Share on Facebook

Main News Page

"ਪ੍ਰਿਥਮ ਭਗੌਤੀ ਸਿਮਰ ਕੈ" ਨਾਨਕ ਵਿਚਾਰਧਾਰਾ ਨਹੀਂ: ਸ. ਉਪਕਾਰ ਸਿੰਘ ਫਰੀਦਾਬਾਦ

* ਸਿੱਖ ਸਿਰਫ ਪ੍ਰਮਾਤਮਾ ਦੇ ਦੱਸੇ ਗਏ ਮਗੁ (‘ਮੰਨੈ ਮਗੁ) ਨੂੰ ਹੀ ਮੰਨਦਾ ਹੋਰਨਾਂ ਅਖੌਤੀ ਪੰਥਾਂ ਦੇ ਰਸਤੇ ਤੇ ਨਹੀਂ ਚਲਦਾ (ਨ ਚੱਲੈ ਪੰਥੁ॥) ਮੰਨੈ ਮਗੁ ਨ ਚੱਲੈ ਪੰਥੁ॥

(23 ਜਨਵਰੀ 2012; ਸਤਨਾਮ ਕੌਰ ਫ਼ਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਸੀਂ ਇਹ ਦਾਵਾ ਕਰਦੇ ਹਾਂ ਕਿ ਅਸੀਂ ਗੁਰਮਤਿ ਵਿਚਾਰਧਾਰਾਂ ਨੂੰ ਪੂਰਨ ਤੌਰ ’ਤੇ ਸਮਰਪਤ ਹਾਂ ਪਰ ਦੂਜੇ ਪਾਸੇ ਅਸੀਂ ਬ੍ਰਾਹਮਣੀ ਵਿਚਾਰਧਾਰਾ ਦੀ ਭਗੌਤੀ ਨੂੰ ਅਪਣੇ ਨਾਲ ਚਿਪਕਾਈ ਫਿਰਦੇ ਹਾਂ। ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖੀ ਉਤੇ ਸਿੱਖੀ ਕਦੇ ਵੀ ਨਹੀਂ ਟਿਕ ਸਕਦੀ ਅਤੇ ਨਾਂ ਹੀ ਇਕ ਭਰੇ ਹੋਏ ਭਾਂਡੇ ਵਿਚ ਦੂਜੀ ਚੀਜ਼ ਪਾਈ ਜਾ ਸਕਦੀ ਹੈ। ਜੇ ਅਸੀਂ ਅਪਣੇ ਆਪ ਨੂੰ ਬਾਬੇ ਨਾਨਕ ਦੇ ਸਿੱਖ ਮੰਨਦੇ ਹਾਂ ਤਾਂ ਸਾਨੂੰ ਨਾਨਕ ਵਿਚਾਰਧਾਰਾ ਨੂੰ ਅਪਣੇ ਵਿਵਹਾਰਕ ਜੀਵਨ ਵਿਚ ਇੰਨ ਬਿੰਨ ਲਾਗੂ ਕਰਦੇ ਹੋਏ ਭਗੌਤੀ ਦੇਵੀ ਅੱਗੇ ਅਰਜ਼ੋਈਆਂ ਕਰਨੀਆਂ ਬੰਦ ਕਰਨੀਆਂ ਪੈਣਗੀਆਂ ਤਾਹੀਓਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਵਿਚਾਰਧਾਰਾ ਨੂੰ ਮੰਨਣ ਵਾਲੇ ਅਖਵਾ ਸਕਾਂਗੇ।

ਉਨ੍ਹਾਂ ਕਿਹਾ ਕਿ ਸਟੇਜਾਂ ’ਤੇ ਚੜ ਕੇ ਸੱਚ ਦੀਆਂ ਗੱਲਾਂ ਉਥੇ ਹੀ ਸ਼ੋਭਦੀਆਂ ਹਨ ਜਦ ਅਸੀਂ ਸੱਚ ’ਤੇ ਨਿਰਭੈਤਾ ਨਾਲ ਪਹਿਰਾ ਦੇ ਸਕਦੇ ਹੋਈਏ । ਉਨ੍ਹਾਂ ਕਿਹਾ ਕਿ ਸੱਚੇ ਸਤਿਗੁਰ ਦੀ ਵਿਚਾਰਧਾਰਾ ਤਾਂ ਬਿਲਕੁਲ ਸਪਸ਼ਟ ਹੈ ਜਿਸ ਵਿਚ ਦੇਵੀ ਦੇਵਤਾਵਾਂ ਅਵਤਾਰਵਾਦ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਜੇ ਅਸੀਂ ਉਸ ਨੂੰ ਅਪਨਾਉਣਾ ਹੀ ਨਹੀਂ ਚਾਹੁੰਦੇ ਅਤੇ ਭਗੌਤੀ ਦੇਵੀ ਦੇ ਭਗਤ ਬਣੇ ਰਹਿਣਾ ਚਾਹੁੰਦੇ ਹਾਂ ਤਾਂ ਇਸ ਦੋਗਲੇ ਜੀਵਨ ਨਾਲ ਸਾਡਾ ਹੀ ਜੀਵਨ ਖਜ਼ਲ ਖੁਆਰ ਹੋਣਾ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਮਿਸ਼ਨਰੀ ਵਿਚਾਰਧਾਰਾ ਨੇ ਮੁੱਢ ਤੋਂ ਹੀ ਨਾਨਕਵਾਦ ਦੀ ਰਾਹ ’ਤੇ ਪਹਿਰਾ ਦਿੱਤਾ ਹੈ, ਪਰ ਹੁਣ ਵੀ ਕਈ ਸੱਜਣ ਇਹੋ ਜਿਹੇ ਹਨ ਜਿਹੜੇ ਗੁਰੁ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਮਰਿਆਦਾ ਦੇ ਸਿੱਖ ਬਣਨ ਵਿਚ ਵੱਧ ਫ਼ਖਰ ਮਹਿਸੂਸ ਕਰਦੇ ਹਨ ਜਦ ਕਿ ਅੰਦਰਖਾਤੇ ਉਹ ਇਸ ਗੱਲ ਪ੍ਰਤੀ ਪੂਰਨ ਤੌਰ ’ਤੇ ਸਹਿਮਤ ਵੀ ਹੁੰਦੇ ਹਨ ਕਿ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ ਵਾਲਾ ਭਗੌਤੀ ਦਾ ਉਪਾਸ਼ਕ ਨਹੀਂ ਹੋ ਸਕਦਾ ਇੰਨ੍ਹਾਂ ਸਪਸ਼ਟ ਹੋਣ ਦੇ ਬਾਵਜੁਦ ਵੀ ਪਤਾ ਨਹੀਂ ਉਹ ਕਿਹੜੀਆਂ ਨਿਜੀ ਮਜ਼ਬੂਰੀਆਂ ਕਾਰਣ ਦੇਵੀ ਦੇਵਤਾਵਾਂ ਅੱਗੇ ਅਰਜ਼ੋਈਆਂ ਕਰਦੇ ਹੋਏ ਗੁਰੁ ਨਾਨਕ ਦੇ ਫਲਸਫੇ ਨੂੰ ਮੁੰਹ ਚਿੜਾ ਰਹੇ ਹਨ।

ਸ. ਉਪਕਾਰ ਸਿੰਘ ਨੇ ਕਿਹਾ ਕਿ ਮਿਸ਼ਨਰੀ ਲਹਿਰ ਦੇ ਵਿਚ ਜਿਥੇ ਇਹ ਨਿਘਾਰ ਵੇਖਣ ਨੂੰ ਮਿਲਦਾ ਹੈ ਉਥੇ ਦੂਜੇ ਪਾਸੇ ਇਸ ਦਾ ਸਹੀ ਪੱਖ ਤਤ ਗੁਰਮਤਿ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਇਆ ਹੈ, ਜਿਸ ਵਿਚ ਮਰਿਆਦਾ ਦੇ ਨਾਂ ’ਤੇ ਸਿੱਖਾਂ ਉਤੇ ਜ਼ਬਰਨ ਥੋਪੀ ਜਾ ਰਹੀ ਭਗੌਤੀ ਨੂੰ ਜਾਗਰੂਕ ਧਿਰਾਂ ਨੇ ਅਪਣੀ ਜਿੰਦਗੀ ਵਿਚੋਂ ਪੂਰੀ ਤਰ੍ਹਾਂ ਖਤਮ ਕਰ ਕੇ ਨਿਰੋਲ ਨਾਨਕ ਵਿਚਾਰਧਾਰਾ’ਤੇ ਜ਼ੋਰ ਦਿੱਤਾ ਹੈ। ੳਹਨਾਂ ਕਿਹਾ ਜਿਹੜੇ ਲੋਕ ਪੰਥ-ਪੰਥ ਤੇ ਪੰਥਕ ਮਰਯਾਦਾ ਦੀਆਂ ਦੁਹਾਈਆਂ ਦੇ-ਦੇ ਕੇ ਭਗੌਤੀ ਦੇ ਨਾਲ ਹੋਰ ਕੂੜਾ-ਕਬਾੜਾ ਸਿੱਖਾਂ ਦੇ ਗੱਲ ਮੜ ਰਹੇ ਹਨ। ਉਹਨਾਂ ਨੂੰ ਸਭ ਤੋਂ ਪਹਿਲਾਂ ‘ਜਪੁ’ ਬਾਣੀ ਨੂੰ ਅਰਥਾਂ ਸਮੇਤ ਪੜ੍ਹ ਕੇ ਆਪਣੇ ਜੀਵਣ ਵਿੱਚ ਧਾਰਨ ਕਰਨ ਦੀ ਹਿੰਮਤ ਕਰਨੀ ਚਾਹੀਦੀ ਹੈ। ਕਿਉਂਕਿ ‘ਜਪੁ’ ਬਾਣੀ ਅੰਦਰ ਗੁਰੁ ਨਾਨਕ ਸਾਹਿਬ ਜੀ ਨੇ ਸ਼ਪਸਟ ਕੀਤਾ ਹੈ ਕਿ ਰੱਬੀ ਗੁਣਾਂ ਨੂੰ ਮੰਨਣ ਵਾਲਾ ਹਰ ਸਿੱਖ ਸਿਰਫ ਪ੍ਰਮਾਤਮਾ ਦੇ ਦੱਸੇ ਗਏ ਮਗੁ (‘ਮੰਨੈ ਮਗੁ - ਮਾਰਗ, ਰਸਤੇ) ਨੂੰ ਹੀ ਮੰਨਦਾ ਹੈ, ਤੇ ਜਿਸ ਨੂੰ ਮੰਨਣ ਨਾਲ ਸੱਚੇ ਧਰਮੁ ਨਾਲ ਹੀ ਐਸੇ ਸਿੱਖ ਦਾ (ਮੰਨੈ ਧਰਮ ਸੇਤੀ ਸਨਬੰਧੁ॥) ਸਬੰਧ ਹੁੰਦਾ ਹੈ, ਉਹ ਆਪੂੰ ਬਣੇ ਅਖੌਤੀ ਪੰਥ ਅਤੇ ਜ਼ਹਿਰ ਵੰਡਣ ਵਾਲੀਆਂ ਅਖੌਤੀ ਮਰਯਾਦਾ ਨੂੰ ਬਿਲਕੁਲ ਨਹੀਂ ਮੰਨਦਾ ਤੇ ਐਸੇ ਅਖੌਤੀ ਪੰਥ ਨਾਲ ਚੱਲਣ (ਨ ਚੱਲੈ ਪੰਥੁ॥) ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top