Share on Facebook

Main News Page

ਅਕਾਲ ਤਖਤ ਦੇ ਨਾਂ ਤੇ ਚਲ ਰਹੀ ਪੁਜਾਰੀਵਾਦੀ ਵਿਵਸਥਾ ਲਈ ਗੁਰਮਤਿ ਵਿਚ ਕੋਈ ਥਾਂ ਨਹੀਂ - ਇਕ ਪੜਚੋਲ

ਪ੍ਰੋ. ਧੂੰਦਾ ਜੀ ਵਲੋਂ ਟੀ ਵੀ ਇੰਟਰਵਿਉ ਵਿਚ ਪੁਜਾਰੀਆਂ ਸਾਹਮਣੇ ਪੇਸ਼ ਹੋਣ ਦੇ ਫੈਸਲੇ ਨਾਲ ਜਾਗਰੂਕ ਪੰਥ ਵਿਚ ਹੱਕ ਅਤੇ ਵਿਰੋਧ ਵਿਚ ਅਵਾਜ਼ਾਂ ਉੱਠਣ ਲਗ ਪਈਆਂ ਹਨ। ਅਫਸੋਸ! ਇਹਨਾਂ ਅਵਾਜ਼ਾਂ ਪਿੱਛੇ ਗੁਰਮਤਿ ਦੀ ਸੋਚ ਘੱਟ, ਨਿੱਜੀ ਸੋਚ ਅਤੇ ਜ਼ਜ਼ਬਾਤ ਵੱਧ ਭਾਰੂ ਨੇ। ਅਪਣੇ ਵਿਚਾਰ ਨਾਲ ਅਸਹਿਮਤੀ ਰੱਖਣ ਵਾਲਿਆਂ ਪ੍ਰਤੀ ਵਿਅੰਗ ਬਾਜ਼ੀ ਅਤੇ ਤਾਅਣਿਆਂ ਦੀ ਬੌਛਾੜ ਬਹੁਤ ਹੀ ਅਫਸੋਸਜਨਕ ਅਤੇ ਸ਼ਰਮਨਾਕ ਹੈ। ਕਿਸੇ ਵਿਸ਼ੇ ਤੇ ਅਸਹਿਮਤ ਹੋਣਾ ਕੋਈ ਵੱਡਾ ਮਸਲਾ ਨਹੀਂ, ਪਰ ਸੁਚੇਤ ਅਤੇ ਸੁਹਿਰਦ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਪਣੇ ਵਿਚਾਰ ਪੇਸ਼ ਕਰਨ ਵੇਲੇ ਗੁਰਮਤਿ ਨੂੰ ਸਾਹਮਣੇ ਰੱਖਦੇ ਹੋਏ ‘ਸਹਿਜ ਅਤੇ ਨਿਮਰਤਾ’ ਦਾ ਪੱਲਾ ਨਾ ਛੱਡਣ। ਇਹ ਗੱਲ ਤਾਂ ਹਰ ਇਕ ਨੂੰ ਪੱਲੇ ਬੰਨ੍ਹ ਕੇ ਤੁਰਨਾ ਚਾਹੀਦਾ ਹੈ ਕਿ ਸੁਚੇਤ ਪੰਥ ਨਾਲ ਜੁੜਿਆ ਹਰ ਬੰਦਾ ਸੁਹਿਰਦ ਪੰਥਦਰਦੀ ਹੈ। ਜੇ ਇਹ ਸੱਚ ਹੈ ਤਾਂ ਨਿੱਜੀ ਤਾਅਣਾਕਸ਼ੀ, ਦੂਸ਼ਨਬਾਜ਼ੀ ਅਤੇ ਤਲਖੀ ਵਿਚਾਰ ਵਿਚ ਕਿਉਂ ਆ ਰਹੀ ਹੈ? ਆਸ ਹੈ ਇਸ ਵਿਚਾਰ ਨੂੰ ਪੜਣ ਤੋਂ ਬਾਅਦ ਹਰ ਸੁਚੇਤ ਅਤੇ ਸੁਹਿਰਦ ਸੱਜਣ ‘ਸਹਿਜ ਅਤੇ ਨਿਮਰਤਾ’ ਨੂੰ ਨਾ ਤਿਆਗਨ ਦਾ ਸਵੈ-ਪ੍ਰਣ ਲਵੇਗਾ। ਇਹ ਮੁੱਢਲੀ ਗੱਲ ਹੀ ਸੁਚੇਤ ਪੰਥ ਦੀ ਏਕਤਾ ਅਤੇ ਤਾਕਤ ਦਾ ਵੱਡਾ ਆਧਾਰ ਬਣ ਸਕਦੀ ਹੈ।

ਗੱਲ ਕਰਦੇ ਹਾਂ ਪ੍ਰੋ. ਧੂੰਦਾ ਨਾਲ ਸੰਬੰਧਿਤ ਪੰਥਕ ਮਸਲੇ ਦੀ। ਇਕ ਮਨੁੱਖ ਦੇ ਤੌਰ ਤੇ ਪ੍ਰੋ. ਧੂੰਦਾ ਨੂੰ ਪੂਰੀ ਆਜ਼ਾਦੀ ਹੈ, ਅਪਣੀ ਮਰਜ਼ੀ ਨਾਲ ਫੈਸਲਾ ਲੈਣ ਦੀ। ਮਿਸਾਲ ਲਈ, ਜੇ ਕੋਈ ਮਨੁੱਖ ਪੱਥਰ ਨੂੰ ਰੱਬ ਮੰਨ ਕੇ ਪੂਜਦਾ ਹੈ ਤਾਂ ਉਸ ਨੂੰ ਸਿਰਫ ਦਲੀਲ ਰਾਹੀਂ ਸਮਝਾਇਆ ਜਾ ਸਕਦਾ ਹੈ, ਕਿ ਐਸੀ ਸੋਚ ਸਹੀ ਨਹੀਂ ਹੈ, ਪਰ ਉਸ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਉਹ ‘ਪੱਥਰ ਪੂਜਾ’ ਛੱਡ ਦੇਵੇ। ਨਾ ਹੀ ਮਜਬੂਰ ਕੀਤਾ ਜਾਣਾ ਚਾਹੀਦਾ ਹੈ। ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਇਸੇ ਮੁੱਢਲੇ ਮਨੁੱਖੀ ਅਧਿਕਾਰ ਪ੍ਰਤੀ ਸੀ। ਸੋ ਪ੍ਰੋ. ਧੂੰਦਾ ਨੂੰ ਕੋਈ ਵੀ ਫੈਸਲਾ ਲੈਣ ਦਾ ਪੂਰਾ ਹੱਕ ਹੈ। ਹਾਂ, ਦਲੀਲ ਦੇ ਆਧਾਰ ਤੇ ਉਹਨਾਂ ਦੇ ਫੈਸਲੇ ਦੇ ਸਹੀ ਜਾਂ ਗਲਤ ਹੋਣ ਦਾ ਵਿਚਾਰ ਦੇਣ ਦਾ ਹੱਕ ਸਾਰਿਆਂ ਨੂੰ ਹੈ। ਇਸ ਬਾਰੇ ਪਰਿਵਾਰ ਪਹਿਲਾਂ ਵੀ ਇਕ ਲੇਖ ਰਾਹੀਂ ਗੁਰਮਤਿ ਅਤੇ ਦਲੀਲ ਦੇ ਆਧਾਰ ਤੇ ਵਿਚਾਰ ਦੇ ਚੁੱਕਿਆ ਹੈ, ਪਰ ਇਸ ਵਿਸ਼ੇ ’ਤੇ ਕੁਝ ਹੋਰ ਲੇਖ ਸਾਹਮਣੇ ਆਉਣ ਤੋਂ ਬਾਅਦ ਅਸੀਂ ਵਿਚਾਰ ਨੂੰ ਅੱਗੇ ਤੋਰਨ ਦਾ ਜਤਨ ਕਰ ਰਹੇ ਹਾਂ।

ਪਹਿਲਾਂ ਪੜਚੋਲ ਕਰਦੇ ਹਾਂ ਅਕਾਲ ਤਖਤ ਦੇ ਨਾਂ ਤੇ ਚੱਲ ਰਹੀ ਮੌਜੂਦਾ ਵਿਵਸਥਾ ਦੀ। ਅੱਜ ਦੀ ਵਿਵਸਥਾ ਹੈ ਕਿਸੇ ਨੂੰ ਦੋਸ਼ੀ ਮੰਨ ਕੇ ਪੰਜ ਪੁਜਾਰੀਆਂ (ਅਖੌਤੀ ਜਥੇਦਾਰਾਂ) ਵਲੋਂ ਅਕਾਲ ਤਖਤ ਦਾ ਨਾਂ ਵਰਤ ਕੇ ਅਪਣੀ ਕਚਿਹਰੀ ਵਿਚ ਸੱਦ ਲਿਆ ਜਾਂਦਾ ਹੈ। ਜੇ ਉਹ ਪੇਸ਼ ਹੋ ਕੇ ਪੁਜਾਰੀਆਂ ਦੀ ਈਨ ਮੰਨ ਲਵੇ (ਕੋਈ ਸਮਝੌਤਾ ਕਰ ਲਵੇ ਜਾਂ ਕਿਸੇ ਹੋਰ ਤਰੀਕੇ ਖੁਸ਼ ਕਰ ਦੇਵੇ) ਤਾਂ ਉਸ ਨੂੰ ਮਾਫ ਕਰ ਦਿਤਾ ਜਾਂਦਾ ਹੈ ਜਾਂ ਭਾਂਡੇ ਮਾਂਜਣ/ਕੁਝ ਪਾਠ ਕਰਨ ਆਦਿ ਦੀ ‘ਸਜ਼ਾ’ ਲਾਕੇ ਛੱਡ ਦਿਤਾ ਜਾਂਦਾ ਹੈ। ਜੇ ਕੋਈ ਪੇਸ਼ ਹੋਣ ਤੋਂ ਜਾਂ ਪੁਜਾਰੀਆਂ ਦੀ ਹੋਂਦ ਤੋਂ ਇਨਕਾਰੀ ਹੋ ਜਾਵੇ ਤਾਂ ਉਸ ਨੂੰ ਛੇਕਣ ਦਾ ‘ਹੁਕਮਨਾਮਾ’ (?) ਜਾਰੀ ਕਰ ਦਿਤਾ ਜਾਂਦਾ ਹੈ।

ਆਉ ਹੁਣ ਅਕਾਲ ਤਖਤ ਦੇ ਨਾਂ ਤੇ ਪ੍ਰਚਲਿਤ ਇਸ ‘ਛੇਕੂ ਵਿਵਸਥਾ’ ਦੀ ਪੜਚੋਲ ਕਰਦੇ ਹਾਂ। ਕੀ ਗੁਰਮਤਿ ਛੇਕਣ ਦੇ ਫੈਸਲੇ ਨੂੰ ਸਹੀ ਮੰਨਦੀ ਹੈ? ਬਿਲਕੁਲ ਨਹੀਂ, ਗੁਰਮਤਿ ਤਾਂ “ਸਭੁ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥” (ਪੰਨਾ 671) ਆਦਿ ਸੇਧਾਂ ਰਾਹੀਂ ਅਪਣੇ ਨਾਲ ਜੋੜਨ ਦੀ ਗੱਲ ਕਰਦੀ ਹੈ, ਛੇਕਣ ਦੀ ਨਹੀਂ। ਗੁਰਮਤਿ ਬੁਰੇ ਦਾ ਸੁਧਾਰ ਕਰਨ ਦੀ ਸੇਧ ਦਿੰਦੀ ਹੈ, ਨਾ ਕਿ ਉਸ ਨੂੰ ਦੁਰਕਾਰਨ ਦੀ ਜਾਂ ਛੇਕਣ ਦੀ। ਜੇ ਕੋਈ ਬੰਦਾ ਬੁਰਾਈ ਕਰਨ ਤੋਂ ਨਾ ਵੀ ਹਟੇ ਤਾਂ ਗੁਰਮਤਿ ਉਸਦਾ ਬਾਈਕਾਟ ਕਰਨ ਦਾ ਆਦੇਸ਼ ਦੇਣ ਦੀ ਸੇਧ ਬਿਲਕੁਲ ਨਹੀਂ ਦਿੰਦੀ, ਹਾਂ ਇਤਨੀ ਸੇਧ ਦਿੰਦੀ ਹੈ ਕਿ ਕਿਸੇ ਦੀ ਬੁਰਾਈ ਨੂੰ ਅਪਣਾਉ ਨਾ। ਕਿਸੇ ਨਾਲ ਰੋਟੀ ਬੇਟੀ ਦੀ ਸਾਂਝ ਜਾਂ ਉਸ ਦਾ ਸਮਾਜਿਕ ਬਾਈਕਾਟ ਕਰਨ ਦੀ ਸੋਚ ਜਾਂ ਆਦੇਸ਼ ਹੋਰ ਭਾਂਵੇ ਕੁਝ ਵੀ ਹੋਵੇ, ਗੁਰਮਤਿ ਨਹੀਂ ਹੋ ਸਕਦੀ। ‘ਸੱਜਣ ਠੱਗ’ ਜੈਸਿਆਂ ਨਾਲ ਵੀ ਰੋਟੀ ਬੇਟੀ ਦੀ ਸਾਂਝ ਖਤਮ ਕਰਨ ਜਾਂ ਮੂੰਹ ਨਾ ਲਾਉਣ ਦਾ ਆਦੇਸ਼ ਦੇਣ ਵਾਲੀ ਵਿਵਸਥਾ ਕਿਸੇ ਮੱਤ ਦੀ ਹੋ ਸਕਦੀ ਹੈ, ਬਾਬਾ ਨਾਨਕ ਦੇ ਮੱਤ ਦੀ ਬਿਲਕੁਲ ਨਹੀਂ।

ਸੋ ਸਪਸ਼ਟ ਹੈ ਇਕ ਜਾਂ ਪੰਜਾਂ ਵਲੋਂ (ਭਾਂਵੇਂ ਉਹ ਕੁਝ ਵੀ ਕਹਿ ਕੇ ਬੁਲਾਏ ਜਾਂਦੇ ਹੋਵਣ) ਕਿਸੇ ਨੂੰ ਛੇਕਣ ਦਾ ਫਤਵਾ ਜਾਰੀ ਕਰਨ ਦੀ ਵਿਵਸਥਾ ਗੁਰਮਤਿ ਅਨੁਸਾਰੀ ਨਹੀਂ ਹੈ। ਗੁਰਮਤਿ ਤੋਂ ਬਾਅਦ ਸਿੱਖ ਸਮਾਜ ਵਿਚ ਸਭ ਤੋਂ ਵੱਧ ਪੰਥ ਪ੍ਰਵਾਨਿਤ ਪ੍ਰਚਾਰੀ ਜਾਂਦੀ ਹੈ ‘ਸਿੱਖ ਰਹਿਤ ਮਰਿਯਾਦਾ’ (ਇਹ ਹਕੀਕਤ ਹੈ ਕਿ ਇਹ ਪੂਰੀ ਤਰਾਂ ਗੁਰਮਤਿ ਅਨੁਸਾਰੀ ਨਹੀਂ ਹੈ)। ਇਸ ਰਹਿਤ ਮਰਿਯਾਦਾ ਵਿਚ ਵੀ ਇਕ ਜਾਂ ਪੰਜ ‘ਜਥੇਦਾਰਾਂ’ ਵਲੋਂ ਕਿਸੇ ਨੂੰ ਆਪਣੀ ਕਚਿਹਰੀ ਵਿਚ ਬੁਲਾਉਣ ਜਾਂ ਪੰਥ ਤੋਂ ਛੇਕਣ ਦਾ ਆਦੇਸ਼ ਜਾਰੀ ਕਰਨ ਦੀ ਵਿਵਸਥਾ ਦਾ ਕੋਈ ਹਵਾਲਾ ਜਾਂ ਮਾਨਤਾ ਨਹੀਂ ਮਿਲਦੀ। ਇਸ ਉਪਰੰਤ ਪੰਥਕ ਤੌਰ ਤੇ ‘ਗੁਰਦੁਆਰਾ ਐਕਟ’ ਦੀ ਮਾਨਤਾ ਹੈ ਜਿਸ ਅਨੁਸਾਰ ਪੰਥ ਵਿਚਲੇ ਬਹੁਤੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ। ਇਸ ਐਕਟ ਵਿਚ ਵੀ ਐਸੀ ਕਿਸੇ ਵਿਵਸਥਾ ਦਾ ਹਵਾਲਾ ਜਾਂ ਮਾਨਤਾ ਨਹੀਂ ਮਿਲਦੀ।

ਇਤਿਹਾਸ ਪੱਖੋਂ ਵੀ ਪੜਚੋਲ ਕਰ ਲੈਂਦੇ ਹਾਂ। ਅਕਾਲ ਤਖਤ (ਜਾਂ ਅਕਾਲ ਬੁੰਗਾ) ਦੀ ਸਿਰਜਣਾ ਦਾ ਸੰਬੰਧ ਛੇਵੇਂ ਪਾਤਸ਼ਾਹ ਜੀ ਨਾਲ ਜੁੜਦਾ ਹੈ। ਛੇਵੇਂ ਪਾਤਸ਼ਾਹ ਜੀ ਤੋਂ ਲੈ ਕੇ ਦਸ਼ਮੇਸ਼ ਜੀ ਤੱਕ ਦੇ ਇਤਿਹਾਸ ਵਿਚ ਵੀ ‘ਅਕਾਲ ਤਖਤ’ ਦੇ ਨਾਮ ਤੇ ਕਿਸੇ ਨੂੰ ਛੇਕਣ ਦਾ ਜਾਂ ਪੇਸ਼ੀ ਵਾਸਤੇ ਸੱਦਣ ਦਾ ਹਵਾਲਾ ਸਿੱਖ ਇਤਿਹਾਸ ਵਿਚ (ਸਾਡੀ ਜਾਨਕਾਰੀ) ਅਨੁਸਾਰ ਨਹੀਂ ਮਿਲਦਾ। ਬਲਕਿ ਐਸਾ ਕੋਈ ਹਵਾਲਾ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦੇ ਸਮੇਂ ਵਿਚ ਨਹੀਂ ਮਿਲਦਾ। ਜਦੋਂ ਕਿ ਐਸੇ ਸਮੇਂ ਦੌਰਾਨ ਗੁਰਮਤਿ ਇਨਕਲਾਬ ਦੇ ਵਿਰੋਧ ਵਿਚ ਭੁਗਤਨ ਵਾਲਿਆਂ ਦਾ ਇਤਿਹਾਸ ਵਿਚ ਬਾਖੂਬੀ ਜ਼ਿਕਰ ਮਿਲਦਾ ਹੈ। ਐਸਾ ਇਸ ਲਈ ਸੀ ਕਿਉਂਕਿ ਗੁਰਮਤਿ ਇਸ ‘ਛੇਕੂ’ ਸੋਚ ਨੂੰ ਮਾਨਤਾ ਨਹੀਂ ਦਿੰਦੀ, ਸੋ ਦਸਾਂ ਪਾਤਸ਼ਾਹੀਆਂ ਵਿਚੋਂ ਕੋਈ ਐਸੀ ਵਿਵਸਥਾ ਨੂੰ ਕਿਵੇਂ ਅਪਣਾ ਸਕਦਾ ਸੀ? ਹਾਂ ਬਾਅਦ ਵਿਚ ਸਿੱਖਾਂ ਨੇ ਗੁਰਮਤਿ ਵਿਰੋਧੀ ਅਨੇਕਾਂ ਮਾਨਤਾਵਾਂ ਨੂੰ ਅਪਣਾ ਲਿਆ।

ਸੋ ਸਪਸ਼ਟ ਹੈ ਅਕਾਲ ਤਖਤ ਦੇ ਨਾਮ ਤੇ ਚਲ ਰਹੀ ਮੌਜੂਦਾ ਵਿਵਸਥਾ ਗੁਰਮਤਿ ਅਨੁਸਾਰੀ ਅਤੇ ਨਾਨਕ ਸਰੂਪਾਂ ਵਲੋਂ ਪ੍ਰਵਾਨਿਤ ਨਹੀਂ ਹੈ। ਸੋ ਕਿਸੇ ਵੀ ਸੁਚੇਤ ਅਤੇ ਸੁਹਿਰਦ ਸਿੱਖ ਵਲੋਂ ਇਸ ਵਿਵਸਥਾ ਨੂੰ ਕਿਸੇ ਵੀ ਰੂਪ ਵਿਚ ਮਾਨਤਾ ਦੇਣਾ ‘ਗੁਰਮਤਿ’ ਨੂੰ ਪਿੱਠ ਵਿਖਾਉਣਾ ਹੈ।

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ। ਹਰ ਕਿਸੇ ਵਿਚ ਕਮਜ਼ੋਰੀ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇ ਕੋਈ ਕਿਸੇ ਕਮਜ਼ੋਰੀ ਜਾਂ ਮਜ਼ਬੂਰੀ ਕਾਰਨ ਗੁਰਮਤਿ ਵਿਰੋਧੀ ਕੰਮ ਕਰ ਰਿਹਾ ਹੈ ਜਾਂ ਗੁਰਮਤਿ ਤੇ ਡੱਟ ਕੇ ਪਹਿਰਾ ਨਹੀਂ ਦੇ ਪਾ ਰਿਹਾ ਤਾਂ ਉਸ ਦੀ ਸੁਹਿਰਦਤਾ ਹੈ ਕਿ ਉਹ ਇਸ ਸੱਚ ਨੂੰ ਸਵੀਕਾਰ ਕਰ ਲਵੇ। ਪਰ ਸ਼ਖਸੀਅਤਪ੍ਰਸਤੀ ਜਾਂ ਨਿੱਜ ਮੱਤ ਨਾਲ ਜੁੜ ਕੇ ਆਪਣੇ ਜਾਂ ਕਿਸੇ ਦੇ ‘ਗਲਤ ਸਟੈਂਡ’ ਨੂੰ ਵੀ ਸਹੀ ਠਹਿਰਾਉਣ ਦੇ ਜਤਨ ਕਿਵੇਂ ਸਹੀ ਮੰਨੇ ਜਾ ਸਕਦੇ ਹਨ? ਸਾਡੀ ਸਮਝ ਅਨੁਸਾਰ ਪ੍ਰੋ. ਧੂੰਦਾ ਵਲੋਂ ਗੁਰਮਤਿ ਵਿਰੋਧੀ ਪੁਜਾਰੀਵਾਦੀ ਵਿਵਸਥਾ ਨੂੰ ਮਾਨਤਾ ਦੇਣ ਦੇ ਕਦਮ ਨੂੰ ਸਹੀ ਠਹਿਰਾਉਣ ਵਾਲੇ ਐਸਾ ਹੀ ਕਰ ਰਹੇ ਹਨ।

ਪ੍ਰੋ. ਧੂੰਦਾ ਜੀ ਨੂੰ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਇਕ ਲੇਖ ਵਿਚ ਸਾਡੇ ਵੀਰਾਂ ਨੇ ਅਪਣੀ ਸਲਾਹ ਦੇ ਹੱਕ ਵਿਚ 21 ਨੁਕਤੇ ਦਿਤੇ ਹਨ। ਪਰ ਸਾਰਿਆਂ ਦਾ ਨਿਚੋੜ ਇਹ ਦੋ ਮੁੱਖ ਨੁਕਤੇ ਹੀ ਹਨ:

  1. ਜੇ ਧੂੰਦਾ ਜੀ ਨੂੰ ਪੁਜਾਰੀਆਂ ਵਲੋਂ ਛੇਕ ਦਿਤਾ ਗਿਆ ਤਾਂ ਸਟੇਜਾਂ ਖੁੱਸ ਜਾਣੀਆਂ ਹਨ ਅਤੇ ਪ੍ਰਚਾਰ ਬੰਦ ਹੋ ਜਾਵੇਗਾ, ਜਿਸ ਨਾਲ ਜਾਗਰੂਕ ਪੰਥ ਨੂੰ ਨੁਕਸਾਨ ਹੋਵੇਗਾ। ਸੋ ਜੇ ਗੁਰਮਤਿ ਨਾਲ ਸਮਝੌਤਾ ਕਰਕੇ ਪੁਜਾਰੀਆਂ ਸਾਹਮਣੇ ਪੇਸ਼ ਹੋ ਲਿਆ ਜਾਵੇ ਤਾਂ ਇਸ ਵਿਚ ਕੋਈ ਹਰਜ਼ ਨਹੀਂ ਹੈ।

ਵਿਚਾਰ: ਐਸੇ ਸੱਜਣਾਂ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਸਵੈ-ਪੜਚੋਲ ਕਰਨ ਕਿ ਕੀ ਉਹਨਾਂ ਦੀ ਗੁਰਮਤਿ ਸਿਧਾਂਤ (ਸੱਚ) ਨਾਲ ਸਮਝੌਤਾ ਕਰ ਲੈਣ ਦੀ ਇਹ ਸਲਾਹ ਪ੍ਰੋ. ਧੂੰਦਾ ਸਮੇਤ

ੳ) ਬਾਬਾ ਨਾਨਕ ਜੀ ਨੂੰ ਨਹੀਂ ਹੈ, ਜਿਹਨਾਂ ਨੇ ਬਾਬਰ ਨੂੰ ਜਾਬਰ ਐਲਾਨਦੇ ਹੋਏ ਖਰਾ ਸੱਚ ਕਹਿ ਕੇ ੳਸ ਦੀ ਨਰਾਜ਼ਗੀ ਮੁੱਲ ਲਈ?
ਅ) ਛੋਟੇ ਸਾਹਿਬਜ਼ਾਦਿਆਂ ਨੂੰ ਨਹੀਂ ਹੈ, ਜਿਹਨਾਂ ਨੇ ਸੱਚ ਨਾਲ ਖੜੇ ਹੋਣ ਖਾਤਿਰ ਸ਼ਹੀਦੀ ਪ੍ਰਾਪਤ ਕਰ ਲਈ ਪਰ ਭ੍ਰਿਸ਼ਟ ਹਾਕਮਾਂ ਅਤੇ ਪੁਜਾਰੀਆਂ ਦੀ ਈਨ ਨਹੀਂ ਮੰਨੀ/ਬਹੁਤ ਵੱਡੇ ਵੱਡੇ ਲਾਲਚਾਂ ਨੂੰ ਠੋਕਰ ਮਾਰ ਦਿਤੀ?
ੲ) ਬਾਬਾ ਬੰਦਾ ਸਿੰਘ ਬਹਾਦੁਰ ਜੀ ਨੂੰ ਨਹੀਂ ਹੈ, ਜਿਸ ਨੇ ਜਾਲਮ ਸ਼ਾਸ਼ਕਾਂ ਅਤੇ ਭ੍ਰਿਸ਼ਟ ਪੁਜਾਰੀਆਂ ਨਾਲ ਸਮਝੌਤਾ ਕਰਨ ਦੀ ਥਾਂ ਅਪਣੇ ਬੇਟੇ ਦਾ ਕਲੇਜਾ ਮੁੰਹ ਵਿਚ ਪਵਾ ਲੈਣਾ ਚੰਗਾ ਸਮਝਿਆ?

ਐਸੀਆਂ ਅਣਗਿਨਤ ਮਿਸਾਲਾਂ ਸਿੱਖ ਇਤਿਹਾਸ ਵਿਚੋਂ ਦਿਤੀਆਂ ਜਾ ਸਕਦੀਆਂ ਹਨ। ਕੀ ਇਨ੍ਹਾਂ ਸੱਜਣਾਂ ਅਨੁਸਾਰ ਉਨ੍ਹਾਂ ਨੂੰ ਵੀ ਸੱਚ ਨਾਲ ਖੜਨ ਦੀ ਥਾਂ ਸਮਝੌਤਾ ਕਰ ਲੈਣਾ ਚਾਹੀਦਾ ਸੀ? ਸ਼ਾਇਦ ਐਸੇ ਵੀਰਾਂ ਅਨੁਸਾਰ ਉਹਨਾਂ ਦੇ ਸੱਚ ਤੇ ਡੱਟਣ ਦੇ ਫੈਸਲਿਆਂ ਕਾਰਨ ਹੀ ਸਿੱਖੀ ਦਾ ਪ੍ਰਚਾਰ-ਪ੍ਰਸਾਰ ਨਹੀਂ ਹੋ ਪਾਇਆ? ਇਨ੍ਹਾਂ ਅਨੁਸਾਰ ਇਸ ਲਈ ਪ੍ਰੋ. ਧੂੰਦਾ ਜੀ ਨੂੰ ਉਨ੍ਹਾਂ ਮਰਜੀਵੜਿਆਂ ਵਾਲੀ ਗਲਤੀ ਨਹੀਂ ਦੁਹਰਾਨੀ ਚਾਹੀਦੀ ਅਤੇ ਸੱਚ ਨਾਲ ਸਮਝੌਤਾ ਕਰਕੇ ਪੁਜਾਰੀਆਂ ਸਾਹਮਣੇ ਪੇਸ਼ ਹੋ ਜਾਣਾ ਚਾਹੀਦਾ ਹੈ।

ਇਨ੍ਹਾਂ ਸੱਜਣਾਂ ਦੇ ਇਸ ਖਦਸ਼ੇ ਕਿ ‘ਜੇ ਪ੍ਰੋ. ਧੂੰਦਾ ਨੇ ਪੁਜਾਰੀਆਂ ਦੀ ਹੋਂਦ ਨੂੰ ਮਾਨਤਾ ਨਹੀਂ ਦਿਤੀ ਤਾਂ ਸਿੱਖੀ ਦਾ ਪ੍ਰਚਾਰ ਖਤਮ ਜਾਂ ਘੱਟ ਹੋ ਜਾਵੇਗਾ’, ਦੀ ਤੱਥਾਂ ਆਧਾਰਿਤ ਪੜਚੋਲ ਕਰਦੇ ਹਾਂ। ਉਪਰੋਕਤ ਪੁਰਾਤਨ ਇਤਿਹਾਸ ਵਿਚੋਂ ਦਿਤੀਆਂ ਮਿਸਾਲਾਂ ਤੋਂ ਤਾਂ ਇਹ ਸਪਸ਼ਟ ਹੈ ਕਿ ਉਹਨਾਂ ਫੈਸਲਿਆਂ ਕਾਰਨ ਸਿੱਖੀ ਪ੍ਰਫੁਲਿੱਤ ਹੀ ਹੋਈ ਸੀ। ਹੁਣ ਆਧੁਨਿਕ ਸਮੇਂ ਦੇ ਇਤਿਹਾਸਕ ਤੱਥਾਂ ਦੇ ਆਧਾਰ ਤੇ ਵੀ ਇਸ ਖਦਸ਼ੇ ਦੀ ਪੜਚੋਲ ਕਰ ਲੈਂਦੇ ਹਾਂ।

ਪ੍ਰੋ. ਗੁਰਮੁੱਖ ਸਿੰਘ ਜੀ ਖਿਲਾਫ ਵੀ ਸਿੰਘ ਸਭਾ ਲਹਿਰ ਵੇਲੇ ਪੁਜਾਰੀਆਂ ਵਲੋਂ ‘ਕੂੜਨਾਮਾ’ ਜਾਰੀ ਕੀਤਾ ਗਿਆ ਸੀ। ਪ੍ਰੋ. ਜੀ ਨੇ ਪੁਜਾਰੀਆਂ ਦੀ ਈਨ ਨਹੀਂ ਮੰਨੀ। ਕੀ ਉਹਨਾਂ ਦੇ ਇਸ ਫੈਸਲੇ ਕਾਰਨ ਸਿੰਘ ਸਭਾ ਲਹਿਰ ਫੇਲ ਹੋ ਗਈ? ਬਲਕਿ ਉਹ ਤਾਂ ਹੋਰ ਪ੍ਰਫੁੱਲਿਤ ਹੋਈ। ਗਿਆਨੀ ਭਾਗ ਸਿੰਘ ਜੀ ਅੰਬਾਲਾ ਨੂੰ ਛੇਕਣ ਤੋਂ ਬਾਅਦ ਕੀ ਜਾਗਰੂਕਤਾ ਲਹਿਰ ਦਾ ਭੋਗ ਪੈ ਗਿਆ? ਬਲਕਿ ਉਹ ਤਾਂ ਹੋਰ ਵੱਧੀ ਫੁੱਲੀ। ਭਾਗ ਸਿੰਘ ਜੀ ਬਾਰੇ ਇਕ ਹੋਰ ਤੱਥ ਵੀ ਦਿਲਚਸਪ ਹੈ। ਗਿਆਨੀ ਜੀ ਨੂੰ ਸੰਤ ਸਿੰਘ ਮਸਕੀਨ ਜੀ ਧੋਖੇ ਨਾਲ ਪੁਜਾਰੀਆਂ ਸਾਹਮਣੇ ਪੇਸ਼ ਕਰਵਾ ਕੇ ਆ ਗਏ। ਪਰ ਗਿਆਨੀ ਭਾਗ ਸਿੰਘ ਜੀ ਪੁਜਾਰੀਆਂ ਦੀ ਮੰਨੀ ਇਸ ਈਨ (ਭਾਂਵੇ ਉਹ ਧੋਖੇ ਨਾਲ ਹੀ ਮਨਵਾਈ ਗਈ ਸੀ) ਕਾਰਨ ਸਾਰੀ ਉਮਰ ਆਪਣੇ ਆਪ ਨੂੰ ਦੋਸ਼ੀ ਮੰਨਦੇ ਰਹੇ। ਪਰ ਇਹ ਸਾਡੇ ਵੀਰ ਤਾਂ ਪ੍ਰੋ. ਧੂੰਦਾ ਜੀ ਨੂੰ ਸਭ ਕੁਝ ਜਾਣਦੇ ਬੁਝਦੇ ਪੁਜਾਰੀਆਂ ਦੀ ਈਨ ਮੰਨ ਲੈਣ ਦੀ ਸਲਾਹ ਦੇ ਰਹੇ ਹਨ। ਖੈਰ ਇਸ ਤੱਥ ਦੇ ਆਧਾਰ ਤੇ ਵੀ ਸੱਜਣਾਂ ਦਾ ਇਹ ਖਦਸ਼ਾ ਨਿਰਮੂਲ ਹੀ ਲਗਦਾ ਹੈ ਕਿਉਂਕਿ ਗਿਆਨੀ ਭਾਗ ਸਿੰਘ ਜੀ ਤੋਂ ਬਾਅਦ ਵੀ ਜਾਗਰੂਕਤਾ ਵੱਧਦੀ ਹੀ ਗਈ। ਕੀ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੂੰ ਛੇਕ ਦੇਣ ਤੋਂ ਬਾਅਦ ਜਾਗਰੂਕਤਾ ਘੱਟ ਗਈ? ਨਹੀਂ, ਬਲਕਿ ਇਹ ਤਾਂ ਇਨਕਲਾਬ ਦਾ ਆਧਾਰ ਹੀ ਬਣੀ ਹੈ। ਜੋਗਿੰਦਰ ਸਿੰਘ ਜੀ ਸਪੋਕਸਮੈਨ ਖਿਲਾਫ 2004 ਵਿਚ ਪੁਜਾਰੀਆਂ ਵਲੋਂ ‘ਛੇਕੂ ਫਤਵਾ’ ਜਾਰੀ ਕਰ ਦਿਤਾ ਗਿਆ। ਕੀ ਲੋਕਾਂ ਨੇ ਜੋਗਿੰਦਰ ਸਿੰਘ ਨਾਲੋਂ ਨਾਤਾ ਤੋੜ ਲਿਆ ਅਤੇ ਜਾਗਰੂਕਤਾ ਲਹਿਰ ਖਤਮ ਹੋ ਗਈ? ਰੋਜ਼ਾਨਾ ਸਪੋਕਸਮੈਨ ਦੇ ਜਨਮ ਵਾਲੇ ਦਿਨ ਹੀ ਇਸਦੇ ਖਿਲਾਫ ਪੁਜਾਰੀਆਂ ਦਾ ਫਤਵਾ ਆ ਗਿਆ। ਕੀ ਲੋਕਾਂ ਨੇ ਸਪੋਕਸਮੈਨ ਪੜਣਾ ਛੱਡ ਦਿਤਾ? ਨਹੀਂ ਬਿਲਕੁਲ ਨਹੀਂ, ਬਲਕਿ ਉਸ ਸਮੇਂ ਤੋਂ ਬਾਅਦ ਜਾਗਰੂਕਤਾ ਵੱਧੀ ਹੀ ਹੈ। ਪ੍ਰੋ. ਦਰਸ਼ਨ ਸਿੰਘ ਜੀ ਬਾਰੇ ਆਏ ‘ਛੇਕੂ-ਨਾਮੇ’ ਤੋਂ ਬਾਅਦ ਕੀ ਜਾਗਰੂਕਤਾ ਲਹਿਰ ਦੰਮ ਤੋੜ ਗਈ? ਨਹੀਂ, ਬਲਕਿ ਹੋਰ ਜਿਆਦਾ ਜਾਗਰੂਕਤਾ ਹੀ ਆਈ ਹੈ। ਪ੍ਰੋ. ਧੂੰਦਾ ਜੀ ਨੂੰ ਮਿਲ ਰਿਹਾ ਸਮਰਥਨ ਅਤੇ ਪੁਜਾਰੀਆਂ ਦੀ ਹੋ ਰਹੀ ਥੂਹ-ਥੂਹ ਇਸਦੀ ਮਿਸਾਲ ਹੈ ਕਿ ਜਾਗਰੂਕਤਾ ਲਹਿਰ ਐਸੇ ਕਦਮਾਂ ਨਾਲ ਫਲੀ ਫੁਲੀ ਹੈ।

  1. ਐਸੇ ਸੱਜਣਾਂ ਦੀ ਦੂਜੀ ਮੁੱਖ ਦਲੀਲ ਹੈ ਕਿ ਮੌਜੂਦਾ ਸਮੇਂ ਵਿਚ ਅਕਾਲ ਤਖਤ ਦੇ ਨਾਮ ਤੇ ਚੱਲ ਰਹੀ ਵਿਵਸਥਾ ਠੀਕ ਹੇ, ਬੇਸ਼ਕ ਇਸ ਸਮੇਂ ਕਾਬਜ਼ ਬੰਦੇ ਗਲਤ ਹਨ। ਸੋ ਲੋੜ ਬੰਦਿਆਂ ਨੂੰ ਬਦਲਣ ਦੀ ਹੈ, ਵਿਵਸਥਾ ਨੂੰ ਨਹੀਂ।

ਵਿਚਾਰ: ਇਸ ਲੇਖ ਦੇ ਪਹਿਲੇ ਹਿੱਸੇ ਵਿਚ ਕੀਤੇ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਕਿਸੇ ਨੂੰ ਅਪਣੀ ਕਚਿਹਰੀ ਵਿਚ ਬੁਲਾਉਣ ਜਾਂ ਛੇਕਣ ਵਾਲੀ ਮੌਜੂਦਾ ਵਿਵਸਥਾ ਨਾ ਤਾਂ ਗੁਰਮਤਿ ਅਨੁਸਾਰੀ ਹੈ ਅਤੇ ਨਾ ਹੀ ਸਿੱਖ ਰਹਿਤ ਮਰਿਯਾਦਾ ਜਾਂ ਗੁਰਦੁਆਰਾ ਐਕਟ ਵਿਚ ਐਸੀ ਕਿਸੇ ਵਿਵਸਥਾ ਨੂੰ ਮਾਨਤਾ ਦਿਤੀ ਮਿਲਦੀ ਹੈ। ਸੋ ਸੱਜਣਾਂ ਦਾ ਉਪਰੋਕਤ ਮੱਤ ਮੁੱਢੋਂ ਹੀ ਗਲਤ ਹੈ।

ਪ੍ਰੋ. ਧੂੰਦਾ ਨੂੰ ਪੁਜਾਰੀਆਂ ਦੀ ਕਚਿਹਰੀ ਵਿਚ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਸੱਜਣਾਂ ਦੀਆਂ ਨੁਕਤਿਆਂ ਦੀ ਨੁਕਤਾਵਾਰ ਪੜਚੋਲ

  1. ਕਿਸੇ ਵੀ ਮੁਸ਼ਕਲ ਵਿਚੋਂ ਨਿਕਲਣ ਲਈ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਬਾਰੇ ਸੋਚਣਾ ਚਾਹੀਦਾ ਹੈ।

    ਵਿਚਾਰ:- ਪ੍ਰਮਾਨਿਕ ਸਿੱਖ ਇਤਿਹਾਸ ਦੀਆਂ ਸੇਧਾਂ ਇਸ ਮੱਤ ਦੀ ਗਵਾਹੀ ਨਹੀਂ ਭਰਦੀਆਂ। ਪਹਿਲਾਂ ਵਿਚਾਰੇ ਅਨੁਸਾਰ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿਧਾਂਤ ਪੱਖੋਂ ਸੱਚ ਨਾਲ ਖੜੀਆਂ ਸ਼ਖਸੀਅਤਾਂ ਨੇ ਕਦੀ ‘ਸਮਝੌਤਾਵਾਦੀ’ ਰੁੱਖ ਨਹੀਂ ਅਪਨਾਇਆ। ਬਾਬਾ ਨਾਨਕ ਜੀ, ਛੋਟੇ ਸਾਹਿਬਜ਼ਾਦਿਆਂ, ਬਾਬਾ ਬੰਦਾ ਸਿੰਘ ਬਹਾਦੁਰ ਸਮੇਤ ਅਣਗਿਨਤ ਇਤਿਹਾਸਕ ਹਵਾਲੇ ਸਾਨੂੰ ਇਹੀ ਸੇਧ ਦਿੰਦੇ ਹਨ ਕਿ ਸਿਧਾਂਤ ਨਾਲ ਸਮਝੌਤਾ ਨਹੀਂ ਕਰਨਾ, ਬੇਸ਼ਕ ਕਿਤਨੀ ਵੱਡੀ ਕੁਰਬਾਣੀ ਕਿਉਂ ਨਾ ਕਰਨੀ ਪਵੇ। ਇਹ ਵੀ ਹਕੀਕਤ ਹੈ ਕਿ ਇਹਨਾਂ ਅਜ਼ੀਮ ਸ਼ਖਸੀਅਤਾਂ ਵਲੋਂ ‘ਸੱਚ ਤੇ ਪਹਿਰਾ’ ਦੇਣ ਲਈ ਕੀਤੀਆਂ ਕੁਰਬਾਣੀਆਂ ਤੋਂ ਬਾਅਦ ‘ਗੁਰਮਤਿ ਇਨਕਲਾਬ’ ਪ੍ਰਫੁਲਿੱਤ ਹੀ ਹੋਇਆ ਹੈ, ਨਿਗ੍ਹਾਰ ਵਿਚ ਨਹੀਂ ਗਿਆ। ਨਿਗ੍ਹਾਰ ਵਿਚ ਗਿਆ ਹੈ ਤਾਂ ਅਪਣੀਆਂ ਅਣਗਹਿਲੀਆਂ ਕਾਰਨ ਜਾਂ ਸਮਝੌਤਾਵਾਦੀ ਰੁੱਖ ਕਾਰਨ।

     

  2. ਪਿਛਲੇ ਦਿਨੀਂ ਸਿੱਖ ਮਾਰਗ ਤੇ ਅਜਰਾਵਤ ਸਿੰਘ ਜੀ ਦੀ ਇਹ ਵਿਚਾਰ ਬਹੁਤ ਵਧੀਆ ਸੀ ਕਿ ‘ਧੂੰਦਾ ਜੀ ਨੂੰ ਬੁਲਾਇਆ ਕਿਸ ਨੇ ਹੈ’?

    ਵਿਚਾਰ:- ਵੀਰ ਅਜਰਾਵਤ ਸਿੰਘ ਜੀ ਦੇ ਜ਼ਜ਼ਬਾਤ ਭਾਂਵੇ ਪੰਥਕ ਹਨ ਪਰ ਵਿਚਾਰ ਤੱਥ ਅਤੇ ਗੁਰਮਤਿ ਦਲੀਲ ਆਧਾਰਿਤ ਨਹੀਂ ਹਨ। ਅਪਣੀ ਲਿਖਤ ਦੀ ਸ਼ੁਰੂਆਤ ਵਿਚ ਉਹ ਸਹੀ ਗੱਲ ਕਰਦੇ ਹੋਏ ਜਥੇਦਾਰਾਂ ਨੂੰ ‘ਪੁਜਾਰੀ’ ਮੰਨ ਰਹੇ ਹਨ (ਸੰਗਤ ਕੋਸ਼ਿਸ਼ ਕਰ ਰਹੀ ਹੈ ਕਿ ਪੁਜਾਰੀ ਅਪਣਾ ਹੁਕਮਨਾਮਾ ਵਾਪਿਸ ਲੈ ਲੈਣ)। ਫੇਰ ਅੱਗੇ ਜਾ ਕੇ ਉਨ੍ਹਾਂ ‘ਪੁਜਾਰੀਆਂ’ ਨੂੰ ਜਥੇਦਾਰ ਵੀ ਮੰਨੀ ਜਾ ਰਹੇ ਹਨ। ਕੀ ਗੁਰਮਤਿ ਪੁਜਾਰੀਆਂ ਦੀ ਕਚਿਹਰੀ ਵਿਚ ਪੇਸ਼ ਹੋਣ ਦੀ ਸੇਧ ਬਖਸ਼ਦੀ ਹੈ? ਬਿਲਕੁਲ ਨਹੀਂ, ਹਾਂ ਪੁਜਾਰੀਵਾਦ ਨੂੰ ਰੱਦ ਜ਼ਰੂਰ ਕਰਦੀ ਹੈ। ਕੁਝ ਸੱਜਣ ਇਥੇ ਬਾਬਾ ਨਾਨਕ ਜੀ ਬਨਾਮ ਸਿੱਧਾਂ ਵਿਚਲੀ ਗੋਸ਼ਟਿ ਦਾ ਹਵਾਲਾ ਦੇ ਸਕਦੇ ਸਨ। ਪਰ ਇਥੇ ਇਹ ਨੁਕਤਾ ਧਿਆਨ ਦੇਣ ਯੋਗ ਹੈ ਕਿ ਸਿੱਧਾਂ ਨੇ ਬਾਬਾ ਨਾਨਕ ਜੀ ਨੂੰ ਪੇਸ਼ ਹੋਣ ਲਈ ਨਹੀਂ ਬੁਲਾਇਆ ਸੀ, ਬਲਕਿ ਬਾਬਾ ਨਾਨਕ ਜੀ ਆਪ ਸਿੱਧਾਂ ਨਾਲ ਵਾਰਤਾ ਕਰਕੇ ਸੱਚ ਸਮਝਾਉਣ ਗਏ ਸਨ। ਉਹ ‘ਪੇਸ਼ੀ’ ਨਹੀਂ, ਵਾਰਤਾ ਸੀ।

ਅਜਰਾਵਤ ਸਿੰਘ ਜੀ ਦੀ ਲਿਖਤ ਦੇ ਇਹ ਅੰਸ਼ “ਅਕਾਲ ਤਖਤ ਦੇ ਇਸ ਕਦਮ ਨਾਲ ਇੰਝ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਪੰਥ ਵਿਚ ਚਲ ਕੀ ਰਿਹਾ ਹੈ, ਜੋ ਕਿਸੇ ਪ੍ਰਚਾਰਕ ਦੀ ਇਕ ਅੱਧੀ ਪੰਕਤੀ ਨੂੰ ਚੁੱਕ ਕੇ ਬੇ-ਮਤਲਬ ਰੌਲਾ ਪਾ ਦਿੱਤਾ” ਵੀ ਧਿਆਨ ਮੰਗਦੇ ਹਨ। ਜਿਥੇ ਲਿਖਤ ਦੇ ਸ਼ੁਰੂ ਵਿਚ ਉਹ ਅਖੌਤੀ ਜਥੇਦਾਰਾਂ ਨੂੰ ਸਹੀ ਤਰਾਂ ਪੁਜਾਰੀ ਮੰਨ ਰਹੇ ਸਨ, ਕੁਝ ਪੰਕਤੀਆਂ ਬਾਅਦ ਹੀ ਉਹ ਇਹਨਾਂ ਪੁਜਾਰੀਆਂ ਨੂੰ ‘ਅਕਾਲ ਤਖਤ’ ਦਸ ਰਹੇ ਹਨ। ਉਹ ਪੁਜਾਰੀਆਂ ਦੇ ਇਸ ਅਕਾਲ ਤਖਤ ਨੂੰ ‘ਭੋਲਾ’ ਵੀ ਦੱਸ ਰਹੇ ਹਨ ਜਿਸਨੂੰ ਪਤਾ ਨਹੀਂ ਕਿ ਪੰਥ ਵਿਚ ਕੀ ਚਲ ਰਿਹਾ ਹੈ। ਕਿਤਨਾ ਕੱਚਾ ਮੁਲਾਂਕਣ ਹੈ? ਸੱਚ ਇਹ ਹੈ ਕਿ ਇਹ ਪੁਜਾਰੀ ਜਾਣਦੇ ਹਨ ਕਿ ਪ੍ਰੋ. ਧੂੰਦਾ ਜਿਹੇ ਪ੍ਰਚਾਰਕਾਂ ਦਾ ਪ੍ਰਚਾਰ ਪੰਥ ਵਿਰੋਧੀ ਅਤੇ ਸੰਪਰਦਾਈ ਤਾਕਤਾਂ ਦੇ ਲਈ ਸਹਿਣਾ ਮੁਸ਼ਕਿਲ ਹੋ ਰਿਹਾ ਹੈ। ਸੋ ਪ੍ਰੋ. ਧੂੰਦਾ ਖਿਲਾਫ ਉਨ੍ਹਾਂ ਪੁਜਾਰੀਆਂ ਦਾ ਇਹ ਕਦਮ ‘ਭੋਲੇਪਨ’ ਵਿਚ ਨਹੀਂ ਚੁੱਕਿਆ ਗਿਆ, ਬਲਕਿ ਪੰਥ ਵਿਰੋਧੀ ਅਤੇ ਸੰਪਰਦਾਈ ਤਾਕਤਾਂ ਦੇ ਮੋਹਰਿਆਂ ਵਜੋਂ ਹੀ ਚੁੱਕਿਆ ਗਿਆ ਹੈ।

ਵੀਰ ਅਜਰਾਵਤ ਸਿੰਘ ਜੀ ਦੀ ਇਹ ਸਲਾਹ ਹੈ, ਕਿ ਲੋੜ ਪੈਣ ਤੇ ਪ੍ਰੋ. ਧੂੰਦਾ ਪੁਜਾਰੀਆਂ ਦੇ ਮੁੰਹ ਤੇ ਜਵਾਬ ਦੇ ਕੇ ਆਉਣ। ਅੱਜ ਮੀਡੀਆ ਦਾ ਜਮਾਨਾ ਹੈ, ਕਿਸੇ ਨੂੰ ਖਰੀਆਂ-ਖਰੀਆਂ ਸੁਨਾਉਣ ਲਈ ਉਸ ਦੀ ਕਚਿਹਰੀ ਵਿਚ ਜਾਉਣ ਦੀ ਲੋੜ ਨਹੀਂ, ਮੀਡੀਆ ਰਾਹੀਂ ਪਹੁੰਚਾਈ ਜਾ ਸਕਦੀ ਹੈ। ਜੇ ਪਾਠਕਾਂ ਨੂੰ ਯਾਦ ਹੋਵੇ ਤਾਂ ਕੁਝ ਸਾਲ ਪਹਿਲਾਂ ਸੁਚੇਤ ਪੰਥ ਦੇ ਦਸ ਕੁ ਵਿਦਵਾਨਾਂ (ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਜਨਰਲ ਨਰਿੰਦਰ ਸਿੰਘ ਜੀ, ਜੋਗਿੰਦਰ ਸਿੰਘ ਜੀ ਸਪੋਕਸਮੈਨ ਆਦਿਕ) ਨੇ ਮੀਡੀਆ ਰਾਹੀਂ ਇਕ ਪੱਤਰ ਜ਼ਾਰੀ ਕਰਕੇ ਇਹਨਾਂ ‘ਪੁਜਾਰੀਆਂ’ ਨੂੰ ਪੁੱਛਿਆ ਸੀ ਕਿ ਉਹਨਾਂ ਨੂੰ ਅਕਾਲ ਤਖਤ ਦੇ ਨਾਂ ਤੇ ‘ਕਚਿਹਰੀ’ ਲਾਉਣ ਦਾ ਇਹ ਅਧਿਕਾਰ ਕਿਸ ਨੇ ਦਿਤਾ ? ਇਹ ਹੁੰਦਾ ਹੈ ਮੁੰਹ ਤੇ ਜਵਾਬ ਦੇਣਾ। ਪੁਜਾਰੀਆਂ ਨੂੰ ਅੱਜ ਤੱਕ ਉਸ ਦਾ ਜਵਾਬ ਨਹੀਂ ਸੁਝਿਆ। ਹਾਂ ਸਮਝੌਤੇ ਲਈ ਜਾਂ ਪੁਜਾਰੀਆਂ ਦੀ ਹਉਮੈ ਨੂੰ ਪੱਠੇ ਪਾਉਣ ਲਈੇ (ਬੰਦ ਕਮਰੇ ਵਿਚ) ਮਿਲਣਾ ਜ਼ਰੂਰੀ ਬਣ ਜਾਂਦਾ ਹੈ।

ਸੋ ਸਪਸ਼ਟ ਹੈ ਕਿ ਵੀਰ ਅਜਰਾਵਤ ਸਿੰਘ ਜੀ ਦੀ ਇਹ ਲਿਖਤ ਭਾਂਵੇ ਸੁਹਿਰਦ ਜਜ਼ਬਾਤਾਂ ਨਾਲ ਲਿਖੀ ਗਈ ਹੈ, ਪਰ ਗੁਰਮਤਿ ਦਲੀਲ ਅਤੇ ਤੱਥਾਂ ਆਧਾਰਿਤ ਨਹੀਂ ਹੈ।

  1. ਵੀਚਾਰਵਾਨ ਨੂੰ ਹਮੇਸ਼ਾਂ ਤੱਥਾਂ ਅਤੇ ਦਲੀਲ ਨਾਲ ਗੱਲ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।

    ਵਿਚਾਰ:- ਇਹ ਨੁਕਤਾ ਗੁਰਮਤਿ ਅਨੁਸਾਰ ਠੀਕ ਹੈ। ਪਰ ਪ੍ਰੋ. ਧੂੰਦਾ ਮੀਡੀਆ ਅਤੇ ਸੰਗਤੀ ਕਥਾ ਰਾਹੀਂ ਇਸ ਵਿਸ਼ੇ ਤੇ ‘ਤੱਥਾਂ ਅਤੇ ਦਲੀਲ’ ਨਾਲ ਸਪਸ਼ਟੀਕਰਨ ਦੇ ਚੁੱਕੇ ਹਨ। ਜੇ ਜ਼ਰੂਰੀ ਲਗਦਾ ਹੈ ਤਾਂ ਪੁਜਾਰੀਆਂ ਤੱਕ ਵੀ ‘ਤੱਥਾਂ ਅਤੇ ਦਲੀਲ’ ਨਾਲ ਕਿਸੇ ਹੋਰ ਤਰੀਕੇ ਸਪਸ਼ਟੀਕਰਨ ਭੇਜਿਆ ਜਾ ਸਕਦਾ ਹੈ। ਹਾਂ ਪੁਜਾਰੀਆਂ ਦੀ ਕਚਿਹਰੀ ਵਿਚ ਜਾਉਣ ਦਾ ਮਕਸਦ ਤਾਂ ਇਹੀ ਬੱਚਦਾ ਹੈ ਕਿ ਉਹਨਾਂ ਦੀ ਹਉਮੈ ਨੂੰ ਪੱਠੇ ਪਾ ਕੇ ਅਪਣੀ ਖੱਲ (ਸਟੇਜਾਂ) ਬਚਾ ਲਈ ਜਾਵੇ। ਪਰ ਇਹ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” (ਪੰਨਾ 1427) ਜੈਸੀਆਂ ਲਾਸਾਣੀ ਗੁਰਮਤਿ ਸੇਧਾਂ ਨੂੰ ਪਿੱਠ ਵਿਖਾਉਣ ਤੁੱਲ ਹੈ।

  2. ਧੂੰਦਾ ਜੀ ਬਹੁਤ ਵਧੀਆ ਬੁਲਾਰੇ ਹਨ ਉਨ੍ਹਾਂ ਦਾ ਸਟੇਜ ਤੇ ਰਹਿਣਾ ਬਹੁਤ ਜ਼ਰੂਰੀ ਹੈ। ਤਾਂ ਕਿ ਪਿੰਦਰਪਾਲ ਸਿੰਘ ਵਰਗੇ ਪ੍ਰਚਾਰਕਾਂ ਅਤੇ ਬਾਬਾਵਾਦੀ ਸੋਚ ਨੂੰ ਟੱਕਰ ਦਿਤੀ ਜਾ ਸਕੇ।

ਵਿਚਾਰ:- ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰੋ. ਧੂੰਦਾ ਜੀ ਬਹੁਤ ਵਧੀਆ ਬੁਲਾਰੇ ਹਨ, ਪਰ ਕੀ ਇਹ ਸੋਚ ਸਹੀ ਹੈ ਕਿ ਸਟੇਜਾਂ ਖੁੱਸ ਜਾਣ ਦੇ ਡਰ ਤੋਂ ‘ਸਿਧਾਂਤ’ ਨਾਲ ਸਮਝੌਤਾ ਕਰ ਲੈਣ? ਕੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ‘ਗੁਰਮਤਿ ਸਿਧਾਂਤ’ ਸਿਰਫ ਸਟੇਜਾਂ ਤੋਂ ਪ੍ਰਚਾਰਨ ਲਈ ਹੀ ਹਨ, ਪਹਿਰਾ ਦੇਣ ਲਈ ਨਹੀਂ? ਉਪਰ ਵਿਚਾਰੇ ਅਨੁਸਾਰ ਇਸ ਤਰੀਕੇ ਤਾਂ ਮਹਾਨ ਪੰਥਕ ਸ਼ਖਸੀਅਤਾਂ ਦੀਆਂ ਕੁਰਬਾਣੀਆਂ ਗਲਤ ਸਨ, ਕਿਉਂਕਿ ਜੇ ਕੁਰਬਾਣੀ ਕਰਨ ਦੀ ਥਾਂ ਸਮਝੌਤਾ ਕਰਕੇ ਕੁਝ ਹੋਰ ਸਮਾਂ ਪੰਥ ਵਿਚ ਰਹਿ ਜਾਂਦੇ ਤਾਂ ਪੰਥ ਭਲਾਈ ਲਈ ਬਹੁਤ ਕੁਝ ਕਰ ਸਕਦੇ ਸਨ। ਵੈਸੇ ਪ੍ਰੋ. ਗੁਰਮੁੱਖ ਸਿੰਘ ਜੀ ਤੋਂ ਲੈ ਕੇ ਪ੍ਰੋ. ਦਰਸ਼ਨ ਸਿੰਘ ਜੀ ਦੇ ਪੁਜਾਰੀਆਂ ਵਲੋਂ ਛੇਕੇ ਜਾਣ ਨਾਲ ‘ਜਾਗਰੂਕਤਾ’ ਵੱਧੀ ਹੀ ਹੈ, ਕਮਜ਼ੋਰ ਨਹੀਂ ਹੋਈ। ਕਿਉਂਕਿ ਪੁਜਾਰੀਆਂ ਦੇ ਐਸੇ ਕੁ-ਕਰਮ ਹੀ ਉਹਨਾਂ ਬਾਰੇ ਜਾਗ੍ਰਿਤੀ ਲਿਆਉਣ ਦਾ ਇਕ ਕਾਰਨ ਬਣਦੇ ਹਨ।

  1. ਪ੍ਰੋ. ਇੰਦਰ ਸਿੰਘ ਘੱਗਾ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਾਲਾ ਫੈਸਲਾ ਕਰਨ ਤੇ ਯਕੀਨਨ ਹੀ ਨਤੀਜੇ ਵੀ ਉਹੀ ਨਿਕਲਣੇ ਹਨ।

ਵਿਚਾਰ:- ਇਹ ਪਹਿਲਾਂ ਸਪਸ਼ਟ ਕਰ ਚੁੱਕੇ ਹਾਂ ਕਿ ਪ੍ਰੋ. ਘੱਗਾ ਜੀ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਿਰੁਧ ਪੁਜਾਰੀਆਂ ਦੇ ‘ਕੂੜਨਾਮੇ’ ਤੋਂ ਬਾਅਦ ਜਾਗ੍ਰਿਤੀ ਵੱਧੀ ਹੀ ਹੈ, ਘਟੀ ਨਹੀਂ।

  1. ਕਿਸ ਵੀ ਧਿਰ ਨੂੰ ਧੂੰਦਾ ਜੀ ਦੇ ਅਕਾਤ ਤਖਤ ਤੇ ਪੇਸ਼ ਹੋਣ ਦਾ, ਇਸ ਕਰਕੇ ਵਿਰੋਧ ਨਹੀਂ ਕਰੀ ਜਾਣਾ ਚਾਹੀਦਾ ਕਿ ਉਹ ਇਕ ਵਾਰ ਇਹ ਕਹਿ ਚੁੱਕੇ ਹਨ ਅਤੇ ਵਾਪਿਸ ਕਿਵੇਂ ਮੁੜਨ?

ਵਿਚਾਰ:- ਸੁਹਿਰਦ ਗੁਰਸਿੱਖ ਨੂੰ ਹਰ ਸੁਝਾਅ ਜਾਂ ਫੈਸਲਾ ਗੁਰਮਤਿ ਸਿਧਾਂਤ ਦੇ ਹਿਸਾਬ ਨਾਲ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਜੇ ਕੋਈ ਪਹਿਲਾਂ ਬਣੀ ਧਾਰਨਾ ਕਰਕੇ, ਕਿਸੇ ਗਲਤ ਨੁਕਤੇ ਤੇ ਅੜਿਆ ਰਹਿੰਦਾ ਹੈ ਤਾਂ ਐਸਾ ਕਰਨਾ ਬੇਸ਼ਕ ਗਲਤ ਹੈ। ਪਰ ਤੱਤ ਗੁਰਮਤਿ ਪਰਿਵਾਰ ਨੇ ਹਮੇਸ਼ਾਂ ਅਪਣਾ ਪੱਖ ਗੁਰਮਤਿ ਅਤੇ ਤੱਥਾਂ ਦੇ ਆਧਾਰ ਤੇ ਰੱਖਣ ਦਾ ਜਤਨ ਕੀਤਾ ਹੈ। ਪ੍ਰੋ. ਧੂੰਦਾ ਦੇ ਮਸਲੇ ਤੇ ਵੀ ਸਾਡੀ ਸਲਾਹ ਦਾ ਆਧਾਰ ਇਹੀ ਹੈ। ਗੁਰਮਤਿ ਦੀ ਸੇਧ ਵਿਚ ਸਾਡਾ ਇਹ ਮੰਨਣਾ ਹੈ ਕਿ ਗੁਰਮਤਿ ਇਨਕਾਲਬ ਦੇ ਸਫਰ ਵਿਚ ‘ਸ਼ਖਸੀਅਤ’ ਦੇ ਹਿਸਾਬ ਨਾਲ ਸਿਧਾਂਤਾਂ ਨੂੰ ਘੁਮਾਉਣ ਦਾ ਜਤਨ ਨਹੀਂ ਕਰਨਾ ਚਾਹੀਦਾ। ਪ੍ਰੋ. ਧੂੰਦਾ ਜੀ ਨੂੰ ਪੁਜਾਰੀਵਾਦ ਨੂੰ ਮਾਨਤਾ ਨਾ ਦੇਣ ਦੀ ਸਲਾਹ ਵੀ ਗੁਰਮਤਿ ਅਤੇ ਤੱਥਾਂ ਤੇ ਆਧਾਰਤ ਹੈ, ਸਿਰਫ ਪਹਿਲਾਂ ਤੋਂ ਬਣੀ ਧਾਰਨਾ ਹੀ ਨਹੀਂ।

  1. ਸੰਗਤਾਂ ਦੀਆਂ ਭਾਵਨਾਵਾਂ ਦਰਬਾਰ ਸਾਹਿਬ ਅਤੇ ਗੁਰਬਾਣੀ ਕੀਰਤਨ ਨਾਲ ਬਹੁਤ ਡੂਘੀਆਂ ਜੁੜੀਆਂ ਹੋਈਆਂ ਹਨ, ਸਾਨੂੰ ਉਹਨਾਂ ਭਾਵਨਾਵਾਂ ਦੀ ਕਰਦ ਕਰਣੀ ਚਾਹੀਦੀ ਹੈ।

ਵਿਚਾਰ:- ਇਸ ਨੁਕਤੇ ਦਾ ‘ਪੇਸ਼ ਹੋਣ ਦੀ ਸਲਾਹ’ ਨਾਲ ਕੋਈ ਸੰਬੰਧ ਨਹੀਂ ਬਣਦਾ, ਕਿਉਂਕਿ ਪੇਸ਼ ਹੋਣ ਦੀ ਗੱਲ ਸੰਗਤ ਨਾਲ ਨਹੀਂ, ਪੁਜਾਰੀਆਂ ਨੂੰ ਮਾਨਤਾ ਦੇਣ ਦੀ ਗੱਲ ਨਾਲ ਜੁੜੀ ਹੈ। ਜਿਥੋਂ ਤੱਕ ਸੰਗਤ ਦੀ ਭਾਵਨਾਵਾਂ ਦੀ ਗੱਲ ਹੈ ਤਾਂ ਪ੍ਰੋ. ਧੂੰਦਾ ਜੀ ਸੰਗਤੀ ਰੂਪ ਵਿਚ ਅਤੇ ਮੀਡੀਆ ਰਾਹੀਂ ਇਸ ਬਾਰੇ ਸਪਸ਼ਟੀਕਰਨ ਦੇ ਚੁੱਕੇ ਹਨ। ਬਾਕੀ ਇਹ ਤੱਥ ਵੀ ਧਿਆਨ ਦੇਣ ਯੋਗ ਹੈ ਕਿ ਜਿਸ ਕਥਾ ਨੂੰ ਆਧਾਰ ਬਣਾ ਕੇ ਇਹ ਸ਼ਿਕਾਇਤ ਆਈ ਹੈ, ਉਹ ਭਰੀ ਸੰਗਤ ਵਿਚ ਹੋਈ ਸੀ, ਉਥੇ ਜਾਂ ਉਸ ਤੋਂ ਬਾਅਦ ਤਾਂ ਸੰਗਤ ਵਿਚੋਂ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ। ਪੁਜਾਰੀਆਂ ਕੌਲ ਜੇ ਕੋਈ ਸ਼ਿਕਾਇਤ ਆਈ ਵੀ ਹੈ ਤਾਂ ਉਹ ਸੰਗਤ ਵਲੋਂ ਨਹੀਂ, ਕੁਝ ਦਸਮ ਗ੍ਰੰਥੀਆਂ ਵਲੋਂ ਆਈ ਹੋਵੇਗੀ।

  1. ਕੁੱਝ ਵੀਰਾਂ ਦਾ ਵੀਚਾਰ ਹੈ ਕਿ ਪ੍ਰੋ. ਧੂੰਦਾ ਜੇਕਰ ਪੇਸ਼ ਹੋ ਗਏ ਤਾਂ ਅਸੀਂ ਜੰਗ ਹਾਰ ਜਾਵਾਂਗੇ। ਪਰ ਕੀ ਜੰਗ ਸ਼ੁਰੂ ਹੋਈ ਹੈ? (ਜੰਗ ਸ਼ੁਰੂ ਕਰਨ ਵਾਸਤੇ ਇਕ ਸਾਂਝੀ ਜਥੇਬੰਦੀ ਅਤੇ ਇਕ ਜਰਨੈਲ ਦਾ ਜ਼ਰੂਰੀ ਹੈ।

ਵਿਚਾਰ:- ਇਥੇ ਮੁੱਖ ਮਸਲਾ ਪੁਜਾਰੀਵਾਦ ਦੀ ਹੋਂਦ ਨੂੰ ਮਾਨਤਾ ਦੇਣ ਦਾ ਹੈ। ਜਿਥੋਂ ਤੱਕ ‘ਪੁਜਾਰੀਵਾਦ’ ਖਿਲਾਫ ਜੰਗ ਦੀ ਗੱਲ ਹੈ ਤਾਂ ਇਹ ਜੰਗ ਬਾਬਾ ਨਾਨਕ ਵਲੋਂ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਦੀ ਸ਼ੁਰੂਆਤ ਤੋਂ ਹੀ ਚਲੀ ਆ ਰਹੀ ਹੈ। ਸੋ ਇਹ ਕਹਿਣਾ ਬਿਲਕੁਲ ਆਧਾਰ ਰਹਿਤ ਹੈ ਕਿ ਜੰਗ ਸ਼ੁਰੂ ਹੀ ਨਹੀਂ ਹੋਈ। ਇਹ ਵੀ ਸੱਚ ਹੈ ਕਿ ਐਸੀ ਜੰਗ ਨੂੰ ਕਿਸੇ ਇਕ ਜਰਨੈਲ ਦੇ ਥਿੜਕ ਜਾਣ ਨਾਲ ਵਕਤੀ ਝਟਕਾ ਬੇਸ਼ਕ ਲਗਦਾ ਹੋਵੇ, ਉਹ ਹਾਰ ਵਿਚ ਨਹੀਂ ਬਦਲ ਜਾਂਦੀ। ਇਹ ਇਕ ਨਿਰੰਤਰ ਜੰਗ ਹੈ, ਜੋ ਚਲਦੀ ਹੀ ਰਹਿਣੀ ਹੈ। ਇਸ ਜੰਗ (ਜਾਗ੍ਰਿਤੀ ਇਨਕਲਾਬ) ਦੇ ਸਫਰ ਵਿਚ ‘ਸਿਧਾਂਤ’ ਜ਼ਿਆਦਾ ਮਾਇਨੇ ਰੱਖਦੇ ਹਨ, ਸ਼ਖਸੀਅਤਾਂ ਨਹੀਂ।

ਇਹ ਤੱਥ ਸਹੀ ਹੈ ਕਿ ਜੰਗ ਲੜਣ ਲਈ ਜੇ ਇਕ ਸਾਂਝੀ ਜਥੇਬੰਦੀ ਅਤੇ ਜਰਨੈਲ ਹੋਵੇ ਤਾਂ ਇਸ ਨਾਲ ਜੰਗ ਦੇ ਵੱਧ ਪ੍ਰਭਾਵਸ਼ਾਲੀ ਹੋਣ ਦੇ ਆਸਾਰ ਰਹਿੰਦੇ ਹਨ। ਪਰ ਸਾਂਝੀ ਜਥੇਬੰਦੀ ਅਤੇ ਜਰਨੈਲ ਲਈ ਆਪਸੀ ਤਾਲਮੇਲ ਦੀ ਜ਼ਰੂਰਤ ਹੈ, ਪੁਜਾਰੀਆਂ ਦੀ ਹੋਂਦ ਨੂੰ ਮਾਨਤਾ ਦੇਣ ਦੀ ਨਹੀਂ।

  1. ਕਿਸੇ ਮੰਜਿਲ ਤੱਕ ਪਹੁੰਚਨ ਲਈ ਲੜਾਈ ਅਤੇ ਸਮਝੌਤਾ (ਵੀਚਾਰ) ਦੋ ਪੜਾਅ ਹੁੰਦੇ ਹਨ

ਵਿਚਾਰ:- ਗੁਰਮਤਿ ਇਨਕਲਾਬ ਦੀ ਮੰਜ਼ਿਲ ਤੱਕ ਪਹੁੰਚਨ ਲਈ ਸੇਧ ਗੁਰਮਤਿ ਅਤੇ ਪ੍ਰਮਾਣਿਕ ਇਤਿਹਾਸ ਤੋਂ ਹੀ ਲੈਣੀ ਬਣਦੀ ਹੈ। ਗੁਰਮਤਿ ਸਿਧਾਂਤ ਨਾਲ ਸਮਝੌਤਾ ਕਰਨ ਦੀ ਸੋਚ ਜਾਇਜ਼ ਨਹੀਂ। ਮੌਜੂਦਾ ਪੁਜਾਰੀਵਾਦੀ ਵਿਵਸਥਾ ਨੂੰ ਗੁਰਮਤਿ ਅਤੇ ਪ੍ਰਮਾਨਿਕ ਸਿੱਖ ਇਤਿਹਾਸ ਮਾਨਤਾ ਨਹੀਂ ਦੇਂਦਾ ਅਤੇ ਜਦੋਂ ਤੱਕ ਸੁਚੇਤ ਪੰਥ ਇਸ ਸੱਚ ਨੂੰ ਅਪਣਾ ਕੇ ਇਸ ਪੁਜਾਰੀਵਾਦੀ ਵਿਵਸਥਾ ਨੂੰ ਰੱਦ ਨਹੀਂ ਦੇਂਦਾ, ਉਸ ਸਮੇਂ ਤੱਕ ਪੂਰੀ ਤਰਾਂ ਗੁਰਮਤਿ ਨੂੰ ਸਮਰਪਤ ਹੋਣ ਦਾ ਦਾਅਵਾ ਕਰਨਾ ਬੇਮਾਅਣੇ ਹੈ।

  1. ਸਿੱਖਾਂ ਬਾਰੇ ਵੈਸੇ ਵੀ ਇਹ ਮਸ਼ਹੂਰ ਹੈ ਕਿ ਇਹ ਲੜ ਜਲਦੀ ਪੈਂਦੇ ਹਨ ਪਰ ਸਮਝੌਤਾ ਕਰਨ ਵੇਲੇ ਫੇਲ ਹੋ ਜਾਂਦੇ ਹਨ।

ਵਿਚਾਰ:- ਇਥੇ ਗੱਲ ਸਿਰਫ ਸਿੱਖਾਂ ਦੀ ਨਹੀਂ ਹੈ, ਪੁਜਾਰੀਵਾਦ ਨੂੰ ਮਾਨਤਾ ਦੇਣ ਦੇ ਵਿਸ਼ੇ ਨਾਲ ਸਾਰੀ ਮਨੁੱਖਤਾ ਦਾ ਭਵਿੱਖ ਜੁੜਿਆ ਹੈ। ਗੁਰਮਤਿ ਇਨਕਲਾਬ ਦੇ ਸਫਰ ਵਿਚ ਵਕਤੀ ਫਾਇਦੇ ਦੇਖ ਕੇ ਸਿਧਾਂਤ ਨਾਲ ਸਮਝੌਤੇ ਕਰ ਲੈਣ ਦੀ ਸਲਾਹ ਗੁਰਮਤਿ ਤੋਂ ਉਲਟ ਹੈ। ਇਸ ਵਿਸ਼ੇ ਵਿਚ ਸਮਝੌਤਾ ਕਰਨ ਵਾਲੀ ਕੋਈ ਗੱਲ ਨਹੀਂ ਬਣਦੀ। ਪੇਸ਼ ਹੋਣ ਦੀ ਸਲਾਹ ਦਾ ਭਾਵ ਇਥੇ ਪੁਜਾਰੀਆਂ ਨੂੰ ਜਥੇਦਾਰ ਮੰਨ ਕੇ ਉਹਨਾਂ ਦੀ ਹਉਮੈ ਨੂੰ ਪੱਠੇ ਪਾਉਣਾ ਹੈ। ਐਸੀ ਸਲਾਹ ਦੇਣ ਵਾਲੇ ਪੇਸ਼ ਹੋਣ ਦੇ ਮੁੱਦੇ ਤੇ ਭਾਂਵੇ ਇਕਮੱਤ ਹਨ, ਪਰ ਉਨ੍ਹਾਂ ਦੀਆਂ ਦਲੀਲਾਂ ਆਪਾ-ਵਿਰੋਧੀ ਹਨ। ਮਿਸਾਲ ਲਈ ਕੋਈ ਕਹਿ ਰਿਹਾ ਹੈ ਕਿ “ਇਹ ਸਮਝੌਤਾ ਨਹੀਂ ਬਲਕਿ ਪੁਜਾਰੀਆਂ ਨੂੰ ਸੱਚ ਸਮਝਾਉਣ ਦਾ ਜਤਨ ਹੈ, ਦੂਜਾ ਕਹਿ ਰਿਹਾ ਹੈ ਜੇ ਪੁਜਾਰੀਆਂ ਦੀ ਈਨ ਮੰਨ ਕੇ 2 ਦਿਨ ਭਾਂਡੇ ਵੀ ਮਾਂਜਣੇ ਪਏ ਤਾਂ ਕੋਈ ਫਰਕ ਨਹੀਂ ਪੈਂਦਾ, ਕੋਈ ਕਹਿ ਰਿਹਾ ਹੈ ਚਲੋਂ ਪੁਜਾਰੀਆਂ ਨੂੰ ਧੂਹ ਕੇ ਸਕੱਤਰੇਤ ਵਿਚੋਂ ਬਾਹਰ ਲੈ ਆਈਏ । ਫੇਰ ਉਹਨਾਂ ਸਾਹਮਣੇ ਸੰਗਤ ਵਿਚ ਸਪਸ਼ਟੀਕਰਨ ਦੇਈਏ” ਇਸ ਆਪਾ ਵਿਰੋਧ ਦਾ ਇਕੋ ਇਕ ਕਾਰਨ ਸਿਧਾਂਤ ਨੂੰ ਅੱਖੋਂ ਪਰੋਖੇ ਕਰ ਕੇ ਨਜ਼ਰ ਆ ਰਹੇ ਵਕਤੀ ਫਾਇਦੇ ਹਨ। ਸਿਧਾਂਤ ਵੱਲ ਵੇਖ ਕੇ ਗੱਲ ਕਰਨ ਵਾਲਿਆਂ ਵਿਚ ਆਪਾ ਵਿਰੋਧ ਨਹੀਂ ਹੁੰਦਾ।

  1. ਵਿਦਵਾਨਾਂ ਦਾ ਕਹਿਣਾ ਹੈ ਕਿ ਲੜਾਈ ਭਾਵਕਤਾ ਵਿਚੋਂ ਉਪਜਦੀ ਹੈ ਅਤੇ ਸਮਝੌਤਾ ਦਿਮਾਗ ਵਿਚੋਂ।

ਵਿਚਾਰ:- ਇਸ ਕਹਾਵਤ ਨੂੰ ਇਸ ਵਿਸ਼ੇ ਨਾਲ ਜੋੜ ਕੇ (ਪੇਸ਼ ਹੋਣ ਦੇ ਹੱਕ ਵਿਚ) ਹਾਂ-ਪੱਖੀ ਵਰਤਣ ਵਾਲੇ ਸੱਜਣਾਂ ਨੂੰ ਸ਼ਾਇਦ ਬਾਬਾ ਨਾਨਕ ਜੀ ਤੋਂ ਲੈ ਕੇ ਸਿੱਖ ਇਤਿਹਾਸ ਵਿਚਲੇ ਉਹ ਸਾਰੇ ਮਰਜੀਵੜੇ ਦਿਮਾਗ ਤੋਂ ਖਾਲੀ ਲਗਦੇ ਹਨ ਜਿਨ੍ਹਾਂ ਨੇ ਪੁਜਾਰੀਵਾਦ ਨਾਲ ਸਮਝੌਤੇ ਨਾ ਕਰਕੇ ਗੁਰਮਤਿ ਨੂੰ ਸਮਰਪਿਤ ਭਾਵਨਾਵਾਂ ਨੂੰ ਪਹਿਲ ਦਿਤੀ?

  1. ਆਲਾ ਸਿੰਘ ਵਾਂਗ ਖਤਰਾ ਮੁੱਲ ਲੈਣ ਤੋਂ ਡਰਦਿਆਂ ਸਮਝੌਤਾਵਾਦੀ ਹੋਣਾ ਅਤੇ ਮਾਸਟਰ ਤਾਰਾ ਸਿੰਘ ਜੀ ਵਾਗ ਭਾਵੁਕ ਹੋ ਕੇ (ਸਮਝੌਤਾ ਕਰਨ ਦੀ ਬਿਬੇਕਸ਼ੀਲਤਾ ਦੀ ਘਾਟ ਕਰਕੇ) ਲੜ ਪੈਣਾ, ਕਿਸੇ ਵੀ ਦਲੀਲ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ।

ਵਿਚਾਰ:- ਇਸ ਨੁਕਤੇ ਵਿਚ ਕੋਈ ਸਪਸ਼ਟਤਾ ਨਹੀਂ ਹੈ। ਪੇਸ਼ ਹੋਣ ਦੀ ਸਲਾਹ ਵੀ ਤਾਂ ਇਸ ਖਤਰੇ ਦੇ ਡਰੋਂ ਦਿਤੀ ਜਾ ਰਹੀ ਹੈ ਕਿ ਸਟੇਜਾਂ ਨਾ ਖੁੱਸ ਜਾਣ। ਆਲਾ ਸਿੰਘ ਦੇ ਡਰ ਵਜੋਂ ਸਮਝੌਤੇ ਨੂੰ ਗਲਤ ਦਸਦੇ ਹੋਏ ਆਪ ਸਿਧਾਂਤ ਨਾਲ ਸਮਝੌਤਾ ਕਰਨ ਦੀ ਸਲਾਹ ਦੇਣਾ ਆਪਾ ਵਿਰੋਧ ਅਤੇ ਅਸਪਸ਼ਟਤਾ ਦਰਸਾਉਂਦਾ ਹੈ।

  1. ਪਹਿਲਾਂ ਕੀਤੇ ਹੋਏ ਫੈਸਲਿਆਂ ਨੂੰ ਸਹੀ ਠਹਿਰਾਉਣ ਵਾਸਤੇ ਹੀ ਮੁੜ ਉਹੀ ਫੈਸਲਾ ਨਹੀਂ ਕਰ ਲੈਣਾ ਚਾਹੀਦਾ (ਬੇਸ਼ੱਕ ਗਲਤ ਹੀ ਹੋਵੇ)

ਵਿਚਾਰ:- ਗੱਲ ਪਹਿਲਾਂ ਹੋਏ ਜਾਂ ਹੁਣ ਹੋਣ ਵਾਲੇ ਫੈਸਲਿਆਂ ਦੀ ਨਹੀਂ ਹੈ। ਫੈਸਲੇ ਲਈ ਗੁਰਮਤਿ ਅਤੇ ਪ੍ਰਮਾਨਿਕ ਸਿੱਖ ਇਤਿਹਾਸ ਦੀ ਸੇਧ ਲੈਣ ਦਾ ਹੋਕਾ ਦਿਤਾ ਜਾ ਰਿਹਾ ਹੈ। ਉਪਰ ਹੋ ਚੁੱਕੀ ਵਿਚਾਰ ਤੋਂ ਸਪਸ਼ਟ ਹੈ ਅਕਾਲ ਤਖਤ ਦੇ ਨਾਂ ਤੇ ਮੌਜੂਦਾ ਸਮੇਂ ਪੁਜਾਰੀਆਂ ਦੀ ਕਚਿਹਰੀ ਰੂਪੀ ਵਿਵਸਥਾ ਦੀ ਪ੍ਰੋੜਤਾ ਨਾ ਤਾਂ ਗੁਰਮਤਿ ਕਰਦੀ ਹੈ, ਨਾ ਹੀ ਪ੍ਰਮਾਨਿਕ ਸਿੱਖ ਇਤਿਹਾਸ। ਸੋ ਇਸ ਵਿਵਸਥਾ ਨੂੰ ਕਿਸੇ ਵੀ ਰੂਪ ਵਿਚ ਮਾਨਤਾ ਦੇਣਾ ਗੁਰਮਤਿ ਸੇਧ ਨੂੰ ਪਿੱਠ ਵਿਖਾਉਣ ਦੇ ਤੁੱਲ ਹੈ।

  1. ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਧੂੰਦਾ ਜੀ ਦੇ ਨਾਲ ਇਕ ਸੰਸਥਾ ਖੜੀ ਜੋ ਕਿ ਧੂੰਦਿਆਂ ਨੂੰ ਪੈਦਾ ਕਰਨ ਦਾ ਇਕ ਸੋਮਾ ਹੈ (ਕਿਤੇ ਅਜੇਹਾ ਤੇ ਨਹੀਂ ਕਿ ਦੁਸ਼ਮਨ ਉਸ ਸੋਮੇ ਨੂੰ ਖਤਮ ਕਰਨਾ ਚਾਹੁੰਦਾ ਹੋਵੇ)।

ਵਿਚਾਰ:- ਗੁਰਮਤਿ ਇਨਕਲਾਬ ਦੇ ਰਾਹ ਵਿਚ ਸ਼ਖਸੀਅਤਾਂ ਅਤੇ ਸੰਸਥਾਵਾਂ ਤੋਂ ਵੱਧ ਅਹਿਮੀਅਤ ‘ਗੁਰਮਤਿ ਸਿਧਾਂਤਾਂ’ ਦੀ ਹੈ। ਸੋ ਇਸ ਇਨਕਲਾਬ ਨਾਲ ਜੁੜੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ ਨਾ ਕਿ ਅਪਣੇ ਅਨੁਸਾਰ ਗੁਰਮਤਿ ਸਿਧਾਂਤਾਂ ਨੂੰ ਬਦਲ ਦੇਣ ਦੀ ਮੰਗ ਕਰਨੀ ਚਾਹੀਦੀ ਹੈ।

  1. ਕੋਈ ਵੀ ਫੈਸਲਾ ਕਰਨ ਸਮੇਂ, ਧੂੰਦਾ ਜੀ, ਆਪਣੀ ਕਨੈਡਾ ਫੇਰੀ ਸਮੇਂ ਦੀਵਾਨਾਂ ਵਿਚ ਜੁੜੀ ਸੰਗਤ ਨੂੰ ਵੇਖ ਕੇ ਇਹ ਭੁਲੇਖਾ ਨਾ ਖਾ ਜਾਣ ਕੇ ਇਹ ਸਭ ਮੇਰੇ ਨਾਲ ਹਨ, ਜੋ ਭੁਲੇਖਾ ਅਕਸਰ ਪ੍ਰਬੰਧਕ ਖਾ ਜਾਂਦੇ ਹਨ

ਵਿਚਾਰ:- ਸਾਡੀ ਧੂੰਦਾ ਜੀ ਨੂੰ ਸਲਾਹ ਹੈ ਕਿ ਇਸ ਵਿਸ਼ੇ ਤੋਂ ਕੋਈ ਵੀ ਫੈਸਲਾ ਲੈਣ ਵੇਲੇ ਨਾ ਤਾਂ ਅਪਣੇ ਦੀਵਾਨਾਂ ਵਿਚ ਆ ਰਹੀ ਸੰਗਤ ਦੀ ਭੀੜ ਨੂੰ ਵੇਖਣ ਦੀ ਲੋੜ ਹੈ ਅਤੇ ਨਾ ਹੀ ਅਪਣੀ ਸੰਸਥਾ ਦੇ ਨਿਯਮਾਵਲੀ। ਲੋੜ ਹੈ ਤਾਂ ਸਿਰਫ ਗੁਰਮਤਿ ਨੂੰ ਸਾਹਮਣੇ ਰੱਖ ਕੇ ਫੈਸਲਾ ਕਰਨ ਦੀ। ਜੇ ਆਪ ਜੀ ਨੂੰ ਪੁਜਾਰੀਆਂ ਦੀ ਕਚਿਹਰੀ ਵਾਲੀ ਇਹ ਵਿਵਸਥਾ ਬਾਬੇ ਨਾਨਕ ਦੀ ਵਿਰਾਸਤ ਲਗਦੀ ਹੈ ਤਾਂ ਜੀ ਸਦਕੇ ਜਾਵੋ।

  1. ਕਿਤੇ ਕੋਈ ਧੂੰਦਾ ਜੀ ਨਾਲ ਖੜੀ ਲਹਿਰ ਨੂੰ ਅਪਣੇ ਨਾਲ ਤੇ ਨਹੀਂ ਜੋੜਣਾ ਚਾਹੁੰਦਾ? ਤਾਂ ਕਿ ਉਹ ਅਪਣੀ ਆਵਾਜ਼ ਨੂੰ ਹੋਰ ਸ਼ਕਤੀਸ਼ਾਲੀ ਬਣਾ ਸਕੇ। ਯਾਦ ਰੱਖਿਉ! ਇਹ ਲਹਿਰ ਅਕਾਲ ਤਖਤ ਦੀ ਮਰਿਯਾਦਾ ਦੇ ਤਹਿਤ ਪ੍ਰਚਾਰ ਕਰ ਕੇ ਖੜੀ ਹੋਈ ਹੈ। ਜਿਨ੍ਹੀ ਜਲਦੀ ਉਭਰੀ ਹੈ ਉਨੀ ਛੇਤੀ ਪਤਨ ਵੀ ਹੋ ਸਕਦਾ ਹੈ।

ਵਿਚਾਰ:- ਇਹ ਨੁਕਤਾ ਕਿਸ ਨੂੰ ਨਿਸ਼ਾਨਾ ਬਣਾ ਕੇ ਲਿਖਿਆ ਗਿਆ ਹੈ, ਸਪਸ਼ਟ ਨਹੀਂ ਹੈ। ਜਿਥੋਂ ਤੱਕ ਪਰਿਵਾਰ ਦੀ ਸੋਚ ਹੈ ਸਾਨੂੰ ਲਹਿਰਾਂ ਨੂੰ ਸ਼ਖਸੀਅਤਾਂ ਨਾਲ ਨਹੀਂ, ਸਿਧਾਂਤਾਂ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਇਸ ਨੁਕਤੇ ਵਾਲਾ ਇਹ ਤੱਥ ਵੀ ਨਿਰਮੂਲ ਹੈ ਇਹ ਲਹਿਰ ਸਿਰਫ ਅਕਾਲ ਤਖਤ ਦੀ ਮਰਿਯਾਦਾ ਦੇ ਤਹਿਤ ਪ੍ਰਚਾਰ ਕਰਨ ਕਰਕੇ ਖੜੀ ਹੋਈ ਹੈ। ਇਸ ਲਹਿਰ ਦਾ ਆਧਾਰ ਹੈ ਤਾਂ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੇਧ ਹੈ। ਜੇ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਇਸ ਦੀ ਨੀਂਵ ਵਿਚ ਗਿਆਨੀ ਭਾਗ ਸਿੰਘ ਜੀ ਅੰਬਾਲਾ, ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਜਿਹੇ ਉਨ੍ਹਾਂ ਮਰਜੀਵਿੜਿਆਂ ਦੀ ਅਨਥੱਕ ਅਤੇ ਨਿਸ਼ਕਾਮ ਘਾਲਣਾ ਹੈ, ਜੋ ਮੌਜੂਦਾ ਰਹਿਤ ਮਰਿਯਾਦਾ ਦੀ ਗੁਰਮਤਿ ਵਿਰੋਧੀ ਬੰਦਸ਼ਾਂ ਤੋਂ ਮੁੱਕਤ ਹੋ ਕੇ ਵਿਚਰੇ ਸਨ। ਜੇ ਮੌਜੂਦਾ ਰਹਿਤ ਮਰਿਯਾਦਾ ਦੀ ਗੱਲ ਕਰੀਏ ਤਾਂ ਇਸ ਵਿਚ ਅਨੇਕਾਂ ਹੀ ਆਪਾ ਵਿਰੋਧੀ ਅਤੇ ਗੁਰਮਤਿ ਵਿਰੋਧੀ ਅੰਸ਼ ਹਨ, ਇਸ ਦੀ ਤਾਬਿਆਂ ਰਹਿ ਕੇ ‘ਪੂਰਨ ਸੱਚ’ ਦੀ ਗੱਲ ਕਰਨ ਦਾ ਦਾਅਵਾ ਖੋਖਲਾ ਅਤੇ ਝੂਠਾ ਹੈ, ਲਹਿਰ ਖੜਾ ਕਰਨਾ ਤਾਂ ਦੂਰ ਰਿਹਾ। ਇਸ ਬਾਰੇ ਖੁੱਲੀ ਜਾਨਕਾਰੀ ਲੈਣ ਲਈ ਪਰਿਵਾਰ ਦਾ ਲੇਖ ‘ਪੰਥ ਪ੍ਰਵਾਨਿਕਤਾ ਦੇ ਨਾਂ ਤੇ ਗੁਰਮਤਿ ਸਿਧਾਂਤਾਂ ਦੀ ਬਲੀ ਕਿਉਂ?’ ਪੜਿਆ ਜਾ ਸਕਦਾ ਹੈ।

  1. ਉਪਰੋਕਤ ਵਿਚਾਰਾਂ ਨੂੰ ਪੜ੍ਹ ਕੇ ਕੁੱਝ ਵੀਰ ਇਹ ਨਾ ਸੋਚਣ ਕੇ ਅਸੀਂ ਡਰਪੋਕ ਹਾਂ। (ਅਸੀਂ ਪ੍ਰੋ. ਧੂੰਦਾ ਜੀ ਨੂੰ ਵੀ ਸੱਦਾ ਦਿਤਾ ਸੀ ਅਤੇ ਜਲਦੀ ਹੀ ਪ੍ਰੋ. ਇੰਦਰ ਸਿੰਘ ਘੱਗਾ ਜੀ ਨੂੰ ਸਿੰਘ ਸਭਾ ਨਿਉਜ਼ੀਲੈਂਡ ਦੀ ਸਟੇਜ ‘ਤੇ ਬੁਲਾਵਾਂਗੇ)

ਵਿਚਾਰ:- ਘੱਟੋ-ਘੱਟ ਤੱਤ ਗੁਰਮਤਿ ਪਰਿਵਾਰ ਦਾ ਤਾਂ ਇਹ ਮੱਤ ਹੈ ਕਿ ਜਾਗਰੂਕ ਪੰਥ ਨਾਲ ਜੁੜੇ ਲਗਭਗ ਸਾਰੇ ਸੱਜਣ ਪੰਥਦਰਦੀ ਅਤੇ ਸੁਹਿਰਦ ਹਨ। ਸੋ ਅਸੀਂ ਕਿਸੇ ਸੁਚੇਤ ਸਿੱਖ ਬਾਰੇ ਇਹ ਸੋਚ ਨਹੀਂ ਰੱਖਦੇ ਕਿ ਉਹ ਡਰਪੋਕ ਹਨ। ਸਾਡਾ ਇਹ ਵੀ ਮੰਨਣਾ ਹੈ ਕਿ ਪ੍ਰੋ. ਧੂੰਦਾ ਨੂੰ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਵੀ ਪੰਥਦਰਦੀ ਹਨ। ਪਰ ਉਹਨਾਂ ਦੀ ਇਹ ਸੋਚ ਗੁਰਮਤਿ ਆਧਾਰਤ ਨਹੀਂ, ਜਿਸ ਬਾਰੇ ਉੱਪਰ ਦਲੀਲਾਂ ਦਿਤੀਆਂ ਗਈਆਂ ਹਨ। ਇਹ ਵੀ ਧਿਆਨਯੋਗ ਹੈ ਕਿ ਆਪਸੀ ਵਿਚਾਰਕ ਮਤਭੇਦ ਨੂੰ ਸਹਿਜ ਨਾਲ ਨਾ ਲੈਣ ਅਤੇ ਸਿਧਾਂਤ ਦੀ ਥਾਂ ਸ਼ਖਸੀਅਤਾਂ ਨੂੰ ਵੱਧ ਮਹੱਤਵ ਦੇਣ ਦੀ ਪਹੁੰਚ ਸੁਚੇਤ ਪੰਥ ਵਿਚ ਆਪਸੀ ਤਲਖੀ ਪੈਦਾ ਕਰਨ ਦਾ ਕਾਰਨ ਬਣ ਰਹੀ ਹੈ।

  1. ਸਾਡੀ ਧਿਰ ਨੂੰ ਯੋਜਨਾ ਬਣਾ ਕੇ ਲੜਾਈ ਸ਼ੁਰੂ ਕਰਨੀ ਚਾਹੀਦੀ ਹੈ, ਜੋ ਕਿ ਅਜੇ ਨਹੀਂ ਬਣ ਸਕੀ।

ਵਿਚਾਰ:- ਪੁਜਾਰੀਵਾਦ ਵਿਰੁਧ ਲੜਾਈ ਤਾਂ ਪਹਿਲਾਂ ਤੋਂ ਹੀ ਚਲ ਰਹੀ ਹੈ। ਹਾਂ ਇਹ ਅਫਸੋਸਜਨਕ ਸੱਚਾਈ ਹੈ ਕਿ ਸੁਚੇਤ ਪੰਥ ਹੁਣ ਤੱਕ ਕੋਈ ਸਾਂਝਾ ਮੰਚ ਨਹੀਂ ਬਣਾ ਸਕਿਆ। ਇਸ ਏਕਤਾ ਦੇ ਰਾਹ ਵਿਚ ਵੀ ਰੁਕਾਵਟ ਸਿਧਾਂਤਪ੍ਰਸਤੀ ਦੀ ਥਾਂ ਸ਼ਖਸੀਅਤਪ੍ਰਸਤੀ ਵਾਲੀ ਪਹੁੰਚ ਹੀ ਬਣ ਰਹੀ ਹੈ। ਇਹ ਕਮੀ ਜਿਤਨੀ ਜਲਦੀ ਦੂਰ ਹੋ ਸਕੇ ਉਤਨਾ ਲਾਹੇਵੰਦ ਹੈ। ਪਰ ਇਸ ਸੱਚਾਈ ਨਾਲ ਪ੍ਰੋ. ਧੂੰਦਾ ਨੂੰ ਪੁਜਾਰੀਆਂ ਦੀ ਕਚਿਹਰੀ ਵਿਚ ਪੇਸ਼ ਹੋਣ ਦੀ ਸਲਾਹ ‘ਗੁਰਮਤਿ ਅਨੁਸਾਰੀ’ ਨਹੀਂ ਬਣ ਜਾਂਦੀ।

  1. ਦੁਸ਼ਮਣ ਦੀ ਚਾਲ ਨੂੰ, ਇਰਾਦੇ (ਨੀਅਤ) ਨੂੰ, ਅਤੇ ਵਾਰ ਕਰਨ ਦੇ ਸਾਧਨ ਚੰਗੀ ਤਰ੍ਹਾਂ ਸਮਝ ਕੇ ਹੀ ਆਪਣਾ ਬਚਾਉ ਕਰਨਾ ਚਾਹੀਦਾ ਹੈ। ਏਹੀ ਸਾਡੀ ਪ੍ਰਾਪਤੀ ਹੋਵੇਗੀ।

ਵਿਚਾਰ: ਇਸ ਵਿਸ਼ੇ ਵਿਚ ਦੁਸ਼ਮਨ ਦੀ ਚਾਲ ਪੁਜਾਰੀਵਾਦ ਦੇ ਹਥਕੰਡੇ ਵਰਤ ਕੇ ਸੱਚ ਦੇ ਪ੍ਰਚਾਰ ਨੂੰ ਠੱਲ ਪਾਉਣ ਦਾ ਜਤਨ ਹੈ। ਇਸ ਲਈ ਇਸ ਦਾ ਤੋੜ ਪੁਜਾਰੀਵਾਦ ਦੀ ਹੋਂਦ ਨੂੰ ਰੱਦ ਕਰਨਾ ਹੀ ਹੈ। ਜੇ ਸਾਰਾ ਸੁਚੇਤ ਪੰਥ ਇਸ ਨੂੰ ਰੱਦ ਕਰ ਦੇਵੇ ਤਾਂ ਇਹਨਾਂ ਦਾ ਇਹ ਹਥਿਆਰ ਬੇਮਾਅਣਾ ਅਤੇ ਬੇਅਸਰ ਹੋ ਜਾਵੇਗਾ। ਅੱਜ ਤੋਂ 25-30 ਕੁ ਸਾਲ ਪਹਿਲਾਂ ਤੱਕ ‘ਅਕਾਲ ਤਖਤ’ ਦੇ ਨਾਂ ਤੇ ਜਾਰੀ ਹੁੰਦੇ ਆਦੇਸ਼ਾਂ ਨੂੰ ਲਗਭਗ ਸਾਰਾ ਪੰਥ ਸਿਰਮੱਥੇ ਮੰਨਦਾ ਸੀ। ਕੁਝ ਮਰਜੀਵੜਿਆਂ ਵਲੋਂ ਇਸ ਪੁਜਾਰੀਵਾਦੀ ਵਿਵਸਥਾ ਨੂੰ ਰੱਦ ਕਰਕੇ ਇਸ ਬਾਰੇ ਖਰਾ ਪ੍ਰਚਾਰ ਕਰਨ ਦਾ ਹੀ ਅਸਰ ਹੈ ਕਿ ਇਹਨਾਂ ਪੁਜਾਰੀਆਂ ਦੇ ‘ਕੂੜ ਨਾਮਿਆਂ’ ਕਾਰਨ ਕਈਂ ਥਾਂ ਥਾਂ ਇਹਨਾਂ ਦੇ ਵਿਰੁਧ ਅਵਾਜ਼ਾਂ ਉੱਠ ਰਹੀਆਂ ਹਨ ਅਤੇ ਇਹਨਾਂ ਦੇ ਪੁੱਤਲੇ ਵੀ ਕੁਝ ਥਾਂ ਫੂਕੇ ਗਏ।

  1. ਪ੍ਰੋ. ਦਰਸ਼ਨ ਸਿੰਘ ਜੀ ਅਤੇ ਪ੍ਰੋ. ਇੰਦਰ ਸਿੰਘ ਘੱਗਾ ਜੀ ਪਹਿਲਾਂ ਹੀ ਘਰ ਬੈਠੇ ਹਨ, ਹੁਣ ਧੂੰਦਾ ਜੀ ਬਾਰੇ ਉਹੀ ਫੈਸਲਾ ਕਰਕੇ, ਉਨ੍ਹਾਂ ਨੂੰ ਵੀ ਘਰ ਬਿਠਾਉਣ ਤੋਂ ਬਾਅਦ ਕਿਸੇ ਨੇ ਸੋਚਿਆ ਹੈ, ਕਿ ਇਨ੍ਹਾਂ ਦਾ ਬਦਲ ਸਾਡੇ ਕੋਲ ਤਿਆਰ ਹੈ?

ਵਿਚਾਰ:- ਇਸ ਨੁਕਤੇ ਵਿਚ ਸੁਹਿਰਦਤਾ ਦੀ ਥਾਂ ਕੜਵਾਹਟ ਅਤੇ ਬੌਖਲਾਹਟ ਹੀ ਪ੍ਰਧਾਨ ਹੈ। ਇਹ ਨੁਕਤਾ ਹੈ ਵੀ ਸੱਚ ਵਿਹੂਣਾ। ਪ੍ਰੋ. ਦਰਸ਼ਨ ਸਿੰਘ ਜੀ ਅਤੇ ਪ੍ਰੋ. ਘੱਗਾ ਜੀ ਵਲੋਂ ਅਪਣੀ ਢਲਦੀ ਉਮਰ ਅਤੇ ਸੇਹਤ ਦੇ ਬਾਵਜੂਦ, ਥਾਂ ਥਾਂ ਜਾ ਕੇ ਪ੍ਰਚਾਰ ਕਰਨ ਦਾ ਉੱਦਮ ਸਲਾਹੁਣਯੋਗ ਹੈ। ਸੋ ਉਹਨਾਂ ਬਾਰੇ ਇਹ ਤਾਅਣਾ ਕਿ ਉਹ ਘਰ ਬੈਠ ਗਏ ਹਨ, ਸਿਰਫ ਅਪਣੀ ਗੱਲ ਨਾਲ ਸਹਿਮਤ ਨਾ ਹੋਣ ਕਰਕੇ ਪੈਦਾ ਹੋਈ ਝੁੰਝਲਾਹਟ ਦਾ ਪ੍ਰਗਟਾਵਾ ਹੀ ਹੈ। ਬੇਸ਼ਕ ਅਸੀਂ ਪ੍ਰੋ. ਦਰਸ਼ਨ ਸਿੰਘ ਜੀ (ਸਮੇਤ ਕਈਂ ਹੋਰਾਂ) ਦੇ ਸਿੱਖ ਰਹਿਤ ਮਰਿਯਾਦਾ ਪ੍ਰਤੀ ਸਟੈਂਡ ਆਦਿ ਨਾਲ ਪੂਰੀ ਤਰਾਂ ਸਹਿਮਤ ਨਹੀਂ, ਪਰ ਉਹਨਾਂ ਦੇ ਪੰਥ ਦਰਦ ਅਤੇ ਪ੍ਰਚਾਰ ਦੀ ਹੁੱਭ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਪ੍ਰੋ. ਧੂੰਦਾ ਜੀ ਦੇ ਪੇਸ਼ ਹੋਣ ਦੀ ਚਰਚਾ ਸ਼ੁਰੂ ਹੋਣ ਤੋਂ ਬਾਅਦ ਕੁਝ ਸੱਜਣਾਂ ਵਲੋਂ ਉਹਨਾਂ ਦੇ ਅਤੀਤ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਤਾਅਣਾਕਸ਼ੀ (ਉਹ ਦਸਮ ਗ੍ਰੰਥ ਦਾ ਕੀਰਤਨ ਕਰਦੇ ਰਹੇ ਹਨ, ਆਪ ਲੋਕਾਂ ਨੂੰ ਪੇਸ਼ ਹੋਣ ਲਈ ਬੁਲਾਉਂਦੇ ਰਹੇ ਹਨ) ਸਿਰਫ ਇਹ ਦਰਸਾਉਂਦੀ ਹੈ ਕਿ ਇਹ ਸੱਜਣ ਸੁਹਿਰਦਤਾ ਦੀ ਥਾਂ ਅਪਣੀ ਕੜਵਾਹਟ ਦਾ ਪ੍ਰਦਰਸ਼ਨ ਕਰ ਰਹੇ ਹਨ। ਐਸੀ ਸੱਜਣਤਾ ਹੀ ਸੁਚੇਤ ਪੰਥਕ ਧਿਰਾਂ ਵਿਚ ਆਪਸੀ ਦੂਰੀ ਵਧਾਉਣ ਦਾ ਕਾਰਨ ਬਣਦੀ ਹੈ। ਸਾਨੂੰ ਵਿਚਾਰ ਕਰਨ ਵੇਲੇ ਨਿੱਜ ਦੀ ਥਾਂ ਮੁਦਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। 

ਨਾ ਤਾਂ ਪ੍ਰੋ. ਦਰਸ਼ਨ ਸਿੰਘ ਜੀ ਅਤੇ ਘੱਗਾ ਜੀ ਘਰ ਬੈਠੇ ਹਨ ਅਤੇ ਨਾ ਹੀ ਧੂੰਦਾ ਜੀ ਘਰ ਬੈਠਣਗੇ। ਕੀ ਪ੍ਰੋ. ਗੁਰਮੁੱਖ ਸਿੰਘ ਤੋਂ ਬਾਅਦ ਪ੍ਰਚਾਰਕ (ਬਦਲ) ਬਣਨੇ ਬੰਦ ਹੋ ਗਏ?

  1. ਭਗਤੀ ਲਹਿਰ ਅਤੇ ਸਿੱਖ ਲਹਿਰ ਦੇ ਫਰਕ ਨੂੰ ਅਤੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਘੋਖਣਾ ਚਾਹੀਦਾ ਹੈ।

ਵਿਚਾਰ:- ਇਸ ਨੁਕਤੇ ਰਾਹੀਂ ਕੀ ਕਹਿਣ ਦਾ ਜਤਨ ਕੀਤਾ ਗਿਆ ਹੈ, ਅਸੀਂ ਸਮਝ ਨਹੀਂ ਪਾਏ। ਸੋ ਇਸ ਬਾਰੇ ਕੁਝ ਕਹਿ ਸਕਣਾ ਫਿਲਹਾਲ ਸੰਭਵ ਨਹੀਂ ਹੈ।

ਪ੍ਰੋ. ਧੂੰਦਾ ਨੂੰ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਸੱਜਣਾਂ ਦੇ 21 ਨੁਕਾਤੀ ਇਸ ਲੇਖ ਉਪਰੰਤ ਇਕ ਹੋਰ ਵੀਰ ਦਾ ਲੇਖ ਇਸ ਵਿਸ਼ੇ ਤੇ ਪੰਥਕ ਵੈਬਸਾਈਟਾਂ ਤੇ ਛਪਿਆ ਹੈ। ਕਹਾਵਤ ਹੈ ਕਿ ਨ੍ਹਾਉਣ ਦੇ ਪਾਣੀ ਦੇ ਪਾਣੀ ਨਾਲ ਨਿਆਣੇ ਨੂੰ ਵੀ ਬਾਹਰ...” ਸਿਰਲੇਖ ਵਾਲੇ ਲੇਖ ਦਾ ਆਧਾਰ ਇਹ ਨੁਕਤਾ ਹੈ ਕਿ ਅਕਾਲ ਤਖਤ ਦੇ ਨਾਮ ਤੇ ਚਲ ਰਿਹਾ ਮੌਜੂਦਾ ‘ਕਚਹਿਰੀ ਸਿਸਟਮ (ਵਿਵਸਥਾ)’ ਠੀਕ ਹੈ, ਬੇਸ਼ਕ ਇਸ ਸਮੇਂ ਇਸ ਤੇ ਕਾਬਜ਼ ਲੋਕ ਠੀਕ ਨਹੀਂ। ਪਰ ਅਪਣੀ ਵਿਚਾਰ ਦੀ ਸ਼ੁਰੂਆਤ ਵਿਚ ਅਸੀਂ ਸਪਸ਼ਟ ਕਰ ਚੁੱਕੇ ਹਾਂ ਕਿ ਇਸ ਕਚਿਹਰੀ ਵਿਵਸਥਾ ਦੀ ਪ੍ਰੋੜਤਾ ਨਾ ਤਾਂ ਗੁਰਮਤਿ ਕਰਦੀ ਹੈ, ਨਾ ਹੀ ਸਿੱਖ ਰਹਿਤ ਮਰਿਯਾਦਾ ਜਾਂ ਗੁਰਦੁਆਰਾ ਐਕਟ। 1469-1708 ਦੇ ਪ੍ਰਮਾਨਿਕ ਸਿੱਖ ਇਤਿਹਾਸ ਵਿਚ ਇਸ ਪ੍ਰਥਾ ਦਾ ਕੋਈ ਹਵਾਲਾ ਨਹੀਂ ਮਿਲਦਾ ਹੈ। ਇਹ ਵੀ ਸੱਚ ਹੈ ਕਿ ਇਸ ਪ੍ਰਥਾ ਨੇ ਕੌਮ ਦਾ ਨੁਕਸਾਨ ਹੀ ਜ਼ਿਆਦਾ ਕੀਤਾ ਹੈ, ਫਾਇਦਾ ਸ਼ਾਇਦ ਹੀ ਕੋਈ। ਸੋ ਜਿਸ ਲੇਖ ਦਾ ਆਧਾਰ ਹੀ ਗੁਰਮਤਿ ਤੋਂ ਉਲਟ ਹੈ, ਉਸ ਦੇ ਨਤੀਜੇ ਤਾਂ ਗਲਤ ਹੋਣੇ ਹੀ ਸਨ। ਇਸ ਲੇਖ ਵਿਚ ਅਪਣੇ ਮੱਤ ਦੇ ਹੱਕ ਵਿਚ ਦਸ਼ਮੇਸ਼ ਪਾਤਸ਼ਾਹ ਨਾਲ ਜੋੜੀ ਜਾਂਦੀ ‘ਜ਼ਫਰਨਾਮੇ’ ਦੀ ਘਟਨਾ ਦਾ ਹਵਾਲਾ ਦਿਤਾ ਗਿਆ ਹੈ। ਜੇ ਇਸ ਹਵਾਲੇ ਨੂੰ ਕੁਝ ਸਮੇਂ ਲਈ ਸੱਚ ਵੀ ਮੰਨ ਲਈਏ ਤਾਂ ਵੀ ਇਹ ਹਵਾਲਾ ਇਥੇ ਢੁਕਦਾ ਨਹੀਂ। ਦਸ਼ਮੇਸ਼ ਜੀ ਨੂੰ ਔਰੰਗਜੇਬ ਨੇ ਅਪਣੀ ਕਚਿਹਰੀ ਵਿਚ ਤਲਬ ਨਹੀਂ ਕੀਤਾ ਸੀ, ਤੇ ਨਾਂ ਹੀ ਜ਼ਫਰਨਾਮੇ ਦੀ ਚਿੱਠੀ (ਉਪਰੋਕਤ ਹਵਾਲੇ ਅਨੁਸਾਰ) ਔਰੰਗਜ਼ੇਬ ਨੂੰ ਕੋਈ ‘ਸਪਸ਼ਟੀਕਰਨ’ ਦੇਣ ਲਈ ਸੀ। ਸੁਹਿਰਦ ਅਤੇ ਸੁਚੇਤ ਲੇਖਕਾਂ ਨੂੰ ਤਾਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਅਪਣੇ ਮਨ ਦੀ ਮੱਤ ਨੂੰ ਸਹੀ ਸਾਬਿਤ ਕਰਨ ਦੇ ਮਕਸਦ ਨਾਲ ‘ਨਾਨਕ ਸਰੂਪਾਂ’ ਨਾਲ ਜੁੜੇ ਤੱਥਾਂ ਨੂੰ ਗਲਤ ਤਰੀਕੇ ਵਰਤਣ ਦੇ ਜਤਨ ਨਾ ਕੀਤੇ ਜਾਣ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵੀਰ ਜੀ ਦਾ ਇਹ ਲੇਖ ਸੁਹਿਰਦ ਪੰਥਦਰਦ ਦੀ ਭਾਵਨਾ ਹੇਠ ਆਇਆ ਹੈ, ਪਰ ਆਧਾਰ ਗਲਤ ਹੋਣ ਕਰਕੇ ਸਹੀ ਨਹੀਂ ਮੰਨਿਆ ਜਾ ਸਕਦਾ।

ਇਸ ਉਪਰੰਤ ਪੇਸ਼ ਹੋਣ ਦੇ ਹੱਕ ਵਿਚ ਆਏ ਇਕ ਹੋਰ ਲੇਖ ਦਾ ਸਿਰਲੇਖ ਹੈ “ਸਿੱਖ ਕੌਮ ਦੇ ਅਨਮੋਲ ਹੀਰੇ ਭਾਈ ਸਰਬਜੀਤ ਸਿੰਘ ਧੂੰਦਾ ਦੇ ਮਸਲੇ ਬਾਰੇ ਸੋਚ ਸਮਝ ਕੇ ਰਣਨੀਤੀ ਬਣਾਈ ਜਾਵੇ”। ਇਸ ਲੇਖ ਦੀ ਸ਼ੁਰੂਆਤ ਇਸ ਪੰਥਦਰਦੀ ਵੀਰ ਨੇ ਬੜੇ ਸੁੱਚੱਜੇ ਤਰੀਕੇ ਕੀਤੀ ਹੈ ਅਤੇ ਗੁਰਮਤਿ ਦਾ ਹਵਾਲਾ ਦੇਂਦੇ ਹੋਏ ‘ਗੁਰਮਤਿ ਸਿਧਾਂਤਾਂ’ ਤੇ ਦ੍ਰਿੜ ਰਹਿਣ ਦਾ ਵਾਜਬ ਹੋਕਾ ਦਿਤਾ ਹੈ। ਪਰ ਚਰਚਾ ਦੇ ਵਿਸ਼ੇ (ਪੁਜਾਰੀਆਂ ਸਾਹਮਣੇ ਪੇਸ਼ੀ) ਤੇ ਪਹੁੰਚਦੇ ਪਹੁੰਚਦੇ ਵੀਰ ਜੀ ਦੀ ਸੁਰ ‘ਸਿਧਾਂਤਕ ਦ੍ਰਿੜਤਾ’ ਦੀ ਥਾਂ ਸਮਝੌਤਾਵਾਦੀ (ਖਤਰਿਆਂ ਦਾ ਬਖਾਨ) ਹੋ ਗਈ ਹੈ। ਵੀਰ ਜੀ ਪ੍ਰੋ. ਧੂੰਦਾ ਨੂੰ ‘ਪੁਜਾਰੀਵਾਦੀ ਵਿਵਸਥਾ’ ਨੂੰ ਮਾਨਤਾ ਨਾ ਦੇਣ ਦੀ ਸਲਾਹ ਨੂੰ ‘ਧੂੰਦਾ ਜੀ ਨੂੰ ਬਲੀ ਦੇ ਬਕਰੇ ਬਣਾਉਣਾ’ ਦੱਸ ਰਹੇ ਹਨ। ਸ਼ਾਇਦ ਇਸ ਵੀਰ ਅਨੁਸਾਰ ਬਾਬਾ ਨਾਨਕ ਜੀ (ਬਾਬਰ ਨੂੰ ਜਾਬਰ ਕਹਿਣਾ) ਤੋਂ ਲੈ ਕੇ ਪੰਜਵੇਂ ਪਾਤਸ਼ਾਹ, ਛੋਟੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਜੀ ਬਹਾਦੁਰ ਸਮੇਤ ਅਣਗਿਨਤ ਸਿੱਖ ਸ਼ਹੀਦ (ਜਿਨ੍ਹਾਂ ਨੇ ਪੁਜਾਰੀਆਂ ਦੀ ਈਨ ਮੰਨਣ ਦੀ ਥਾਂ ਸੱਚ ਤੇ ਪਹਿਰਾ ਦੇਣਾ ਠੀਕ ਸਮਝਿਆ) ਗੁੰਮਰਾਹ ਹੋ ਕੇ ਬਲੀ ਦੇ ਬਕਰੇ ਹੀ ਬਣੇ ਸਨ। ਪਰ ਇਸ ਗੱਲ ਨੂੰ ਕਿਵੇਂ ਸਹੀ ਮੰਨਿਆ ਜਾ ਸਕਦਾ ਹੈ? ਇਸ ਵੀਰ ਨੇ ਸਿਧਾਂਤਕ ਦ੍ਰਿੜਤਾ ਦੇ ਹੋਕੇ ਨਾਲ ਸ਼ੁਰੂਆਤ ਕਰਕੇ ਆਪ ਹੀ ਧੂੰਦਾ ਜੀ ਸਾਹਮਣੇ ਸਟੇਜਾਂ ਖੁੱਸ ਜਾਣ, ਇੰਟਰਨੈਟ ਤੇ ਕੂੜ ਪ੍ਰਚਾਰ ਆਦਿ ਦਾ ਡਰ (ਪ੍ਰੋ. ਦਰਸ਼ਨ ਸਿੰਘ ਜੀ ਅਤੇ ਕਾਲਾ ਅਫਗਾਨਾ ਜੀ ਦਾ ਹਵਾਲਾ ਵਰਤ ਕੇ) ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਕੀ ਧੂੰਦਾ ਜੀ ਨੂੰ ਸਿਧਾਂਤਕ ਦ੍ਰਿੜਤਾ ਦੀ ਥਾਂ ਇਸ ਡਰ ਦਾ ਪ੍ਰਭਾਵ ਕਬੂਲ ਲੈਣਾ ਚਾਹੀਦਾ ਹੈ?

ਇਸ ਵੀਰ ਦੇ ਇਹ ਤੱਥ ਵੀ ਸਹੀ ਨਹੀਂ ਕਿ ਕਾਲਾ ਅਫਗਾਨਾ ਜੀ ਜਾਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਛੇਕੇ ਜਾਣ ਤੋਂ ਬਾਅਦ ਜਾਗ੍ਰਿਤੀ ਲਹਿਰ ਕਮਜ਼ੋਰ ਹੋ ਗਈ ਹੈ। ਬਲਕਿ ਉਸ ਤੋਂ ਬਾਅਦ ਜਾਗ੍ਰਿਤੀ ਵੱਧੀ ਹੀ ਹੈ ਇਸ ਵੀਰ ਵਲੋਂ ਅਪਣੇ ਲੇਖ ਵਿਚ ਦਿੱਤੇ ਇਹ ਅੰਸ਼ ਬਹੁਤ ਧਿਆਨ ਮੰਗਦੇ ਹਨ।

ਜੇਕਰ ਮੱਸਾ ਰੰਗੜ ਜਿਹਾ ਵਿਭਚਾਰੀ ਦਰਬਾਰ ਸਾਹਿਬ ਅੰਦਰ ਡੇਰਾ ਜਮਾਈ ਬੈਠਾ ਸੀ ਤਾਂ ਅਜੇ ਕੁਝ ਹੀ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਆਪਰੇਸ਼ਨ ਬਲੈਕ ਥੰਡਰ ਵੇਲੇ ਲੁੱਟਾਂ ਖੋਹਾਂ ਅਤੇ ਪਰਿਕਰਮਾਂ ਅੰਦਰ ਹੀ ਫਿਰੌਤੀਆਂ ਲੈਣ ਵਾਲੇ ਅਪਰਾਧੀ ਅਨਸਰ ਪਾਵਨ ਸ਼੍ਰੀ ਦਰਬਾਰ ਸਾਹਿਬ ਅੰਦਰ ਜਾ ਲੁਕੇ ਸਨ। ਇਹਨਾਂ ਆਕਾਵਾਂ ਨੂੰ ਦਰਬਾਰ ਸਾਹਿਬ ਦੀ ਉਹ ਬੇਅਦਬੀ ਦਿਖਾਈ ਨਹੀਂ ਦਿਤੀ, ਜਦੋਂ ਪਰਿਕਰਮਾ ਦੇ 43 ਨੰਬਰ ਅਤੇ ਹੋਰ ਕਮਰਿਆਂ ਵਿਚ ਕੁਕਰਮ ਹੋਣ ਦੀਆਂ ਖਬਰਾਂ ਨਾਲ ਅਖਬਾਰ ਭਰੇ ਹੁੰਦੇ ਸਨ। ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਲਾਗਲੇ ਗੱਟਰਾਂ ਤੋਂ ਅਨਗਿਣਤ ਲਾਸ਼ਾਂ ਦਾ ਮਿਲਣਾ ਕੀ ਸੰਕੇਤ ਕਰਦਾ ਹੈ? ਲੰਗਰ ਹਾਲ ਦੇ ਸਾਹਮਣੇ ਪਏ ਮਲਬੇ ਦੇ ਢੇਰ ਚੋਂ ਲਾਸ਼ਾਂ ਦਾ ਮਿਲਣਾ ਕੀ ਸੰਕੇਤ ਕਰਦਾ ਹੈ? ਲੰਗਰ ਹਾਲ ਦੇ ਸਾਹਮਣੇ ਪਏ ਮਲਬੇ ਦੇ ਢੇਰ ਵਿਚੋਂ ਲਾਸ਼ਾਂ ਦੇ ਪਿੰਜਰ ਕਿਤਿਉਂ ਬਾਹਰੋਂ ਤਾਂ ਨਹੀ ਸੀ ਆਏ? ਪਰ ਇਹਨਾਂ ਚੌਧਰੀਆਂ ਨੇ ਕੌਮ ਨੂੰ ਆਪਣੀਆਂ ਬੇਵਕੂਫੀ ਭਰੀਆਂ ਕਾਰਵਾਈਆਂ ਨਾਲ ਹਮੇਸ਼ਾਂ ਗਧੀ-ਗੇੜ ਵਿਚ ਹੀ ਪਾਈ ਰੱਖਿਆ ਹੈ। ਬੀਤੇ ਵਿਚ ਹੋਈਆਂ ਬੇਹੁਰਮਤੀ ਭਰੀਆਂ ਕਾਰਵਾਈਆਂ ਪ੍ਰਤੀ ਮਾਫੀ ਮੰਗਣਾ ਤਾਂ ਇਕ ਪਾਸੇ ਰਿਹਾ, ਹੁਣ ਇਹਨਾਂ ਨੇ ਧਰਮ ਪ੍ਰਚਾਰ ਵਿਚ ਰੋੜਾ ਅਟਕਾਉਣ ਲਈ ਸਿੱਖ ਪ੍ਰਚਾਰਕਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿਤਾ ਹੈ।

ਇਹਨਾਂ ਤੱਥਾਂ ਨੂੰ ਸਹੀ ਮੰਨ ਕੇ ਤਾਂ ਸਾਡੇ ਵਰਗੀ ਆਮ ਸੂਝ ਵਾਲਾ ਬੰਦਾ ਇਹੀ ਨਤੀਜਾ ਕੱਡੇਗਾ ਕਿ ਉਪਰੇਸ਼ਨ ‘ਬਲੈਕ ਥੰਡਰ’ ਗਲਤ ਨਹੀਂ ਸੀ, ਕਿਉਂਕਿ ਉਸ ਕੰਪਲੈਕਸ ਵਿਚ ਹੋ ਰਹੇ ਦੁਸ਼ਕਰਮਾਂ (ਉਪਰ ਦਿਤੇ ਹਵਾਲੇ ਅਨੁਸਾਰ) ਨੂੰ ਰੋਕਣ ਲਈ ਕਾਰਵਾਈ ਕਰਨਾ ਲਾਜ਼ਮੀ ਹੋ ਗਿਆ ਸੀ। ਉਪਰੰਤ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਕੀ ਉਸ ਸਮੇਂ ਦਰਬਾਰ ਸਾਹਿਬ ਕੰਪਲੈਕਸ ਵਿਚ ਹੋਈ ਬੇ-ਹੁਰਮਤੀ ਲਈ ਬਰਨਾਲਾ ਜੀ ਦੋਸ਼ੀ ਸਨ ਜਾਂ ਉਹ ਅਨਸਰ ਜੋ ਕੰਪਲੈਕਸ ਵਿਚ ਇਹ ਕੁਕਰਮ ਕਰ ਰਹੇ ਸਨ? ਇਸ ਨੁਕਤੇ ਤੇ ਵਿਚਾਰ ਇਥੇ ਹੀ ਰੋਕਦੇ ਹਾਂ, ਕਿਉਂਕਿ ਉਹ ਵਿਸ਼ੇ ਤੋਂ ਭਟਕਣ ਵਾਲੀ ਗੱਲ ਹੋਵੇਗੀ, ਪਰ ਲੇਖਕਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਕੋਈ ਹਵਾਲਾ ਵਰਤਣ ਵੇਲੇ ਹਰ ਨਜ਼ਰੀਏ ਤੋਂ ਘੋਖ ਲੈਣ?

ਸੋ ਸਪਸ਼ਟ ਹੈ, ਕਿ ਪੰਥਦਰਦ ਅਤੇ ਸੁਹਿਰਦਤਾ ਨਾਲ ਲਿਖੇ ਹੋਣ ਦੇ ਬਾਵਜੂਦ ਵੀ ਇਸ ਲੇਖ ਵਿਚ ਆਪਾ-ਵਿਰੋਧ ਅਤੇ ਕਚਿਆਈ ਹੈ। ਲੇਖ ਦੀ ਸ਼ੁਰੂਆਤ ‘ਸਿਧਾਂਤਕ ਦ੍ਰਿੜਤਾ’ ਦੇ ਹੋਕੇ ਨਾਲ ਕਰਨਾ ਪਰ ਵਿਸ਼ੇ ਤੇ ਆਉਣ ਵੇਲੇ “ਅਨਮੋਲ ਹੀਰੇ ਨੂੰ ਕੋਈ ਆਂਚ ਨਾ ਆਵੇ, ਪੁਜਾਰੀਆਂ ਦੀ ਹਉਮੈ ਨੂੰ ਪੱਠੇ ਪਾਉਣਾ ਜ਼ਰੂਰੀ ਹੈ” ਆਦਿਕ ਸਿਧਾਂਤ ਵਿਰੁਧ ਸਮਝੌਤਾਵਾਦੀ ਹੋਣ ਦੇ ਮਸ਼ਵਰੇ ਆਪਾ-ਵਿਰੋਧ ਅਤੇ ਕਚਿਆਈ ਦੇ ਸਬੂਤ ਹਨ।

ਇਸ ਵਿਸ਼ੇ ਵਿਚ ਇਕਾ-ਦੁੱਕਾ ਹੋਰ ਵੀ ਲੇਖ ਆਏ ਹਨ ਜਿਨ੍ਹਾਂ ਵਿਚ ਇਹ ਸਾਬਿਤ ਕਰਨ ਦਾ ਜਤਨ ਕੀਤਾ ਗਿਆ ਹੈ ਕਿ ਅਕਾਲ ਤਖਤ ਦੇ ਨਾਂ ਤੇ ਚਲ ਰਹੀ ਮੌਜੂਦਾ ‘ਕਚਿਹਰੀ ਵਿਵਸਥਾ’ ਪ੍ਰਮਾਣਿਕ ਅਤੇ ਸਹੀ ਹੈ। ਪਰ ਉਹਨਾਂ ਲੇਖਾਂ ਵਿਚ ‘ਪੇਸ਼ੀ ਵਾਲੀ ਪੁਜਾਰੀਵਾਦੀ ਵਿਵਸਥਾ’ ਨੂੰ ‘ਸੰਵਾਦ’ ਦਾ ਰੂਪ ਦੇ ਕੇ ਪ੍ਰਮਾਨਿਕ ਦੱਸਣ ਦੇ ਜਤਨਾਂ ਵਿਚ ਬਾਬਾ ਨਾਨਕ ਜੀ ਅਤੇ ਹੋਰ ਨਾਨਕ ਸਰੂਪਾਂ ਦੇ ਸੰਵਾਦਾਂ ਨੂੰ ਹਵਾਲੇ ਵਜੋਂ ਵਰਤਿਆ ਹੈ। ਪਰ ਇਹ ਤੱਥ ਜਾਣ-ਬੂਝ ਕੇ ਛੁਪਾ ਲਏ ਗਏ ਕਿ ਨਾਨਕ ਸਰੂਪ ਇਹ ਸੰਵਾਦ ਕਿਸੇ ਪੇਸ਼ੀ ਵਜੋਂ ਜਾਂ ਪੁਜਾਰੀਆਂ ਦੇ ਸੱਦੇ ਤੇ ਸਪਸ਼ਟੀਕਰਨ ਦੇਣ ਦੀ ਵਜਹ ਕਰਕੇ ਨਹੀਂ ਸਨ। ਬਲਕਿ ਉਹਨਾਂ ਨੇ ਇਹ ਸੰਵਾਦ ਆਪ ਥਾਂ ਥਾਂ ਪਹੁੰਚ ਕੇ (ਕਿਸੇ ਦੇ ਬੁਲਾਵੇ ਤੇ ਪੇਸ਼ੀ ਵਜੋਂ ਨਹੀਂ) ਲੋਕਾਈ ਨੂੰ ਸੱਚ ਸਮਝਾਉਣ ਖਾਤਿਰ ਕੀਤੇ ਸਨ। ਨਾ ਹੀ ਬਾਬਾ ਨਾਨਕ ਜੀ ਦੇ ਐਸੇ ਸੰਵਾਦਾਂ ਉਪਰੰਤ ਸਮਾਜਿਕ ਬਾਈਕਾਟ ਜਾਂ ਰੋਟੀ ਬੇਟੀ ਦੀ ਸਾਂਝ ਖਤਮ ਕਰ ਲੈਣ ਦੇ ਆਦੇਸ਼ (‘ਪੰਥਕ ਹੁਕਮਨਾਮੇ’) ਜਾਰੀ ਹੋਣ ਦਾ ਹਵਾਲਾ ਇਤਿਹਾਸ ਵਿਚੋਂ ਮਿਲਦਾ ਹੈ। ਸੋ ‘ਨਾਨਕ ਸਰੂਪਾਂ’ ਨਾਲ ਜੁੜੇ ਹਵਾਲਿਆਂ ਨੂੰ ਅਪਣੇ ਕੱਚੇ ਮੱਤਾਂ ਦੇ ਹੱਕ ਵਿਚ ਤਰੋੜ-ਮਰੋੜ ਕੇ ਵਰਤਨ ਦੀ ਇਹ ਪਹੁੰਚ ਜਾਇਜ਼ ਨਹੀਂ ਕਹੀ ਜਾ ਸਕਦੀ ਹੈ।

ਇਸ ਵਿਸ਼ੇ ਤੇ ਆਏ ਇਕ ਲੇਖ ਵਿਚ ਪ੍ਰੋ. ਧੂੰਦਾ ਨੂੰ ਇਕ ਖਿਡਾਰੀ ਦੱਸ ਕੇ ਕਿਹਾ ਗਿਆ ਹੈ ਕਿ ਬਾਹਰ ਬੈਠੇ (ਭਾਵ ਉਹਨਾਂ ਨੂੰ ਸਲਾਹ ਦੇਣ ਵਾਲੇ) ਫਾਲਤੂ ਵਿਚ ਦਿਮਾਗੀ ਕਸਰਤਾਂ ਕਰ ਰਹੇ ਹਨ, ਪੁਜਾਰੀ ਕੋਈ ਬਾਘੜ-ਬਿੱਲਾ ਨਹੀਂ ਹਨ ਜੋ ਅਪਣੇ ਕਮਰੇ ਵਿਚ ਜਾਣ ਤੇ ਮੁੰਹ ਵਿਚ ਪਾ ਲੈਣਗੇ? ਅਫਸੋਸ! ਇਤਨੇ ਗੰਭੀਰ ਮਸਲੇ ਤੇ ਵੀ ਲੇਖਕ ਇਤਨੇ ਹਲਕੇ ਅੰਦਾਜ਼ ਵਿਚ ਲਿਖਣ ਨੂੰ ਸੇਵਾ ਮੰਨ ਰਹੇ ਹਨ। ਗੁਰਮਤਿ ਦੇ ਆਧਾਰ ਤੇ ਕੋਈ ਸਲਾਹ ਦੇਣੀ ਵੀ ਹੁਣ ਇਨ੍ਹਾਂ ਵੀਰਾਂ ਨੂੰ ਫਾਲਤੂ ਦਿਮਾਗੀ ਕਸਰਤ (ਗੁੱਥਮ ਗੁਥਾ ਹੋਣਾ) ਲਗ ਰਿਹਾ ਹੈ। ਗੁਰਮਤਿ ਦੇ ਆਧਾਰ ਤੇ ‘ਪੁਜਾਰੀਵਾਦ’ ਨੂੰ ਮਾਨਤਾ ਨਾ ਦੇਣ ਦੀ ਦੁਹਾਈ ਦੇ ਰਹੇ ਵੀਰ ਵੀ ਇਹ ਜਾਣਦੇ ਹਨ ਕਿ ਦੋ ਦਿਨ ਭਾਂਡੇ ਮਾਂਜਣ ਨਾਲ ਧੂੰਦਾ ਜੀ ਦਾ ਕੁਝ ਨਹੀਂ ਘਟ ਜਾਣਾ, ਪਰ ਇਥੇ ਗੱਲ ਗੁਰਮਤਿ ਅਸੂਲ ਦੇ ਖਿਲਾਫ ਪੁਜਾਰੀਵਾਦ ਨੂੰ ਮਾਨਤਾ ਦੇਣ ਦੀ ਹੈ। ਇਸ ਲੇਖਕ ਦਾ ਇਹ ਵੀ ਮੱਤ ਹੈ ਕਿ ਬੇਸ਼ਕ ਪੇਸ਼ ਨਾ ਹੋਣ ਦੀ ਸਲਾਹ ਗੁਰਮਤਿ ਦੇ ਨਜ਼ਰੀਏ ਤੋਂ ਠੀਕ ਹੋਵੇਗੀ, ਪਰ ਆਮ ਸੰਗਤ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਭਾਵ ਜਦੋਂ ਤੱਕ ਸੰਗਤ ਗੱਲ ਨੂੰ ਨਹੀਂ ਸਮਝ ਲੈਂਦੀ, ਗੁਰਮਤਿ ਵਿਰੋਧੀ ਮਾਨਤਾਵਾਂ ਦੀ ਪ੍ਰੋੜਤਾ ਕਰੀ ਜਾਵੋ। ਐਸੀ ਸੋਚ ਅਨੁਸਾਰ ਤਾਂ ਬਾਬਾ ਨਾਨਕ ਜੀ ਹੀ ਗਲਤ ਸਨ ਜਿਨ੍ਹਾਂ ਨੇ ਸਦੀਆਂ ਤੋਂ ਚਲੀ ਆ ਰਹੀ ਮਨਮੱਤੀਂ ਮਾਨਤਾਵਾਂ ਖਿਲਾਫ ਇਕਦਮ ਹੀ ਸਟੈਂਡ ਲੈ ਲਿਆ, ਬੇਸ਼ਕ ਉਹਨਾਂ ਦੇ ਅਪਣੇ ਬੇਟੇ ਹੀ ਉਹਨਾਂ ਦੀ ਸੋਚ ਤੋਂ ਬਾਗੀ ਹੋ ਗਏ। ਉਹਨਾਂ ਨੂੰ ਵੀ ਜਨੇਉ ਬਾਰੇ ਹੋਲੀ ਹੋਲੀ ਸਟੈਂਡ ਲੈਣਾ ਚਾਹੀਦਾ ਸੀ। ਪਹਿਲਾਂ ਖੱਤਰੀ ਛੱਡੇ, ਫੇਰ ਵੈਸ਼ ਛੱਡੇ, ਫੇਰ ਬ੍ਰਾਹਮਣ। ਪਰ ਸੱਚ ਦੇ ਵਣਜਾਰੇ ਸਟੈਂਡ ਲੈਣ ਵੇਲੇ ਸਿਧਾਂਤ ਵੇਖਦੇ ਹਨ, ਗਿਣਤੀਆਂ ਮਿਣਤੀਆਂ ਨਹੀਂ। ਨਾਨਕ ਸਰੂਪਾਂ ਤੋਂ ਸਾਨੂੰ ਇਹੀ ਸੇਧ ਮਿਲਦੀ ਹੈ।

ਅੱਜ ਆਮ ਸਿੱਖ ਦੀ ਤ੍ਰਾਸਦੀ ਹੈ ਕਿ ਇਕ ਪਾਸੇ ਸੰਪਰਦਾਈ ਧਿਰਾਂ ਦੇ ਕੂੜ ਪ੍ਰਚਾਰ ਅਤੇ ਕੁਝ ਸੁਚੇਤ ਧਿਰਾਂ ਵਿਚਲੀਆਂ ਸਮਝੌਤਾਵਾਦੀ ਸੁਰਾਂ (ਪੰਥ ਪ੍ਰਵਾਨਿਕਤਾ, ਸਿੱਖ ਰਹਿਤ ਮਰਿਯਾਦਾ ਦੇ ਨਾਂ ਤੇ ਮਨਮੱਤੀ ਮਾਨਤਾਵਾਂ ਨੂੰ ਅਪਣਾਈ ਰੱਖਣ ਦੀ ਜ਼ਿੱਦ) ਦੇ ਦੋ ਪਾੜਿਆਂ ਵਾਲੀ ‘ਚੱਕੀ’ ਵਿਚ ਪਿਸਦਾ ਜਾ ਰਿਹਾ ਹੈ।

ਇਹ ਆਮ ਸੱਚਾਈ ਹੈ ਕਿ ਜਦੋਂ ਕੋਈ ਮਨੁੱਖ ਜਾਂ ਧਿਰ ਦਲੀਲ ਪੱਖੋਂ ਨਿਰੁੱਤਰ ਹੋ ਜਾਂਦਾ ਹੈ ਤਾਂ ਉਹ ਵਿਸ਼ੇ ਨੂੰ ਛੱਡ ਕੇ ਨਿੱਜੀ ਤਾਅਣਾਕਸ਼ੀ ਤੇ ਉਤਰ ਆਉਂਦਾ ਹੈ। ਅਫਸੋਸ! ਸੁਚੇਤ ਪੰਥ ਵਿਚ ਸ਼ਖਸੀਅਤਪ੍ਰਸਤੀ ਅਤੇ ਕੁਝ ਹੋਰ ਕਾਰਨਾਂ ਕਰਕੇ ਇਹ ਪ੍ਰਵਿਰਤੀ ਆਮ ਦੇਖਣ ਵਿਚ ਆ ਰਹੀ ਹੈ। ਪਰਿਵਾਰ ਨੂੰ ਇਸ ਤਾਅਣਾਕਸ਼ੀ ਦਾ ਸ਼ਿਕਾਰ ਅਨੇਕਾਂ ਵਾਰ ਹੋਣਾਂ ਪਿਆ ਹੈ। ਪਹਿਲਾਂ ਜੋਗਿੰਦਰ ਸਿੰਘ ਜੀ ਸਪੋਕਸਮੈਨ ਦੇ ਕੁਝ ਗਲਤ ਵਿਚਾਰਾਂ ਦੀ ਆਲੋਚਣਾ ਕਰਕੇ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੇ ਗਲਤ ਸਟੈਂਡ ਦੀ ਆਲੋਚਣਾ ਕਰਕੇ। ਐਸੇ ਕੁਝ ਤਾਅਣੇ

  1. ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥ (ਪੰਨਾ 322)
    (ਇਹ ਗੁਰਸ਼ਬਦ ਸਾਡੇ ਵੀਰਾਂ ਵਲੋਂ ਤਾਹਨੇ ਵਜੋਂ ਵੀ ਵਰਤਿਆ ਜਾਂਦਾ ਰਿਹਾ ਹੈ)
  2. “ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ”
  3. ਪੱਖੇ ਹੇਠ ਬੈਠ ਕੇ ਲੇਖ ਲਿਖਣਾ ਵੱਡਾ ਆਸਾਨ ਹੈ, ਫੀਲਡ ਵਿਚ ਪ੍ਰਚਾਰ ਕਰਕੇ ਵੇਖੋ ਤਾਂ ਪਤਾ ਚਲੇ.....ਆਦਿ ਆਦਿ

ਹੁਣ ਪ੍ਰੋ. ਧੂੰਦਾ ਨੂੰ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਸੱਜਣ ਵੀ ਇਹੋ ਜਿਹੇ ਤਾਅਣੇ ਆਮ ਵਰਤਣ ਲਗ ਪਏ ਹਨ। ਹੋਰ ਤਾਂ ਹੋਰ ਉਹ ਪ੍ਰੋ. ਦਰਸ਼ਨ ਸਿੰਘ ਜੀ ਦੀ ਸ਼ਖਸੀਅਤ ਤੇ ਨਿੱਜੀ ਟਿੱਪਣੀਆਂ ਕਰਨ ਦੀ ਹੱਦ ਤੱਕ ਵੀ ਚਲੇ ਗਏ ਹਨ। ਇਸ ਤੋਂ ਵੱਧ ਵਿਚਾਰਕ ਨਿਗ੍ਹਾਰ ਕੀ ਹੋ ਸਕਦਾ ਹੈ?

ਅੰਤਿਕਾ:

ਉਪਰੋਕਤ ਖੁੱਲੀ ਵਿਚਾਰ ਤੋਂ ਅਸੀਂ ਗੁਰਮਤਿ ਅਤੇ ਤੱਥਾਂ ਦੇ ਆਧਾਰ ਤੇ ਇਹ ਸਪਸ਼ਟ ਕਰਨ ਦਾ ਜਤਨ ਕੀਤਾ ਹੈ ਕਿ ਮੌਜੂਦਾ ਸਮੇਂ ਵਿਚ ਅਕਾਲ ਤਖਤ ਦੇ ਨਾਂ ਨੇ ਚਲ ਰਹੀ ਪੁਜਾਰੀਵਾਦੀ ਕਚਿਹਰੀ ਵਿਵਸਥਾ ਦੀ ਨਾ ਤੇ ਗੁਰਮਤਿ ਪ੍ਰੋੜਤਾ ਕਰਦੀ ਹੈ ਅਤੇ ਨਾ ਹੀ ਇਸ ਨੂੰ ਸਿੱਖ ਰਹਿਤ ਮਰਿਯਾਦਾ ਜਾਂ ਗੁਰਦੁਆਰਾ ਐਕਟ ਵਿਚ ਮਾਨਤਾ ਦਿਤੀ ਗਈ ਹੈ। ਸੋ ਇਸ ਪੁਜਾਰੀਵਾਦੀ ਵਿਵਸਥਾ ਨੂੰ ਕਿਸੇ ਵੀ ਬਹਾਨੇ ਹੇਠ ਮਾਨਤਾ ਦੇਣਾ ਗੁਰਮਤਿ ਨੂੰ ਪਿੱਠ ਵਿਖਾਉਣਾ ਹੀ ਹੈ। ਇਸ ਵਿਸ਼ੇ ਵਿਚ ਛਪੇ ਕੁਝ ਪ੍ਰਮੁੱਖ ਲੇਖਾਂ ਦੀ ਸੁਹਿਰਦ ਪੜਚੋਲ ਦਾ ਵੀ ਜਤਨ ਕੀਤਾ ਗਿਆ ਹੈ।

ਇਕ ਮਨੁੱਖ ਵਜੋਂ ਪ੍ਰੋ. ਧੂੰਦਾ ਜੀ ਨੂੰ ਪੂਰਾ ਹੱਕ ਹੈ ਕਿ ਉਹ ਨਿੱਜੀ ਤੌਰ ਤੇ ਜੋ ਵੀ ਚਾਹੁਣ ਫੈਸਲਾ ਕਰਨ। ਉਹਨਾਂ ਨੂੰ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ। ਪਰ ਉਹਨਾਂ ਲਈ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਜੇ ਉਹ ਨਿੱਜੀ ਤੌਰ ਪੁਜਾਰੀਆਂ ਸਾਹਮਣੇ ਪੇਸ਼ ਹੋਣ ਦਾ ਫੈਸਲਾ ਕਰਦੇ ਹਨ ਤਾਂ ਇਸ ਫੈਸਲੇ ਤੇ ਗੁਰਮਤਿ ਦੀ ਮੋਹਰ ਲਾਉਣ ਦੀ ਕੋਸ਼ਿਸ਼ ਸੁਹਿਰਦਤਾ ਨਹੀਂ ਮੰਨੀ ਜਾ ਸਕਦੀ। ਜੇ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਪੁਜਾਰੀਆਂ ਦੇ ਕਮਰੇ ਵਿਚ ਜਾ ਕੇ ਉਹਨਾਂ ਨੂੰ ਖਰਾ ਸੱਚ ਸੁਣਾ ਦੇਣਗੇ ਤਾਂ ਅਪਣੇ ਨਾਲ ਵੀਡੀਉ ਰੀਕਾਰਡਿੰਗ ਦਾ ਪ੍ਰਬੰਧ ਵੀ ਕਰ ਕੇ ਲੈ ਜਾਣ ਤਾਂ ਕਿ ਕੁਝ ਪਾਰਦਰਸ਼ਿਤਾ ਹੋ ਸਕੇ।

ਸੁਚੇਤ ਪੰਥ ਲਈ ਗੁਰਮਤਿ ਅਤੇ ਪ੍ਰਮਾਣਿਕ ਸਿੱਖ ਇਤਿਹਾਸ ਦੀ ਸੇਧ ਵਿਚ ਇਹ ਸੋਚਣ ਦਾ ਫੈਸਲਾ ਕਰਨ ਦਾ ਵੇਲਾ ਹੈ ਕਿ ਉਸ ਨੇਂ ਵਕਤੀ ਲਾਭਾਂ ਦੀ ‘ਮ੍ਰਿਗ-ਤ੍ਰਿਸ਼ਨਾ’ ਹੇਠ ਅਨਮਿੱਥੇ ਸਮੇਂ ਤੱਕ ਸਮਝੌਤਾਵਾਦੀ ਪਹੁੰਚ ਧਾਰੀ ਰੱਖਣੀ ਹੈ ਜਾਂ ਖਰੇ ਸੱਚ ਨੂੰ ਅਪਣਾ ਕੇ ਮਜਬੂਤ ਫੈਸਲੇ ਲੈਣ ਦੀ ਸ਼ੁਰੂਆਤ ਕਰਨੀ ਹੈ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
21 ਜਨਵਰੀ 2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top