Share on Facebook

Main News Page

ਨਸ਼ਾ ਭਾਵੇਂ ਕਿਸੇ ਵੀ ਕਿਸਮ ਦਾ ਹੋਵੇ, ਬੰਦੇ ਦੀ ਅਕਲ ਮਾਰ ਦਿੰਦਾ ਹੈ: ਗਿਆਨੀ ਸ਼ਿਵਤੇਗ ਸਿੰਘ

* ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫਤਵਾ ਸੁਣਾ ਕੇ ਸੱਚ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਅੱਜ ਸਾਡੇ ਧਾਰਮਕ ਅਹੁਦਿਆਂ ’ਤੇ ਬਿਰਾਜਮਾਨ ਹੋਣ ਵਾਲੇ ਵੀ ਤਾਂ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਫਤਵੇ ਜਾਰੀ ਕਰ ਰਹੇ ਹਨ

ਬਠਿੰਡਾ, 16 ਜਨਵਰੀ (ਕਿਰਪਾਲ ਸਿੰਘ): ਨਸ਼ਾ ਭਾਵੇਂ ਸ਼ਰਾਬ ਦਾ ਹੋਵੇ ਜਾਂ ਵਿਕਾਰ ਰੂਪੀ ਕਾਮ, ਕੋ੍ਰਧ, ਲੋਭ, ਮੋਹ, ਹੰਕਾਰ ਆਦਿ ਵਿਚੋਂ ਕਿਸੇ ਵੀ ਕਿਸਮ ਦਾ ਹੋਵੇ, ਬੰਦੇ ਦੀ ਅਕਲ ਮਾਰ ਦਿੰਦਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 555 ’ਤੇ ਦਰਜ ਬਿਹਾਗੜੇ ਕੀ ਵਾਰ ਮ: 4 ਦੀ 16ਵੀਂ ਪਉੜੀ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਵਾਰ ਦਾ ਸਿਰਲੇਖ ਦਸਦਾ ਹੈ ਕਿ ਇਸ ਦੀਆਂ ਪਉੜੀਆਂ ਚੌਥੇ ਪਾਤਸ਼ਾਹ ਗੁਰੂ ਰਾਮ ਦਾਸ ਜੀ ਦੀਆਂ ਉਚਾਰਣ ਕੀਤੀਆਂ ਹੋਈਆਂ ਹਨ। ਹਰ ਪਉੜੀ ਦੇ ਭਾਵ ਨੂੰ ਹੋਰ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ਢੁਕਵੇਂ ਸਲੋਕ ਦਰਜ ਕੀਤੇ ਹਨ ਤੇ ਇਹ ਜਰੂਰੀ ਨਹੀਂ ਕਿ ਸਲੋਕ ਉਸ ਹੀ ਪਾਤਸ਼ਾਹ ਦੇ ਹੋਣ ਜਿਸ ਦੀ ਪਉੜੀ ਉਚਾਰਣ ਕੀਤੀ ਹੋਵੇ। ਇਸ ਪਉੜੀ ਨਾਲ ਵੀ ਦੋਵੇਂ ਸਲੋਕ ਤੀਜੇ ਪਾਤਸ਼ਾਹ ਦੇ ਉਚਾਰਣ ਕੀਤੇ ਹਨ। ਸਲੋਕ ਤੇ ਪਉੜੀ ਨੂੰ ਮਿਲਾ ਕੇ ਪੂਰਾ ਸ਼ਬਦ ਗਿਣਿਆ ਜਾਂਦਾ ਹੈ:

ਸਲੋਕ ਮ: 3 ॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥’ ਜੋ ਮਨੁੱਖ (ਵਿਕਾਰਾਂ ਨਾਲ) ਲਿਬੜਿਆ ਹੋਇਆ (ਏਥੇ ਜਗਤ ਵਿਚ) ਲਿਆਂਦਾ ਗਿਆ, ਉਹ ਏਥੇ ਆ ਕੇ (ਹੋਰ ਵਿਕਾਰਾਂ ਵਿਚ ਹੀ) ਲਿੱਬੜਦਾ ਹੈ (ਤੇ ਸ਼ਰਾਬ ਆਦਿਕ ਕੁਕਰਮ ਵਿਚ ਪੈਂਦਾ ਹੈ),

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥’ (ਪਰ ਗੁਰੂ ਸਾਹਿਬ ਜੀ ਇੱਥੇ ਉਪਦੇਸ਼ ਕਰਦੇ ਹਨ) ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ,

ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥’ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ,

ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥’ ਜਿਸ ਨਸ਼ੇ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ।

ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥’ ਐਸਾ ਚੰਦਰਾ ਸ਼ਰਾਬ, ਕਦੇ ਨਹੀਂ ਪੀਣਾ ਚਾਹੀਦਾ।

ਨਾਨਕ ਨਦਰੀ ਸਚੁ ਮਦੁ ਪਾਈਐ, ਸਤਿਗੁਰੁ ਮਿਲੈ ਜਿਸੁ ਆਇ ॥’ ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ 'ਨਾਮ'-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ,

ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥1॥’ ਉਹ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ॥1॥

ਮ: 3 ॥ ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥’ ਜਦੋਂ ਇਸ ਸੰਸਾਰ ਨੂੰ (ਭਾਵ, ਸੰਸਾਰੀ ਜੀਵਾਂ ਨੂੰ) ਸਮਝ ਪੈਂਦੀ ਹੈ ਤਦੋਂ ਇਹ ਜੀਊਂਦਾ ਹੀ ਮਰਦਾ ਹੈ (ਭਾਵ, ਮਾਇਆ ਵਿਚ ਵਿਚਰਦਾ ਹੋਇਆ ਹੀ ਮਾਇਆ ਵਲੋਂ ਉਪਰਾਮ ਰਹਿੰਦਾ ਹੈ;)

ਜਾ ਤਿਨਿ ਸਵਾਲਿਆ ਤਾਂ ਸਵਿ ਰਹਿਆ, ਜਗਾਏ ਤਾਂ ਸੁਧਿ ਹੋਇ ॥’ (ਪਰ) ਸੂਝ ਤਦੋਂ ਹੁੰਦੀ ਹੈ ਜਦੋਂ ਪ੍ਰਭੂ ਆਪ ਜਗਾਉਂਦਾ ਹੈ, ਜਦ ਤਾਈਂ ਉਸ ਨੇ (ਮਾਇਆ ਵਿਚ) ਸਵਾਲਿਆ ਹੋਇਆ ਹੈ, ਤਦ ਤਾਈਂ ਸੁੱਤਾ ਰਹਿੰਦਾ ਹੈ।

ਨਾਨਕ ਨਦਰਿ ਕਰੇ ਜੇ ਆਪਣੀ, ਸਤਿਗੁਰੁ ਮੇਲੈ ਸੋਇ ॥’ ਹੇ ਨਾਨਕ! ਜੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰੇ, ਤਾਂ ਉਹ ਆਪ (ਸੰਸਾਰ ਨੂੰ) ਸਤਿਗੁਰੂ ਮੇਲਦਾ ਹੈ,

ਗੁਰ ਪ੍ਰਸਾਦਿ ਜੀਵਤੁ ਮਰੈ, ਤਾ ਫਿਰਿ ਮਰਣੁ ਨ ਹੋਇ ॥2॥’ ਸਤਿਗੁਰੂ ਦੀ ਕਿਰਪਾ ਨਾਲ (ਸੰਸਾਰ) ਜੀਊਂਦਾ ਹੋਇਆ ਹੀ ਮਰਦਾ ਹੈ, ਫੇਰ ਮੁੜ ਕੇ ਮਰਨਾ ਨਹੀਂ ਹੁੰਦਾ (ਭਾਵ, ਜਨਮ ਮਰਨ ਤੋਂ ਬਚ ਜਾਂਦਾ ਹੈ) ॥2॥

ਪਉੜੀ ॥ ਜਿਸ ਦਾ ਕੀਤਾ ਸਭੁ ਕਿਛੁ ਹੋਵੈ, ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥’ ਉਸ ਪ੍ਰਭੂ ਨੂੰ ਕਿਸੇ ਦੀ ਕਾਣ ਨਹੀਂ ਕਿਉਂਕਿ ਸਭ ਕੁਝ ਹੁੰਦਾ ਹੀ ਉਸ ਦਾ ਕੀਤਾ ਹੋਇਆ ਹੈ;

ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ, ਸਭ ਮੁਹਤਾਜੀ ਕਢੈ ਤੇਰੀ ॥’ ਹੇ ਹਰੀ! ਸਾਰੀ ਸ੍ਰਿਸ਼ਟੀ ਤੇਰੀ ਮੁਥਾਜੀ ਕੱਢਦੀ ਹੈ (ਕਿਉਂਕਿ) ਹਰੇਕ ਜੀਵ ਤੇਰਾ ਦਿੱਤਾ ਖਾਂਦਾ ਹੈ।

ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ, ਜਿਸ ਨੋ ਕਿਰਪਾ ਨਿਰੰਜਨ ਕੇਰੀ ॥’ ਹੇ ਪ੍ਰਭੂ! ਜੋ ਮਨੁੱਖ ਤੇਰੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ, ਕਿਉਂਕਿ ਉਸ ’ਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ,

ਸੋਈ ਸਾਹੁ ਸਚਾ ਵਣਜਾਰਾ, ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥’ ਹੇ ਹਰੀ! ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ।

ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥16॥’ ਹੇ ਸੰਤ ਜਨੋ! ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ, ਤੁਸੀਂ ਸਾਰੇ ਉਸੇ ਦੀ ਸਿਫ਼ਤ-ਸਾਲਾਹ ਕਰੋ ॥16॥

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਚਿੱਤਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦੇ ਸਮੇ ਦਾ ਜੋ ਚਿੱਤਰ ਬਣਾਇਆ ਹੈ, ਇਸ ਵਿੱਚ ਉਹ ਬੜਾ ਹੀ ਭਾਵਪੂਰਤ ਸੰਦੇਸ਼ ਦੇਣ ਵਿੱਚ ਸਫਲ ਹੋਇਆ ਹੈ। ਸਾਹਿਬਜ਼ਾਦੇ ਜਿਨ੍ਹਾਂ ਨੂੰ ਗੁਰਸ਼ਬਦ ਰਾਹੀਂ ਇਹ ਸਮਝ ਆ ਚੁੱਕੀ ਹੈ ਕਿ ਸਭ ਕੁਝ ਅਕਾਲ ਪੁਰਖ਼ ਦਾ ਹੀ ਕੀਤਾ ਹੋ ਰਿਹਾ ਹੈ, ਇਸ ਲਈ ਉਨ੍ਹਾਂ ਦੀ ਬੇਮੁਹਤਾਜੀ, ਬੇਪ੍ਰਵਾਹੀ ਤੇ ਨਿਰਭੈਤਾ ਇਸ ਚਿੱਤਰ ਵਿੱਚ ਜਿਥੇ ਪ੍ਰਤੱਖ ਵਿਖਾਈ ਦੇ ਰਹੀ ਹੈ, ਉਥੇ ਸੂਬਾ ਸਰਹਿੰਦ ਨੂੰ ਸਤਾ ਦੇ ਹੰਕਾਰ ਦਾ ਨਮੂਨਾ ਵੀ ਪੇਸ਼ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਜੋ ਇਸ ਵਿੱਚ ਵਿਖਾਈ ਗਈ ਹੈ, ਉਹ ਹੈ ਕਿ ਨੀਂਹ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਦੇਣ ਵਾਲੇ ਕਾਜੀ ਦੇ ਹੱਥ ਵਿੱਚ ਕੋਈ ਧਾਰਮਕ ਪੋਥੀ ਵੀ ਵਿਖਾਈ ਗਈ ਹੈ। ਇਹ ਦ੍ਰਿਸ਼ ਸੰਦੇਸ਼ ਦੇ ਰਿਹਾ ਹੈ ਕਿ ਕਾਜੀ ਦੇ ਹੱਥ ਵਿੱਚ ਬੇਸ਼ੱਕ ਧਾਰਮਕ ਪੁਸਤਕ ਹੈ ਪਰ ਰਾਜ ਦਰਬਾਰ ਵਿੱਚ ਮਿਲ ਰਹੇ ਮਾਨ ਸਨਮਾਨ ਦੇ ਲਾਲਚ ਅਧੀਨ ਅੱਲਾ, ਅਕਾਲ ਪੁਰਖ਼ ਅਤੇ ਆਪਣੇ ਧਰਮ ਦੇ ਅਸੂਲ ਨੂੰ ਬਿਲਕੁਲ ਭੁੱਲ ਚੁੱਕਾ ਹੈ, ਕਿਉਂਕਿ ਜੇ ਉਸ ਨੂੰ ਅੱਲਾ ਚੇਤਾ ਹੁੰਦਾ ਤਾਂ ਉਸ ਨੂੰ ਆਪਣੇ ਹੱਥ ਫੜੀ ਧਾਰਮਕ ਪੁਸਤਕ ਵਿਚ ਦਰਜ ਉਹ ਸਿਖਿਆ ਵੀ ਯਾਦ ਆ ਜਾਂਦੀ ਕਿ ਬੱਚਿਆਂ ’ਤੇ ਜੁਲਮ ਕਰਨਾ ਧਰਮ ਵਿਰੋਧੀ ਕਰਮ ਹੈ। ਜੇ ਉਸ ਨੂੰ ਇਹ ਚੇਤਾ ਹੁੰਦਾ ਤਾਂ ਉਹ ਕਦੀ ਵੀ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਲਈ ਇਸ ਤਰ੍ਹਾਂ ਦਾ ਨਿਰਦਾਇਤਾ ਵਲਾ ਫਤਵਾ ਨਾ ਸੁਣਾਉਂਦਾ। ਜਿਸ ਨਵਾਬ ਮਲੇਰ ਕੋਟਲੇ ਨੂੰ ਅੱਲਾ ਚੇਤੇ ਹੈ ਉਹ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਵੀ ‘ਹਾਅ’ ਦਾ ਨਾਹਰਾ ਮਾਰਦਾ ਹੈ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਚਿੱਤਰ ਬਣਾਇਆ ਤਾਂ ਕਾਜੀ ਦੇ ਕਿਰਦਾਰ ਨੂੰ ਵਿਖਾਉਣ ਵਾਸਤੇ ਹੈ ਪਰ ਇਹ ਢੁਕਦਾ ਸਾਡੇ ’ਤੇ ਵੀ ਪੂਰੀ ਤਰ੍ਹਾਂ ਹੈ। ਜੇ ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫਤਵਾ ਸੁਣਾ ਕੇ ਸੱਚ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਅੱਜ ਸਾਡੇ ਧਾਰਮਕ ਅਹੁਦਿਆਂ ’ਤੇ ਬਿਰਾਜਮਾਨ ਵੀ ਤਾਂ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਹੀ ਫਤਵੇ ਜਾਰੀ ਕਰ ਰਹੇ ਹਨ। ਇਸ ਦਾ ਭਾਵ ਹੈ ਕਿ ਵੇਖਣ ਨੂੰ ਭਾਵੇਂ ਕਿਸੇ ਦਾ ਲਿਬਾਸ ਧਾਰਮਕ ਹੀ ਕਿਉਂ ਨਾ ਹੋਵ; ਧਾਰਮਕ ਉਚ ਅਹੁੱਦੇ ’ਤੇ ਵੀ ਬੈਠਾ ਹੋਵੇ; ਧਾਰਮਕ ਗ੍ਰੰਥਾਂ ਦਾ ਪਾਠ ਵੀ ਕਰਦਾ ਹੋਵੇ ਪਰ ਅਸਲ ਵਿਚ ਲਾਲਚ ਅਤੇ ਹੰਕਾਰ ਦੇ ਨਸ਼ੇ ਵਿੱਚ ਆ ਕੇ ਉਹ ਅਕਾਲ ਪੁਰਖ਼ ਤੇ ਆਪਣੇ ਗੁਰੂ ਵਲੋਂ ਬਖ਼ਸ਼ੇ ਸਿਧਾਂਤ ਨਾਲੋਂ ਟੁੱਟੇ ਹੀ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top