Share on Facebook

Main News Page

ਪ੍ਰਚਾਰਕਾਂ ਪ੍ਰਤੀ ਕਿਉਂ ਨਹੀਂ ਸੰਜੀਦਾ ਹੁੰਦੇ ਸਾਡੀ ਕੌਮ ਦੇ ਬਾਬੇ ਬੋਹੜ੍

ਸਿੱਖ ਕੌਮ ਦੀ ਇਹ ਬਦਕਿਸਮਤੀ ਹੀ ਹੈ ਕਿ ਜਿਥੇ ਇਸ ਕੌਮ ਦੇ ਅੰਦਰ ਸੱਚ ਬੋਲਣ ਵਾਲੇ ਪ੍ਰਚਾਰਕਾਂ ਦੀ ਸਖਤ ਘਾਟ ਹੈ ਉਥੇ ਜੇਕਰ ਕੋਈ ਪ੍ਰਚਾਰਕ ਆਪਣੀਂ ਜਾਨ ਹਥੇਲੀ ਤੇ ਧਰਕੇ ਸੱਚ ਦੀ ਬਾਤ ਕਹਿਣ ਦੀ ਹਿੰਮਤ ਕਰਦਾ ਹੈ ਤਾਂ ਗੁਰੂਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਹੀ ਉਸ ਦਾ ਸਾਥ ਦੇਣ ਤੋਂ ਇਨਕਾਰੀ ਹੋ ਜਾਂਦੀਆਂ ਹਨ, ਪਰ ਜੇਕਰ ਕੋਈ ਪ੍ਰਚਾਰਕ ਬਿਲਕੁੱਲ ਗੁਰਮਤਿ ਤੋਂ ਉਲਟ ਬੋਲਦਾ ਹੋਵੇ ਨਿਰਾ ਝੂਠ ਗਪੌੜ੍ਹਾਂ ਛੱਡੇ ਉਸ ਦੇ ਗਲ ਵਿੱਚ ਸਰੋਪਾ ਪਾਕੇ ਉਸ ਨੂੰ ਪੰਥਕ ਪ੍ਰਚਾਰਕ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ।

ਕੀ ਇਹ ਜੋ ਕੁਝ ਹੋ ਰਿਹਾ ਹੈ, ਉਸ ਤੋਂ ਇਹ ਅੰਦਾਜਾ ਨਹੀਂ ਲਾਇਆ ਜਾ ਸਕਦਾ ਕਿ ਇਹ ਸਾਡੀ ਕੌਮ ਦੀ ਬਦਕਿਸਮਤੀ ਹੀ ਹੈ ਕਿ ਅਸੀਂ ਡੋਰਾਂ ਹੀ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਦੇ ਛੱਡੀਆਂ ਹਨ, ਜੋ ਖੁੱਦ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਗੁਰੂਬਾਣੀਂ ਦੀ ਵੀਚਾਰ ਲੋਕਾਂ ਤੱਕ ਸਹੀ ਮਾਇਨੇਂ ਵਿੱਚ ਪਹੁੰਚ ਸਕੇ, ਸਗੋਂ ਉਹਨਾਂ ਦੀ ਹਮੇਸ਼ਾਂ ਇਹ ਹੀ ਕੋਸ਼ਿਸ਼ ਹੁੰਦੀ ਹੈ, ਕਿ ਆਮ ਜਨਤਾ ਨੂੰ ਸੱਚ ਤੋਂ ਵਾਝਾਂ ਹੀ ਰੱਖਿਆ ਜਾਵੇ ਤਾਂ ਕਿ ਨਾਂ ਕੋਈ ਸੱਚ ਜਾਣ ਹੀ ਸਕੇ ਤੇ ਨਾਂ ਕੋਈ ਸਾਡੇ ਉਤੇ ਕਿੰਤੂ ਪ੍ਰੰਤੂ ਹੀ ਕਰ ਸਕੇ। ਇਹੋ ਕਾਰਨ ਗੁਰਦੁਆਰਿਆਂ ਅੰਦਰ ਕਦੇ ਵੀ ਐਸੇ ਪ੍ਰਚਾਰਕਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਜਿਹੜ੍ਹੇ ਕੇਵਲ ਨਿਰੋਲ ਸੱਚ ਦੀ ਹੀ ਵਿਆਖਿਆ ਕਰਦੇ ਹਨ। ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਅੱਜ ਗੁਰੂਬਾਣੀਂ ਦੇ ਬੈਨਰ ਹੇਠਾਂ ਬ੍ਰਾਹਮਣੀਂ ਸੋਚ ਦਾ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਨਾਂ ਕਿ ਗੁਰੂਬਾਣੀ ਦੀ ਸੋਚ ਦਾ। ਗੁਰੂ ਘਰ ਅੱਜ ਕੇਵਲ ਰਾਜਨੀਤੀ ਦੇ ਅੱਡੇ, ਜਾਂ ਬੱਸ ਜੈਕਾਰੇ ਲਾਉਣ ਵਾਸਤੇ ਹੀ ਰਹਿ ਗਏ ਹਨ, ਹੁਣ ਸੱਚ ਤਾਂ ਕਿਨਾਰੇ ਹੀ ਰਹਿ ਗਿਆ ਹੈ। ਜਿਸ ਮਨੋਰਥ ਦੀ ਖਾਤਰ ਗੁਰਦੁਆਰੇ ਸਿਰਜੇ ਗਏ ਸਨ, ਉਹ ਮਨੋਰਥ ਤਾਂ ਹੁਣ ਬੱਸ ਕੱਲ ਦੀਆਂ ਗੱਲਾਂ ਹੀ ਹੋ ਗਈਆਂ ਹਨ, ਤੇ ਜੇਕਰ ਕੋਈ ਗੁਰੂੁ ਦਾ ਪਿਆਰਾ ਉਸ ਮਨੋਰਥ ਵੱਲ ਖਿਆਲ ਦਿਵਾਉਂਦਾ ਹੈ, ਤਾਂ ਗੁਰੂ ਘਰਾਂ ਤੇ ਕਾਬਜ ਬਾਬੇ ਬੋਹੜ੍ਹ ਉਸ ਨੂੰ ਗੁਰੂ ਘਰ ਦਾ ਦੋਸ਼ੀ ਸਮਝਣ ਲੱਗ ਜਾਂਦੇ ਹਨ।

ਜਲੰਧਰ ਸ਼ਹਿਰ ਜਿਥੇ ਕਿ ਬਹੁਤ ਸਿੱਖ ਕੌਮ ਦੀਆਂ ਮਾਇਆਨਾਜ ਹਸਤੀਆਂ ਦਾ ਵਾਸਾ ਹੈ, ਮੈਂ ਪਾਠਕਾਂ ਨਾਲ ਉਸ ਸ਼ਹਿਰ ਅੰਦਰ ਵਾਪਰੀ ਹੱਡਬੀਤੀ ਬਿਆਨ ਕਰਨ ਲੱਗਾ ਹਾਂ। ਜਲੰਧਰ ਸ਼ਹਿਰ ਜਿਥੇ ਇੱਕ ਗੁਰਦੁਆਰੇ ਵਿੱਚ ਮੈਂ ਕਥਾ ਦੁਆਰਾ ਸਿੱਖ ਸੰਗਤਾਂ ਦੀ ਸੇਵਾ ਕਰ ਰਿਹਾ ਹਾਂ। ਜਦੋਂ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਹਾੜ੍ਹਾ ਸਾਰੇ ਸੰਸਾਰ ਅੰਦਰ ਬੈਠਾ ਹਰ ਗੁਰਸਿੱਖ ਬੜ੍ਹੀ ਸ਼ਰਧਾ ਪਿਆਰ ਦੇ ਨਾਲ ਮਨਾਂ ਰਿਹਾ ਸੀ। ਸਵੇਰ ਵੇਲੇ ਦੇ ਦੀਵਾਨ ਵਿੱਚ ਸੰਗਤਾਂ ਦੇ ਦਰਮਿਆਨ ਜਦੋਂ ਗੁਰੂ ਪਾਤਸ਼ਾਹ ਜੀ ਦਾ ਜੀਵਨ ਬਿਆਨ ਕੀਤਾ ਤੇ ਇਹ ਗੱਲ ਕਹੀ ਕਿ ਗੁਰੂ ਪਾਤਸ਼ਾਹ ਜੀ ਨੇ ਕਿਸੇ ਵੀ ਭੋਰੇ ਅੰਦਰ ਬੈਠ ਕੇ ਕੋਈ ਤਪ ਨਹੀਂ ਕੀਤਾ ਹੈ, ਸਗੋਂ ਉਹ ਤਪ ਸੀ ਧਰਮ ਦਾ ਪ੍ਰਚਾਰ ਕਰਨਾਂ, ਜੋ ਉਹ ਕਈ ਸਾਲ ਪੂਰੇ ਦੇਸ਼ ਅੰਦਰ ਵਿੱਚਰ ਕੇ ਕਰਦੇ ਰਹੇ ਸਨ ਜੇ ਅਸੀਂ ਇਹ ਗੱਲ ਕਹੀਏ ਕਿ ਗੁਰੂ ਤੇਗ ਬਹਾਦੁਰ ਜੀ ਛੱਬੀ ਸਾਲ ਭੋਰੇ ਵਿੱਚ ਹੀ ਬੈਠੇ ਰਹੇ ਸਨ, ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਖੁੱਦ ਗੁਰੂ ਤੇਗ ਬਹਾਦੁਰ ਜੀ ਗੁਰਬਾਣੀ ਤੋਂ ਉਲਟ ਸਨ, ਕੀ ਉਸ ਵੇਲੇ ਜਦੋਂ ਗਰੀਬਾਂ ਦੀ ਇਜੱਤ ਪਤ ਰੁੱਲ ਰਹੀ ਹੋਵੇਗੀ, ਗਰੀਬਾਂ ਉਤੇ ਔਰਤਾਂ ਉਤੇ ਜੁਲਮ ਹੋ ਰਹੇ ਹੋਣਗੇ ਕੀ ਗੁਰੂ ਤੇਗ ਬਹਾਦੁਰ ਜੀ ਡਰਕੇ ਹੀ ਭੋਰੇ ਅੰਦਰ ਬੈਠੇ ਰਹੇ ਹੋਣਗੇ। ਜੇਕਰ ਇਸ ਗੱਲ ਨੂੰ ਅਸੀਂ ਇਤਿਹਾਸ ਦੇ ਨਜਰੀਏ ਨਾਲ ਵੀ ਦੇਖੀਏ ਤਾਂ ਵੀ ਇਹ ਗੱਲ ਬਿਲਕੁੱਲ ਝੂਠ ਸਿੱਧ ਹੁੰਦੀ ਹੈ।

ਦੂਜੀ ਗੱਲ ਮੈਂ ਇਹ ਕਹੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇਂ ਗੁਰੂ ਤੇਗ ਬਹਾਦਰ ਜੀ ਦੀ ਮੌਜੂਦਗੀ ਵਿੱਚ ਹੀ ਸਰਬੱਤ ਸੰਗਤਾਂ ਨੂੰ ਇਹ ਕਹਿ ਦਿੱਤਾ ਸੀ ਕਿ ਗੁਰਗੱਦੀ ਦੇ ਅਗਲੇ ਵਾਰਸ ਸਾਡੇ ਰਿਸਤੇ ਵਿੱਚੋਂ ਲਗਦੇ ਬਾਬਾ ਜੀ ਤੇਗ ਬਹਾਦਰ ਜੀ ਹੀ ਹੋਣਗੇ, ਤੇ ਇਹ ਕਹਿ ਕਿ ਉਹਨਾਂ ਨੂੰ ਬਕਾਲੇ ਵੱਲ ਰਵਾਨਾਂ ਕਰ ਦਿੱਤਾ ਸੀ। ਔਰ ਕਿਸੇ ਵੀ ਕਿਸਮ ਦਾ ਕੋਈ ਵੀ ਸੰਗਤਾਂ ਨੂੰ ਭਰਮ ਭੁਲੇਖਾ ਨਹੀਂ ਸੀ ਪਾਇਆ, ਜਿਸਦਾ ਜਿਕਰ ਕਰਦਿਆਂ ਹੀ ਬਾਈ ਸੋਢੀਆਂ ਦੀ ਗੱਲ ਵੀ ਕੀਤੀ ਜਾਂਦੀ ਹੈ, ਪਰ ਇਹ ਸਾਰਾ ਕੁੱਝ ਹੀ ਗਪੌੜ੍ਹ ਹੀ ਹੈ ਜਦ ਕਿ ਅੱਜ ਤੱਕ ਕੋਈ ਵੀ ਵਿਦਵਾਨ ਉਨ੍ਹਾਂ ਬਾਈ ਸੋਢੀਆਂ ਦੇ ਪੂਰੇ ਨਾਮ ਤੱਕ ਹੀ ਨਹੀਂ ਦੇ ਸਕਿਆ।

ਦੂਜੇ ਪਾਸੇ ਮੱਖਣ ਸ਼ਾਹ ਲੁਬਾਣਾਂ ਜਿਸਦਾ ਕਿੱਸਾ ਵੀ ਇਹਦੇ ਨਾਲ ਹੀ ਜੋੜ੍ਹਿਆ ਜਾਂਦਾ ਹੈ, ਪਰ ਇਹ ਸਾਰੀਆਂ ਹੀ ਗੱਲਾਂ ਨਿਰਮੂਲ ਹਨ ਅਸਲੀਅਤ ਤਾਂ ਕੁੱਝ ਹੋਰ ਹੀ ਹੈ ਜਿਸਦਾ ਸਾਨੂੰ ਪਤਾ ਵੀ ਨਹੀਂ ਹੈ। ਸੰਗਤ ਤਾਂ ਮੇਰੀਆਂ ਦਲੀਲਾਂ ਤੇ ਗੁਰਬਾਣੀ ਦੁਆਰਾ ਸਿੱਧ ਕੀਤੀਆਂ ਇਹਨਾਂ ਬਾਤਾਂ ਨਾਲ ਸਹਿਮਤ ਸੀ, ਪਰ ਪ੍ਰਬੰਧਕ ਕਮੇਟੀ ਦੇ ਢਿੱਡ ਵਿੱਚ ਬਹੁਤ ਤਕਲੀਫ ਹੋਈ, ਜਿਸਦਾ ਉਹਨਾਂ ਨੇਂ ਬੜ੍ਹਾ ਵੱਡਾ ਨੋਟਿਸ ਵੀ ਲਿਆ, ਪਰ ਉਹ ਕੋਈ ਵੀ ਮੇਰੀ ਗੱਲ ਦਾ ਜੁਵਾਬ ਨਹੀਂ ਦੇ ਸਕੇ।

ਉਸਤੋਂ ਬਾਅਦ ਵਾਰੀ ਦਸਵੇਂ ਪਾਤਸ਼ਾਹ ਦੇ ਗੁਰਪੁਰਬ ਦੀ ਆਈ ਤਾਂ ਮੈਂ ਗੱਜ ਵੱਜ ਕੇ ਇਹ ਗੱਲ ਕਹੀ ਕਿ ਗੁਰੂ ਪਾਤਸ਼ਾਹ ਜੀ ਦੇ ਵਿਆਹ ਤਿੰਨ ਨਹੀਂ, ਸਗੋਂ ਕੇਵਲ ਇੱਕ ਹੀ ਹੋਇਆ ਸੀ ਮਾਤਾ ਜੀਤੋ ਦਾ ਹੀ ਦੂਸਰਾ ਨਾਮ ਮਾਤਾ ਸੁੰਦਰੀ ਸੀ। ਜੀਤੋ ਨਾਮ ਪੇਕੇ ਘਰ ਦਾ ਸੀ ਤੇ ਸੁੰਦਰੀ ਸਹੁਰੇ ਘਰ ਦਾ ਸੀ, ਜਿਵੇਂ ਕਿ ਅੱਜ ਵੀ ਇਹ ਰਿਵਾਜ ਆਮ ਸਾਡੇ ਘਰਾਂ ਦੇ ਅੰਦਰ ਚੱਲਿਆ ਆ ਰਿਹਾ ਹੈ।

ਐਸੀਆਂ ਹੀ ਕੁੱਝ ਹੋਰ ਵੀ ਗੱਲਾਂ ਜੋ ਕਿ ਗੁਰਮਤਿ ਦੇ ਅਨੁਕੂਲ ਸਨ, ਸੁਣ ਕੇ ਕਾਫੀ ਸੰਗਤਾਂ ਨੇ ਮੇਰਾ ਸਾਥ ਵੀ ਦਿੱਤਾ ਤੇ ਇਹ ਵਧਾਈ ਵੀ ਦਿੱਤੀ ਕਿ ਸਾਨੂੰ ਅਸਲੀਅਤ ਦਾ ਗਿਆਨ ਹੀ ਅੱਜ ਹੋਇਆ ਹੈ। ਪਰ ਗੁਰੂ ਦੀ ਸੋਚ ਤੋਂ ਸੱਖਣੇ ਪ੍ਰਬੰਧਕਾਂ ਨੂੰ ਇਹਨਾਂ ਸੱਚੀਆਂ ਗੱਲਾਂ ਦੀ ਬਹੁਤ ਤਕਲੀਫ ਹੋਈ। ਮਾਮਲਾ ਉਸ ਵਕਤ ਜਿਆਦਾ ਗਰਮਾ ਗਿਆ ਜਦੋਂ ਕਿਸੇ ਦੇ ਘਰ ਵਿੱਚ ਅਖੰਡ ਪਾਠ ਸੀ, ਤੇ ਉਸ ਪਰਿਵਾਰ ਨੇਂ ਮਹਾਰਾਜ ਦੇ ਕਮਰੇ ਵਿੱਚ ਹੀ ਗੁਰੂ ਮਹਾਰਾਜ ਦੇ ਲਾਗੇ ਹੀ ਇੱਕ ਵੱਡਾ ਟੇਬਲ ਰੱਖਕੇ ਜੋ ਕਿ ਪੀੜ੍ਹੇ ਤੋਂ ਵੀ ਬਹੁਤ ਉਚਾ ਸੀ। ਉਸ ਉਤੇ ਆਪਣੇ ਕਿਸੇ ਦੇਹਧਾਰੀ ਗੁਰੂ ਦੀ ਫੋਟੋ ਲਾਈ ਹੋਈ ਸੀ, ਤੇ ਮੈਂ ਜਾਕੇ ਉਹ ਫੋਟੋ ਉਥੋਂ ਹਟਵਾ ਦਿੱਤੀ, ਕਿਉਂਕਿ ਇਹ ਸ਼ਪੱਸ਼ਟ ਹੀ ਗੁਰੂ ਮਹਾਰਾਜ ਦੀ ਤੌਹੀਨ ਸੀ। ਉਹ ਪਰਿਵਾਰ ਸਿੱਧਾ ਇਹਨਾਂ ਕਮੇਟੀ ਵਾਲਿਆਂ ਦੇ ਕੋਲ ਆ ਗਿਆ ਤੇ ਸਾਰੀ ਵਾਪਰੀ ਗੱਲ ਦੱਸ ਦਿੱਤੀ। ਕਿ ਬਾਬਾ ਜੀ ਨੇਂ ਸਾਡੀ ਸ਼ਰਧਾ ਨੂੰ ਠੇਸ ਪਹੁੰਚਾਈ ਹੈ। ਕਮੇਟੀ ਦਾ ਅਸੂਲ ਸੀ ਕਿ ਉਸ ਪਰਿਵਾਰ ਨੂੰ ਇਹ ਕਹਿੰਦੇ ਕਿ ਗੁਰੂ ਮਹਾਰਾਜ ਦੇ ਕਮਰੇ ਅੰਦਰ ਕਿਸੇ ਦੀ ਵੀ ਕੋਈ ਤਸਵੀਰ ਨਹੀਂ ਲਗਾਈ ਜਾ ਸਕਦੀ। ਕਿਉਂਕਿ ਇਹ ਗੁਰਮਤਿ ਦੇ ਵਿਰੁੱਧ ਹੈ। ਪਰ ਇਸਦੇ ਉਲਟ ਉਹ ਮੇਰੇ ਹੀ ਗਲ ਪੈ ਗਏ। ਮੈਨੂੰ ਕਹਿਣ ਲੱਗੇ ਕਿ ਤੁਹਾਨੂੰ ਕਿਸੇ ਦੀ ਸ਼ਰਧਾ ਨੂੰ ਠੇਸ ਪਹੁਚਾਣ ਦਾ ਕੋਈ ਵੀ ਹੱਕ ਨਹੀਂ ਹੈ। ਜਦ ਮੈਂ ਇਹ ਸਵਾਲ ਕੀਤਾ ਕਿ ਕੱਲ ਨੂੰ ਜੇਕਰ ਕੋਈ ਰਾਧਾ ਸੁਆਮੀ, ਆਸ਼ੂਤੋਸ਼, ਰਾਮ ਰਹੀਮ, ਜਾਂ ਕਿਸੇ ਹੋਰ ਐਸੇ ਪਾਖੰਡੀ ਦੀ ਫੋਟੋ ਗੁਰੂ ਮਹਾਰਾਜ ਤੋਂ ਵੀ ਉਚੀ ਲਾ ਦਵੇਗਾ, ਤਾਂ ਕੀ ਸਾਡਾ ਉਸਨੂੰ ਰੋਕਣਾਂ ਫਰਜ ਨਹੀ ਹੈ ਤੇ ਅਗੋਂ ਉਹਨਾਂ ਦਾ ਜੁਵਾਬ ਇਹ ਸੀ, ਕਿ ਅਸੀਂ ਲੋਕਾਂ ਨੂੰ ਆਪਣੇ ਨਾਲ ਜੋੜ੍ਹਨਾਂ ਹੈ ਤੋੜ੍ਹਨਾਂ ਨਹੀਂ ਹੈ।

ਕੀ ਇਹ ਪ੍ਰਬੰਧਕ ਜਨ ਸਚੁਮੱਚ ਹੀ ਇਸ ਕਾਬਲ ਨੇ, ਕਿ ਅਸੀਂ ਉਹਨਾਂ ਨੂੰ ਸਾਰੇ ਹੀ ਹੱਕ ਦੇ ਦਿੱਤੇ ਹਨ ਜਿਸ ਕਰਕੇ ਉਹ ਰੱਜਕੇ ਆਪਣੀਆਂ ਮਨਮਾਨੀਆਂ ਪਏ ਕਰ ਰਹੇ ਹਨ। ਮੇਰੀ ਕਿਸੇ ਵੀ ਗੱਲ ਦਾ ਜੁਵਾਬ ਦੇਣ ਦੀ ਬਜਾਏ ਉਹਨਾਂ ਨੇਂ ਇਹ ਕਹਿਕੇ ਮੈਂਨੂੰ ਹੀ ਜੁਵਾਬ ਦੇ ਦਿੱਤਾ ਕਿ ਤੁਹਾਡਾ ਤਾਲਮੇਲ ਸਾਡੀ ਕਮੇਟੀ ਦੇ ਨਾਲ ਨਹੀਂ ਬਣਿਆਂ ਹੈ। ਕੀ ਜੇਕਰ ਸੱਚ ਕਹਿਣ ਵਾਲੇ ਪ੍ਰਚਾਰਕਾਂ ਦਾ ਸਾਥ ਕਾਬਜ ਪ੍ਰਬੰਧਕ ਨਾਂ ਦੇਣਗੇ ਤਾਂ ਫਿਰ ਦੱਸੋ ਗੁਰੂ ਦੀ ਗੱਲ ਅਸੀਂ ਹੋਰ ਕਿਥੇ ਦੱਸਾਂਗੇ। ਕਿਉਂ ਨਹੀਂ ਇਹ ਬਾਬੇ ਬੋਹੜ੍ਹ ਕੌਮ ਦੇ ਪ੍ਰਚਾਰਕਾਂ ਦੀ ਕਦਰ ਕਰਦੇ ਕਿਉਂ ਇਹ ਪ੍ਰਚਾਰਕਾਂ ਨੂੰ ਵੀ ਆਪਣੇ ਨੌਕਰ ਹੀ ਸਮਝ ਰਹੇ ਹਨ। ਪ੍ਰੋ: ਧੂੰਦਾ ਦੇ ਨਾਲ ਜੋ ਹੋਇਆ ਜਾਂ ਕਾਲਾ ਅਫਗਾਨਾਂ, ਜੁਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਤੇ ਇੰਦਰ ਸਿੰਘ ਘੱਗਾ ਜੀ ਨਾਲ ਹੋਇਆ ਇਸ ਤੋਂ ਅਸੀਂ ਕੀ ਇਹ ਅੰਦਾਜਾ ਨਹੀਂ ਲਗਾ ਸਕਦੇ ਕਿ ਗੁਰੂ ਦਾ ਘਰ ਵੀ ਅੱਜ ਬਿੱਪਰਵਾਦੀ ਸੋਚ ਦਾ ਹੀ ਗੁਲਾਮ ਹੋ ਗਿਆ ਹੈ। ਪਰ ਜੋ ਮਰਜੀ ਭਾਵੇਂ ਹੋ ਜਾਵੇ ਅਸੀਂ ਨਾਂ ਤਾਂ ਪਹਿਲਾਂ ਹੀ ਕਦੇ ਪਿਛਾਂਹ ਹਟੇ ਸੀ ਤੇ ਨਾਂ ਹੀ ਹੁਣ ਹੀ ਕਦਮ ਪਿਛਾਂਹ ਨੂੰ ਕਰਾਂਗੇ।

ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)
ਮੋ:098721-18848


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top