Share on Facebook

Main News Page

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਲਗਾਈ ਜਾ ਰਹੀ ਢਾਹ ਵਿਰੁੱਧ ਇੱਕ ਵੱਡਾ ਜੇਹਾਦ ਖੜਾ ਕਰ ਦੇਵੋ

ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਗਿਆ ਕਿ ਸਿੱਖ ਕੌਮ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁੱਝ ਆਪੂੰ ਬਣੇ ਜਥੇਦਾਰ ਸ੍ਰੀ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਵੱਡੀ ਢਾਹ ਲਗਾ ਰਹੇ ਹਨ। ਮਿਸਾਲ ਦੇ ਤੌਰ ’ਤੇ ਇੱਕ ਜਥੇਦਾਰ ਹੁਕਮਨਾਮਾ ਜਾਰੀ ਕਰਦਾ ਹੈ ਤਾਂ ਉਸਦੇ ਬਦਲੇ ਤੋਂ ਜਾਂ ਨੌਕਰੀ ਤੋਂ ਬਿਨ੍ਹਾਂ ਕਿਸੇ ਨੋਟਿਸ ਦੇ ਹਟਾਏ ਜਾਣ ਤੋਂ ਬਾਅਦ ਉਸਦੀ ਥਾਂ ਤੇ ਸਮੇਂ ਦੀ ਸਿਆਸੀ ਪਾਰਟੀ ਵੱਲੋਂ ਬਿਠਾਇਆ ਨਵਾਂ ਜਥੇਦਾਰ ਪਹਿਲੇ ਜਥੇਦਾਰ ਦੇ ਜਾਰੀ ਕੀਤੇ ਹੁਕਮਨਾਮੇ ਨੂੰ ਆਪਣੀ ਮਰਜ਼ੀ ਦੇ ਨਾਲ ਜਾਂ ਹਾਕਮ ਦੇ ਦਬਾਅ ਹੇਠ ਰੱਦ ਵੀ ਕਰ ਦਿੰਦਾ ਹੈ। ਇੱਕ ਜਥੇਦਾਰ ਦੇ ਕਾਲ ਵਿੱਚ ਨਾਨਕਸ਼ਾਹੀ ਕੈਲੰਡਰ ਜਾਰੀ ਹੁੰਦਾ ਹੈ ਤੇ ਦੂਜਾ ਆ ਕੇ ਉਸ ਕੈਲੰਡਰ ਨੂੰ ਰੱਦ ਕਰ ਦਿੰਦਾ ਹੈ। ਖਾਸ ਗੱਲ ਹੈ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਕਾਰਜ ਅੱਜ ਦੇ ਸਮੇਂ ਵਿੱਚ ਹੋ ਰਿਹਾ ਹੈ, ਉਹ ਬਿਨ੍ਹਾਂ ਸਰਬੱਤ ਖਾਲਸੇ ਜਾਂ ਬਿਨ੍ਹਾ ਕਿਸੇ ਪੰਥਕ ਇਕੱਠ ਦੇ, ਕੇਵਲ ਚਾਰ ਪੰਜ ਜਥੇਦਾਰ ਇਕੱਠੇ ਹੋ ਕੇ (ਜਿਹਨਾਂ ਵਿੱਚ ਪੰਜਾਬ ਦੇ ਬਾਹਰਲੇ ਦੋ ਤਖਤਾਂ ਦੇ ਜਥੇਦਾਰ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਇੰਨ-ਬਿੰਨ ਮੰਨਣ ਤੋਂ ਇਨਕਾਰੀ ਹਨ) ਮਨ ਮਰਜ਼ੀ ਦਾ ਹੁਕਮਨਾਮਾ ਜੋ ਕਈ ਵਾਰ ਪੰਥ ਦੇ ਹਿੱਤ ਅਨੁਸਾਰ ਹੋਣ ਦੀ ਥਾਂ ਪੰਥ ਵਿਰੋਧੀ ਹੁੰਦਾ ਹੈ ਜਾਰੀ ਕਰ ਦਿੰਦੇ ਹਨ। ਇਹ ਹੱਕ ਪਤਾ ਨਹੀਂ ਇਹਨਾਂ ਨੇ ਕਿੱਥੋਂ ਪ੍ਰਾਪਤ ਕਰ ਲਿਆ, ਕਿ ਹੁਣ ਤਾਂ ਪਿੱਛਲੇ ਦੋ ਸਾਲਾਂ ਤੋਂ ਸੱਭ ਹੱਦਾਂ-ਬੰਨ੍ਹੇ ਪਾਰ ਕਰਕੇ ਗੁਰਬਾਣੀ ਕੀਰਤਨ ਕਰਨ, ਕਥਾ-ਵਿਚਾਰ ਕਰਨ ਵਾਲੇ ਰਾਗੀ ਸਿੰਘਾਂ/ਪ੍ਰਚਾਰਕਾਂ ਤੇ ਸਮਾਗਮਾਂ ਤੇ ਵੀ ਪਾਬੰਦੀਆਂ ਲਗਾਉਣ ਲੱਗ ਪਏ ਹਨ, ਜੋ ਕਿ ਸ਼ਰਮਨਾਕ ਹੈ।

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਹੇਠ ਪੁਜਾਰੀਵਾਦ (ਜਿਸਨੂੰ ਬਾਬੇ ਨਾਨਕ ਦੇ ਰੱਦ ਕੀਤਾ ਸੀ, ਪਰ ਹੁਣ ਮੁੜ ਕਾਬਜ਼ ਹੈ) ਸਿੱਖ ਧਰਮ ਦਾ ਪੰਥ ਦੇ ਦੁਸ਼ਮਣਾਂ ਤੋਂ ਵੱਧ ਨੁਕਸਾਨ ਕਰ ਰਿਹਾ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਬਣੇ ਗੁਫਾਨੁਮਾ ਕਮਰੇ ਵਿੱਚ ਉਹੀ ਦਾਖਲ ਹੋ ਸਕਦਾ ਹੈ, ਜੋ ਪੁਜਾਰੀਵਾਦ ਦੀ ਚਮਚਗਿਰੀ ਕਰਦਾ ਹੋਵੇ ਤੇ ਇਹਨਾਂ ਦੀ ਮਨਆਈਆਂ ਵਿਰੁੱਧ ਕਦੇ ਕਲਮ ਨਾ ਚੁਕੱੇ, ਬੱਸ ਗੂੰਗਾ ਬਹਿਰਾ ਹੋ ਕੇ ‘ਜੀ ਹਾਂ’, ‘ਜੀ ਹਾਂ’ ਕਰਦਾ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖ ਕੌਮ ਨੂੰ ਮਹਾਨ ਦੇਣ ਹੈ, ਜਿੱਥੇ ਰਾਜਨੀਤਿਕ ਅਤੇ ਧਾਰਮਿਕ ਝਗੜਿਆਂ ਦਾ ਨਿਬੇੜਾ ਕੀਤਾ ਜਾਂਦਾ ਸੀ, ਆਪਸੀ ਮੱਤਭੇਦ ਦੂਰ ਕੀਤੇ ਜਾਂਦੇ ਸਨ। ‘ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਣ ਤੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਆਸਾ ਕੀ ਵਾਰ ਦੇ ਭੋਗ ਪੈਣ ਉਪਰੰਤ ਸ੍ਰੀ ਅਕਾਲਤ ਤਖ਼ਤ ਸਾਹਿਬ ਤੇ ਦੀਵਾਨ ਸੱਜਦੇ, ਜਿੱਥੇ ਸਿੱਖਾਂ ਦੇ ਝਗੜੇ ਨਜਿੱਠੇ ਜਾਂਦੇ ਸਨ। ਇਸ ਤਰ੍ਹਾਂ ਲਾਗਲੇ ਪਿੰਡਾ ਦੇ ਲੋਕ ਆਪੋ ਆਪਣੇ ਝਗੜੇ ਨਿਪਟਾਉਣ ਗੁਰੂ ਜੀ ਪਾਸ ਆਉਣ ਲੱਗ ਪਏ।’ (ਹਵਾਲਾ ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖਾਲਸਾ, ਪੰਨਾ 411/ਹੁਕਮਨਾਮੇ ਅਦੇਸ਼, ਸੰਦੇਸ਼, ਪੰਨਾ 25)

ਪਰ ਅੱਜ ਇਸ ਮਹਾਨ ਸੰਸਥਾ ਤੇ ਕਾਬਜ਼ ਪੁਜਾਰੀਵਾਦ ਨੇ ਕੌਮੀ ਝਗੜੜਿਆਂ ਦਾ ਸਮਾਧਾਨ ਕਰਨ ਦੀ ਥਾਂ ਇਸ ਵਿੱਚ ਵਾਧਾ ਹੀ ਕੀਤਾ ਹੈ।

ਪਹਿਲਾਂ ਕੌਮ ਦੇ ਕੋਹਨੂਰ ਹੀਰੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨ, ਜਿਨ੍ਹਾਂ ਦੀਆਂ ਪੁਸਤਕਾਂ ਨੇ ਪੁਜਾਰੀਵਾਦ ਦਾ ਸਿੰਘਾਸਨ ਡੋਲਣ ਤੇ ਲਗਾ ਦਿੱਤਾ ਸੀ ਨੂੰ ਬਿਨ੍ਹਾਂ ਕਿਸੇ ਕਾਰਣ ਬੇਤੁਕੀਆਂ ਜਿਹੀਆਂ ਗੱਲਾਂ ਉਸ ਮਹਾਨ ਵਿਦਵਾਨ ਦੀਆਂ ਕਿਤਾਬਾਂ ਵਿੱਚ ਛਾਂਟ ਕੇ ਮਨਮਰਜ਼ੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਸ ਵਿਰੁੱਧ ਫਤਵਾ ਦੇ ਕੇ ਉਸਨੂੰ ਪੰਥ ਵਿੱਚੋਂ ਛੇਕ ਦਿੱਤਾ। ਇਸ ਅਨਿਆਂ ਵਿਰੁੱਧ ਜਦੋਂ ਪੰਥਕ ਰਸਾਲੇ ‘ਮਾਸਿਕ ਸਪੋਕਸਮੈਨ’ ਵਿੱਚ ਇਸਦੇ ਸੰਪਾਦਕ ਸ. ਜੋਗਿੰਦਰ ਸਿੰਘ ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਤਾਂ ਇਸ ਰਸਾਲੇ ਵਿਰੁੱਧ ਕੂੜ-ਪ੍ਰਚਾਰ ਕਰਨ ਉਪਰੰਤ ਜਦ ਸੰਪਾਦਕ ਸ. ਜੋਗਿੰਦਰ ਸਿੰਘ ਦੀ ਕਿਸੇ ਵੀ ਗੱਲ ਦਾ ਜੁਆਬ ਨਾ ਅਹੁੜਿਆ ਤਾਂ ਉਸਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਗਿਆ।

ਇਸੇ ਤਹਿਤ ਕੁੱਝ ਸਮਾਂ ਲੰਘਿਆ ਤਾਂ 2009 ਨੂੰ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੀ, ਘਟੀਆ ਨੀਤੀ ਅਧੀਨ ਪੰਥ ਵਿੱਚੋਂ ਛੇਕ ਦਿੱਤਾ ਗਿਆ। ਪੁਜਾਰੀਵਾਦ ਦਾ ਕਹਿਣਾ ਸੀ ਕਿ ‘ਰਾਗੀ ਦਰਸ਼ਨ ਸਿੰਘ ਉਹਨਾਂ ਦੀ ਬਣੀ ਗੁਫਾ (ਦਫਤਰ) ਵਿੱਚ ਕਿਉਂ ਨਹੀਂ ਆਇਆ? ਕਿਉਂ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਣਾਏ ਸ੍ਰੀ ਅਕਾਲ ਤਖਤ ਤੇ ਗਿਆ? ਜਦਕਿ ਅਸੀਂ ਤਾਂ ਕੇਵਲ ਲੈਟਰ ਪੈਡ ਅਕਲਾ ਤਖ਼ਤ ਦਾ ਵਰਤਿਆ ਸੀ, ਪਰ ਸੱਦਿਆ ਤਾਂ ਸੱਕਤਰੇਤ ਵਿੱਚ ਸੀ।’

ਹੁਣ ਵਾਰੀ ਆ ਗਈ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ। ਜਿਸ ਵਿਰੁੱਧ ਬਿਨ੍ਹਾਂ ਦੋਸ਼ ਸਾਬਤ ਹੋਏ ਉਸਦੇ ਵਿਰੁੱਧ ਸੰਦੇਸ਼ ਦਫਤਰ ਤੋਂ ਹੀ ਜਾਰੀ ਕਰ ਦਿੱਤਾ ਕਿ ‘ਇਸਨੂੰ ਗੁਰਦੁਆਂਰਿਆਂ ਵਿੱਚ ਬੋਲਣ ਨਾ ਦਿੱਤਾ ਜਾਵੇ। ਫਿਰ ਲਫਜ਼ ਵਰਤਿਆ ‘ਅਖੌਤੀ ਪ੍ਰਚਾਰਕ’, ਤੇ ਇੱਕ ਵਰਤਿਆ ਸੰਗਤ ਇਸ ਪ੍ਰਚਾਰਕ ਨੂੰ ‘ਮੂੰਹ ਨਾ ਲਾਵੇ’, ਵਾਹ ਵਾਹ ਜਥੇਦਾਰੋ! ਕੁੱਝ ਤਾਂ ਸ਼ਰਮ ਕਰ ਲੈਂਦੇ ਕਿ ਜਿਸ ਲੈਟਰ ਹੈੱਡ ਤੇ ਇਹੋ ਜਿਹੇ ਈਰਖਾ ਭਰੇ ਸ਼ਬਦ ਵਰਤ ਰਹੇ ਹੋ, ਉਸ ਉੱਫਰ ਬੜਾ ਹੀ ਮਹਾਨ ਸੰਸਥਾ ਦਾ ਨਾਮ ‘ਸ੍ਰੀ ਅਕਾਲ ਤਖ਼ਤ ਸਾਹਿਬ’ ਲਿਖਿਆ ਹੋਇਆ ਹੈ, ਜਿਸ ਸੰਸਥਾ ਅੱਗੇ ਹਰ ਸਿੱਖ ਦਾ ਸੀਸ ਸਤਿਕਾਰ ਸਹਿਤ ਝੁਕਦਾ ਹੈ।

ਤੁਸੀਂ ਜਥੇਦਾਰੋ! ਦਾਅਵਾ ਕਰਦੇ ਹੋ, ਇਹ ਆਸ ਕਰਦੇ ਹੋ ਕਿ ਸਾਰੀ ਕੌਮ ਤੁਹਾਡੇ ਹੁਕਮ ਨੂੰ ‘ਇਲਾਹੀ ਹੁਕਮ’ ਕਰਕੇ ਜਾਣੇ ਤਾਂ ਘੱਟੋ-ਘੱਟ ਆਪਣੇ ਅਹੁਦੇ ਦਾ ਨਹੀਂ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਫਲਸਫੇ ਦਾ ਹੀ ਲਿਹਾਜ਼ ਕਰ ਲਿਆ ਕਰੋ। ਜਾਂ ਫਿਰ ਜਥੇਦਾਰ ਅਤੇ ਸਿੰਘ ਸਹਿਬਾਨ ਅਖਵਾਉਣਾ ਬੰਦ ਕਰ ਦਿਉ! ਇੱਕ ਸਿੱਖ ਹੋਣ ਦੇ ਨਾਤੇ ਕੁੱਝ ਸਵਾਲ ਨੇ ਤੁਹਾਡੇ ਅੱਗੇ?

  1. ਜਿਸ ਸੰਸਥਾ ‘ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਤੋਂ ਤੁਸੀਂ ਤਨਖਾਹ ਲੈਂਦੇ ਹੋ, ਉਹ ਰੱਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਦਾ ਮਖੌਲ ਉਡਾਉਂਦੀ ਹੈ, ਤਦ ਕਿਉਂ ਨਹੀਂ ਹੁੰਦੇ ਹੁਕਮਨਾਮੇ, ਆਦੇਸ਼ ਅਤੇ ਸੰਦੇਸ਼ ਜਾਰੀ?

  2. ਜਦੋਂ ਧਰਮ ਪ੍ਰਚਾਰ ਕਮੇਟੀ “ਸਿੱਖ ਇਤਿਹਾਸ” ਨਾਮੀ ਪੁਸਤਕ ਛਾਪ ਕੇ ਫ੍ਰੀ ਵੰਡਦੀ ਹੈ, ਜਿਸ ਵਿੱਚ ਗੁਰੂ ਸਾਹਿਬਾਨ ਦੇ ਚਰਿੱਤਰ ਨੂੰ ਦਾਗਦਾਰ ਕੀਤਾ ਹੈ ਅਤੇ ਹਲਕੇ ਪੱਧਰ ਦੀ ਸ਼ਬਦਾਵਲੀ ਨਾਲ ਭਰੀ ਇਹ ਪੁਸਤਕ ਗੁਰੂ ਦੇ ਨਾਮ ਤੇ ਲੱਗੀ ਗੋਲਕ ਦੇ ਪੈਸੇ ਵਿੱਚੋਂ ਛਾਪਦੀ ਹੈ ਤਦ ਕਿਉਂ ਨਹੀਂ ਹੁੰਦੀ ਕੋਈ ਕਾਰਵਾਈ? ਇਸ ਸਬੰਧੀ ਲਿਖਤੀ ਸ਼ਿਕਾਇਤਾਂ ਵੀ ਪਹੁੰਚਾਈਆਂ ਗਈਆਂ ਸਨ।

  3. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਪੰਥਕ ਸਿੱਖ ਰਹਿਤ ਮਰਿਯਾਦਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿੰਨੇ ਪ੍ਰਤੀਸ਼ਤ ਲਾਗੂ ਹੁੰਦੀ ਹੈ?

  4. ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਕਿਤਨੇ ਪ੍ਰਤੀਸ਼ਤ ਗੁਰਦੁਆਰਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦ ਲਾਗੂ ਹੈ?

  5. ਸ੍ਰੋਮਣੀ ਕਮੇਟੀ ਅਧੀਨ ਚੱਲਦੇ ਸਕੂਲਾਂ/ਕਾਲਜਾਂ ਦਾ ਕਿੰਨੇ ਪ੍ਰਤੀਸ਼ਤ ਸਟਾਫ ਅੰਮ੍ਰਿਤਧਾਰੀ ਅਤੇ ਸਾਬਤ ਸੂਰਤ ਹੈ ?

  6. ਗੁਰ ਬਿਲਾਸ ਪਾ. 6ਵੀਂ ਵਰਗੀਆਂ ਪਸੁਤਕਾਂ ਸ੍ਰੋਮਣੀ ਕਮੇਟੀ ਵੱਲੋਂ ਛਾਪੀਆਂ ਜਾਂਦੀਆਂ ਹਨ, ਕੀ ਇਸ ਸਬੰਧੀ ਕਦੇ ਅਖਬਾਰਾਂ ਵਿੱਚ ਇਸ਼ਤਿਹਾਰ ਜਾਰੀ ਕਰਕੇ ਸ੍ਰੌਮਣੀ ਕਮੇਟੀ ਵੱਲੋਂ ਕਦੇ ਮੁਆਫੀ ਮੰਗੀ ਗਈ ਜਾਂ ਤਨਖਾਹ ਲਗਵਾਈ ਕਿਸੇ ਨੇ?

  7. ਨਵੰਬਰ 1948 ਦੀ ਦਿਵਾਲੀ ਤੇ ਜਾਰੀ ਹੋਏ ਹੁਕਮਨਾਮੇ ਵਿੱਚ ਸਿੱਖਾਂ ਨੂੰ ‘ਸ਼ਰਾਬ ਪੀਣ ਦਾ ਤਿਆਗ ਕਰਨ’ ਦੀ ਅਪੀਲ ਕੀਤੀ ਗਈ ਸੀ, ਕੀ ਇਹ ਸ਼ਰਤ ਸ੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਲਾਗੂ ਹੈ?

  8. 1985 ਵਿੱਚ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ, ‘ਕੋਈ ਸਿੰਘ ਜਾਂ ਸਿੰਘਣੀ ਆਪਣੇ ਨਾਮ ਨਾਲ ਜਾਤ ਗੋਤ ਦੀ ਵਰਤੋਂ ਨਾ ਕਰੇ, ਇਹ ਮਨਮੱਤ ਹੈ।‘ ਕੀ ਇਸ ਹੁਕਮਨਾਮੇ ਵਿੱਚ ਸ੍ਰੋਮਣੀ ਕਮੇਟੀ ਦੇ ਮੈਂਬਰ ਜਾਂ ਮੁਲਾਜ਼ਮਾਂ ਦੇ ਨਾਮ ਸ਼ਾਮਿਲ ਨਹੀਂ ਹਨ, ਜਾ ਫਿਰ ਉਹ ਸਿੱਖ ਹੀ ਨਹੀਂ ਹਨ?

  9. ਫਰਵਰੀ 1996 ਹਰਮੰਦਿਰ ਸਾਹਿਬ ਵਿਖੇ ਬੀਬੀਆਂ ਨੂੰ ਸੇਵਾ ਕਰਨ ਦਾ ਹੁਕਮਨਾਮਾ ਜਾਰੀ ਹੋਇਆ ਸੀ, ਪਰ ਭਾਈ ਗੁਰਬਚਨ ਸਿੰਘ ਨੇ ਆਪ ਕਿਹਾ ਜਿਸਦੀ ਰਿਕਾਰਡਿੰਗ ਅੱਜ ਵੀ ਯੂ-ਟਿਊਬ ਤੇ ਪਈ ਹੈ ਕਿ ‘ਬੀਬੀਆਂ ਅਖੰਡਪਾਠ ਦੇ ਰੌਲ ਨਹੀਂ ਲਗਾ ਸਕਦੀਆਂ, ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦੀਆਂ ਕਿਉਂ?

  10. ਅਗਸਤ 1998 ਨੂੰ ਕੱਚੀ ਬਾਣੀ ਪੜ੍ਹਨ ਵਾਲੇ ਰਾਗੀ ਸਿੰਘ ਨੂੰ ਤਨਖਾਹ ਲਗਾਈ ਗਈ ਸੀ ਤਾਂ ਫਿਰ ਜਦ ਤੁਸੀਂ ਆਪ ਸਾਧ ਟੋਲੇ ਦੇ ਸਮਾਗਮਾਂ ਅਤੇ ਬਰਸੀਆਂ ਤੇ ਜਾਂਦੇ ਹੋ, ਤਾਂ ਉਸ ਸਮੇਂ ਜਦ ਉਹ ਕੱਚੀ ਬਾਣੀ ਪੜ੍ਹਦੇ ਹਨ ਤਾਂ ਤੁਹਾਡਾ ਮੂੰਹ ਕਿਉਂ ਨਹੀਂ ਖੁੱਲਦਾ?

  11. ਨਾਨਕਸਾਹੀ ਕੈਲੰਡਰ ਨੂੰ ਕਿਹੜੇ ਪੰਥ ਦੀ ਮਾਨਤਾ ਲੈ ਕੇ ਰੱਦ ਕੀਤਾ ਗਿਆ?

  12. ਸਿੱਖ ਰਹਿਤ ਮਰਿਯਾਦਾ ਵਿੱਚ ਲਿਖੇ ਹੋਣ ਦੇ ਬਾਵਜੂਦ ਕਿ ‘ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ’ ਤਾਂ ਜਦ ਪੰਜਾਬ ਤੋਂ ਬਾਹਰਲੇ ਦੋ ਤਖਤਾਂ ਤੇ ਹੋਰ ਵਾਧੂ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਜੋ ਟੀ.ਵੀ. ਦੇ ਮਾਧਿਅਮ ਰਾਹੀਂ ਸਾਰਾ ਸੰਸਾਰ ਦੇਖਦਾ ਹੈ ਤੁਸੀਂ ਤਾਂ ਜਾ ਕੇ ਵੀ ਦੇਖਿਆਂ ਹੈ ਤਾਂ ਇਸਦੇ ਵਿਰੁੱਧ ਹੁਣ ਤੱਕ ਕਿਹੜਾ ਸੰਦੇਸ਼ ਕੌਮ ਦੇ ਨਾਮ ਜਾਰੀ ਕੀਤਾ ਗਿਆ ਹੈ? ਕਿਉਂ ਹੁਣ ਕੋਈ ਇਸ ਬਾਰੇ ਸਟੈਂਡ ਲਿਆ ਜਾ ਰਿਹਾ?

  13. ਹਿੰਦੂ ਧਰਮ ਦੇ ਕਰਮਕਾਂਡ ਅੱਜ ਹਜ਼ੂਰ ਸਾਹਿਬ ਬਾ-ਦਸਤੂਰ ਜਾਰੀ ਹਨ ਹੁਣ ਤੱਕ ਤੁਸੀਂ ਕੀ ਕਾਰਵਾਈ ਕੀਤੀ ਹੈ?

  14. ਆਖਰੀ ਸਵਾਲ ਸਿੱਖ ਕੌਮ ਤੇ ਤਿੰਨ ਮਹਾਨ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ’, ‘ਗੁਰਦੁਆਰਾ ਐਕਟ’, ਅਤੇ ‘ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ’ ਵਿੱਚੋਂ ਕਿਹੜਾ ਸ੍ਰੋਤ ਤੁਹਾਡੀ ‘ਜਥੇਦਾਰ’ ਰੂਪੀ ਪਦਵੀ ਨੂੰ ਮਾਨਤਾ ਦਿੰਦਾ ਹੈ ਅਤੇ ਜਾਇਜ਼ ਠਹਿਰਉਂਦਾ ਹੈ ?

  15. ਬਾਦਲ ਨੂੰ ਪੰਥ ਰਤਨ ਐਵਾਰਡ ਦਿੱਤਾ ਗਿਆ, ਉਸਦੇ ਕੋਈ ਵੀ 10 ਪੰਥਕ ਕਾਰਜ ਦੱਸ ਦੇਵੋ ਜੋ ਉਸਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੀਤੇ ਹੋਣ ??

  16. ਲ਼ਉ ਹੁਣ ਤਾਜ਼ਾ ਖਬਰ ਬੀਬੀ ਜਗੀਰ ਕੌਰ ਕੋਲੋਂ ਨਜਾਇਜ਼ ਸ਼ਰਾਬ ਫੜ੍ਹੀ ਗਈ ਹੈ, ਇਸ ਵਿਰੁੱਧ ਵੀ ਕੋਈ ਕਾਰਵਾਈ ਹੋਵੇਗੀ ਜਾਂ ਹੁਣ ਇੱਕ ਹੋਰ ਨਵਾਂ ਪੰਥ ਰਤਨ ਦਿੱਤਾ ਜਾਵੇਗਾ?

ਅੰਤ ਵਿੱਚ ਇਹੀ ਕਹਾਂਗਾ, ਓਏ ਸਿੱਖ ਕੌਮ ਦੇ ਦੂਲੇ ਖਾਲਸਾ ਜੀਉ! ਉਠੋ ਜਾਗੋ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਲਗਾਈ ਜਾ ਰਹੀ ਢਾਹ ਵਿਰੁੱਧ ਇੱਕ ਵੱਡਾ ਜੇਹਾਦ ਖੜਾ ਕਰ ਦੇਵੋ। ਪਰ ਬਦਕਿਸਮਤੀ ਤਾਂ ਕੌਮ ਦੀ ਹੈ ਕਿ ਸੱਭ ਕੁੱਝ ਅੱਖੀਂ ਵੇਖ ਕੇ ਵੀ ਜਿਵੇਂ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ. ਜੋਗਿੰਦਰ ਸਿੰਘ ਸਪੋਕਸਮੈਨ, ਮਈ 2007 ਵਿੱਚ ਸੌਦਾ ਸਾਧ ਦੇ ਸਬੰਧ ਵਿੱਚ ਕੀਤੀ ਗਈ ਕਾਰਵਾਈ, ਵੇਦਾਂਤੀ ਦਾ ਸਾਰਾ ਹੀ ਕਾਰਜਕਾਲ, ਸਾਧ ਧਨਵੰਤ ਸਿੰਘ ਦਾ ਕੇਸ, ਜੋਗਿੰਦਰ ਸਿੰਘ ਵੇਦਾਂਤੀ ਦੀ ਹਰਮਨ ਪਿਆਰੀ ਪੁਸਤਕ ਗੁਰ ਬਿਲਾਸ ਪਾ:6, ਫਤਿਹ ਦਿਵਸ ਦੇ ਨਾਮ ਤੇ ਦਸ਼ਮ ਗ੍ਰੰਥ ਦੀ ਹਜ਼ੂਰੀ ਵਿੱਚ ਬੈਠੇ ਸਾਡੇ ਜੱਥੇਦਾਰ, ਪਜਾਮੇ ਲਾਹ ਕੇ ਪੁੱਜੇ ਹਜੂਰ ਸਾਹਿਬ, ਨਾਨਕਸਾਹੀ ਕੈਲੰਡਰ ਨੂੰ ਕਤਲ ਕਰਨ ਦਾ ਮਾਮਲਾ, ਗੁਰਪੁਰਬਾਂ ਦੀਆਂ ਵੱਖ-ਵੱਖ ਮਿਤੀਆਂ ਵਿੱਚ ਕੌਮ ਨੂੰ ਉਲਝਾਉਣ ਦੀ ਕਾਵਾਈ, ਦਰਸ਼ਨੀ ਡਿਊੜੀ ਦੇ ਦਰਵਾਜ਼ਿਆਂ ਨੂੰ ਮੁਰੰਮਤ ਦੇ ਨਾਮ ’ਤੇ ਹਟਾਉਣਾ, ਤੇ ਫਿਰ ਮੁਰੰਮਤ ਨਾ ਕੀਤੇ ਜਾਣ ਲਈ ਹੱਥ ਖੜ੍ਹੇ ਕਰ ਦੇਣੇ ਆਦਿਕ ਤੋਂ ਬਾਅਦ ਕੌਮ ਨੂੰ ਦਿੱਤੀ ਜਾ ਰਹੀ ਹਲਕੇ ਪੱਧਰ ਦੀ ਅਗਵਾਈ ਰਾਹੀਂ ਭੰਬਲਭੂਸੇ ਵਿੱਚ ਫਸਾਈ ਜਾ ਰਹੀ ਕੌਮ, ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਸਬੰਧੀ ਕੀਤੀ ਗਈ ਇਤਹਾਸਿਕ ਕਾਰਵਾਈ ਸੱਭ ਕੁੱਝ ਦੇਖ ਕੇ ਵੀ ਜਾਗਣ ਨੂੰ ਤਿਆਰ ਨਹੀਂ ਹੈ।

ਸੱਭ ਕੁੱਝ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ, ਤੇ ਜਦੋਂ ਕਿਤੇ ਫਿਰ ਕੌਮ ਤੇ ਕੋਈ ਭੀੜ ਬਣ ਆਉਂਦੀ ਹੈ, ਤਾਂ ਫਿਰ ਮੂੰਹ ਅਤੇ ਅੱਖਾਂ ਟੱਡ ਕੇ ਕਹਿਣਗੇ, ਮਾਮਲਾ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਜਾਣਾ ਹੈ, ਜਿਵੇਂ ਅੱਜ ਦੀ ਤਾਰੀਕ ਵਿੱਚ ਉਹ ਬੈਠੇ ਪੁਜਾਰੀ ਕੌਮ ਨੂੰ ਬੜੇ ਸਹੀ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੇ ਹਨ।

ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਨੂੰ ਹੁਣ ਸੱਦਿਆ ਗਿਆ ਹੈ, ਇਹੀ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਹੀਂ ਸੱਦਿਆ ਗਿਆ। ਨਾ ਹੀ ਜਥੇਦਾਰ ਦੀ ਕੋਈ ਮਾਨਤਾ ਸਿੱਖੀ ਸਿਧਾਂਤਾਂ ਅਨੁਸਾਰ ਸਹੀ ਹੈ। ਨਾ ਹੀ ਉਹਨਾਂ ਵਿਰੁੱਧ ਜਾਰੀ ਅਦੇਸ਼ ਵਿੱਚ ਕੋਈ ਪੰਥਕ ਇਕੱਠ ਹੋਇਆ ਸੀ ਤੇ ਨਾ ਹੀ 5 ਸਿੰਘਾਂ ਦੇ ਦਸਤਖਤ ਉਸ ਜਾਰੀ ਹੋਏ ਫਤਵੇ ਤੇ ਉਕਰੇ ਹੋਏ ਹਨ। ਕੇਵਲ ਲੇਟਰ ਪੈਡ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਰਤਿਆ ਗਿਆ ਹੈ।

ਪਹਿਲੀ ਪੰਗਤੀ ‘ਅਖੌਤੀ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ’ ਤੋਂ ਸ਼ੁਰੂ ਹੁੰਦੀ ਹੈ, ਇਹ ਫਤਵਾ ਨਿੱਜੀ ਦਫਤਰ ਸਕਤਰੇਤ ਤੋਂ ਜਾਰੀ ਹੋਇਆ ਹੈ। ਜੋ ਕਿਸੇ ਪੱਖੋਂ ਵੀ ਗੁਰਮਤਾ ਜਾਂ ਹੁਕਮਨਾਮਾ ਨਹੀਂ ਅਖਵਾ ਸਕਦਾ। ਇਸ ਲਈ ਇਹਨਾਂ ਪੁਜਾਰੀਆਂ ਅੱਗੇ ਪੇਸ਼ ਹੋ ਕੇ ਜਾਂ ਇਹਨਾਂ ਦੇ ਕਹੇ ਤੇ ਪੇਸ਼ੀ ਲਈ ਨਾ ਜਾਣ। ਬਾਕੀ ਆਪ ਉਹ ਮੇਰੇ ਤੋਂ ਵੀ ਵੱਧ ਸਿਆਣੇ ਅਤੇ ਸੂਝਵਾਨ ਪ੍ਰਚਾਰਕ ਹਨ, ਸਹੀ ਫੈਸਲਾ ਹੀ ਕਰਨਗੇ, ਉਮੀਦ ਕਰਦਾ ਹਾਂ।

ਇਸ ਵਿਸ਼ੇ ’ਤੇ ਗੱਲ ਕਰਦਿਆਂ ਜ਼ਰੂਰੀ ਹੋਵੇਗਾ, ਕਿ ਸ. ਜੋਗਿੰਦਰ ਸਿੰਘ ਆਫ ਸਪੋਕਸਮੈਨ ਵੱਲੋਂ ਮਾਸਕ ਸਪੋਕਸਮੈਨ ਦਸਬੰਰ 2001 ਵਿੱਚ ਦਿੱਤੇ ਵੀਚਾਰ ਵੀ ਪਾਠਕਾਂ ਨਾਲ ਸਾਂਝੇ ਕੀਤੇ ਜਾਣ, ਜਿਸ ਅਨੁਸਾਰ, “ਗੁਰਦੁਆਰਾ ਐਕਟ ਵਿੱਚ ਤਖ਼ਤਾਂ ਦੇ ਜਥੇਦਾਰ ਦਾ ਕੋਈ ਅਹੁੱਦਾ ਪ੍ਰਵਾਨ ਹੀ ਨਹੀਂ ਕੀਤਾ ਗਿਆ। ਇਹ ਕੋਈ ਅਨਜਾਣੇ ਵਿੱਚ ਹੋਈ ਗਲਤੀ ਨਹੀਂ ਸੀ, ਸਗੋਂ ਜਾਣ ਬੁੱਝ ਕੇ ਲਿਆ ਫ਼ੈਸਲਾ ਸੀ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਕਟ ਅਧੀਨ ਇਹ ਤਾਕਤ ਹਾਸਲ ਨਹੀਂ, ਕਿ ਉਹ ਐਕਟ ਤੋਂ ਬਾਹਰ ਜਾ ਕੇ, ਕਿਸੇ ਗ੍ਰੰਥੀ ਨੂੰ ‘ਜਥੇਦਾਰ’ ਦਾ ਖਿਤਾਬ ਦੇਵੇ। ਜੇ ਤਖ਼ਤਾਂ ਉੱਤੇ ਗ੍ਰੰਥੀ ਹੀ ਬਿਠਾਣੇ ਹਨ, ਤੇ ਉਹਨਾਂ ਦੀ ਨਿਯੁੱਕਤੀ ਵੀ ਕਿਸੇ ਇੱਕ ਸਿਆਸਤਦਾਨ ਜਾਂ ਧੜੇ ਨੇ ਹੀ ਕਰਨੀ ਹੈ, ਤਾਂ ਉਹਨਾਂ ਕੋਲੋਂ ਜਥੇਦਾਰਾਂ ਵਾਲੇ ਕੰਮ ਕਰਵਾਉਣੇ ਬੰਦ ਕਰਨੇ ਚਾਹੀਦੇ ਹਨ, ਕਿਉਂਕਿ ਗ੍ਰੰਥੀ ਇਸ ਅਹੁਦੇ ਦਾ ਸਤਿਕਾਰ ਕਾਇਮ ਨਹੀਂ ਰੱਖ ਸਕਦੇ। ਉਸ ਹਾਲਤ ਵਿੱਚ ਗੁਰਦੁਆਰਾ ਐਕਟ ਅਨੁਸਾਰ, ਉਹਨਾਂ ਨੂੰ ‘ਮੁੱਖ ਗ੍ਰੰਥੀ’ ਕਹਿਣਾ ਤੇ ਸਮਝਨਾ ਹੀ ਕਾਫੀ ਹੋਵੇਗਾ। ਪਰ ਜੇ ‘ਜਥੇਦਾਰ’ ਦਾ ਅਹੁੱਦਾ ਬਹਾਲ ਕਰਨਾ ਹੈ, ਤਾਂ ਉਪਰੋਕਤ ਅਨੁਸਾਰ, ਇਸ ਨੂੰ ਠੀਕ ਢੰਗ ਨਾਲ ਕੀਤਾ ਜਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਅੰਤਮ ਸਮੇਂ ਸਿੱਖਾਂ ਨੂੰ ਦਿੱਤੀ ਗਈ ‘ਟਰੇਨਿੰਗ’ ਅਨੁਸਾਰ ਹੀ ਜਥੇਦਾਰ ਥਾਪਿਆ ਜਾਏ, ਤੇ ਇਸ ਅਹੁਦੇ ਦੀ ਵਰਤੋਂ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਗੁਰਮਤਿ ਦੀ ਸਰਬ-ਉੱਚਤਾ ਸਥਾਪਤ ਕਰਨ ਲਈ ਕੀਤੀ ਜਾਏ, ਨਾ ਕਿ ਸਿਆਸੀ ਲੀਡਰਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ।”

ਇਕਵਾਕ ਸਿੰਘ ਪੱਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top