Share on Facebook

Main News Page

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਇਆ ਗਿਆ ਅੰਤਰ ਸਕੂਲ ਯੁਵਕ ਮੇਲਾ

* ਆਦਰਸ਼ ਸੀ: ਸੈ: ਸਕੂਲ ਨੰਦਗੜ੍ਹ ਨੇ ਓਵਰਆਲ ਟਰਾਫੀ ਜਿਤੀ
* ਮੈਨੂੰ ਸੋਹਣੀ ਦੇ ਝਨਾਅ ਵਿੱਚ ਡੁੱਬ ਕੇ ਮਰ ਜਾਣ ਦਾ ਕੋਈ ਦੁੱਖ ਨਹੀਂ ਹੈ, ਪਰ ਪਿੰਡ ਦੇ ਇੱਕ ਗਰੀਬ ਮਜਦੂਰ ਦੀ ਬੇਟੀ ਦੀ ਕਿਸੇ ਵਲੋਂ ਪੱਤ ਲੁੱਟੇ ਜਾਣ ਦੀ ਮਾਨਸਕ ਪੀੜਾ ਨਾ ਸਹਿੰਦੀ ਹੋਈ ਖ਼ੁਦਕਸ਼ੀ ਕਰਨ ਦਾ ਬਹੁਤ ਦੁੱਖ ਹੈ
* ਮਿਰਜੇ ਨੂੰ ਜੰਡ ਥੱਲੇ ਮਾਰੇ ਜਾਣ ਦਾ ਮੈਨੂੰ ਕੋਈ ਦੁੱਖ ਨਹੀਂ ਹੈ ਪਰ ਇਨਸਾਫ਼ ਨਾ ਮਿਲਣ ਪਿੱਛੋਂ ਅਤਿ ਦੀ ਗਰੀਬੀ ਵਿੱਚ ਇੱਕ ਬਜ਼ੁਰਗ ਕਿਸਾਨ ਵਲੋਂ ਜੰਡ ਹੇਠ ਖ਼ੁਦਕਸ਼ੀ ਕਰ ਜਾਣ ਦਾ ਬਹੁਤ ਦੁੱਖ ਹੈ: ਸੁਰਿੰਦਰ ਸਿੰਘ

ਬਠਿੰਡਾ, 21 ਜਨਵਰੀ (ਕਿਰਪਾਲ ਸਿੰਘ): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਬਠਿੰਡਾ ਜ਼ੋਨ) ਵਲੋਂ ਹਰ ਸਾਲ ਕਰਵਾਇਆ ਜਾਂਦਾ ਅੰਤਰ ਸਕੂਲ ਯੁਵਕ ਮੇਲਾ ਇਸ ਵਾਰ ਅੱਜ ਇੱਥੇ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਪੰਨ ਹੋਇਆ। ਬਠਿੰਡਾ ਜ਼ੋਨ ਦੇ ਇੰਚਾਰਜ ਕੈਪਟਨ ਬਲਵੰਤ ਸਿੰਘ ਮਾਨ ਨੇ ਦੱਸਿਆ ਕਿ ਹਰ ਸਾਲ ਪ੍ਰਾਇਮਰੀ ਸਕੂਲ, ਹਾਈ ਸਕੂਲ ਅਤੇ ਕਾਲਜ ਪੱਧਰ ’ਤੇ ਬੱਚਿਆਂ ਦੀ ਲਿਖਤੀ ਧਾਰਮਕ ਪ੍ਰੀਖਿਆ ਲਈ ਜਾਂਦੀ ਹੈ। ਇਨ੍ਹਾਂ ਲਿਖਤੀ ਪ੍ਰੀਖਿਆ ਵਿੱਚੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਚੋਣ ਕਰਕੇ ਸਕੂਲ ਵਾਈਜ਼ ਦੋ-ਦੋ ਬੱਚਿਆਂ ਦੀਆਂ ਛੇ ਟੀਮਾਂ ਬਣਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਟੀਮਾਂ ਦੇ ਅੱਜ ਦੇ ਇਸ ਯੁਵਕ ਮੇਲੇ ਵਿੱਚ ਧਾਰਮਕ ਪ੍ਰਸ਼ਨੋਤਰੀ ਦੇ ਕੁਇਜ਼ ਮੁਕਾਬਾਲੇ ਕਰਵਾਏ ਗਏ। ਇਸ ਕੁਇਜ਼ ਮੁਕਾਬਲੇ ’ਚੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ਼ ਨੰਦਗੜ੍ਹ ਦੇ ਵਿਦਿਆਰਥੀਆਂ ਨੇ ਪਹਿਲਾ, ਸੰਤ ਕਬੀਰ ਕਾਨਵੈਂਟ ਸਕੂਲ ਭੁੱਚੋ ਮੰਡੀ ਨੇ ਦੂਸਰਾ ਅਤੇ ਗੁਰੂ ਕਾਂਸ਼ੀ ਪਬਲਿਕ ਸਕੂਲ ਬਠਿੰਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਕਵਿਤਾ ਉਚਾਰਣ ਮੁਕਾਬਿਆਂ ਵਿੱਚ ਵਿੱਚ ਬਾਬਾ ਫ਼ਰੀਦ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀ ਸੁਰਿੰਦਰ ਸਿੰਘ ਨੇ ਪਹਿਲਾ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਦੂਸਰਾ ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਦੀ ਵਿਦਿਆਰਥਣ ਕੁਲਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ’ਤੇ ਆਏ ਸੁਰਿੰਦਰ ਸਿੰਘ ਦੀ ਖੁੱਲ੍ਹੀ ਕਵਿਤਾ ਦੀ ਪੇਸ਼ਕਾਰੀ ਜਿੱਥੇ ਸਰਬੋਤਮ ਸੀ ਉਥੇ ਉਸ ਦਾ ਵਿਸ਼ਾ ਵਸਤੂ ਵੀ ਬਹੁਤ ਹੀ ਉਚ ਪਾਏ ਦਾ ਤੇ ਸਮਾਜ ਨੂੰ ਨੈਤਿਕ ਸੇਧ ਦੇਣਾ ਵਾਲਾ ਸੀ। ਜਦ ਉਹ ਆਪਣੇ ਹੀ ਅੰਦਾਜ਼ ਵਿੱਚ ਉਚਾਰਦਾ ਸੀ ਕਿ ਮੈਨੂੰ ਸੋਹਣੀ ਦੇ ਝਨਾਅ ਵਿੱਚ ਡੁੱਬ ਕੇ ਮਰ ਜਾਣ ਦਾ ਕੋਈ ਦੁੱਖ ਨਹੀਂ ਹੈ ਪਰ ਪਿੰਡ ਦੇ ਇੱਕ ਗਰੀਬ ਮਜਦੂਰ ਦੀ ਬੇਟੀ, ਜਿਸ ਦੀ ਕਿਸੇ ਵਲੋਂ ਪੱਤ ਲੁੱਟੇ ਜਾਣ ਦੀ ਮਾਨਸਕ ਪੀੜਾ ਨਾ ਸਹਿੰਦੀ ਹੋਈ, ਖੂਹ ਵਿੱਚ ਛਾਲ ਮਾਰ ਕੇ ਖ਼ੁਦਕਸ਼ੀ ਕਰ ਜਾਣ ਦਾ ਬਹੁਤ ਦੁੱਖ ਹੈ। ਮਿਰਜੇ ਨੂੰ ਜੰਡ ਥੱਲੇ ਮਾਰੇ ਜਾਣ ਦਾ ਮੈਨੂੰ ਕੋਈ ਦੁੱਖ ਨਹੀਂ ਹੈ, ਪਰ ਇੱਕ ਗਰੀਬ ਕਿਸਾਨ, ਜਿਸ ਦਾ ਪੁੱਤਰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ, ਤੇ ਪਿਤਾ ਵਲੋਂ ਇਨਸਾਫ ਲੈਣ ਲਈ ਸਾਰੀ ਜਮੀਨ ਵੇਚ ਕੇ ਮੁਕੱਦਮਿਆਂ ’ਤੇ ਲਾਉਣ ਪਿੱਛੋਂ ਵੀ ਇਨਸਾਫ ਲੈਣ ਵਿੱਚ ਅਸਫਲ ਰਹਿਣ ਦਾ ਗ਼ਮ ਨਾ ਸਹਾਰਦਾ ਹੋਏ ਜੰਡ ਨਾਲ ਲਟਕ ਕੇ ਖ਼ੁਦਕਸ਼ੀ ਕਰ ਜਾਣ ਦਾ ਬਹੁਤ ਦੁੱਖ ਹੈ। ਦਿੱਲ ਨੂੰ ਟੁੰਭ ਜਾਣ ਵਾਲੀਆਂ ਇਹ ਲਾਈਨਾਂ ਸੁਣ ਕੇ ਜਿੱਥੇ ਹਰ ਸਰੋਤਾ ਅਸ਼ ਅਸ਼ ਕਰ ਉਠਦਾ ਸੀ ਉਥੇ ਅੱਖਾਂ ਵਿੱਚ ਹੰਝੂ ਵੀ ਆਪ ਮੁਹਾਰੇ ਕਿਰ ਪੈਂਦੇ ਸਨ।

ਇਸੇ ਤਰ੍ਹਾਂ ਗਨਦੀਪ ਕੌਰ ਦੀ ਕਵਿਤਾ ਦੀ ਪੇਸ਼ਕਾਰੀ ਵਧੀਆ ਹੋਣ ਤੋਂ ਇਲਾਵਾ ਵਿਸ਼ਾ ਵਸਤੂ ਵੀ ਬਹੁਤ ਹੀ ਵਧੀਆ ਸੀ। ਉਸ ਨੇ ਆਪਣੀ ਕਵਿਤਾ ਰਾਹੀਂ ਅੱਜ ਦੀ ਨੌਜਾਵਾਨੀ ਨੂੰ ਇਖਲਾਕੀ ਸੇਧ ਦਿੰਦਿਆ ਕਿਹਾ ਕਿ ਸਾਡਾ ਵਿਰਸਾ ਚਰਖੇ, ਫੁਲਕਾਰੀਆਂ ਤੇ ਗੱਡੇ ਹੀ ਨਹੀਂ, ਤੇ ਨਾ ਹੀ ਮੁੰਡੇ ਕੁੜੀਆਂ ਵਲੋਂ ਨੱਚਣਾ ਗਾਉਣਾ ਸਾਡਾ ਸਭਿਆਚਾਰ ਹੈ। ਸਾਡਾ ਵਿਰਸਾ ਤੇ ਸਭਿਆਚਾਰ ਤਾਂ ਸੱਚ ਦੇ ਮਾਰਗ ’ਤੇ ਚੱਲਣ ਵਾਲੇ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਜੋਧਿਆਂ ਵਲੋਂ ਪਾਏ ਗਏ ਪੂਰਨਿਆਂ ਦਾ ਹੈ ਜਿਸ ਨੂੰ ਸੰਭਾਲਣ ਤੇ ਇਸ ਤੋਂ ਸੇਧ ਲੈਣ ਦੀ ਭਾਰੀ ਲੋੜ ਹੈ। ਕੁਲਦੀਪ ਕੌਰ ਨੇ ਵੀ ਆਪਣੀ ਕਵਿਤਾ ਵਿੱਚ ਸਿੱਖ ਇਤਿਹਾਸ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਚਿਤਰਿਆ।

ਦਸਤਾਰਾਂ ਸਜਾਉਣ ਤੋਂ ਦੂਰ ਜਾ ਰਹੇ ਸਿੱਖ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਲਈ ਉਤਸ਼ਾਹਤ ਕਰਨ ਲਈ ਸੋਹਣੀ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਵਿਦਿਆਰਥੀ ਸੁੱਚਾ ਸਿੰਘ ਪਹਿਲੇ ਸਥਾਨ ’ਤੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦਾ ਵਿਦਿਆਰਥੀ ਨਰਿੰਦਰ ਸਿੰਘ ਦੂਸਰੇ ਅਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦਾ ਵਿਦਿਆਰਥੀ ਸ਼ਨੀ ਘੰਡ ਤੀਸਰੇ ਸਥਾਨ ’ਤੇ ਆਇਆ। ਹਰ ਮੁਕਾਬਲੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ। ਕੇਸਕੀ ਸਜਾਉਣ ਵਾਲੀ ਲੜਕੀ ਜਸ਼ਨਦੀਪ ਕੌਰ ਨੂੰ ਉਤਸ਼ਾਹ ਵਧਾਊ ਇਨਾਮ ਦਿਤਾ ਗਿਆ। ਸਭ ਤੋਂ ਵੱਧ ਵਿਦਿਆਰਥੀਆਂ ਨੂੰ ਧਾਰਮਕ ਤੇ ਨੈਤਿਕ ਸਿਖਿਆ ਪ੍ਰੀਖਿਆ ਵਿੱਚ ਭਾਗ ਲੈਣ ਅਤੇ ਹਰ ਮੁਕਾਬਲੇ ਵਿੱਚ ਇਨਾਮ ਲੈਣ ਵਾਲੇ ਆਦਰਸ਼ ਸੀਨੀ ਸੈਕੰਡਰੀ ਸਕੂਲ ਨੰਦਗੜ੍ਹ ਨੇ ਓਵਰਆਲ ਟਰਾਫੀ ਜਿੱਤੀ। ਬਚਿਆਂ ਦੀ ਤਿਆਰੀ ਵਿੱਚ ਸਹਿਯੋਗ ਦੇਣ ਵਾਲੇ ਸਕੂਲ ਅਧਿਆਪਕਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਅਖੀਰ ਵਿੱਚ ਜ਼ੋਨਲ ਇੰਨਚਾਰਜ ਕੈਪਟਨ ਬਲਵੰਤ ਸਿੰਘ ਮਾਨ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ ਇਸ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਤਿਆਰ ਕਰਨ ਵਿੱਚ ਸਹਿਯੋਗ ਦੇਣ ਵਾਲੇ ਸਕੂਲ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਿੱਖ ਲਈ ਦਸਤਾਰ ਦੀ ਮਹਾਨਤਾ ਵਿਸ਼ੇ ’ਤੇ ਭਾਵਪੂਰਤ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸਮਾਜ ਵਿੱਚ ਔਰਤ ਦੀ ਮਹੱਤਤਾ ਤੇ ਪ੍ਰਾਪਤੀਆਂ ਦਰਸਾਉਣ ਵਾਲੇ ਭਾਸ਼ਣਾਂ ਵਿੱਚ ਕਲਪਨਾ ਚਾਵਲਾ ਅਤੇ ਰਾਣੀ ਦੀ ਝਾਂਸੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਜਦੋਂ ਕਿ ਸਿੱਖ ਇਤਿਹਾਸ ਵਿੱਚ, ਬੇਬੇ ਨਾਨਕੀ, ਮਾਤਾ ਖੀਵੀ, ਬੀਬੀ ਭਾਨੀ, ਮਾਤਾ ਗੁਜਰੀ, ਮਾਈ ਭਾਗੋ ਅਤੇ ਬੀਬੀ ਹਰਸ਼ਰਨ ਕੌਰ ਆਦਿ ਅਨੇਕਾਂ ਬਹਾਦਰ ਬੀਬੀਆਂ ਹਨ ਜਿਨਾਂ ਦੀ ਦੇਸ਼ ਕੌਮ ਅਤੇ ਸਮਾਜ ਨੂੰ ਭਾਰੀ ਦੇਣ ਹੈ ਪਰ ਸਿੱਖ ਇਤਿਹਾਸ ਤੋਂ ਅਵੇਸਲੇ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਬਿਲਕੁਲ ਹੀ ਵਿਸਾਰ ਬੈਠੇ ਹਾਂ। ਕੈਪਟਨ ਮਾਨ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਪੜ੍ਹਨ ਤੇ ਇਸ ਤੋਂ ਸੇਧ ਲਈ ਪ੍ਰੇਰਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top