇ ਤਾਨਾਸਾਹਾਂ ਨੂੰ ਵੀ ਮਲੀਆ ਮੇਟ ਕੀਤਾ ਹੈ, ਪਰ ਲੋਕਤੰਤਰ ਰਾਂਹੀ ਨਿੱਕਲੇ ਅੱਜ ਦੇ ਕਮਜੋਰ ਰਾਜੇ ਤਾਂ ਇਹਨਾਂ ਨੇ ਹਮੇਸਾਂ ਪੰਜ ਸਾਲ ਬਾਅਦ ਹੀ ਪਲਟ ਦਿੱਤੇ ਹਨ। ਪੱਚੀ ਪੱਚੀ ਸਾਲ ਦੇ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਰਾਜਨੀਤਕ ਕੋਈ ਸਿਆਣੇ ਨਹੀਂ ਹੁੰਦੇ ਕਿਉਂਕਿ ਰਾਜਸੇਵਾ ਦਾਅਵਿਆਂ ਨਾਲ ਨਹੀ ਰਾਜਗੱਦੀ ਦਾ ਲੋਕਸੇਵਾ ਵਾਲਾ ਧਰਮ ਨਿਭਾਉਣ ਨਾਲ ਮਿਲਦੀ ਹੈ।ਜੋ ਰਾਜਨੀਤਕ ਆਪਣੇ ਰਾਜਕਾਲ ਦੌਰਾਨ ਗਲਤ ਕੰਮ ਕਰਦੇ ਹਨ ਬਾਂਅਦ ਵਿੱਚ ਅਦਾਲਤਾਂ ਦੀਆਂ ਤਾਰੀਖਾਂ ਭੁੱਗਦੇ ਦੇਖੇ ਜਾ ਸਕਦੇ ਹਨ। ਜੋ ਰਾਜਨੀਤਕ ਲੋਕ ਸੇਵਾ ਵਾਲਾ ਧਰਮ ਨਿਭਾਉਂਦਾਂ ਹੈ ਉਹ ਹੀ ਦੁਬਾਰਾ ਰਾਜਗੱਦੀ ਤੇ ਬੈਠਦਾ ਹੈ ਬਾਕੀ ਸਭ ਤਾਂ ਗੱਦੀਆਂ ਤੋਂ ਪੈਰਾਂ ਵਿੱਚ ਬੈਠਣ ਲਾ ਦਿੱਤੇ ਜਾਂਦੇ ਹਨ।

ਸੋ ਅੱਜ ਜੋ ਵੀ ਰਾਜਨੀਤਕ ਰਾਜਗੱਦੀ ਉਪਰ ਬੈਠ ਜਾਂਦੇ ਹਨ ਉਹਨਾਂ ਨੂੰ ਰਾਜਗੱਦੀ ਦਾ ਧਰਮ ਲੋਕਸੇਵਾ ਨੂੰ ਨਿਭਾਉਣਾਂ ਚਾਹੀਦਾ ਹੈ ਜੇ ਉਹ ਲੋਕਸੇਵਾ ਦੀ ਥਾਂ ਆਪਣੀਆਂ ਤਿਜੌਰੀਆਂ ਨੂੰ ਹੀ ਭਰਨਗੇ ਅਤੇ ਲੋਕਾਂ ਦੀ ਥਾਂ ਆਪਣੇ ਰਿਸਤੇਦਾਰਾਂ ਅਤੇ ਗੁਲਾਮਾਂ ਨੂੰ ਹੀ ਸਹੂਲਤਾਂ ਦੇਣਗੇ ਤਦ ਉਹ ਲੁਟੇਰਿਆਂ ਦਾ ਆਧੁਨਿਕ ਰੂਪ ਹੀ ਹੋਣਗੇ। ਅੱਜ ਕੱਲ ਦੀ ਜਨਤਾ ਉਹਨਾਂ ਨੂੰ ਬਦਲਣ ਲੱਗਿਆਂ ਪਲ ਵੀ ਨਹੀਂ ਲਾਉਦੀ ਪੰਜ ਸਾਲਾਂ ਬਾਅਦ ਆਉਣ ਵਾਲੇ ਇੱਕ ਦਿਨ ਹੀ ਦਿਨੇ ਤਾਰੇ ਦਿਖਾ ਦੇਣ ਵਾਲੀ ਕਰਾਮਾਤ ਕਰ ਦਿੰਦੀ ਹੈ। ਇਹ ਇੱਕ ਦਿਨ ਹੀ ਪੰਜ ਸਾਲਾਂ ਵਿੱਚ ਜਨਤਾ ਦਾ ਹੁੰਦਾਂ ਹੈ ਅਤੇ ਆਮ ਜਨਤਾ ਇਸ ਦਿਨ ਹੀ ਪੰਜ ਸਾਲਾਂ ਵਾਲਾ ਫੈਸਲਾ ਕਰਦੀ ਹੈ। ਹਕੂਮਤ ਨੂੰ ਦੁਬਾਰਾ ਸਮਾਂ ਦੇਣਾਂ ਹੈ ਜਾ ਉਸਦਾ ਤਖਤ ਮੂਧਾ ਮਾਰਨਾ ਹੈ ਇਹ ਦਿਨ ਹੀ ਜਨਤਾ ਇਹ ਕਰਕੇ ਦਿਖਾ ਦਿੰਦੀ ਹੈ। ਰਾਜਨੀਤਕ ਲੋਕ ਇਹ ਭੁੱਲ ਜਾਂਦੇ ਹਨ ਕਿ ਇਹ ਰਾਜਗੱਦੀਆਂ ਤੇ ਬੈਠਣ ਦੀ ਸੇਵਾ ਲੋਕਾਂ ਨੇ ਦਿੱਤੀ ਹੈ ਜੇ ਕੋਈ ਫੈਸਲਾ ਲੋਕਾਂ ਦੇ ਹੱਕ ਵਿੱਚ ਉਹਨਾਂ ਕੀਤਾ ਹੈ ਤਾਂ ਇਹ ਫੈਸਲਾ ਕਰਨ ਦੀ ਤਾਕਤ ਵੀ ਲੋਕਾਂ ਨੇ ਦਿੱਤੀ ਹੈ।

ਜੇ ਇਹ ਰਾਜਨੀਤਕ ਧਰਮ ਨੂੰ ਸਮਝਦੇ ਹੋਣ ਤਦ ਤਾਂ ਏਨੇ ਵੱਡੇ ਜਨਤਾ ਦੇ ਫੈਸਲੇ ਨੂੰ ਸਮਝ ਕੇ ਕਿ ਜੇ ਜਨਤਾਂ ਨੇ ਰਾਜਗੱਦੀ ਉੱਪਰ ਬੈਠਾਕੇ ਏਡਾ ਵੱਡਾ ਸਨਮਾਨ ਦਿੱਤਾ ਹੈ ਉਹਨਾਂ ਦੀ ਸੇਵਾ ਵਿੱਚ ਆਪਣੀ ਜਾਇਦਾਦ ਦਾ ਦਾਨ ਕਰ ਦੇਣਾਂ ਚਾਹੀਦਾ ਹੈ ਕਿਉਕਿ ਇੱਕ ਵਾਰ ਰਾਜਗੱਦੀ ਮਿਲ ਜਾਣ ਤੋਂ ਬਾਅਦ ਸਾਰੀ ਉਮਰ ਦੀ ਪੈਨਸਨ ਵੀ ਤਾਂ ਅੱਜਕਲ ਲੱਗ ਜਾਂਦੀ ਹੈ। ਪਰ ਗੁਰੂ ਨਾਨਕ ਜੀ ਦੇ ਕਥਨ ਅਨੁਸਾਰ 'ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥' ਵਾਲੀ ਸੋਚ ਵਾਲੇ ਰਾਜਨੀਤਕ ਤਾਂ ਧਨ ਇਕੱਠਾ ਕਰਨ ਦੀ ਤ੍ਰਿਸਨਾਂ ਵਿੱਚ ਫਸਕੇ ਆਪਣੀ ਰਾਜਨੀਤਕ ਮੌਤ ਆਪ ਹੀ ਚੁਣ ਲੈਂਦੇ ਹਨ ਪਰ ਜਿੰਹਨਾਂ ਰਾਜਨੀਤਕਾਂ ਨੇ ਲੋਕਸੇਵਾ ਨੂੰ ਪਹਿਲ ਦਿੱਤੀ ਉਹ ਇਤਿਹਾਸ ਵਿੱਚ ਅੱਜ ਵੀ ਸਨਮਾਨ ਦੇ ਪਾਤਰ ਹਨ ਪਰ ਜਿਹਨਾਂ ਨੇ ਧਨ ਇਕੱਠਾ ਅਤੇ ਆਪਣੇ ਪੁੱਤਰ ਮੋਹ ਜਾਂ ਔਲਾਦ ਮੋਹ ਵਿੱਚ ਫਸਕੇ ਰਾਜਸੱਤਾ ਦਾ ਦੁਰਉਪਯੋਗ ਕੀਤਾ ਹੈ ਉਹ ਇਤਿਹਾਸ ਵਿੱਚ ਤ੍ਰਿਸਕਾਰੇ ਗਏ ਅਤੇ ਆਪਣੇ ਵਾਰਸਾਂ ਨੂੰ ਮੌਤ ਦੇ ਮੂੰਹ ਧੱਕ ਗਏ ਜਿਸਦੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮੋਹ ਤੋਂ ਮਿਲਦੀ ਹੈ। ਸੋ ਅੱਜ ਦੇ ਲੋਕਤੰਤਰੀ ਯੁੱਗ ਵਿੱਚ ਤਾਂ ਇਸ ਤਰਾਂ ਦੀ ਸੋਚ ਪਰੀਵਾਰਾਂ ਲਈ ਹੋਰ ਵੀ ਖਤਰਨਾਕ ਸਿੱਟੇ ਦਿੰਦੀ ਹੈ।

2012 ਦੀਆਂ ਪੰਜਾਬ ਚੋਣਾਂ 30 ਜਨਵਰੀ ਨੂੰ ਹੋਣ ਜਾ ਰਹੀਆਂ ਹਨ ਜਿਸ ਵਿੱਚ ਪੰਜਾਬੀ ਜਨਤਾ ਨੇ ਵੀ ਇੱਕ ਨਵਾਂ ਇਤਿਹਾਸ ਲਿਖਣਾਂ ਹੈ। ਇਸ ਦਿਨ ਪੰਜਾਬੀਆਂ ਦਾ ਕੀਤਾ ਫੈਸਲਾ ਵੀ ਸਦਾ ਲਈ ਇਤਿਹਾਸ ਵਿੱਚ ਲਿਖਿਆ ਜਾਵੇਗਾ। ਇਸ ਦਿਨ ਅਸੀ ਫੈਸਲਾ ਕਰਨਾਂ ਹੈ ਕਿ ਅਸੀਂ ਕਿਸ ਨੂੰ ਅਗਲੇ ਪੰਜ ਸਾਲਾਂ ਲਈ ਕਿਸਨੂੰ ਚੁਣਨਾਂ ਹੈ ਕੀ ਜੋ ਅੱਜ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਕੇ ਅਹਿਸਾਨ ਜਤਾਉਂਦੇ ਹਨ ਜਾਂ ਉਹਨਾਂ ਨੂੰ ਜੋ ਜਨਤਾ ਦਾ ਪੈਸਾ ਜਨਤਾ ਨੂੰ ਮੋੜ ਕੇ ਆਪਣਾਂ ਧਰਮ ਨਿਭਾਉਂਦੇ ਹਨ। ਪੰਜਾਬ ਵਿੱਚ ਮਨਪਰੀਤ ਦੇ ਰੂਪ ਵਿੱਚ ਉੱਠੀ ਜਨਤਾ ਦੀ ਅਵਾਜ ਨੇ ਲੋਕ ਮੁੱਦੇ ਹੁਕਮਰਾਨ ਬਣਨ ਵਾਲਿਆਂ ਦੇ ਅੱਗੇ ਰੱਖ ਦਿੱਤੇ ਹਨ। ਭਾਵੇਂ ਇਸ ਵਾਰ ਤੀਜੀ ਧਿਰ ਕਾਮਯਾਬ ਹੋਣ ਦੇ ਅਸਾਰ ਨਹੀਂ ਪਰ ਤੀਜੀ ਧਿਰ ਦੇ ਆਮ ਲੋਕਾਂ ਦੀ ਜਰੂਰਤਾਂ ਵਾਲੇ ਉਠਾਏ ਮੁੱਦਿਆਂ ਤੇ ਜੇ ਨਵੀਂ ਬਣਨ ਵਾਲੀ ਸਰਕਾਰ ਨਾਂ ਚੱਲੇਗੀ ਤਦ ਅਗਲੀ ਵਾਰ ਸਰਕਾਰ ਇਹ ਦੋਨੋਂ ਪਾਰਟੀਆਂ ਨਹੀਂ ਬਣਾ ਸਕਣਗੀਆਂ ਅਤੇ ਕੋਈ ਨਵੀਂ ਰਾਜਨੀਤਕ ਧਿਰ ਦਾ ਨਵਾਂ ਵਿਅਕਤੀ ਜਰੂਰ ਪੈਦਾ ਹੋਵੇਗਾ। ਮਨਪਰੀਤ ਨੇ ਲੋਕ ਮੁੱਦੇ ਭਾਵੇਂ ਆਪਣੇ ਪਰੀਵਾਰਕ ਰਾਜਨੀਤਕ ਹਾਲਾਤਾਂ ਵਿੱਚੋਂ ਮਜਬੂਰਨ ਹੀ ਉਠਾਉਣ ਲਈ ਮਜਬੂਰ ਹੋਇਆ ਹੈ ਪਰ ਅਸਲੀ ਸਮਾਜ ਸੇਵਕਾਂ ਨੂੰ ਇੱਕ ਸੰਦੇਸ ਇਸ ਵਿੱਚੋਂ ਜਰੂਰ ਮਿਲਿਆ ਹੈ ਕਿ ਜੇ ਅੱਜ ਦੇ ਸਮੇਂ ਵੀ ਲੋਕ ਮੁੱਦੇ ਤੇ ਰਾਜਨੀਤੀ ਕਰਨੀਂ ਹੋਵੇ ਤਦ ਜਨਤਾ ਸਾਥ ਜਰੂਰ ਦੇਵੇਗੀ। ਪਿੱਛਲੇ ਸਮੇਂ ਵਿੱਚ ਸਿਆਸਤ ਨੇ ਆਪਣੇ ਜਬਰ ਅਤੇ ਬੇਈਮਾਨ ਚਾਲਾਂ ਨਾਲ ਇਸ ਤਰਾਂ ਦੀ ਸੋਚ ਫੈਲਾਅ ਰੱਖੀ ਸੀ ਕਿ ਲੋਕ ਤਾਂ ਬੇਈਮਾਨ ਹੋ ਚੁੱਕੇ ਹਨ ਜੋ ਸਰਾਬਾਂ ਕਬਾਬਾਂ ਅਤੇ ਪੈਸੇ ਤੇ ਵਿਕਦੇ ਹਨ ਪਰ ਲੋਕ ਕਦੀ ਵੀ ਵਿੱਕਦੇ ਨਹੀਂ ਹੁੰਦੇ ਜਦ ਵੀ ਇਹਨਾਂ ਨੂੰ ਮੌਕਾ ਮਿਲਦਾ ਹੈ ਇਹ ਹਮੇਸਾਂ ਨਵਾਂ ਇਤਿਹਾਸ ਲਿਖਦੇ ਹਨ।

ਗੁਰਚਰਨ ਸਿੰਘ ਪੱਖੋਕਲਾਂ
9417727245


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top