Share on Facebook

Main News Page

ਇੱਕ ਚਿੱਠੀ ਪ੍ਰੋਫੈਸਰ  ਦਰਸ਼ਨ ਸਿੰਘ ਜੀ ਦੇ ਨਾਮ

ਸਤਕਾਰ ਯੋਗ ਪ੍ਰੋਫੈਸਰ  ਦਰਸ਼ਨ ਸਿੰਘ ਜੀ,
ਗੁਰੂ ਫਤਿਹ,

ਜਿਸ ਦਿਨ ਆਪ ਜੀ ਨੂੰ ਅਕਾਲ ਤਖਤ ਤੋਂ ਸੱਦਾ ਆਇਆ ਸੀ ਤੇ ਆਪ ਜੀ ਅਕਾਲ ਤਖਤ ਦੇ ਉਸ ਸਿਧਾਂਤ ਦਾ ਸਤਕਾਰ ਕਰਦਿਆਂ, ਉਸ ਅਗੇ ਹਾਜਿਰ ਹੋਏ ਅਤੇ ਉਸ ਸੱਚੇ ਦੇ ਤਖਤ ਤੇ ਮੱਥਾ ਟੇਕ ਕੇ ਉਥੇ ਹਾਜਿਰੀ ਭਰੀ। ਦਾਸ ਉਸ ਵੇਲੇ ਉਥੇ ਹੀ ਸੀ । ਬੁਰਛਾਗਰਦਾਂ ਦੇ ਦਲਾਲਾਂ ਨੇ ਕਈ ਫੇਰੇ ਅਕਾਲ ਤਖਤ ਤੋਂ "ਸਕਤਰੇਤ" ਤਕ ਮਾਰੇ , ਲੇਕਿਨ ਤੁਸੀ ਇਹ ਕਹਿ ਕੇ ਉਨਾਂ ਸਾਮ੍ਹਣੇ ਉਸ ਕਾਲੇ ਕਮਰੇ ਵਿੱਚ ਪੇਸ਼ ਨਹੀ ਹੋਏ ਕੇ "ਮੈਂ ਅਕਾਲ ਤਖਤ ਦੇ ਸਿਧਾਂਤ ਦੇ ਮਾਲਿਕ" ਦਾ ਜਵਾਬਦੇਹ ਹਾਂ। ਉਨਾਂ ਕੇਸਾਧਾਰੀ ਬ੍ਰਾਹਮਣਾਂ ਦਾ ਨਹੀਂ। ਤੁਸੀ ਕੌਮ ਨੂੰ ਇਕ "ਸੰਦੇਸ ਦਿੱਤਾ ਕੇ ਅਕਾਲ ਤਖਤ ਦੇ ਸਿਧਾਂਤ ਦਾ ਸਤਕਾਰ ਕਰਨਾ ਹਰ ਸਿੱਖ ਦਾ ਫਰਜ ਹੈ। ਅਤੇ ਸਕੱਤਰੇਤ ਵਿੱਚ ਬੈਠੇ ਪੁਜਾਰੀਆਂ ਨੂੰ ਮੱਥਾ ਟੇਕਣਾ ਗਲਤ ਹੈ।

ਪ੍ਰੋਫੈਸਰ ਸਾਹਿਬ ਜੀ, ਅੱਜ ਸਾਡੇ ਵੀਰਾਂ ਨੂੰ "ਡਾਲਰਾਂ" ਦੀ ਰੌਸ਼ਨੀ ਵਿੱਚ ਸਿਧਾਂਤ ਵੀ ਦਿਖਨੇ ਬੰਦ ਹੋ ਗਏ ਨੇ। ਪ੍ਰੋਫੈਸਰ ਸਾਹਿਬ! ਸ਼ਾਇਦ ਸਾਡੇ ਇਹ ਵੀਰ ਹੀ ਸੱਚੇ ਹਨ। ਸ਼ਾਇਦ ਇਨਾਂ ਨੂੰ "ਸ਼ਬਦ ਗੁਰੂ" ਤੋਂ ਕੋਈ ਇਹ ਸਿਖਿਆ ਮਿਲ ਗਈ ਹੈ ਕੇ "ਬਾਜ ਵੀ ਦੇ ਦੋ , ਰਾਜ ਵੀ ਦੇ ...ਦੋ" ਪਰ ਆਪ ਬੁਰੇ ਨਾ ਬਨਣਾਂ। ਅਸੀਂ ਵੀ ਖੁਸ਼ਾਮਦ ਕਰਨਾ, ਸਮਝੌਤਾ ਕਰਨਾ ਸਿੱਖ ਲੈਂਦੇ ਤੇ ਇਹ ਦੁਨੀਆ ਸਾਨੂੰ ਵੀ ਸਿਰ ਤੇ ਚੁੱਕ ਲੈਂਦੀ? ਸਾਨੂੰ ਵੀ ਇਹ ਸੁਣਨਾ ਨਾ ਪੈਂਦਾ ਕਿ ਅਸੀਂ ਘਰ ਬਹਿ ਗਏ ਹਾਂ। ਅਸੀਂ ਵੀ ਗਲਤ ਨੂੰ ਸਹੀ ਕਹਿ ਦੇਂਦੇ, ਤਾਂ ਸਾਨੂੰ ਵੀ ਇਨਾਂ ਕੇਸਾਧਾਰੀ ਬ੍ਰਾਹਮਣਾ ਨੇ ਮਾਫ ਕਰ ਦੇਣਾ ਸੀ।

ਪ੍ਰੋਫੈਸਰ ਸਾਹਿਬ ਸ਼ਾਇਦ ਅਸੀਂ ਹੀ ਗਲਤ ਸੀ, ਕੇ ਅਸੀਂ ਹਰ ਗਲਤ ਗਲ ਲਈ ਆਵਾਜ਼ ਚੁਕੀ, ਸਾਨੂੰ ਕੀ ਲੋੜ ਸੀ ਐਸੀ ਕੌਮ ਲਈ, ਅਵਾਜ ਚੁੱਕ ਕੇ ਬੁਰੇ ਬਨਣ ਦੀ, ਜਿਸਨੂੰ "ਸਿਧਾਂਤ" ਅਤੇ "ਖੁਸ਼ਾਮਦ" ਵਿੱਚਲਾ ਫਰਕ ਵੀ ਨਹੀਂ ਪਤਾ?

ਕੀ ਲੋੜ ਸੀ, ਤੁਹਾਨੂੰ ਇਸ ਕੌਮ ਲਈ ਇਕ ਸਾਲ ਜੇਲ ਦੇ ਤਸੀਹੇ ਸਹਿਣ ਦੀ? ਜਿਸਨੂੰ ਕਿਸੇ ਪੰਥ ਦਰਦੀ ਦੇ ਕੀਤੇ ਕਿਸੇ ਕੰਮ ਦਾ ਕੋਈ ਮੁੱਲ ਹੀ ਨਹੀਂ? ਮਸਕੀਨ ਜੀ ਵੀ ਤੁਹਾਡੇ ਨਾਲ ਹੀ ਗ੍ਰਿਫਤਾਰ ਹੋਏ ਸੀ 1985 ਵਿੱਚ, ਉਹ ਖੁਸ਼ਾਮਦ ਕਰਕੇ ਤੀਜੇ ਦਿਨ ਹੀ ਜੇਲ ਤੋਂ ਬਾਹਰ ਆ ਗਏ ਸੀ। ਕੀ ਤੁਹਾਡੇ ਕੋਲੋਂ ਖੁਸ਼ਾਮਦ ਨਹੀਂ ਸੀ ਹੋ ਸਕਦੀ? ਕੀ ਲੋੜ ਸੀ ਤੁਹਾਨੂੰ ਇਸ ਕੌਮ ਲਈ ਪੂਰਾ ਇੱਕ ਸਾਲ ਜੇਲ ਦੀ ਰੋਟੀ ਖਾਣ ਅਤੇ ਤਸੀਹੇ ਸਹਿਣ ਦੀ? ਕੀ ਮਿਲਿਆ ਕੌਮ ਕੋਲੋਂ ਤੁਹਾਨੂੰ?

ਅੱਜ ਸਾਡੇ ਵੀਰ ਕਿਨੇ ਸਿਆਣੇ ਹੋ ਗਏ ਪ੍ਰੋਫੈਸਰ  ਸਾਹਿਬ । ਅਸੀਂ ਹੀ ਕੁੱਝ ਨਾਂ ਸਿਖਿਆ? ਅੱਜ ਇਹ ਨੀਤੀ ਦੀਆਂ ਗਲਾਂ ਕਰ ਰਹੇ ਨੇ । ਕੀ ਤੁਹਾਨੂੰ ਨੀਤੀ ਦਾ ਕੁੱਝ ਵੀ ਪਤਾ ਸਾਰੀ ਉਮਰ ਨਹੀਂ ਲਗਿਆ? ਤੁਸਾਂ ਅਪਣਾਂ ਤੇ ਨੁਕਸਾਨ ਕੀਤਾ ਹੀ ਕੀਤਾ, ਤੁਸਾਂ ਸਾਨੂੰ ਵੀ ਕੁੱਝ ਨਹੀਂ ਸਿਖਾਇਆ ਕਿ ਕੋਈ, ਕੁਝ ਵੀ ਲਿੱਖੇ ਦਫਾ ਕਰੋ ਉਸਨੂੰ, ਤੁਸੀਂ ਕਿਸੇ ਕੋਲੋਂ ਬੁਰਾਈ ਨਾ ਲੈਂਣਾ, ਇਹੋ ਨੀਤੀ ਹੈ? ਅੱਜ ਅਸੀਂ ਵੀ ਸਾਰਿਆਂ ਕੋਲੋ ਚੰਗੇ ਬਣੇ ਰਹਿੰਦੇ। ਤੁਸੀਂ ਸਾਨੂੰ ਸੱਚ 'ਤੇ ਪਹਿਰਾ ਦੇਣ ਦੀ ਸਿਖਿਆ ਕਿਉਂ ਦਿਤੀ?

ਸਰਨੇ ਦੇ ਸਟੇਜਾਂ ਤੇ ਪ੍ਰਚਾਰ ਕਰਕੇ, ਉਨਾਂ ਨੂੰ ਦਿੱਲੀ ਕਮੇਟੀ ਦੀਆਂ ਕੁਰਸਿਆਂ ਤੇ ਬਿਠਾ ਦਿਤਾ ਤੁਸੀਂ? ਕੀ ਉਨਾਂ ਕੋਲੋਂ 10- 15 ਸੀਟਾਂ ਨਹੀਂ ਸੀ ਮੰਗ ਸਕਦੇ ਤੁਸੀਂ? ਪ੍ਰੋਫੈਸਰ ਸਾਹਿਬ, ਮੈਨੂੰ ਤਾਂ ਲਗਦਾ ਹੈ, ਅਸੀਂ ਹੀ ਮੂਰਖ ਸਾਂ ਅਤੇ ਗਲਤ ਸੀ (ਜੋ ਸਾਡੇ ਆਪਣੇ ਹੀ ਵੀਰ ਸਾਨੂੰ ਹੁਣ ਕਹਿ ਰਹੇ ਨੇ)?

ਲੇਕਿਨ

ਪ੍ਰੋਫੈਸਰ ਸਾਹਿਬ ਦੂਜੇ ਪਾਸੇ ਮੈਂ ਇਹ ਵੀ ਸੋਚਦਾ ਹਾਂ ਕਿ ਜੇ ਤੁਸੀਂ ਗਲਤ ਸੀ, ਅਤੇ ਤੁਹਾਨੂੰ ਨੀਤੀ ਨਹੀਂ ਸੀ ਆਉੰਦੀ, ਤੇ ਕੀ ਸਾਡੇ ਸਾਰੇ ਮਰਜੀਵੜੇ ਪੁਰਖੇ, ਭਾਈ ਮਨੀ ਸਿੰਘ, ਮਤੀ ਦਾਸ, ਸਾਹਿਬਜਾਦੇ ਅਤੇ ਹਜਾਰਾਂ ਸ਼ਹੀਦ ਵੀ ਗਲਤ ਹੀ ਹੋਣਗੇ, ...ਜਿਨਾਂ ਨੂੰ "ਨੀਤੀ" ੳਤੇ "ਸਮਝੌਤਾ" ਕਰਨਾਂ ਨਹੀਂ ਸੀ ਆਉਂਦਾ। ਪ੍ਰੋਫੈਸਰ ਸਾਹਿਬ, ਜੇ ਉਹ ਵੀ ਮੁਗਲ ਹਕੂਮਤਾਂ ਦੇ ਸਾਮ੍ਹਣੇ, ਇਨਾਂ ਸਿੱਖਾਂ ਵਾਂਗ ਗੋਡੇ ਟੇਕ ਦੇਂਦੇ, ਤੇ ਉਹ ਸ਼ਹੀਦ ਹੋਣ ਤੋਂ ਬੱਚ ਜਾਂਦੇ, ਅਤੇ ਕਈ ਪਿੰਡਾ ਦੇ ਰਾਜੇ ਬਣ ਜਾਣਾ ਸੀ ਉਨ੍ਹਾਂ ਨੇ?

ਪ੍ਰੋਫੈਸਰ ਸਾਹਿਬ! ਕਾਸ਼ ਉਸ ਵੇਲੇ ਵੀ ਅੱਜ ਦੀ ਸੋਚ ਵਾਲੇ ਸਿੱਖ ਹੁੰਦੇ, ਤੇ ਅਪਣੇ ਤੁੱਛ ਫਾਇਦੇ ਲਈ ਬੁਰਛਾਗਰਦਾਂ ਅਗੇ ਮੱਥਾ ਟੇਕਣ ਦੀ "ਨੀਤੀ" ਨੂੰ ਹੀ "ਸਿਆਣਪ" ਸਮਝਦੇ ਹਨ। ਉਸ ਵੇਲੇ ਕੌਮ ਦਾ ਇੱਕ ਵੀ ਸਿੱਖ ਸ਼ਹੀਦ ਨਹੀਂ ਸੀ ਹੋਣਾ। ਸਾਡੀ ਇੱਕ ਵੀ ਮਾਂ ਨੂੰ ਆਪਣੇ ਮਰੇ ਹੋਏ ਬੱਚੇ ਦੇ ਅੰਗਾਂ ਦਾ ਹਾਰ, ਆਪਣੇ ਗਲੇ ਵਿੱਚ ਨਹੀਂ ਸੀ ਪੁਆਣਾਂ ਪੈਣਾ। ਕਿਸੇ ਬੰਦੇ ਬਹਾਦੁਰ ਨੂੰ ਅਪਣੇ ਪੁਤੱਰ ਦਾ ਕਲੇਜਾ ਆਪਣੇ ਮੂੰਹ ਵਿੱਚ ਨਹੀਂ ਸੀ ਪੁਆਣਾ ਪੈਣਾ। ਕਾਸ਼ ! ਉਹ ਉਹ ਵੀ ਅੱਜ ਦੇ "ਸਿਆਨੇ ੳਤੇ ਬਹੁਤੇ ਪੜ੍ਹੇ ਲਿੱਖੇ" ਸਿੱਖਾਂ ਵਾਂਗ "ਸਮਝੌਤੇ" ਦੀ ਨੀਤੀ ਨੂੰ ਸਮਝ ਜਾਂਦੇ?

ਪ੍ਰੋਫੈਸਰ ਸਾਹਿਬ ਜੀ! ਕੀ ਅਸੀਂ ਵੀ ਹੁਣ ਅਪਣੇ ਪੁਰਖਿਆਂ ਨੂੰ ਬਹਿ ਕੇ ਕੋਸੀਏ, ਜਿਵੇਂ ਇਹ ਤੁਹਾਨੂੰ ਕੋਸ ਰਹੇ ਨੇ, ਕਿ ਤੁਸੀਂ ਕੀ ਖਟਿਆ? ਸਾਨੂੰ ਕੀ ਪਤਾ ਸੀ, ਕਿ ਜੇ ਤੱਤੀ ਤਵੀ ਤੇ ਬਹਿਣ ਵਲਾ ਗੁਰੂ ਅਤੇ ਆਪਣਾ ਸੀਸ ਕਟਵਾਉਣ ਵਾਲਾ ਗੁਰੂ ਵੀ "ਸਮਝੌਤਾ" ਕਰ ਲੈਂਦਾ ਤੇ ਉਨ੍ਹਾਂ ਦੀ ਜਾਨ ਵੀ ਬੱਚ ਸਕਦੀ ਸੀ।

ਪ੍ਰੋਫੈਸਰ ਸਾਹਿਬ ਕਿਥੇ ਸਨ, ਇਹ ਅੱਜ ਦੇ "ਸਿਆਣੇ ਸਿੱਖ" ਜੋ ਹੁਣ ਸਾਨੂੰ ਹੀ ਤੋਹਮਤਾਂ ਅਤੇ ਤਾਹਨੇ ਮਾਰ ਰਹੇ ਨੇ? ਤੁਸੀਂ ਕੀ ਖੱਟਿਆ? ਬਹਿ ਗਏ ਨਾ ਆਪੋ ਆਪਣੇ ਘਰ?

ਪ੍ਰੋਫੈਸਰ ਸਾਹਿਬ, ਖਿਮਾਂ ਦਾ ਜਾਚਕ ਹਾਂ। ਤੁਸਾਂ ਹੀ ਸੱਚੇ ਗੁਰੂ ਦੇ ਲੜ੍ਹ ਲਾਕੇ ਸਾਨੂੰ ਸੱਚ ਤੇ ਪਹਿਰਾ ਦੇਣ ਦੀ ਸਿੱਖਿਆ ਦਿੱਤੀ। ਇਸ ਲਈ ਜੋ ਸੱਚ ਹੈ ਲਿੱਖ ਦਿਤਾ। ਹੋਈ ਭੁਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top