Share on Facebook

Main News Page

ਪਿੰਡਾਂ ਦੇ ਗ੍ਰੰਥੀ ਆਪਣੇ ਫਰਜ ਦੀ ਪਹਿਚਾਣ ਕਰਨ: ਪ੍ਰੋ. ਹਰਜਿੰਦਰ ਸਿੰਘ ਸਭਰਾ

ਜਿਨਾਂ ਪੈਸਾ ਅੱਜ ਪੰਜਾਬ ਦੀ ਧਰਤੀ ਤੇ ਮੁਰਦਿਆਂ ਦੀਆਂ ਕਬਰਾਂ ਨੂੰ ਸਾਂਭਣ ਲਈ ਲਗਾਇਆ ਜਾ ਰਿਹਾ ਹੈ, ਕਾਸ਼ ਕਿਤੇ ਇਹੀ ਬਜੁਰਗਾਂ, ਲੋੜਵੰਦਾਂ, ਅਤੇ ਸਿੱਖ ਕੌਮ ਦੇ ਪ੍ਰਚਾਰ ਤੇ ਲਗਦਾ ਤਾਂ ਹਾਲਾਤ ਹੀ ਕੁੱਝ ਹੋਰ ਹੋਣੇ ਸਨ। ਅੱਜ ਪਿੰਡਾਂ ਦੇ ਗੁਰਦੁਆਰਿਆਂ ਅੰਦਰ ਭਾਈ ਜੀ ਨੂੰ ਪੇੜੇ ਕਰਕੇ ਦੇਣ, ਦਾਗੇ ਤਵੀਤ, ਪੱਤਰੀਆਂ ਖੋਹਲਣ, ਸੰਗਰਾਂਦ, ਮੱਸਿਆ, ਪੁੰਨਿਆਂ ਆਦਿ ਦੀ ਜਾਣਕਾਰੀ ਤਾਂ ਹੈ, ਜਾਂ ਵੱਧ ਤੋਂ ਵੱਧ ਅਖੰਡ ਪਾਠ ਦੀਆਂ ਰੌਲਾਂ ਲਗਾਉਣ ਦਾ ਪਤਾ ਹੈ। ਪਰ ਬਦਕਿਸਮਤੀ ਦੀ ਗੱਲ ਹੈ ਕਿ ਜੇਕਰ ਬਹੁਤਾਤ ਗਿਣਤੀ ਨੂੰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਬਾਰੇ ਪੁਛਿੱਆ ਜਾਵੇ ਤਾਂ ਕਹਿਣਗੇ ਕਿ ਅਸੀਂ ਜੀ ਪੜੀ ਹੀ ਨਹੀਂ ਹੈ, ਜਾਂ ਕਹਿੰਦੇ ਹਨ ਕਿ ਅਸੀਂ ਤਾਂ ਫਲਾਣੇ ਡੇਰੇ ਜਾਂ ਬਾਬਾ ਜੀ ਦੀ ਮਰਯਾਦਾ ਨੂੰ ਮੰਨਦੇ ਹਾਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਪੈਂਦੇ ਪਿੰਡ ਮਾਲੂਵਾਲ ਕਲਾਂ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿ: ਹਰਜਿੰਦਰ ਸਿੰਘ ਸਭਰਾ ਨੇ ਕੀਤਾ।

ਇਹ ਸਮਾਗਮ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਕਲਾਂ (ਤਰਨ ਤਾਰਨ) ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ। ਦੋ ਦਿਨਾਂ ਸਮਾਗਮ ਦੇ ਪਹਿਲੇ ਦਿਨ ਬੱਚਿਆਂ ਦੀਆਂ ਖੇਡਾਂ ਜਿਵੇਂ ਕਿ ਕਬੱਡੀ, ਖੋ-ਖੋ, ਦੌੜਾਂ ਆਦਿ ਕਰਵਾਈਆਂ ਗਈਆਂ। ਰਾਤ ਦੇ ਸਮੇਂ ਸਿੱਖ ਵਿਰਸਾ ਵਿਜੂਅਲ ਸਭਰਾ ਦੀ ਟੀਮ ਵੱਲੋਂ ਧਾਰਮਿਕ ਡਰਾਮੇ ਤੇ ਕੋਰੀਓਗ੍ਰਾਫੀਆਂ ਪਾਖੰਡੀ ਬਾਬੇ, ਵੀਜੇ, ਬੱਬਰ ਅਕਾਲੀ, ਸੀਸ ਤਲੀ ਤੇ, ਨਸ਼ੇ ਆਦਿ ਦੀ ਪੇਸ਼ਕਾਰੀ ਕਰਕੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦਿਤਾ।

ਦੂਸਰੇ ਦਿਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦਰਮਿਆਨ ਦਸਤਾਰ ਮੁਕਾਬਲੇ ,ਕੁਇਜ, ਕਵਿਤਾ, ਲੈਕਚਰ, ਕਵੀਸ਼ਰੀ ਮੁਕਾਬਲੇ ਕਰਵਾਏ ਗਏ ਤੇ ਇਹਨਾਂ ਟੀਮਾਂ ਚੋਂ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਅਤੇ ਹਰੇਕ ਭਾਗ ਲੈਣ ਵਾਲੇ ਬੱਚੇ ਨੂੰ ਐਨ.ਆਰ.ਆਈ. ਸ੍ਰ: ਸਤਪਾਲ ਸਿੰਘ ਹਾਂਗਕਾਂਗ ਵੱਲੋਂ ਸਕੂਲੀ ਬੈਗ, ਸ਼ੀਲਡਾਂ, ਦਸਤਾਰਾਂ, ਕੰਘੇ, ਕੜੇ, ਪੈਨ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗਿ:ਹਰਜਿੰਦਰ ਸਿੰਘ ਸਭਰਾ, ਭਾਈ ਸੰਦੀਪ ਸਿੰਘ ਖਾਲੜਾ, ਭਾਈ ਗੁਰਸ਼ਰਨ ਸਿੰਘ ਡੱਲ, ਕੇਂਦਰ ਪ੍ਰਚਾਰਕ ਭਾਈ ਜਤਿੰਦਰ ਸਿੰਘ ਮਾਹਣੇ ਨੇ ਗੁਰਮਤਿ ਵੀਚਾਰਾਂ ਕੀਤੀਆਂ।

ਇਸ ਮੌਕੇ ਸ੍ਰ: ਸਤਪਾਲ ਸਿੰਘ ਹਾਂਗਕਾਂਗ ਤੋਂ ਇਲਾਵਾ ਸ੍ਰ:ਅਰੂੜ ਸਿੰਘ ਕਨੇਡਾ, ਬਲਦੇਵ ਸਿੰਘ ਹਾਂਗਕਾਂਗ, ਅਵਤਾਰ ਸਿੰਘ ਹਾਂਗਕਾਂਗ, ਗੁਰਦੇਵ ਸਿੰਘ ਹਾਂਗਕਾਂਗ,ਸੁਖਦੇਵ ਸਿੰਘ ਝਬਾਲ, ਭਗਵਾਨ ਸਿੰਘ ਭਿਖੀਵਿੰਡ, ਦਿਲਬਾਗ ਸਿੰਘ ਪ੍ਰਚਾਰਕ, ਪ੍ਰਧਾਨ ਦੀਦਾਰ ਸਿੰਘ ਕੇਂਦਰ ਡੱਲ, ਮਸਕੀਨ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਸਤਨਾਮ ਸਿੰਘ, ਉਪਕਾਰ ਸਿੰਘ, ਸੁਖਵਿੰਦਰ ਸਿੰਘ ਪੂਰਨ ਸਿੰਘ, ਕੁਲਦੀਪ ਸਿੰਘ ਆਦਿ ਪਤਵੰਤੇ ਹਾਜਿਰ ਸਨ। ਇਸ ਮੌਕੇ ਜਿਥੇ ਧਾਰਮਿਕ ਪੁਸਤਕਾਂ ਦਾ ਸਟਾਲ ਲਗਾਇਆ ਗਿਆ ਉਥੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਰਿਪੋਰਟ ....ਸੰਦੀਪ ਸਿੰਘ ਖਾਲੜਾ 9855341616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top