Share on Facebook

Main News Page

ਪ੍ਰੋ. ਦਰਸ਼ਨ ਸਿੰਘ ਜੀ ਦਾ ਅਕਾਲ ਤਖ਼ਤ ਜਾਣ ਦਾ ਨਿਰਨਾ ਠੀਕ ਸੀ

ਕੁੱਝ ਸਮਾਂ ਪਹਿਲਾਂ ਪ੍ਰੋ. ਦਰਸ਼ਨ ਸਿੰਘ (ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ) ਕਿਸੇ ਵਿਵਾਦ ਦੇ ਸੰਧਰਭ ਵਿਚ ਸ਼੍ਰੀ ਅਕਾਲ ਤਖ਼ਤ ਹਾਜ਼ਰੀ ਭਰਨ ਗਏ ਸਨ। ਉਸ ਵਿਵਾਦ ਬਾਰੇ ਸਾਰੇ ਜਾਗਰੂਕ ਧਿਰ ਜਾਣੂ ਹੀ ਹਨ। ਕਈ ਵਾਰ ਪ੍ਰੋ. ਸਾਹਿਬ ਦੇ ਅਕਾਲ ਤਖ਼ਤ ਜਾਣ ਦੇ ਨਿਰਨੇ ਦੀ ਆਲੋਚਨਾ ਵੀ ਪੜਨ ਨੂੰ ਮਿਲਦੀ ਹੈ। ਪਰ ਅਗਰ ਗੁਰਮਤਿ ਦੀ ਕਸਵਟੀ ਦੀ ਗਲ ਹੁੰਦੀ ਹੈ ਤਾਂ ਉਸ ਨੂੰ ਵਰਤਨਾ ਵੀ ਚਾਹੀਦਾ ਹੈ! ਹੁੰਦੇ ਤਾਂ ਸਾਰੇ ਹੀ ਸੇਵਾਦਾਰ ਨੇ ਚਾਹੇ ਗ੍ਰੰਥੀ ਹੋਵੇ ਜਾਂ ਰਾਗੀ, ਪੰਥਕ ਵਿਦਵਾਨ ਹੋਵੇ ਜਾਂ ਲਿਖਾਰੀ, ਜੱਥੇਦਾਰ ਹੋਵੇ ਜਾਂ ਮੁੱਖ ਸੇਵਾਦਾਰ! ਪਰ ਸੇਵਾਦਾਰਾਂ ਦੀ ਵਧੇਰੇ ਪਛਾਣ ਲਈ ਜੱਥੇਦਾਰ, ਰਾਗੀ, ਗ੍ਰੰਥੀ, ਭਾਈ ਸਾਹਿਬ, ਡਾਕਟਰ, ਪ੍ਰੋਫ਼ੈਸਰ ਪ੍ਰਿੰਸੀਪਲ ਆਦਿ ਸ਼ਬਦ ਵਰਤ ਲਏ ਜਾਂਦੇ ਹਨ।

ਪ੍ਰੋ. ਦਰਸ਼ਨ ਸਿੰਘ ਜੀ ਅਕਾਲ ਤਖ਼ਤ ਦੇ ‘ਸਾਬਕਾ ਜੱਥੇਦਾਰ’ ਲਿਖਦੇ ਹਨ ਜਾਂ ‘ਸਾਬਕਾ ਮੁੱਖ ਸੇਵਾਦਾਰ’ ਇਸ ਵਿਚ ਵੀ ਕੋਈ ਇਤਰਾਜ਼ ਨਹੀਂ ਬਣਦਾ। ਉਹ ਪੰਜਾਂ ਦੇ ਜੱਥੇ ਦੇ ਜੱਥੇਦਾਰ ਤਾਂ ਸਨ ਹੀ, ਅਤੇ ਔਖੇ ਸਮੇਂ ਬਾ ਉਸ ਹੈਸਿਅਤ, ਪੰਥ ਵਲੋਂ, ਸੰਸਾਰਕ ਭਾਈਚਾਰੇ ਨਾਲ ਸੰਵਾਦ ਵੀ ਕਰਦੇ ਰਹੇ! ਕੋਈ ਸ਼ੱਕ ਨਹੀਂ ਕਿ ਉਹ ਵਿਦਵਾਨ ਅਤੇ ਕਾਬਲ ਜੱਥੇਦਾਰ ਸਨ, ਅੱਜ ਦੇ ਕਈ ਵਿਦਵਾਨ ਉਨ੍ਹਾਂ ਨੂੰ ਸਟੇਜਾਂ ਤੋਂ ਹੇਠ ਬੈਠ ਕੇ ਸੁਣਦੇ ਸਨ! ਖ਼ੈਰ ਇਸ ਚਰਚਾ ਦੇ ਮੁੱਖ ਵਿਸ਼ੇ ਵੱਲ ਤੁਰੀਏ ਜਿਸ ਵਿਚ ਸਾਨੂੰ ਅਕਾਲ ਤਖ਼ਤ ਦੀ ਪੰਥਕ ਪ੍ਰਸੰਗਿਕਤਾ/ਜਵਾਜ਼ਿਅਤ ਨੂੰ ਵੀ ਵਿਚਾਰਨਾ ਪਵੇਗਾ।

ਗੁਰਮਤਿ ਸੰਵਾਦ ਤੋਂ ਪਿੱਛੇ ਹੱਟਣ ਦੀ ਮਤ ਨਹੀਂ ਦਿੰਦੀ। ਗੁਰੂ ਨਾਨਕ ਨੇ ਤਾਂ ਸੰਤਾਂ-ਪੀਰਾਂ ਅਤੇ ਮਨੁੱਖਤਾ ਤੋਂ ਟੁੱਟੇ ਹੋਏ ਬੰਦਿਆਂ/ਜੋਗਿਆਂ/ਪੁਜਾਰੀਆਂ ਨਾਲ ਸੰਵਾਦ ਕੀਤਾ। ਕੀ ਇਹ ਸਿਧਾਂਤਕ ਸਮਝੋਤਾ ਸੀ? ਗੁਰੂ ਅਰਜਨ ਜੀ ਨੇ ਸੰਵਾਦ ਲਈ ਲਾਹੌਰ ਚਾਲੇ ਪਾਏ। ਗੁਰੂ ਤੇਗ ਬਹਾਦਰ ਜੀ ਨੇ ਸੰਵਾਦ ਲਈ ਦਿੱਲੀ ਦਰਬਾਰ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣੇ ਪਿਤਾ, ਪਰਿਵਾਰ ਦੇ ਕਾਤਲਾਂ ਅਤੇ ਸਿੱਖਾ ਦੇ ਸਿਰਾਂ ਦੇ ਮੁੱਲ ਪਾਉਂਣ ਵਾਲਿਆਂ ਨਾਲ ਵੀ ਸੰਵਾਦ ਕੀਤਾ। ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਹੈ ਹੀ ਸੰਵਾਦ! ਆਪਸੀ ਸੰਵਾਦ ਵੀ ਤਾਂ ਗੁਰਮਤਿ ਹੀ ਹੈ ਜਿਸਦੀ ਅੱਜ ਜ਼ਿਆਦਾ ਲੋੜ ਹੈ। ਫ਼ਿਰ ਜੇਕਰ ਗਲ ‘ਪੰਥਕ ਜੱਥੇਬੰਧਕ ਸਿਧਾਂਤ/ਪਰੰਪਰਾ’ ਦੇ ਅੰਦਰ ਦੀ ਹੋਵੇ ਤਾਂ ਸੰਵਾਦ ਤੋਂ ਹੱਟਣ ਦਾ ਤਰਕ ਕੀ ਹੈ? ਹਾਂ ਜੇਕਰ ਸੰਵਾਦ ਬਾਦ ਕਿਸੇ ਨੂੰ ਲੱਗਦਾ ਹੈ, ਕਿ ਅੰਤਿਮ ਫ਼ੈਸਲਾ ਗੁਰਮਤਿ ਅਨੁਸਾਰੀ ਨਹੀਂ ਹੋ ਰਿਹਾ, ਤਾਂ ਉਹ ਅਸਹਮਤਿ ਹੋ ਕੇ ਉਸ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਸਕਣ ਦਾ ਮੌਕਾ ਤਾਂ ਰੱਖਦਾ ਹੀ ਹੈ। ਪਰ ਪਹਿਲਾਂ ਹੀ ਸੰਵਾਦ ਤੋਂ ਇਨਕਾਰੀ ਹੋਣਾ ਨਾ ਹੀ ਤਰਕਯੁੱਕਤ ਹੈ, ਅਤੇ ਨਾ ਹੀ ਗੁਰਮਤਿ। ਕੋਈ ਕਾਯਲ ਹੋਵੇ ਜਾਂ ਨਾ ਹੋਵੇ ਸਿੱਖ ਦਾ ਕੰਮ ਹੈ ਸੰਵਾਦ ਕਰਨਾ।

ਇਸ ਲਈ ਪ੍ਰੋ. ਦਰਸ਼ਨ ਸਿੰਘ ਜੀ ਨੇ ਅਕਾਲ ਤਖ਼ਤ ਜਾ ਕੇ ਕੋਈ ਵੀ ਸਿਧਾਂਤਕ ਗਲਤੀ ਨਹੀਂ ਸੀ ਕੀਤੀ। ਉਸ ਦਿਨ ਉਸ ਥਾਂ ਕੀ ਹੋਇਆ ਅਤੇ ਸੰਵਾਦ ਰੂ-ਬਾ ਰੂ ਕਿਉਂ ਨਹੀਂ ਹੋ ਪਾਇਆ, ਇਹ ਇਕ ਅਲਗ ਵਿਸ਼ਾ ਹੈ ਪਰ ਪ੍ਰੋ. ਸਾਹਿਬ ਜੀ ਦਾ ਅਕਾਲ ਤਖ਼ਤ ਜਾਣ ਲਈ ਚੁੱਕਿਆ ਕਦਮ ਠੀਕ ਸੀ, ਜਿਸ ਦੀ ਆਲੋਚਨਾ ਵਾਜਬ ਪ੍ਰਤੀਤ ਨਹੀਂ ਹੁੰਦੀ!

ਇੱਕ ਗਲ ਬੜੀ ਸਪਸ਼ਟ ਹੈ ਕਿ ਸਿਧਾਂਤਕ ਤੌਰ ਤੇ ਅਕਾਲ ਤਖ਼ਤ ਤੇ ਪੇਸ਼ ਹੋਂਣਾ ਪੰਜਾ ਦੇ ਮਾਰਫ਼ਤ ਪੰਥ ਦੇ ਸਨਮੁੱਖ ਪੇਸ਼ ਹੋਣ ਦੀ ਕ੍ਰਿਆ ਹੈ, ਅਤੇ ਅਕਾਲ ਤਖ਼ਤ ਤੋਂ ਗੁਰਮਤਿ ਅਨੁਸਾਰ ਹੋਏ ਫ਼ੈਸਲੇ ਨੂੰ ਸਵੀਕਾਰ ਕਰਦੇ ਗਲਤੀ ਕਬੂਲ ਕਰਨ ਦਾ ਭਾਵ ਗੁਰਮਤਿ ਅਨੁਸਾਰ ਪੰਥ ਦੇ ਸਨਮੁੱਖ ਗਲਤੀ ਸੁਧਾਰਣ ਦਾ ਹੈ, ਨਾ ਕਿ ਪੰਜਾਂ ਸੇਵਾਦਾਰਾਂ ਕੋਲੋਂ ਮਾਫ਼ੀ ਮੰਗਣ ਦਾ। ਇਸ ਪਰੰਪਰਾ ਵਿਚ ਪੰਜਾ ਬੰਦਿਆਂ ਦਾ ਪ੍ਰਬੰਧ ਕੇਵਲ ਇਕ ਮਾਧਿਅਮ ਹੈ, ਪੰਥਕ ਕਾਰ ਨੂੰ ਗੁਰਮਤਿ ਅਨੁਸਾਰ ਚਲਾਉਂਣ ਦਾ। ਇਹ ਸਿਧਾਂਤ ਸ਼ਿਕਾਅਤ ਕਰਨ ਵਾਲਿਆਂ, ਬੁਲਾਉਂਣ ਵਾਲਿਆਂ, ਜਾਣ ਵਾਲਿਆਂ ਅਤੇ ਆਲੋਚਨਾ ਕਰਨ ਵਾਲਿਆਂ ਦੇ ਸਮਝਣ ਲਈ ਹੈ।

ਪ੍ਰੋ. ਸਾਹਿਬ ਦੇ ਸਮੇਂ ਵੀ ਸੁਰਜੀਤ ਸਿੰਘ ਬਰਨਾਲਾ ਜੀ ਦਾ ਮਾਫ਼ੀ ਮੰਗਣਾ ਪ੍ਰੋ. ਸਾਹਿਬ ਸਮੇਤ ਪੰਜਾਂ ਸੇਵਾਦਾਰਾਂ ਦੇ ਗੁਰਮਤੇ (ਗੁਰੂ ਦੀ ਮਤਿ ਮੁਤਾਬਕ ਕੀਤਾ ਗਿਆ ਫ਼ੈਸਲਾ) ਮਾਰਫ਼ਤ ਸਿੱਖ ਪੰਥ ਕੋਲੋਂ ਛਿਮਾ ਮੰਗਣਾ ਸੀ, ਨਾ ਕਿ ਪੰਜਾਂ ਤੋਂ ਮਾਫ਼ੀ ਮੰਗਣਾ! ਆਖ਼ਰ ਮਨਮਤਿ ਜੇਕਰ ਬੰਦੇ ਕਰਦੇ ਹਨ ਤਾਂ ਗੁਰਮਤਾ (ਗੁਰੂ ਦੀ ਮਤਿ ਅਨੁਸਾਰ ਕੀਤਾ ਫ਼ੈਸਲਾ) ਵੀ ਤਾਂ ਬੰਦਿਆਂ ਨੇ ਹੀ ਕਰਨਾ ਹੁੰਦਾ ਹੈ! ਤੇ ਜੇਕਰ ਬੰਦੇ ਗੁਰੂ ਦੀ ਮਤਿ ਅਨੁਸਾਰ ਫ਼ੈਸਲਾ ਕਰ ਲੈਣ, ਤਾਂ ਉਹ ਫ਼ੈਸਲਾ ਗੁਰੂ ਦਾ ਮੰਨਿਆਂ ਜਾਂਦਾ ਹੈ। ਬੰਦੇ ਉਸ ਨੂੰ ਕੇਵਲ ਸੁਣਾਉਂਦੇ ਹਨ! ਬੇਨਤੀ ਕਰ ਦੇਂਵਾਂ ਕਿ ਇਸ ਬਾਰੀਕ ਨੁੱਕਤੇ ਨੂੰ ਸਮਝਣ ਲਈ ਗੁਰੂ ਅਤੇ ਚੇਲੇ ਦੇ ਰਿਸ਼ਤੇ ਨੂੰ ਸਮਝਣ ਦੀ ਲੋੜ ਹੈ ਜਿਸ ਦੀ ਵਧੇਰੇ ਵਿਆਖਿਆ 1699 ਦੀ ਵਸਾਖ ਨੂੰ ਕੀਤੀ ਗਈ ਸੀ।

ਇਤਹਾਸ ਦੱਸਦਾ ਹੈ ਕਿ ਇਸ ਪ੍ਰਬੰਧ ਵਿਚ ਕਈ ਵਾਰ ਕੋਤਾਹੀਆਂ ਵੀ ਹੋਇਆਂ ਹਨ, ਪਰ ਇਹ ਵੀ ਸੱਚਾਈ ਹੈ ਕਿ ਬਿਨ੍ਹਾਂ ਬੰਦਿਆਂ ਦੇ ਕੋਈ ਵੀ ਪ੍ਰਬੰਧ ਨਹੀਂ ਚਲ ਸਕਦਾ। ਜੇ ਕਰ ਪੰਥਕ ਮਸਲਿਆਂ ਬਾਰੇ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ, ਤਾਂ ਨਿਰਸੰਦੇਹ ਇਹ ਪ੍ਰਬੰਧ ਬੰਦਿਆਂ ਦੁਆਰਾ ਹੀ ਪਰਵਾਨ ਚੜ ਸਕਦਾ ਹੈ। ਗੁਰਮਤਿ ਆਪ ਲਾਗੂ ਨਹੀਂ ਹੋ ਸਕਦੀ। ਮਿਸਾਲ ਦੇ ਤੌਰ ਕਿਹਾ ਜਾਂਦਾ ਹੈ, ਕਿ ਕਾਨੂਨ ਅਪਣਾ ਕੰਮ ਕਰੇਗਾ!! ਪਰ ਇਸਦਾ ਮਤਲਭ ਇਹ ਨਹੀਂ ਹੁੰਦਾ ਕੀ ਕਾਨੂਨ ਦੀ ਕਿਤਾਬ ਬਿਨ੍ਹਾਂ ਬੰਦਿਆਂ/ਸੰਸਥਾਨਾਂ ਦੇ ਹਰ ਕੰਮ ਆਪ ਕਰਦੀ ਹੈ!

ਜੇਕਰ ਗੁਰੂਆਂ ਦੇ ਬਾਦ ਗੁਰੂ ਦੀ ਅਗੁਆਈ ਆਪ ਚਲਣੀ ਹੁੰਦੀ ਤਾਂ ਸਿੱਖੀ ਵਿਚ ਕਦੇ ਵੀ ਕਮਜ਼ੋਰੀ ਜਾਂ ਗਿਰਾਵਟ ਨਾ ਆਉਂਦੀ ਅਤੇ ‘ਕਲ’ ਅਤੇ ‘ਅੱਜ’ ਦੇ ਵਿਦਵਾਨਾਂ ਨੂੰ ਕਦੇ ਲਹਿਰਾਂ/ਸੁਧਾਰਾਂ ਤੇ ਲੇਖ ਨਾ ਲਿਖਣੇ ਪੈਂਦੇ! ਇਹ ਸਮਝਣ ਲਈ ਸਿੱਖੀ ਦੇ ਦਰਸ਼ਨ ਵਿਚ ‘ਗੁਰੂ-ਚੇਲੇ’ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ! ਕੁੱਝ ਪਾਸੇ ਹਰ ਵੇਲੇ ਕੇਵਲ ਗੁਰੂ ਦੀ ਅਗੁਆਈ! ਕੇਵਲ ਗੁਰੂ ਦੀ ਅਗੂਆਈ!! ਦਾ ਤਰਕ ਹੈ ਪਰ ਇਸ ਸਵਾਲ ਦਾ ਕੋਈ ਹੱਲ ਨਹੀਂ ਕਿ ਸੰਸਥਾਨ ਅਤੇ ਬੰਦਿਆਂ ਦੇ ਰੋਲ/ਜਿੰਮੇਵਾਰੀ ਨੂੰ ਖ਼ਤਮ ਕਰਕੇ ਗੁਰੂ ਦੀ ਅਗੁਆਈ ਲਾਗੂ ਕਿਵੇਂ ਹੋਵੇਗੀ??? ਪੰਥਕ ਹਿਤ ਵਿਚ ਗੁਰਮਤਿ ਦੀ ਗਲਾਂ ਕਰਨ ਵੇਲੇ ਪੰਥਕ ਪ੍ਰਬੰਧ ਬਾਰੇ ਸਮਝ ਵੀ ਹੋਣੀ ਜ਼ਰੂਰੀ ਹੈ।

ਇਸ ਤੱਥ ਵਿਚ ਵੀ ਕੋਈ ਸ਼ੱਕ ਨਹੀਂ ਕਿ ਦਸਵੇਂ ਗੁਰੂ ਸਾਨੂੰ ਸ਼ਬਦ ਗੁਰੂ ਗ੍ਰੰਥ ਦੇ ਲੜ ਲਾ ਕੇ ਗਏ ਸੀ। ਪਰ ਗੁਰੂ ਦੇ ਲੜ ਲਗੇ ਪੰਥ ਨੇ ਗੁਰੂਆਂ ਬਾਦ ਸ਼ਬਦ ਗੁਰੂ ਅਨੁਸਾਰ ਪੰਥਕ ਕਾਰ ਕਿਵੇਂ ਚਲਾਉਂਣੀ ਸੀ? ਅਪਣੀ ਸਮੱਸਿਆਂਵਾਂ/ਝੱਗੜਿਆਂ ਦਾ ਹੱਲ ਕਿਵੇਂ ਕਰਨਾ ਸੀ? ਜਵਾਬ ਸਪਸ਼ਟ ਹੈ ਗੁਰਮਤਿ ਅਨੁਸਾਰ ਕਰਨਾ ਸੀ! ਪਰ ਗੁਰਮਤਿ ਅਨੁਸਾਰ ਕੀ ਹੈ ਅਤੇ ਕੀ ਨਹੀਂ ਇਸ ਦਾ ਨਿਰਨਾ ਕਿਸ ਨੇ ਕਰਨਾ ਅਤੇ ਸਮਝਣਾ ਹੈ? ਜਵਾਬ ਸਪਸ਼ਟ ਹੈ ਕਿ ਇਹ ਕੰਮ ਬੰਦਿਆਂ ਮਾਰਫ਼ਤ ਹੀ ਹੋਣਾ ਹੈ। ਕਿਸੇ ਪੰਥਕ ਸੱਮਸਿਆ ਵੱਲ ਇਸ਼ਾਰਾ ਕਰਨਾ ਅਤੇ ਉਸ ਦਾ ਗੁਰਮਤਿ ਅਨੁਸਾਰ ਨਿਪਟਾਰਾ ਕਰਨਾ ਹਮੇਸ਼ਾ ਬੰਦਿਆਂ ਦੇ ਹੱਥ ਹੀ ਰਹੇਗਾ। ਇਹ ਜਿੰਮੇਵਾਰੀ ਦਸਵੇਂ ਗੁਰੂ ਨੇ ਸਿੱਥਾਂ ਦੇ ਹਵਾਲੇ ਕੀਤੀ ਸੀ। ਇਸ ਲਈ ਗੁਰੂਆਂ ਬਾਦ ਅਕਾਲ ਤਖ਼ਤ ਹੀ ਇਕ ਪੰਥਕ ਸਥਾਨ/ਸਿਧਾਂਤ ਹੈ। ਇਹ ਸਿੱਖਾਂ ਦੇ ਸਿਰ ਗੁਰੂ ਵਲੋਂ ਪਾਈ ਐਸੀ ਜਿੰਮੇਦਾਰੀ (ਸੇਵਾਦਾਰੀ) ਹੈ ਜਿਸ ਨੂੰ ਸਿੱਖਾਂ ਨੇ ਗੁਰਮਤਿ ਅਨੁਸਾਰ ਕੁੱਝ ਅਧਿਕਾਰ ਵਰਤ ਕੇ ਨਿਭਾਉਂਣਾ ਹੈ। ਕੁੱਝ ਵਿਸ਼ੇਸ਼ ਸੇਵਾਵਾਂ ਬਿਨਾ ਅਧਿਕਾਰ ਦਿੱਤੇ ਨਹੀਂ ਲਈਆਂ ਜਾ ਸਕਦੀਆਂ! ਬਿਨਾ ਕਿਸੇ ਬੰਦੇ ਨੂੰ ਕੁੱਝ ਅਧਿਕਾਰ ਦਿੱਤੇ ਕੋਈ ਸਰਕਾਰ ਇਕ ਕਲਰਕ ਤਕ ਨਹੀਂ ਰੱਖ ਸਕਦੀ।

ਕਈਆਂ ਨੂੰ ਯਾਦ ਹੋਵੇਗਾ ਕਿ ਉਸੇ ਥਾਂ ਉਸ ਥਾਂ ਨੂੰ ਬਰਬਾਦ ਕਰਨ ਵਾਲਿਆਂ ਧਿਰਾਂ ਦੇ ਨਾਲ ਤਕ ਪ੍ਰੋ. ਦਰਸ਼ਨ ਸਿੰਘ ਜੀ ਨੇ ਪੰਥ ਵਲੋਂ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੀ ਅਹੁਦੇਦਾਰੀ ਨਿਭਾਉਂਦੇ ਸੰਵਾਦ ਕਰਕੇ ਉਨ੍ਹਾਂ ਧਿਰਾਂ ਨੂੰ ਲਾਜਵਾਬ/ਕਾਯਲ ਕਰਕੇ ਤੋਰਿਆ ਸੀ। ਪ੍ਰੋ. ਦਰਸ਼ਨ ਸਿੰਘ ਜੀ ਦਾ ਸੰਵਾਦ ਲਈ ਅਕਾਲ ਤਖ਼ਤ ਜਾਣਾ, ਪੰਥਕ ਪਰੰਪਰਾ ਅਨੁਸਾਰੀ ਹੀ ਸੀ। ਇਸ ਲਈ ਉਨ੍ਹਾਂ ਦੇ ਉਸ ਕਦਮ ਦੀ ਆਲੋਚਨਾ ਤਰਕਪੁਰਨ ਨਹੀਂ। ਅਗਰ ਅਸੀਂ ‘ਇੱਕ ਪੰਥ’ ਹਾਂ ਤਾਂ ਨਿਸ਼ਚਤ ਤੌਰ ‘ਤੇ ਸਾਡੇ ਪੰਥਕ ਮਸਲਿਆਂ ਲਈ ਇਕ ਮੰਚ ਦਾ ਹੋਣਾ ਜ਼ਰੂਰੀ ਹੈ, ਅਤੇ ਇਹ ਮੰਚ ਕਿਸੇ ਅਖ਼ਬਾਰ/ਰਸਾਲੇ ਦਾ ਦਫ਼ਤਰ/ਘਰ ਜਾਂ ਕੋਈ ਵੈਬਸਾਈਟ/ਬਲਾਗ ਨਹੀਂ, ਬਲਕਿ ਸਿਰਫ਼ ਗੁਰੂ ਦਾ ਉਸਾਰਿਆ ਅਕਾਲ ਤਖ਼ਤ ਹੀ ਰਹੇਗਾ। ਅਕਾਲ ਤਖ਼ਤ ਦਾ ਸਿਧਾਂਤ ਸਾਫ਼-ਸ਼ਫ਼ਾਫ਼ ਆਇਨਾ ਹੈ। ਮੁੰਹ ਮੈਲੇ ਹੋ ਜਾਣ ਤਾਂ ਸ਼ਿਸ਼ੇ ਨਹੀਂ ਬਦਲੇ ਜਾਂਦੇ। ਬੰਦੇ ਆਉਂਦੇ-ਜਾਉਂਦੇ ਰਹਿਣ ਗੇ ਪਰ ਜਤਨ ਹੋਂਣਾ ਚਾਹੀਦਾ ਹੈ ਕਿ ਸੇਵਾ ਨਿਭਾਉਂਣ ਵਾਲਿਆਂ ਦੇ ਮੁੱਖ ਉਜਲੇ ਰਹਿਣ!

ਅਕਾਲ ਤਖ਼ਤ ਸਰਵੋਚ ਹੈ! ਇਸ ਦੀ ਸਰਵੋਚਤਾ ਦਾ ਭਾਵ ਗੁਰਮਤਿ ਫ਼ਲਸਫ਼ੇ ਹੇਠ ਪ੍ਰਵਾਣਿਤ ਸਰਵੋਚ ਪੰਥਕ ਮੰਚ ਹੈ! ਗੁਰਮਤਿ ਹੇਠ ਇਸੇ ਸਰਵੋਚ ਪੰਥਕ ਮੰਚ ਤੇ ਗੁਰਮਤਿ ਅਨੁਸਾਰੀ ਫ਼ੈਸਲਿਆਂ ਰਾਹੀਂ ਰਾਜਨੀਤੀ ਅਤੇ ਔਛੀ ਧੜੇਬਾਜ਼ੀ ਤੋਂ ਉੱਪਰ ਪੰਥਕ ਗਲਾਂ ਹੋਣਿਆਂ ਚਾਹੀਦੀਆਂ ਹਨ, ਤਾਂ ਕਿ ਸਿੱਖ ਪੰਥ ਮਨੁੱਖਤਾ ਅਤੇ ਅਪਣੇ ਭਲੇ ਲਈ ਜਤਨਸ਼ੀਲ ਰਹੇ। ਇਸ ਲਈ ਪ੍ਰੋ. ਸਾਹਿਬ ਦਾ ਸੰਵਾਦ ਲਈ ਅਕਾਲ ਤਖ਼ਤ ਜਾਣਾ ਠੀਕ ਸੀ! ਉਹ ਸੰਵਾਦ ਕਿਉਂ ਨਹੀਂ ਹੋ ਪਾਇਆ ਇਹ ਇਕ ਅਲਗ ਵਿਸ਼ਾ ਹੈ!

ਹਰਦੇਵ ਸਿੰਘ, ਜੰਮੂ
16.01.2012
 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top