Share on Facebook

Main News Page

ਜਗਤ ਗੁਰੂ ਅਖਵਾਉਣ ਵਾਲੇ ਨੇ ਸਮੁਚੀ ਮਨੁੱਖਤਾ ਦਾ ਭਲਾ ਕਰਨਾ ਹੁੰਦਾ ਹੈ, ਨਾ ਕਿ ਸਿਰਫ ਆਪਣਾ ਜਾਂ ਆਪਣੇ ਪ੍ਰੇਮੀਆਂ ਦਾ: ਬਰਾੜ, ਖ਼ਾਲਸਾ

* ਬਠਿੰਡੇ ਵਿੱਚ ਜੱਸੀ ਤੇ ਲੰਬੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਚੰਗੇ ਉਮੀਦਵਾਰ ਵਜੋਂ ਚੋਣ ਦਾ ਅਧਾਰ ਦੱਸਿਆ ਜਾਵੇ
* ਜੇ ਡੇਰਾ ਮੁਖੀ ਬਾਦਲ ਦੀ ਕਿਸੇ ਡਰ ਅਧੀਨ ਮਦਦ ਕਰਦਾ ਹੈ ਤੇ ਕਿਸੇ ਹੋਰ ਥਾਂ ਆਪਣੀ ਰਾਜਸੀ ਤਾਕਤ ਵਧਾਉਣ ਲਈ ਮਦਦ ਕਰਦਾ ਹੈ ਤਾਂ ਇਹ ਧਰਮੀ ਮਨੁੱਖ ਦਾ ਕਰਤੱਵ ਨਹੀਂ ਹੈ

ਬਠਿੰਡਾ, 22 ਜਨਵਰੀ (ਕਿਰਪਾਲ ਸਿੰਘ): ਜਗਤ ਗੁਰੂ ਅਖਵਾਉਣ ਵਾਲੇ ਨੇ ਸਮੁੱਚੀ ਮਨੁਖਤਾ ਦਾ ਭਲਾ ਕਰਨਾ ਹੁੰਦਾ ਹੈ ਨਾ ਕਿ ਸਿਰਫ ਆਪਣਾ ਜਾਂ ਆਪਣੇ ਪ੍ਰੇਮੀਆਂ ਦਾ। ਇਹ ਸ਼ਬਦ ਮਹੀਨਾਵਾਰ ਵਪਾਰਕ ਖੇਤੀ ਮੈਗਜ਼ੀਨ ਦੇ ਮੁੱਖ ਸੰਪਾਦਕ ਗੁਰਦਰਸ਼ਨ ਸਿੰਘ ਬਰਾੜ ਅਤੇ ਸਿੱਖ ਸ਼੍ਰਧਾਲੂ ਸੁਖਜਤਿੰਦਰ ਸਿੰਘ ਖ਼ਾਲਸਾ ਨੇ, ਸੱਚਾ ਸੌਦਾ ਡੇਰਾ ਵਲੋਂ, ਚੋਣਾਂ ਵਿੱਚ ਕਿਹੜੇ ਉਮੀਦਵਾਰਾਂ ਦੇ ਸਮਰਥਨ ਕਰਨ ਦੇ ਫੈਸਲੇ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਜੇ ਬਠਿੰਡੇ ਵਿੱਚ ਕਾਂਗਰਸ ਉਮੀਦਵਾਰ ਹਰਿਮੰਦਰ ਸਿੰਘ ਜੱਸੀ ਤੇ ਲੰਬੀ ਵਿੱਚ ਬਾਦਲ ਦਲ ਦੇ ਉਮੀਦਾਰ ਪ੍ਰਕਾਸ਼ ਸਿੰਘ ਬਾਦਲ ਦੀ ਚੰਗੇ ਉਮੀਦਵਾਰ ਵਜੋਂ ਚੋਣ ਕੀਤੀ ਜਾਂਦੀ ਹੈ ਤਾਂ ਇਸ ਚੋਣ ਦਾ ਅਧਾਰ ਕੀ ਹੋਵੇਗਾ?

ਸ: ਬਰਾੜ ਅਤੇ ਭਾਈ ਖ਼ਾਲਸਾ ਨੇ ਕਿਹਾ 2007 ਦੀਆਂ ਚੋਣਾਂ ਵਿੱਚ ਡੇਰਾ ਦੇ ਰਾਜਸੀ ਵਿੰਗ ਵਲੋਂ ਕਈ ਮੀਟਿੰਗਾਂ ਕਰਨ ਉਪ੍ਰੰਤ ਕਾਂਗਰਸ ਉਮੀਦਵਾਰਾਂ ਦੇ ਸਮਰਥਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੇ ਇਸ ਫੈਸਲੇ ਨਾਲ ਬੇਸ਼ੱਕ ਮਾਲਵਾ ਖੇਤਰ ਵਿੱਚ ਕਾਂਗਰਸ ਦੀ ਹੂੰਝਾਫੇਰੂ ਜਿੱਤ ਹੋਈ ਸੀ ਪਰ ਮਾਝਾ-ਦੁਆਬਾ ਖੇਤਰ ’ਚ ਇਸ ਨੂੰ ਹੂੰਝਾ ਫਿਰ ਗਿਆ ਸੀ ਤੇ ਸਰਕਾਰ ਅਕਾਲੀ ਦਲ ਭਾਜਪਾ ਦੀ ਬਣ ਗਈ ਸੀ। ਡੇਰਾ ਮੁਖੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਰਦਿਆਂ ਅੰਮ੍ਰਿਤ ਛਕਾਉਣ ਦੀ ਘਟਨਾ ਨਾਲ ਜਿੱਥੇ ਸਿੱਖਾਂ ਵਿੱਚ ਭਾਰੀ ਰੋਸ ਫੈਲਿਆ ਉਥੇ ਪ੍ਰੇਮੀਆਂ ਅਨੁਸਾਰ ਅਕਾਲੀ ਭਾਜਪਾ ਸਰਕਾਰ ਨੇ ਵੀ ਉਨ੍ਹਾਂ ਵਿਰੁਧ ਸਿਕੰਜਾ ਕਸਿਆ ਜਿਸ ਕਾਰਣ ਪੰਜਾਬ ਵਿੱਚ ਉਨ੍ਹਾਂ ਦੀਆਂ ਨਾਮ ਚਰਚਾਵਾਂ ਤਕਰੀਬਨ ਠੱਪ ਹੋ ਗਈਆਂ ਸਨ। ਡੇਰਾ ਪ੍ਰਬੰਧਕਾਂ ਨੇ ਇਸ ਮੁਸ਼ਕਲ ਵਿੱਚੋਂ ਨਿਕਲਣ ਲਈ ਬਾਦਲ ਦਲ ਨਾਲ ਅੰਦਰਖਾਤੇ ਸਮਝੌਤਾ ਕਰ ਲਿਆ ਤੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਅਕਾਲੀ ਦਲ ਤੇ ਵਿਸ਼ੇਸ਼ ਕਰਕੇ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਪਾ ਦਿਤੀਆਂ, ਜਿਸ ਦੇ ਇਵਜ਼ ਵਿੱਚ ਡੇਰੇ ’ਤੇ ਲੱਗੀਆਂ ਪਾਬੰਦੀਆਂ ਹਟਾ ਲਈਆਂ ਤੇ ਉਲਟਾ ਅਕਾਲ ਤਖ਼ਤ ਦਾ ਹੁਕਮਨਾਮਾ ਲਾਗੂ ਕਰਵਾ ਰਹੇ ਸਿੱਖ ਕਾਰਕੁਨਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ।

ਸ: ਬਰਾੜ ਅਤੇ ਭਾਈ ਖ਼ਾਲਸਾ ਨੇ ਕਿਹਾ ਕਿ ਇਸ ਵਾਰ ਡੇਰੇ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਿਸੇ ਇੱਕ ਪਾਰਟੀ ਦੇ ਉਮੀਦਵਾਰਾਂ ਦਾ ਸਮਰੱਥਨ ਨਹੀਂ ਕਰਨਗੇ ਬਲਕਿ ਮੈਰਿਟ ਦੇ ਅਧਾਰ ’ਤੇ ਚੰਗੇ ਉਮੀਦਵਾਰਾਂ ਦੀ ਹਮਾਇਤ ਕੀਤੀ ਜਾਵੇਗੀ ਤੇ ਇਸ ਸਬੰਧੀ ਫੈਸਲਾ ਸਿਰਫ 2-3 ਦਿਨ ਪਹਿਲਾਂ ਹੀ ਕੀਤਾ ਜਾਵੇਗਾ। ਸ: ਬਰਾੜ ਅਤੇ ਭਾਈ ਖ਼ਾਲਸਾ ਨੇ ਕਿਹਾ ਕਿ ਡੇਰੇ ਵੱਲੋਂ ਅਪਣਾਈ ਗਈ ਇਹ ਨੀਤੀ ਕਿਸੇ ਵੀ ਤਰ੍ਹਾਂ ਜਗਤ ਗੁਰੂ ਅਖਵਾਉਣ ਵਾਲੇ ਧਰਮੀ ਮਨੁੱਖ ਦੀ ਨਹੀਂ ਹੋ ਸਕਦੀ ਬਲਕਿ ਆਪਣੇ ’ਤੇ ਚੱਲ ਰਹੇ ਗੰਭੀਰ ਕਿਸਮ ਦੇ ਕੇਸਾਂ ਵਿੱਚ ਸਰਕਾਰ ਦੀ ਮੱਦਦ ਲੈਣਾ ਜਾਂ ਆਪਣੇ ਪ੍ਰੇਮੀਆਂ ਦੇ ਸਰਕਾਰੇ ਦਰਬਾਰੇ ਕੰਮ ਕਰਵਉਣ ਵਾਲੇ ਦੁਨਿਆਵੀ ਮਨੁੱਖਾਂ ਦੀ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਹੁਣ ਤੱਕ ਜਿੰਨੇ ਵੀ ਮਹਾਂਪੁਰਖ ਜਾਂ ਸਿੱਖ ਗੁਰੂ ਸਾਹਿਬਾਨ ਇਸ ਜਗਤ ਵਿੱਚ ਆਏ ਉਨ੍ਹਾਂ ਨੇ ਆਪਣੀਆਂ ਸੁੱਖ ਸਹੂਲਤਾਂ ਲਈ ਕਦੀ ਵੀ ਮੌਕੇ ਦੇ ਰਾਜਿਆਂ ਜਾਂ ਰਾਜਨੀਤਕ ਆਗੂਆਂ ਨਾਲ ਇਸ ਤਰ੍ਹਾਂ ਦਾ ਗਠਜੋੜ ਨਹੀਂ ਕੀਤਾ ਜਿਸ ਤਰ੍ਹਾਂ ਇਹ ਮੌਕਾਪ੍ਰਸਤ ਡੇਰੇਦਾਰ ਕਰ ਰਿਹਾ ਹੈ।

ਹੁਣ ਤੱਕ ਹੋਏ ਹਰ ਮਹਾਂਪੁਰਖ ਨੇ ਸਿਰਫ ਆਪਣੇ ਅਨੁਆਈਆਂ ਹੀ ਨਹੀ ਬਲਕਿ ਸਮੁਚੀ ਮਨੁੱਖਤਾ ਭਾਵੇ ਕਿ ਉਹ ਕਿਸੇ ਵੀ ਜਾਤ ਜਾਂ ਧਰਮ ਨਾਲ ਸਬੰਧਤ ਹੋਵੇ ਦੀ ਧਾਰਮਕ ਅਜਾਦੀ ਬਹਾਲ ਕਰਨ, ਉਨ੍ਹਾਂ ਵਿਰੁਧ ਹੋ ਰਹੇ ਜ਼ੁਲਮਾਂ ਨੂੰ ਰੋਕਣ ਅਤੇ ਸੱਚ ਲਈ ਅਵਾਜ਼ ਬੁਲੰਦ ਕੀਤੀ ਤੇ ਇਸੇ ਕਾਰਣ ਉਨ੍ਹਾਂ ਵਿੱਚੋਂ ਕਈਆਂ ਨੂੰ ਸਰਕਾਰੀ ਤਸ਼ਦਦ ਅਤੇ ਕਈਆਂ ਨੂੰ ਸ਼ਹੀਦੀਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿੱਚ ਸੁਕਰਾਤ, ਹਜ਼ਰਤ ਈਸਾ ਮਸੀਹ, ਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਮਲ ਹਨ। ਪਰ ਜਿਹੜਾ ਇਸ ਡੇਰਾ ਮੁਖੀ ਵਾਂਗ ਲੋਕਾਂ ਲਈ ਆਪਾ ਵਾਰਨ ਦੀ ਥਾਂ ਸਿਰਫ ਆਪਣੇ ਜਾਂ ਆਪਣੇ ਪ੍ਰੇਮੀਆਂ ਦੇ ਹਿੱਤ ਪੂਰਨ ਲਈ ਇਸ ਤਰ੍ਹਾਂ ਦੇ ਸਿਆਸੀ ਫੈਸਲੇ ਕਰਦਾ ਹੋਵੇ ਉਸ ਨੂੰ ਕਦੀ ਵੀ ਧਰਮੀ ਮਨੁਖ ਜਾਂ ਗੁਰੂ ਮਹਾਰਾਜ ਬਿਲਕੁਲ ਨਹੀਂ ਕਿਹਾ ਜਾ ਸਕਦਾ। ਉਸ ਦੀ ਤੁਲਨਾ ਤਾਂ ਉਨ੍ਹਾਂ ਮਨੁਖਾਂ ਨਾਲ ਕੀਤੀ ਜਾ ਸਕਦੀ ਹੈ ਜਿਨ੍ਹਾਂ ਸਬੰਧੀ ਗੁਰੂ ਨਾਨਕ ਸਹਿਬ ਜੀ ਨੇ ਫ਼ੁਰਮਾਨ ਕੀਤਾ ਹੈ: ‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 662) ਅਤੇ ਭਗਤ ਕਬੀਰ ਜੀ ਦੇ ਬਚਨ ਹਨ: ‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥’ (ਆਸਾ, ਗੁਰੂ ਗ੍ਰੰਥ ਸਾਹਿਬ - ਪੰਨਾ 476)।

ਸ: ਬਰਾੜ ਅਤੇ ਭਾਈ ਖ਼ਾਲਸਾ ਨੇ ਕਿਹਾ ਕਿ ਗੁਰੂ ਦੀ ਤਾਂ ਦਿਬ ਦ੍ਰਿਸ਼ਟੀ ਹੀ ਇੰਨੀ ਹੁੰਦੀ ਹੈ ਕਿ ਉਸ ਨੂੰ ਤਾਂ ਬਹੁਤ ਪਹਿਲਾਂ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕਿਹੜਾ ਉਮੀਦਵਾਰ ਚੰਗਾ ਹੈ ਤੇ ਕਿਹੜਾ ਮਾੜਾ। ਉਨ੍ਹਾਂ ਨੂੰ ਚੰਗੇ ਮਾੜੇ ਦੀ ਪਰਖ ਲਈ ਇਸ ਤਰ੍ਹਾਂ ਮੀਟਿੰਗ ਕਰਨ ਜਾਂ ਨਾਮ ਗੁਪਤ ਰੱਖ ਕੇ ਆਪਣੇ ਨੈੱਟ ਵਰਕ ਰਾਹੀ ਸਿਰਫ ਪ੍ਰੇਮੀਆਂ ਨੂੰ ਹੀ ਇਹ ਹਦਾਇਤ ਕਰਨ ਦੀ ਲੋੜ ਨਹੀਂ ਪੈਂਦੀ ਕਿ ਕਿਸ ਉਮੀਦਵਾਰ ਦੀ ਹਮਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਜੇ ਡੇਰਾ ਮੁਖੀ ਬਾਦਲ ਦੀ ਕਿਸੇ ਡਰ ਅਧੀਨ ਮਦਦ ਕਰਦਾ ਹੈ ਤੇ ਕਿਸੇ ਹੋਰ ਥਾਂ ਆਪਣੀ ਰਾਜਸੀ ਤਾਕਤ ਵਧਾਉਣ ਲਈ ਮਦਦ ਕਰਦਾ ਹੈ ਤਾਂ ਇਹ ਧਰਮੀ ਮਨੁੱਖ ਦਾ ਕਰਤੱਵ ਨਹੀਂ ਹੈ। ਉਨ੍ਹਾਂ ਕਿਹਾ ਜੇ ਡੇਰੇ ਦੇ ਰਾਜਸੀ ਵਿੰਗ ਨੇ ਹੁਣ ਤੱਕ ਚੰਗੇ ਜਾਂ ਮਾੜੇ ਉਮੀਦਵਾਰਾਂ ਦੀ ਸੂਚੀ ਬਣਾਈ ਹੈ ਤਾਂ ਉਹ ਪੰਜਾਬ ਦੇ ਸਮੁਚੇ ਲੋਕਾਂ ਨੂੰ ਦੱਸੀ ਜਾਵੇ ਤੇ ਇਹ ਵੀ ਦੱਸਿਆ ਜਾਵੇ ਕਿ ਉਨ੍ਹਾਂ ਦੇ ਕਿਹੜੇ ਗੁਣਾਂ ਜਾਂ ਔਗੁਣਾਂ ਕਾਰਣ ਇਹ ਚੋਣ ਕੀਤੀ ਹੈ, ਤਾਂ ਕਿ ਸਾਰੇ ਲੋਕ ਹੀ ਤੁਹਾਡੀ ਚੋਣ ਦੀ ਪਰਖ ਕਰ ਸਕਣ ਕਿ ਤੁਸੀਂ ਕਿਹੜੀ ਨੀਤੀ ਨਾਲ ਇਨਾਂ ਦੀ ਚੋਣ ਕੀਤੀ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top