Share on Facebook

Main News Page

ਹਾਕਮਾਂ ਦੇ ਨਾ-ਅਹਿਲ ਅਤੇ ਬਦਮਗਜ਼ ਮੋਹਰੇ
ਸਿੱਖ ਕੌਮ ਵਿਚਲੇ ਹਾਕਮ ਪੁਜਾਰੀ ਗਠਜੋੜ ਦੇ ਨੁਮਾਇੰਦੇ ਜਦੋਂ ਵੀ ਬੋਲਦੇ ਨੇ, ਅਪਣੀ ਨਾ-ਅਹਿਲੀਅਤ, ਬਦਮਗਜ਼ੀ ਅਤੇ ਅਗਿਆਨਤਾ ਦਾ ਪ੍ਰਗਟਾਵਾ ਹੀ ਕਰਦੇ ਹਨ

ਬਹੁਤ ਪੁਰਾਤਨ ਸਮੇਂ ਤੋਂ ਹੀ ਪੁਜਾਰੀ-ਹਾਕਮ ਗਠਜੋੜ ਲੋਕਾਈ ਨੂੰ ਮੂਰਖ ਬਣਾ ਕੇ, ਧਰਮ ਅਤੇ ਸ਼ਰਧਾ ਦੇ ਨਾਂ ਉੱਤੇ ਉਸਦਾ ਸਰਬਪੱਖੀ ਸੋਸ਼ਨ ਕਰਨ ਦੇ ਇੰਤਜ਼ਾਮ ਕਰਦਾ ਰਿਹਾ ਹੈ। ਪੁਜਾਰੀ ਵਰਗ ਨੇ ‘ਹਾਕਮਾਂ’ ਨੂੰ ਲੋਕਾਈ ਅੱਗੇ ‘ਰੱਬ’ (ਅਵਤਾਰ) ਬਣਾ ਕੇ ਪੇਸ਼ ਕੀਤਾ ਅਤੇ ਬਦਲੇ ਵਿਚ ਹਾਕਮਾਂ ਨੇ ‘ਪੁਜਾਰੀ’ ਨੂੰ ਸਰਬ-ਉਚ ਦੱਸਿਆ। ਬ੍ਰਾਹਮਣੀ ਮਿੱਥਿਹਾਸ ਦੇ ਅਨੇਕਾਂ ਹਵਾਲੇ ਇਸ ਪ੍ਰਵਿਰਤੀ ਦੇ ਸਪਸ਼ਟ ਲਖਾਇਕ ਹਨ। ਇਸੇ ਪ੍ਰਵਿਰਤੀ ਅਧੀਨ ਬਣਾਏ ‘ਰੱਬਾਂ’ (ਅਵਤਾਰਾਂ) ਬਾਰੇ ਸੱਚ ਪੇਸ਼ ਕਰਦਾ ਗੁਰਬਾਣੀ ਵਾਕ ਹੈ:

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥(ਪੰਨਾ 422)

ਬਾਬਾ ਨਾਨਕ ਜੀ ਅਤੇ ਮਗਰਲੇ ਨਾਨਕ-ਸਰੂਪਾਂ ਨੇ ਗੁਰਬਾਣੀ ਸੱਚ ਰਾਹੀਂ ਲੋਕਾਈ ਸਾਹਮਣੇ ਇਸ ਪੁਜਾਰੀ-ਹਾਕਮ ਗਠਜੋੜ ਦਾ ਪਾਜ ਬਾ-ਦਲੀਲ ਢੰਗ ਨਾਲ ਉਘਾੜਿਆ। ਉਹਨਾਂ ਵਲੋਂ ਦਰਸਾਏ ਗੁਰਮਤਿ ਮਾਰਗ ਵਿਚ ਨਾਪਾਕ ‘ਹਾਕਮ-ਪੁਜਾਰੀ’ ਗਠਜੋੜ ਲਈ ਕੋਈ ਥਾਂ ਨਹੀਂ ਹੈ। ਪਰ ਅਫਸੋਸ ! ਬਿਖੜੇ ਹਾਲਾਤਾਂ ਅਤੇ ਕੌਮੀ ਅਨਗਹਿਲੀਆਂ ਕਾਰਨ ਇਹ ਨਾਪਾਕ ਜੁੰਡਲੀ ਸਿੱਖ ਕੌਮ ਤੇ ਭਾਰੂ ਹੁੰਦੀ ਗਈ। ਨਾਨਕ ਸਰੂਪਾਂ ਨੇ ਜਿਹੜੀ ਕੌਮ ਸਾਰੀ ਮਨੁੱਖਤਾ ਨੂੰ ਇਸ ਭ੍ਰਿਸ਼ਟ ਗਠਜੋੜ ਤੋਂ ਮੁਕਤ ਕਰਾਉਣ ਲਈ ਤਿਆਰ ਕੀਤੀ ਸੀ, ਸਮਾਂ ਪਾ ਕੇ ਉਹ ਆਪ ਹੀ ਇਸ ਦਾ ਸ਼ਿਕਾਰ ਹੋ ਗਈ।

ਅੱਜ ਵੀ ਹਾਲਾਤ ਵੈਸੇ ਹੀ ਹਨ। ਮੌਜੂਦਾ ਸਮੇਂ ਵਿਚ ਵੀ ਬੇ-ਈਮਾਨ ਪੁਜਾਰੀ-ਹਾਕਮ ਗਠਜੋੜ ਸਿੱਖ ਕੌਮ ਦੇ ਕੇਂਦਰੀ ਸੰਸਥਾਨਾਂ ਤੇ ਕਾਬਜ਼ ਹੈ, ਬੇਸ਼ਕ ਉਹਨਾਂ ਦੇ ਨਾਮ ਸਿੰਘ ਸਾਹਿਬ, ਜਥੇਦਾਰ, ਮੁੱਖ ਸੇਵਾਦਾਰ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਅਕਾਲੀ ਦਲ ਆਦਿ ਲੁਭਾਵਣੇ ਰੱਖੇ ਹੋਏ ਹਨ। ਪਰ ਕਰਤੂਤਾਂ ਪੱਖੋਂ ਤਾਂ ਇਹ ਭ੍ਰਿਸ਼ਟ ਪੁਜਾਰੀ ਅਤੇ ਹਾਕਮ ਹੀ ਹਨ। ਸਿੱਖ ਕੌਮ ਦੇ ਨੁਮਾਇੰਦੇ ਵਜੋਂ ਇਹ ਜਦੋਂ ਵੀ ਜਨਤਕ ਤੌਰ ਤੇ ਵੀਚਾਰ ਪੇਸ਼ ਕਰਦੇ ਹਨ ਤਾਂ ਅਪਣੀ ਨਾ-ਅਹਿਲੀਅਤ, ਬਦਮਗਜ਼ੀ ਅਤੇ ਅਗਿਆਨਤਾ ਦਾ ਮੁਜ਼ਾਹਰਾ ਕਰਦੇ ਦੁਨੀਆ ਸਾਹਮਣੇ ਸਿੱਖ ਕੌਮ ਦਾ ਸਿਰ ਨੀਂਵਾ ਕਰਵਾਉਣ ਦਾ ਕਾਰਨ ਹੀ ਬਣਦੇ ਹਨ। ਲੰਮੇ ਸਮੇਂ ਦੀ ਮਾਨਸਿਕ ਗੁਲਾਮੀ ਕਾਰਨ ਸਿੱਖ ਸਮਾਜ ਵਿਚ ਇਨ੍ਹਾਂ ਨੇ ਆਪਣੇ ਅਹੁਦਿਆਂ ਅਤੇ ਸਥਾਨਾਂ ਪ੍ਰਤੀ ਐਸੀ ਸ਼ਰਧਾ ਦੇ ਨਾਂ ਤੇ (ਅੰਧ) ਵਿਸ਼ਵਾਸ ਪੈਦਾ ਭਰ ਦਿਤਾ ਹੈ, ਗੁਰਮਤਿ ਜਿਸਦਾ ਖੰਡਨ ਕਰਦੀ ਹੈ।

ਤਾਜ਼ਾ ਮਿਸਾਲ ਅਖੌਤੀ ਜਥੇਦਾਰ (ਅਸਲ ਵਿਚ ਪੁਜਾਰੀ) ਗੁਰਬਚਨ ਸਿੰਘ ਅਤੇ ਅਵਤਾਰ ਸਿੰਘ ਮੱਕੜ ਦੀ ਹੈ। ਗਿਆਨੀ ਗੁਰਬਚਨ ਸਿੰਘ ਨੇ ਕੁਝ ਦਿਨ ਪਹਿਲਾਂ ‘ਦਰਬਾਰ ਸਾਹਿਬ’ ਕੰਪਲੈਕਸ ਵਿਚ ਇਕ ਕਥਾ ਦੌਰਾਨ ਅਤੇ ਮੱਕੜ ਜੀ ਨੇ ਫੋਨ ਰਾਹੀਂ ਰੇਡੀਉ ਤੇ ਕੀਤੀ ਇਕ ਗੱਲਬਾਤ ਵਿਚ ਅਪਣੀ ਬਦਮਗਜ਼ੀ ਰਾਹੀਂ ਗੁਰਮਤਿ ਵਿਰੋਧੀ ਪਹੁੰਚ ਦਾ ਜਨਤਕ ਪ੍ਰਗਟਾਵਾ ਕੀਤਾ। ਮੁੱਦਾ ਸੀ ਪ੍ਰੋ. ਸਰਬਜੀਤ ਸਿੰਘ ਧੂੰਦਾ ਨਾਲ ਸੰਬੰਧਿਤ।

ਪ੍ਰੋ. ਧੂੰਦਾ ਹੁਣ ਸਿੱਖ ਕੌਮ ਵਿਚ ਕਿਸੇ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹਨ। ਕੋਈ ਵੀ ਸੁਚੇਤ ਅਤੇ ਸੱਚਾ ਸਿੱਖ ਪ੍ਰੋ. ਧੂੰਦਾ ਜੀ ਦੇ ਇਕ ਪੰਥਦਰਦੀ ਅਤੇ ਇਮਾਨਦਾਰ ਪ੍ਰਚਾਰਕ ਹੋਣ ਬਾਰੇ ਦੋ-ਰਾਇ ਨਹੀਂ ਰੱਖਦਾ। ਸੋ ਉਹਨਾਂ ਬਾਰੇ ਐਸਾ ਸੋਚਣਾ ਜਾਂ ਇਲਜ਼ਾਮ ਲਾਉਣਾ ਕਿ ਉਹ ‘ਦਰਬਾਰ ਸਾਹਿਬ’ ਸਮੇਤ ਕਿਸੇ ਪੰਥ-ਪ੍ਰਵਾਨਿਤ ਸੰਸਥਾ ਜਾਂ ਰਵਾਇਤ ਬਾਰੇ ਅਪਮਾਨਜਨਕ ਸੋਚ ਰੱਖਦੇ ਹਨ, ਇਮਾਨਦਾਰੀ ਨਹੀਂ ਹੋ ਸਕਦੀ। ਉਹਨਾਂ ਵਿਰੁਧ ਸ਼ਿਕਾਇਤ ਵਜੋਂ ਪੇਸ਼ ਕੀਤੇ ਗਏ ਚੰਦ ਕੁ ਲਫਜ਼ਾਂ ਨੂੰ ਉਹਨਾਂ ਦੀ ਉਸ ਪੂਰੀ ਰਿਕਾਰਡਿੰਗ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਦੀ ਭਾਵਨਾ ਦਰਬਾਰ ਸਾਹਿਬ ਕੰਪਲੈਕਸ ਜਾਂ ਸਿੱਖ ਸਮਾਜ ਵਿਚ ਪ੍ਰਚਲਿਤ ਮਨਮਤਾਂ ਵੱਲ ਧਿਆਨ ਦਿਵਾਉਣ ਦੀ ਸੀ, ਨਾ ਕਿ ਦਰਬਾਰ ਸਾਹਿਬ ਜਾਂ ਗੁਰਬਾਣੀ ਕੀਰਤਨ ਦੀ ਨਿਰਾਦਰੀ ਕਰਨ ਦੀ। ਬੇਸ਼ਕ ਲਫਜ਼ਾਂ ਦੀ ਵਰਤੋਂ ਵਿਚ ਉਹਨਾਂ ਕੋਲੋਂ ਚੂਕ ਹੋਈ ਲਗਦੀ ਹੈ। ਸ਼ਾਇਦ ਉਹ ਇਹ ਗੱਲ ਕੁਝ ਇਸ ਤਰਾਂ ਕੀਤੀ ਜਾਂਦੀ

ਦਰਬਾਰ ਸਾਹਿਬ ਵਿਚ ਅੱਜ ਵੀ ਉਸ ਗ੍ਰੰਥ ਦੀ ਰਚਨਾਵਾਂ ‘ਗੁਰਬਾਣੀ’ ਵਜੋਂ ਪੜੀਆਂ ਜਾਂਦੀਆਂ ਹਨ, ਜੋ ਅਸ਼ਲੀਲ ਅਤੇ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਿਆ ਹੋਇਆ ਹੈ...

ਤਾਂ ਵਧੇਰੇ ਸਪਸ਼ਟ ਹੋ ਜਾਣੀ ਸੀ। ਜਾਂ ਫੇਰ ਉਹਨਾਂ ਨੂੰ ਅਪਣੀ ਟਿੱਪਣੀ ਦੇ ਪਿੱਛੇ ਦੀ ਅਸਲ ਭਾਵਨਾ ਨੂੰ ਵੀ ਨਾਲੋਂ ਨਾਲ ਸਪਸ਼ਟ ਕਰ ਦੇਣਾ ਚਾਹੀਦਾ ਸੀ। ਨੋਟਿਸ ਵਿਚ ਆਉਂਦੇ ਹੀ ਇਹ ਭਾਵਨਾ ਸੰਗਤ ਸਾਹਮਣੇ ਸਪਸ਼ਟ ਕਰ ਦੇਣੀ ਚਾਹੀਦੀ ਸੀ (ਸ਼ਾਇਦ ਉਹ ਕਰ ਵੀ ਚੁੱਕੇ ਹੋਣ) ਤੇ ਨਾਲ ਹੀ ਲਫਜ਼ਾਂ ਦੀ ਚੂਕ ਕਾਰਨ ਪੈਦਾ ਹੋਈ ਕਿਸੇ ਗਲਤਫਹਿਮੀ ਲਈ ਸੰਗਤ ਤੋਂ ਮਾਫੀ ਵੀ ਮੰਗਣ ਵਿਚ ਕੋਈ ਹਰਜ ਨਹੀਂ ਹੈ, ਕਿਉਂਕਿ ਇਕ ਸੱਚਾ ਪ੍ਰਚਾਰਕ ਸੰਗਤ ਨੂੰ ਹੀ ਜਵਾਬਦੇਹ ਹੋਣਾ ਚਾਹੀਦਾ ਹੈ, ਪੁਜਾਰੀਆਂ ਨੂੰ ਨਹੀਂ।

ਪਰ ਪ੍ਰੋ. ਧੂੰਦਾ ਬਾਰੇ ਇਹ ਵਿਚਾਰ ਬਣਾਉਣਾ ਕਿ ਉਹਨਾਂ ਨੇ ਇਹ ਲਫਜ਼ ‘ਦਰਬਾਰ ਸਾਹਿਬ’ ਜਾਂ ‘ਕੀਰਤਨ’ ਦੀ ਬੇਅਦਬੀ ਕਰਨ ਲਈ ਵਰਤੇ ਹਨ, ਨੇਕ ਨੀਅਤੀ ਨਹੀਂ, ਬੇ-ਈਮਾਨੀ ਹੈ। ਦਸਮ ਗ੍ਰੰਥੀ ਧਿਰਾਂ ਵਲੋਂ ਉਹਨਾਂ ਵਿਰੁਧ ਪੁਜਾਰੀਆਂ ਸਾਹਮਣੇ ਕੀਤੀ ਗਈ ਸ਼ਿਕਾਇਤ ਅਤੇ ਉਸ ਉੱਪਰੰਤ ਸਾਹਮਣੇ ਆਇਆ ਪੁਜਾਰੀਆਂ ਦਾ ਆਦੇਸ਼ ਬੇ-ਈਮਾਨੀ ਦੀ ਉੱਪਜ ਹੀ ਹਨ। ਪ੍ਰੋ. ਧੂੰਦਾ ਸਮੇਤ ਬਹੁੱਤੇ ਜਾਗਰੂਕ ਪ੍ਰਚਾਰਕ ਸਿੱਖ ਰਹਿਤ ਮਰਿਯਾਦਾ ਅਤੇ ਪੰਥ-ਪ੍ਰਵਾਨਿਕਤਾ ਦੇ ਬੋਝ ਹੇਠ ਪੂਰਾ-ਸੱਚ ਤਾਂ ਪੇਸ਼ ਕਰ ਨਹੀਂ ਪਾਉਂਦੇ, ਇਸ ਲਈ ਉਹਨਾਂ ਬਾਰੇ ਇਹ ਸੋਚਨਾ ਕਿ ਉਹ ਦਰਬਾਰ ਸਾਹਿਬ ਦੀ ਬੇਅਦਬੀ ਦੀ ਗੱਲ ਕਰਨਗੇ ਕਿਸੇ ਵੀ ਤਰਾਂ ਜਾਇਜ ਨਹੀਂ ਹੈ।

ਖੈਰ ਗੱਲ ਕਰਨੀ ਸੀ ਅਜੋਕੇ ਸਿੱਖ ਸਮਾਜ ਵਿਚਲੇ ਪੁਜਾਰੀ-ਹਾਕਮ ਗਠਜੋੜ ਦੀ। ਪ੍ਰੋ. ਧੂੰਦਾ ਖਿਲਾਫ ਪੁਜਾਰੀਆਂ ਵਲੋਂ ਜਾਰੀ ਕੀਤੇ ‘ਆਦੇਸ਼’ ਦੀ ਥਾਂ ਥਾਂ ਹੁੰਦੀ ‘ਦੁਰਗਤੀ’ ਤੋਂ ਬੌਖਲਾਏ ਗਿਆਨੀ ਗੁਰਬਚਨ ਸਿੰਘ ਅਤੇ ਮੱਕੜ ਜੀ ਨੇ ਉਹਨਾਂ ਬਾਰੇ ਜ਼ਹਿਰ ਉੱਗਲ ਕੇ ਅਪਣੀ ਬੀਮਾਰ ਅਤੇ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ, ਜੋ ਉਹਨਾਂ ਦੀ ਜਗ-ਹਸਾਈ ਦਾ ਕਾਰਨ ਬਣ ਰਹੀ ਹੈ।

ਪਹਿਲਾਂ ਗੱਲ ਕਰਦੇ ਹਾਂ ਗਿਆਨੀ ਗੁਰਬਚਨ ਸਿੰਘ ਦੀ। ‘ਆਦੇਸ਼’ ਜਾਰੀ ਕਰਨ ਵੇਲੇ ਪੁਜਾਰੀ ਜੀ ਦੀ ਸ਼ਬਦਾਵਲੀ ਸੀ, “ਪੇਸ਼ ਹੋਣ ਤੱਕ ਕੋਈ ਧੂੰਦੇ ਨੂੰ ਮੂੰਹ ਨਾ ਲਾਵੇ”। ਕੁਝ ਦਿਨ ਤੱਕ ਹੋਈ ਆਲੋਚਣਾ ਤੋਂ ਬਾਅਦ ਸੁਰ ਬਦਲ ਲਿਆ ਕਿ “ਧੂੰਦੇ ਨੂੰ ਤਲਬ ਨਹੀਂ ਕੀਤਾ, ਸਪਸ਼ਟੀਕਰਨ ਦੇਣ ਲਈ ਕਿਹਾ ਹੈ”। ਹੁਣ 5 ਕੁ ਦਿਨ ਪਹਿਲਾਂ ‘ਦਰਬਾਰ ਸਾਹਿਬ’ ਕੰਪਲੈਕਸ ਵਿਚੋਂ ਇਸ ਵਿਸ਼ੇ ਤੇ ਗੁਰਮਤਿ ਵਿਰੋਧੀ ਕਥਾ ਕਰਦੇ ਹੋਏ ਅਪਣੀ ਬ੍ਰਾਹਮਣੀ ਅਤੇ ਸੰਪਰਦਾਈ ਸੋਚ ਦਾ ਖੁੱਲ ਕੇ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਇਸ ਕਥਾ ਦੇ ਮੁੱਖ ਅੰਸ਼ ਪਾਠਕਾਂ ਲਈ ਹਾਜ਼ਰ ਹਨ:

  1. ‘ਦਰਬਾਰ ਸਾਹਿਬ ਅੰਮ੍ਰਿਤਸਰ’ ਲਈ ਗੁਰਬਾਣੀ ਦੀ ਤੁੱਕ ‘ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰ ਜਾਤਾ” ਦੀ ਵਰਤੋਂ
  2. ਮਹਾਰਾਜਾ ਰਣਜੀਤ ਸਿੰਘ ਵਲੋਂ ਕੁਰਸੀ ਤੇ ਬੈਠਦੇ ਸਮੇਂ ਮੁੰਹ ਹਮੇਸ਼ਾਂ ‘ਹਰਿਮੰਦਰ ਸਾਹਿਬ’ ਵੱਲ ਕਰਨ ਦੀ ਗੱਲ ਨੂੰ ਇਸਦਾ ਵੱਡਾ ਸਤਿਕਾਰ ਦੱਸਣਾ
  3. ਮਹਾਰਾਜਾ ‘ਦਰਬਾਰ ਸਾਹਿਬ’ ਮੱਥਾ ਟੇਕ ਕੇ ਵਾਪਸ ਆਉਣ ਵੇਲੇ ਉਸ ਪਾਸੇ ਪਿੱਠ ਕਰਨ ਦੀ ਥਾਂ ਪੁੱਠੇ ਪੈਰੀ ਵਾਪਸ ਆਉਣ ਦੀ ਮਿਸਾਲ ਨੂੰ ਵੱਡਾ ਸਤਿਕਾਰ ਦਰਸਾਉਣਾ
  4. ਮਹਾਰਾਜਾ ਭੁਪਿੰਦਰ ਸਿੰਘ ਵਲੋਂ ਸੇਵਾ ਦੌਰਾਣ ਕੀਮਤੀ ਵਸਤਰ ਗੰਦੇ ਹੋਣ ਨੂੰ ਪਾਪ ਧੋਤੇ ਜਾਣਾ ਮੰਣ ਲੈਣ ਦੇ ਕਿੱਸੇ ਨੂੰ ਸਤਿਕਾਰ ਦੱਸਣਾ

ਵਿਚਾਰ:- ਹੁਣ ਇਕ ਸੁਚੇਤ ਸਿੱਖ ਉਪਰੋਕਤ ਮਿਸਾਲਾਂ ਤੋਂ ਹੀ ਗਿਆਨੀ ਜੀ ਦੀ ਗੁਰਮਤਿ ਗਿਆਨ ਦਾ ਅੰਦਾਜ਼ਾ ਲਗਾ ਸਕਦਾ ਹੈ। ਵੈਸੇ ਵੀ ਗਿਆਨੀ ਜੀ ਉਸ ਟਕਸਾਲ ਤੋਂ ‘ਗਿਆਨੀ’ ਬਣੇ ਹਨ, ਜਿਸ ਦਾ ਇਕ ਸਾਬਕਾ ਮੁੱਖੀ (ਜੋ ਕੌਮ ਵਿਚ ਵੱਡੇ ਵਿਦਵਾਨ ਅਤੇ ਬ੍ਰਹਮਗਿਆਨੀ ਵੱਜੋਂ ਮਸ਼ਹੂਰ ਹੈ) ਆਪਣੀਆਂ ਕਿਤਾਬਾਂ ਵਿਚ ਬ੍ਰਾਹਮਣੀ ਊਲ-ਜ਼ਲੂਲ ਭਰ ਗਿਆ ਹੈ। ਉੁਪਰੋਕਤ ਸਾਰੀਆਂ ਮਿਸਾਲਾਂ ਅੰਨ੍ਹੀ-ਸ਼ਰਧਾ ਦੀਆਂ ਲਖਾਇਕ ਤਾਂ ਹੋ ਸਕਦੀਆਂ ਹਨ, ਗੁਰਮਤਿ ਗਿਆਨ ਜਾਂ ‘ਸੱਚੇ ਸਤਿਕਾਰ’ ਦੀਆਂ ਨਿਸ਼ਾਨੀਆਂ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਸਤਿਕਾਰ ਉਸ ਵਿਚਲੇ ਉਪਦੇਸ਼ਾਂ ਨੂੰ ਜੀਵਨ ਵਿਚ ਅਪਣਾ ਲੈਣ ਤੋਂ ਹੈ। ਪਿੱਠ ਨਾ ਕਰਨਾ ਜਾਂ ਸਿਰ ਤੇ ਚੁੱਕ ਕੇ ਸੈਰ ਕਰਵਾਉਣ (ਨਾਨਕਸਰੀਏ ਨੰਦ ਸਿੰਘ ਵਾਂਗੂ) ਦੇ ਕਰਮ ਮਨਮੱਤ ਜਾਂ ਅੰਨ੍ਹੀ ਸ਼ਰਧਾ ਹੀ ਹੈ, ਸਤਿਕਾਰ ਨਹੀਂ। ਐਸੀ ਗਿਆਨ ਵਿਹੂਣੀ ਸ਼ਰਧਾ ਹੀ ਕਰਮਕਾਂਡਾਂ ਨੂੰ ਜਨਮ ਦਿੰਦੀ ਹੈ। ਜੇ ਅੱਜ ਬਾਬਾ ਨਾਨਕ ਜੀ ਆ ਕੇ ‘ਦਰਬਾਰ ਸਾਹਿਬ’ ਵੱਲ ਲੱਤਾਂ ਕਰਕੇ ਲੇਟ ਜਾਵਣ ਤਾਂ ੳੁੱਥੇ ਕਾਬਿਜ਼ ਪੁਜਾਰੀਆਂ ਨੇ ਉਹਨਾਂ ਨੂੰ ‘ਕਾਫਿਰ’ ਦਾ ਫਤਵਾ ਜਾਰੀ ਕਰ ਕੇ ਉਹਨਾਂ ਖਿਲਾਫ ਆਸਮਾਨ ਸਿਰ ਤੇ ਚੁੱਕ ਲੈਣਾ ਹੈ।

ਇਨ੍ਹਾਂ ਮਿਸਾਲਾਂ ਵਿਚ ਪੇਸ਼ ਕੀਤੇ ਗਏ ਵੱਡੇ ‘ਸਤਿਕਾਰੀ ਅਤੇ ਸ਼ਰਧਾਵਾਨ’ ਸਿੱਖਾਂ ਦੇ ਜੀਵਨ ਦੀ ਪੜਚੋਲ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਦਾ ਜੀਵਨ ਬਹੁਤਾ ਕਰਕੇ ਗੁਰਮਤਿ ਸਿਧਾਂਤਾਂ ਉਲਟ ਮਨਮੱਤਾਂ ਨਾਲ ਭਰਿਆ ਪਿਆ ਹੈ। ਗੁਰਬਾਣੀ ਦੀ ਤੁਕ ਨੂੰ ‘ਦਰਬਾਰ ਸਾਹਿਬ’ ਦੀ ਇਮਾਰਤ ਤੇ ਢੁਕਾ ਕੇ ਪੇਸ਼ ਕਰਨਾ ਵੀ ਪੁਜਾਰੀ ਗੁਰਬਚਨ ਸਿੰਘ ਦੀ ਗੁਰਮਤਿ ਸਮਝ ਦੇ ਪੱਧਰ ਨੂੰ ਦਰਸਾਉਂਦਾ ਹੈ।

ਇਸ ਜਥੇਦਾਰ ਕਹਾਉਂਦੇ ਪੁਜਾਰੀ ਨੇ ਹੀ ਚਾਪਲੂਸੀ ਦੇ ਸਾਰੇ ਰਿਕਾਰਡ ਤੋੜਦੇ ਹੋਏ ਅਪਣੇ ਆਕਾ ‘ਪ੍ਰਕਾਸ਼ ਸਿੰਘ ਬਾਦਲ’ ਨੂੰ ਕੌਮੀ ਭਾਵਨਾ ਦੇ ਵਿਰੁਧ ਜਾ ਕੇ ‘ਫਖਰ-ਏ-ਕੌਮ ਪੰਥ ਰਤਨ’ ਦਾ ਖਿਤਾਬ ਦਿਤਾ। ਧੂੰਦਾ ਜੀ ਖਿਲਾਫ ਇਕਪਾਸੜ ਆਦੇਸ਼ ਸੁਨਾਉਣ ਵੇਲੇ ਉਸ ਪੁਜਾਰੀ ਰੂਪੀ ਰਾਗੀ ਨੂੰ ਮਾਫ ਕਰ ਦਿਤਾ ਜਿਸ ਨੇ ਸੌਦਾ ਸਾਧ ਦੇ ਸਾਹਮਣੇ ਬੈਠ ਕੇ ਉਸ ਦੀ ਤੁਲਨਾ ਬਾਬਾ ਨਾਨਕ ਜੀ ਨਾਲ ਕੀਤੀ ਸੀ। ਸ਼੍ਰੋਮਣੀ ਕਮੇਟੀ ਵਲੋਂ ‘ਗੁਰ-ਨਿੰਦਾ’ ਭਰਪੂਰ ਪੁਸਤਕ ‘ਸਿੱਖ ਇਤਹਾਸ’ ਛਪਵਾਉਣ ਵਾਲਿਆਂ ਦਾ ਕੇਸ ਵੀ ਰਫਾ-ਦਫਾ ਕਰ ਦਿਤਾ ਗਿਆ। ਬਾਦਲ ਪਰਿਵਾਰ ਦੇ ਗੁਰਮਤਿ ਵਿਰੋਧੀ ਕਰਮ ਇਹਨਾਂ ਪੁਜਾਰੀਆਂ ਨੂੰ ਨਜ਼ਰ ਨਹੀਂ ਆਉਂਦੇ। ਸੋ, ਸਪਸ਼ਟ ਹੈ ਕਿ ਕੂੜ ਦੇ ਉਪਾਸ਼ਕ ਇਹਨਾਂ ਪੁਜਾਰੀਆਂ ਦਾ ਨਿਸ਼ਾਨਾ ਸਿਰਫ ਸੱਚ ਦਾ ਪ੍ਰਚਾਰ ਕਰਨ ਵਾਲੇ ਹੀ ਹਨ।

ਮੱਕੜ ਜੀ ਦੇ ਵੀਚਾਰ:

  1. ਪ੍ਰੋ. ਧੁੰਦਾ ਦਾ ਗੁਨਾਹ ਮੁਆਫੀ ਯੋਗ ਨਹੀਂ
  2. ਇਹ ਕੂੜ ਬੋਲ ਕੇ ਡਾਲਰ ਇਕੱਠੇ ਕਰ ਰਿਹਾ ਹੈ
  3. ਸੰਗਤ ਨੂੰ ਤਾਂ ਧੂੰਦੇ ਨੂੰ ਗੱਲ ਵਿਚ ਪਰਨਾ ਪਾ ਕੇ ਧੂਹ ਲੈਣਾ ਚਾਹੀਦਾ ਹੈ
  4. ਇਹ ਸਿੱਖਾਂ ਦੀ ਬਦਕਿਸਮਤੀ ਹੈ ਜੋ ਉਸ ਨੂੰ ਸਨਮਾਨਤ ਕਰ ਰਹੇ ਹਨ
  5. ਧੂੰਦੇ ਦੀ ਕੀ ਔਕਾਤ ਹੈ, ਅਕਾਲ ਤਖਤ ਸਾਹਮਣੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਝੁਕਣਾ ਪਿਆ ਸੀ
  6. ਅਕਾਲ ਤਖਤ ਨਾਲ ਮੱਥਾ ਲਾ ਕੇ ਪ੍ਰੋ. ਧੂੰਦਾ ਨਹੀਂ ਬਚ ਸਕਦਾ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਜੀ ਦੀ ਜ਼ਬਾਣ ਦੇ ਉਪਰੋਕਤ ਕੁਝ ਅੰਸ਼ ਪੜ ਕੇ ਹੀ ਕੋਈ ਸੁਹਿਰਦ ਅਤੇ ਸੁਚੇਤ ਸਿੱਖ ਉਹਨਾਂ ਦੀ ਕੂੜ ਅਤੇ ਗੁਲਾਮ ਮਾਨਸਿਕਤਾ ਦਾ ਅੰਦਾਜ਼ਾ ਲਾ ਸਕਦਾ ਹੈ। ਉਹ ਅਪਣੇ ਥਾਪੇ ਪੁਜਾਰੀਆਂ ਦੀ ਕਚਿਹਰੀ ਨੂੰ ਹੀ ‘ਅਕਾਲ ਤਖਤ’ ਪ੍ਰਚਾਰ ਰਿਹਾ ਹੈ। ਸ਼ਬਦਾਵਲੀ ਕਿਤਨੀ ਘਟੀਆ ਅਤੇ ਬਾਜ਼ਾਰੂ ਹੈ।

ਸਪਸ਼ਟ ਹੈ ਕਿ ਸਿੱਖ ਕੌਮ ਤੇ ਅਮਰਵੇਲ ਵਾਂਗ ਛਾਏ ਇਸ ਹਾਕਮ – ਪੁਜਾਰੀ ਗਠਜੋੜ ਦੇ ਨੁਮਾਇੰਦੇ ਜਦੋਂ ਵੀ ਜਨਤਕ ਤੌਰ ਤੇ ਬੋਲਦੇ ਹਨ, ਉਸੇ ਸਮੇਂ ਅਪਣੀ ਗੁਲਾਮ ਮਾਨਸਿਕਤਾ ਅਤੇ ਨਾ-ਆਹਲੀਅਤ ਦੀ ਨੁਮਾਇਸ਼ ਕਰਦੇ ਹੋਏ ਦੁਨੀਆਂ ਸਾਹਮਣੇ ਕੌਮੀ ਜਗ-ਹਸਾਈ ਦਾ ਕਾਰਨ ਬਣਦੇ ਹਨ।

ਸਿੱਖ ਕੌਮ ਜਦੋਂ ਤੱਕ ਇਸ ਨਾਪਾਕ ਗਠਜੋੜ ਤੋਂ ਛੁਟਕਾਰਾ ਨਹੀਂ ਪਾ ਲੈਂਦੀ, ਇਸ ਦੀ ਚੜਦੀ ਕਲਾ ਦੀ ਕੋਈ ਆਸ ਨਹੀਂ ਕੀਤੀ ਹੈ। ਉਹਨਾਂ ਜਾਗਰੂਕ ਧਿਰਾਂ ਲਈ ਵੀ ਸੋਚਨ ਦਾ ਵੇਲਾ ਹੈ ਜੋ ਅਕਾਲ ਤਖਤ ਦੇ ਨਾਂ ਤੇ ਹੁਣ ਵੀ ਇਨ੍ਹਾਂ ਪੁਜਾਰੀਆਂ ਨੂੰ ‘ਸਿੰਘ ਸਾਹਿਬ’, ਜਥੇਦਾਰ ਆਦਿ ਮੰਨੀ ਜਾ ਰਹੇ ਹਨ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ
15-01-12


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top