Share on Facebook

Main News Page

ਪ੍ਰਮਾਣ ਪੁਰਖ ਪ੍ਰਿੰਸੀਪਲ ਕੰਵਰ ਮਹਿੰਦਰਪ੍ਰਤਾਪ ਸਿੰਘ

ਅਧਿਆਤਮਿਕ ਮੰਡਲ ਦਾ ਇੱਕ ਸਰਬਪ੍ਰਵਾਣਿਤ ਸੱਚ ਹੈ ਕਿ ਅਦ੍ਰਿਸ਼ਟ ਰੱਬ ਦਾ ਪ੍ਰਤੱਖ ਪ੍ਰਮਾਣ ਰੱਬ ਦਾ ਭਗਤ ਹੁੰਦਾ ਹੈ ਅਤੇ ਗੁਰੂ ਦਾ ਪ੍ਰਤੱਖ ਪ੍ਰਮਾਣ ਗੁਰੂ ਦਾ ਸਿੱਖ ਹੁੰਦਾ ਹੈ । ਭਗਤ ਉਹ ਹੈ ਜਿਸ ਨੂੰ ਮਿਲ ਕੇ ਰੱਬ ਚੇਤੇ ਆਵੇ ਅਤੇ ਸਿੱਖ ਉਹ ਹੈ, ਜਿਸ ਨੂੰ ਮਿਲਿਆਂ ਮੂੰਹੋਂ ਬੇਮੁਹਾਰਾ ਵਾਹ-ਗੁਰੂ ਵਾਹ-ਗੁਰੂ ਨਿਕਲੇ । ਪਰ, ਐਸੀ ਵਿਸਮਾਦ-ਜਨਕ ਘਟਨਾ ਉਦੋਂ ਹੀ ਘਟਦੀ ਹੈ, ਜਦੋਂ ਭਗਤ ਦੀ ਜ਼ਿੰਦਗੀ ਵਿੱਚੋਂ ਰੱਬੀ-ਗੁਣਾਂ ਦੇ ਪ੍ਰਕਾਸ਼ਮਈ ਝਲਕਾਰੇ ਵੱਜਣ ਅਤੇ ਗੁਰਸਿੱਖ ਦੀ ਜ਼ਿੰਦਗੀ ਗੁਰਮਤਿ ਅਨੁਸਾਰੀ ਹੋਵੇ।

ਇਹੀ ਕਾਰਣ ਹੈ ਕਿ ਗੁਰੂ ਨਾਨਕ-ਦ੍ਰਿਸ਼ਟੀ ਪ੍ਰਵਾਣ ਚੜ੍ਹੇ ਭੱਟ-ਜਨਾਂ ਵਿਚੋਂ ਭਾਈ ਮਥੁਰਾ ਜੀ ਨੂੰ, ਜਦੋਂ ਕਿਸੇ ਬ੍ਰਿਹੁਂਕੁਠੇ ਜਗਿਆਸੂ ਨੇ ਪੁੱਛਿਆ : ਕੀ ਜੋਤਿ ਸਰੂਪ ਨਿਰੰਕਾਰ ਨੂੰ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ ? ਤਦੋਂ ਉਨ੍ਹਾਂ ਬੜੇ ਨਿਸ਼ਚੇ ਨਾਲ ਉੱਤਰ ਦਿੱਤਾ ਸੀ “ਹਾਂ ! ਵੇਖਿਆ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਮੂਰਤਿ ਗੁਰੂ ਅਰਜੁਨ ਸਾਹਿਬ ਜੀ ਦੇ ਰੂਪ ਵਿੱਚ । ਉਹ ਪ੍ਰਤੱਖ ਪ੍ਰਮਾਣ ਹਨ ਹਰੀ ਨਿਰੰਕਾਰ ਦਾ”। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭੱਟ ਭਾਈ ਮਥੁਰਾ ਜੀ ਦੇ ਪ੍ਰਤੀਤ ਭਰੇ ਐਸੇ ਕਾਵਿ ਰੂਪ ਅੰਮ੍ਰਿਤ ਬਚਨ ਇਸ ਪ੍ਰਕਾਰ ਹਨ :

ਮੂਰਤਿ ਪੰਚ, ਪ੍ਰਮਾਣ ਪੁਰਖੁ; ਗੁਰੁ ਅਰਜੁਨੁ, ਪਿਖਹੁ ਨਯਣ ॥ {ਅੰਗ 1408}

ਇਤਿਹਾਸ ਕਹਿੰਦਾ ਹੈ ਕਿ ਜਦੋਂ ਇੱਕ ਅਨਿੰਨ ਸੇਵਕ ਸਿੱਖ ਭਾਈ ਗੁਰਮੁਖ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਅਦਬ ਸਹਿਤ ਬੇਨਤੀ ਕੀਤੀ ਕਿ ਮਹਾਰਾਜ ! ਧੁਰ ਕੀ ਬਾਣੀ ਵਿੱਚ ਦੱਸਿਆ ਗਿਆ ਕਿ ਸਾਡੀ ਜਿੰਦ ਜਿਸ ਪ੍ਰਭੂ ਦੀ ਦਿੱਤੀ ਹੋਈ ਚੀਜ਼ ਹੈ ਉਹੀ ਵਾਪਸ ਲੈ ਜਾਂਦਾ ਹੈ, ਇਸ ਬਾਰੇ ਕਿਸੇ ਨਾਲ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ । ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ, ਤੇ ਕਿਸੇ ਪਿਆਰੇ ਦੇ ਮਰਨ ਤੇ ਵੀ ਅਡੋਲ ਰਹਿ ਕੇ ਨਾਮ-ਅੰਮ੍ਰਿਤ ਪੀਂਦਾ ਹੈ:

ਜਿਸ ਕੀ ਵਸਤੁ, ਸੋਈ ਲੈ ਜਾਇਗਾ; ਰੋਸੁ ਕਿਸੈ ਸਿਉ ਕੀਜੈ ॥ ਗੁਰਮੁਖਿ ਹੋਵੈ, ਸੁ ਭਾਣਾ ਮੰਨੇ; ਸਹਜੇ ਹਰਿ ਰਸੁ ਪੀਜੈ ॥ {ਗੁਰੂ ਗ੍ਰੰਥ ਸਾਹਿਬ - ਅੰਗ 1246}

ਕੀ ਆਪ ਕ੍ਰਿਪਾ ਕਰਕੇ ਕਿਸੇ ਨਾਮ ਰਸੀਏ ਅਜਿਹੇ ਗੁਰਮੁਖਿ ਗੁਰਸਿੱਖ ਦੇ ਦਰਸ਼ਨ ਕਰਵਾ ਸਕਦੇ ਹੋ, ਜਿਹੜਾ ਰੱਬੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਚੜ੍ਹਦੀ ਕਲਾ ਵਿੱਚ ਹੁਲਾਸ ਸਹਿਤ ਜੀਵਨ ਜੀਊ ਰਿਹਾ ਹੋਵੇ ? ਭਾਵ, ਗੁਰਸ਼ਬਦ ਵਿੱਚ ਪ੍ਰਗਟਾਈ ਗੁਰਮੁਖੀ ਜ਼ਿੰਦਗੀ ਦੇ ਸੱਚ ਦਾ ਪ੍ਰਤੱਖ ਪ੍ਰਮਾਣ ਹੋਵੇ । ਲਿਖਿਆ ਹੈ ਕਿ ਤਦੋਂ ਸਤਿਗੁਰਾਂ ਨੇ ਭਾਈ ਗੁਰਮੁਖ ਨੂੰ ਮਿਸਾਲ ਵਜੋਂ ਗੁਜਰਾਤ (ਪੰਜਾਬ, ਹੁਣ ਪਾਕਿਸਤਾਨ) ਵਾਸੀ ਭਾਈ ਭੇਖਾਰੀ ਜੀ ਦੇ ਦਰਸ਼ਨ ਕਰਨ ਲਈ ਆਖਿਆ । ਜਿਸ ਦਾ ਪਰਉਪਕਾਰੀ ਇਕਲੌਤਾ ਬੇਟਾ ਡਾਕੂਆਂ ਨਾਲ ਹੋਏ ਟਾਕਰੇ ਵਿੱਚ ਮਾਰਿਆ ਗਿਆ, ਪਰ ਉਹ ਗੁਰਸਿੱਖ ਚੜ੍ਹਦੀ ਕਲਾ ਵਿੱਚ ਅਡੋਲ ਰਿਹਾ । ਭਾਈ ਗੁਰਮੁਖ ਸਮੇਤ ਹਰੇਕ ਗੁਰਸਿੱਖ ਨੇ ਉਹਦੇ ਮੁੱਖੋਂ ਇਹੀ ਗੁਰਵਾਕ ਸੁਣੇ:

ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ ॥ ਉਸ ਤੇ ਚਉਗੁਨ ਕਰੈ ਨਿਹਾਲੁ ॥ ਨਾਨਕ ਸਾਹਿਬੁ ਸਦਾ ਦਇਆਲੁ ॥ {ਗੁਰੂ ਗ੍ਰੰਥ ਸਾਹਿਬ - ਅੰਗ 268}

ਭਾਈ ਗੁਰਦਾਸ ਜੀ ਨੇ ਛੇਵੇਂ ਪਾਤਸ਼ਾਹ ਵੇਲੇ ਦੇ ਚੋਣਵੇਂ ਗੁਰਸਿੱਖਾਂ ਦਾ ਵਰਨਣ ਕਰਦਿਆਂ ਲਿਖਿਆ ਹੈ :

ਗੁਜਰਾਤੇ ਵਿਚਿ ਜਾਣੀਐ, ਭੇਖਾਰੀ ਭਾਬੜਾ ਸੁਲਾਸ (ਹੁਲਾਸ ਸਹਿਤ)।{ਵਾਰ 11 ਪਉੜੀ 30}

ਸਿੱਖ ਮਿਸ਼ਨਰੀ ਲਹਿਰ ਦੇ ਮੋਢੀ ਸ੍ਰ: ਕੰਵਰ ਮਹਿੰਦਰਪ੍ਰਤਾਪ ਸਿੰਘ ਜੀ ਨੂੰ ਦਾਸ ਪਹਿਲੀ ਵਾਰ ਸੰਨ 1987 ਵਿੱਚ ਪੰਥ ਦੇ ਅਣਥੱਕ ਸੇਵਕ ਗਿਆਨੀ ਜਗਮੋਹਣ ਸਿੰਘ ਜੀ ਦੇ ਘਰ ਲੁਧਿਆਣਾ ਵਿਖੇ ਮਿਲਿਆ । ਗਿਆਨੀ ਜੀ ਨੇ ਕੰਵਰ ਸਾਹਿਬ ਜੀ ਦੀਆਂ ਪੰਥਕ ਸੇਵਾਵਾਂ ਅਤੇ ਉਨ੍ਹਾਂ ਅੰਦਰਲੇ ਗੁਰਮਤਿ ਪ੍ਰਚਾਰ ਦੇ ਉਤਸ਼ਾਹ ਬਾਰੇ ਜਾਣਕਾਰੀ ਤਾਂ ਭਾਵੇਂ ਮੈਨੂੰ ਪਹਿਲਾਂ ਹੀ ਦਿੱਤੀ ਹੋਈ ਸੀ । ਪਰ, ਇਸ ਪਹਿਲੀ ਮੁਲਾਕਾਤ ਨੇ ਮੈਨੂੰ ਉਨ੍ਹਾਂ ਦਾ ਮੁਰੀਦ ਬਣਾ ਦਿੱਤਾ । ਕਿਉਂਕਿ, ਉਨ੍ਹਾਂ ਅੰਦਰਲੇ ਪੰਥਕ ਦਰਦ, ਪ੍ਰਬੰਧਕੀ ਤਜ਼ਰਬੇ, ਵਿਉਂਤਬੰਦੀ ਅਤੇ ਗੁਰਮਤਿ ਸਿਧਾਂਤਾਂ ਦੀ ਸੂਝ ਤੇ ਸਪਸ਼ਟਤਾ ਤੋਂ ਮੈਂ ਬਹੁਤ ਪ੍ਰਭਾਵਤ ਹੋਇਆ ਸੀ । ਪੰਜਾਬ ਦੇ ਪਿੰਡਾਂ ਵਿੱਚਲੇ ਗੁਰਮਤਿ ਪ੍ਰਚਾਰ ਕੇਂਦਰ, ਉਨ੍ਹਾਂ ਦੀ ਸੋਚ ਤੇ ਵਿਉਂਤਬੰਦੀ ਦਾ ਹੀ ਸਾਕਾਰ ਰੂਪ ਹਨ । ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਿਧਆਣਾ ਦੇ ਮੋਢੀ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਜੀ ਸਿਦਕੀ ਹੁਰਾਂ ਦੇ ਅਕਾਲ ਚਲਾਣੇ ਉਪਰੰਤ ਸਰਕਾਰੀ ਨੌਕਰੀ ਤੋਂ ਰਟਾਇਰਮੈਂਟ ਲੈ ਕੇ ਸੰਨ 2000 ਵਿੱਚ ਕੰਵਰ ਸਾਹਿਬ ਨੇ ਜਦੋਂ ਪ੍ਰਿਸੀਪਲ ਦੀ ਨਿਸ਼ਕਾਮ ਸੇਵਾ ਸੰਭਾਲੀ, ਉਦੋਂ ਤੋਂ ਹੁਣ ਤੱਕ ਨਿਜੀ, ਧਾਰਮਿਕ ਤੇ ਪੰਥਕ ਖੇਤਰ ਦੀ ਹਰੇਕ ਸਮਸਿਆ ਦੇ ਹੱਲ ਲਈ ਉਨ੍ਹਾਂ ਦੀ ਨੇਕ ਸਲਾਹ ਲੈਂਦਾ ਰਿਹਾ।

ਸੰਨ 2008 ਵਿੱਚ ਉਨ੍ਹਾਂ ਦਾ ਇਕਲੌਤਾ ਤੇ ਹੋਣਹਾਰ ਕਮਾਊ ਗੁਰਸਿੱਖ ਬੇਟਾ ਗੱਡੀ ਦੇ ਐਕਸੀਡੈਂਟ ਦਾ ਸ਼ਿਕਾਰ ਹੋ ਕੇ ਪ੍ਰਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ । ਕਿਸੇ ਵੀ ਮਾਂ ਬਾਪ ਲਈ ਅਜਿਹਾ ਸਦਮਾ ਅਸਿਹ ਹੁੰਦਾ ਹੈ । ਪਰ, ਕੁਝ ਸਮੇਂ ਪਿਛੋਂ ਜਦੋਂ ਮੈਂ ਨਿਊਯਾਰਕ ਤੋਂ ਆ ਕੇ ਉਨ੍ਹਾਂ ਨੂੰ ਮਿਲਿਆ, ਤਦੋਂ ਉਹ ਕਾਲਜ ਜਾਣ ਲਈ ਤਿਆਰ ਹੋ ਰਹੇ ਸਨ । ਮੈਂ ਦੇਖਿਆ ਕਿ ਉਨ੍ਹਾਂ ਦੇ ਜੀਵਨ ਵਰਤਾਰੇ ਵਿੱਚ ਕੋਈ ਫਰਕ ਨਹੀਂ ਸੀ । ਉਹ ਬੜੀ ਸਹਿਜਮਈ ਅਡੋਲਤਾ ਤੇ ਚੜ੍ਹਦੀ ਕਲਾ ਵਿੱਚ ਸਨ । ਭਾਂਵੇਂ ਕਿ ਉਹ ਆਪ ਵੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ ਤੇ ਜੀਵਨ ਨਿਰਬਾਹ ਲਈ ਬੇਟੇ ਵਾਲਾ ਕਾਰੋਬਾਰ ਵੀ ਠੱਪ ਹੋ ਚੁੱਕਾ ਸੀ । ਸਰੀਰ ਵੀ ਬਿਮਾਰੀ ਕਾਰਨ ਕਮਜ਼ੋਰ ਹੋ ਚੁੱਕਾ ਸੀ । ਪਰ, ਫਿਰ ਵੀ ਉਨ੍ਹਾਂ ਦੀ ਜ਼ਬਾਨ ’ਤੇ ਕੋਈ ਗਿਲਾ ਸ਼ਿਕਵਾ ਨਹੀਂ, ਸਗੋਂ ਵਿਗਾਸ ਸੀ । ਮਹਿਮਾਨ ਨਿਵਾਜੀ ਦਾ ਚਾ ਵੀ ਓਵੇਂ ਹੀ ਬਰਕਰਾਰ ਸੀ । ਜੇ ਮੈਂ ਬੇਟੇ ਦੇ ਵਿਛੋੜੇ ਪ੍ਰਤੀ ਦੁਖ ਪ੍ਰਗਟ ਕੀਤਾ ਤਾਂ ਕਹਿਣ ਲੱਗੇ ਛਡ ਯਾਰ ! ਕੋਈ ਗੁਰੂ ਦੀ, ਪੰਥ ਦੀ ਗੱਲ ਕਰ । ਰੱਬ ਦੀ ਰਜ਼ਾ ਇੰਝ ਸੀ, ਸ਼ੁਕਰ ਹੈ ਉਸ ਦਾ । ਇੱਕ ਗੁਰਮੁਖ ਗੁਰਸਿੱਖ ਦੇ ਰੂਪ ਵਿੱਚ ਭਾਈ ਭੇਖਾਰੀ ਜੀ ਵਾਂਗ ਮੈਨੂੰ ਉਹ ਗੁਰਬਾਣੀ ਦੇ ਸੱਚ ਦਾ ਪ੍ਰਤੱਖ ਪ੍ਰਮਾਣ ਦਿਸ ਰਹੇ ਸਨ।

ਇਸ ਘਟਨਾ ਪਿਛੋਂ, ਜਦੋਂ ਵੀ ਮੈਨੂੰ ਕਿਸੇ ਸੱਜਣ ਨੇ ਇਹ ਸੁਆਲ ਕੀਤਾ ਕਿ ਇਸ ਪਦਾਰਥਵਾਦੀ ਤੇ ਸੁਆਰਥੀ ਯੁਗ ਵਿੱਚ ਕੋਈ ਐਸਾ ਅਦਰਸ਼ਕ ਗੁਰਮੁਖਿ ਗੁਰਸਿੱਖ ਹੈ, ਜੋ ਗੁਰੂ ਨਾਲ ਅਭੇਦ ਹੋ ਕੇ ਵਰਤ ਰਿਹਾ ਹੋਵੇ, ਜਿਹੜਾ ਸਾਡੇ ਲਈ ਗੁਰਸਿੱਖੀ ਦਾ ਰੋਲ ਮਾਡਲ ਬਣ ਸਕਦਾ ਹੋਵੇ । ਤਾਂ ਮੈਂ ਮਿਸਾਲ ਵਜੋਂ ਸਭ ਤੋਂ ਪਹਿਲਾਂ ਕੰਵਰ ਸਾਹਿਬ ਦਾ ਨਾਮ ਪੇਸ਼ ਕਰਦਾ ਤੇ ਉਨ੍ਹਾਂ ਨੂੰ ਮਿਲਣ ਲਈ ਆਖਦਾ । ਪ੍ਰੰਤੂ 3 ਜਨਵਰੀ 2012 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ ਆਫ਼ ਮੈਲਬਰਨ (ਅਸਟ੍ਰੇਲੀਆ) ਵਲੋਂ ਬੁਲਾਈ ਗੁਰਸਿੱਖ ਵਿਦਵਾਨਾਂ ਦੀ ਇਕਤ੍ਰਤਾ ਵੇਲੇ, ਉਨ੍ਹਾਂ ਦੇ ਚੜ੍ਹਦੀ ਕਲਾ ਵਾਲੇ ਵਰਤਾਰੇ ਨੇ ਤਾਂ ਸਾਰੇ ਵਿਦਵਾਨਾਂ ਨੂੰ ਦੰਗ ਕਰ ਦਿੱਤਾ । ਮੇਰਾ ਵਿਸ਼ਵਾਸ਼ ਹੋਰ ਪੱਕਾ ਹੋਇਆ ਕਿ ਉਹ ਸਚਮੁੱਚ ਇਸ ਯੁੱਗ ਦੇ ਪ੍ਰਮਾਣ ਪੁਰਖ ਹਨ । ਭਾਵ, ਗੁਰਸਿੱਖੀ ਦਾ ਪਰਤੱਖ ਰੋਲ ਮਾਡਲ ਹਨ । ਕਿਉਂਕਿ, ਉਨ੍ਹਾਂ ਦੀ ਸਰੀਰਕ ਅਵਸਥਾ ਦੇਖਦਿਆਂ ਅਸੀਂ ਤਾਂ ਭਾਵੇਂ ਸਾਰੇ ਫਿਕਰਮੰਦ ਸਾਂ । ਪਰ, ਜਦੋਂ ਦੋ ਘੰਟੇ ਦੀ ਵਿਚਾਰ ਚਰਚਾ ਪਿਛੋਂ ਉਨ੍ਹਾਂ ਨੂੰ ਪੁੱਛਿਆ ਕਿ ਪ੍ਰਿੰਸੀਪਲ ਸਾਹਿਬ ਕੀ ਹਾਲ ਹੈ, ਥੱਕ ਤਾਂ ਨਹੀਂ ਗਏ ? ਕੁਝ ਅਰਾਮ ਕਰ ਲਓ । ਤਾਂ ਉਨ੍ਹਾਂ ਨੇ ਹੱਸਦਿਆਂ ਹੋਇਆਂ ਆਪਣੀਆਂ ਬਾਹਵਾਂ ਉਪਰ ਚੁੱਕੀਆਂ ਤੇ ਉੱਚੀ ਉੱਚੀ ਦੋ ਵਾਰ ਬੋਲੇ:

ਰੋਗ ਸੋਗ ਦੁਖ ਜਰਾ ਮਰਾ; ਹਰਿ ਜਨਹਿ ਨਹੀ ਨਿਕਟਾਨੀ ॥ {ਗੁਰੂ ਗ੍ਰੰਥ ਸਾਹਿਬ-ਅੰਗ 711}

ਉਨ੍ਹਾਂ ਦੀ ਇਹ ਹਰਕਤ ਦੇਖ ਕੇ ਮੇਰੇ ਸਾਹਮਣੇ ਗੁਰੂ ਨਾਨਕ ਜੀ ਦੇ ਹੇਠ ਲਿਖੇ ਅੰਮ੍ਰਿਤ ਬਚਨਾਂ ਦੀ ਸਚਾਈ ਪ੍ਰਤੱਖ ਹੋ ਰਹੀ ਸੀ :

ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ, ਬਾਹ ਲੁਡਾਈਐ ॥ {ਗੁਰੂ ਗ੍ਰੰਥ ਸਾਹਿਬ - ਅੰਗ 26}

19 ਜਨਵਰੀ 2012 ਦੀ ਸਵੇਰ ਨੂੰ ਜਦੋਂ ਕੰਵਰ ਸਾਹਿਬ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮੈਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਭਾਈ ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ, ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ, ਭਾਈ ਦਲਜੀਤ ਸਿੰਘ ਨਿਓਡਾ, ਭਾਈ ਗੁਰਦੇਵ ਸਿੰਘ ਬਟਾਲਵੀ ਅਤੇ ਕਈ ਹੋਰ ਸੂਝਵਾਨ ਤੇ ਪੰਥ-ਦਰਦੀ ਸੱਜਣਾਂ ਨਾਲ ਸਾਂਝੀ ਕੀਤੀ ਤਾਂ ਸਾਰਿਆਂ ਦਾ ਹੌਕੇ ਭਰਿਆ ਇਹੀ ਪ੍ਰਤੀਕਰਮ ਸੀ “ਇੱਕ ਯੁੱਗ ਖ਼ਤਮ ਹੋ ਗਿਆ । ਉਨਾਂ ਦੀ ਦੁਖ ਸੁਖ ਰਹਿਤ, ਮਾਇਆ ਮੋਹ ਤੋਂ ਨਿਰਲੇਪ, ਨਮਰਤਾ ਭਰਪੂਰ ਤੇ ਖ਼ਾਲਸਾ ਪੰਥ ਦੀ ਬਿਹਤਰੀ ਨੂੰ ਸਮਰਪਤ ਉਦਮੀ ਤੇ ਉਤਸ਼ਾਹੀ ਜ਼ਿੰਦਗੀ, ਗੁਰਬਾਣੀ ਦੇ ਪਰਤਾਪ ਅਤੇ ਨਾਮ ਸਿਮਰਨ ਦੀਆਂ ਬਰਕਤਾਂ ਦਾ ਪ੍ਰਤੱਖ ਪਰਮਾਣ ਸੀ।

ਕਿਉਂਕਿ, ਉਨ੍ਹਾਂ ਸਿੱਧ ਕਰ ਵਿਖਾਇਆ ਕਿ ਉਹ ਉਸ ਅਕਾਲਪੁਰਖੁ ਪ੍ਰਭੂ ਦੀ ਅੰਸ਼ ਹਨ, ਜਿਹੜਾ ਦੁਖ ਸੁਖ ਰਹਿਤ ਤੇ ਸ਼ੀਸੇ ਵਿੱਚਲੇ ਪ੍ਰਤੀਬਿੰਬ ਵਾਂਗ ਸਾਰਿਆਂ ਵਿੱਚ ਵਿਆਪਕ ਵਰਤਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਰਹਿਣ ਵਾਲਾ ਹੈ । ਗੁਰਵਾਕ ਹੈ:

ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥ ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥ {ਗੁਰੂ ਗ੍ਰੰਥ ਸਾਹਿਬ - ਅੰਗ 632}

ਗੁਰੂ ਪੰਥ ਦਾ ਦਾਸ:

ਜਗਤਾਰ ਸਿੰਘ ਜਾਚਕ, ਲੁਧਿਆਣਾ

ਮਿਤੀ 21 ਜਨਵਰੀ 2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top