Share on Facebook

Main News Page

ਬਹੁਗਿਣਤੀ ਕਮਲਿਆਂ ਦੇ ਦੇਸ਼ ਦਾ ਰਾਜਾ ਬਣੇ ਰਹਿਣ ਲਈ, ਰਾਜਾ ਵੀ ਕਮਲਾ ਬਣਨਾ ਪ੍ਰਵਾਨ ਕਰ ਲੈਂਦਾ ਹੈ: ਗਿਆਨੀ ਜਾਚਕ

* ਹੈਰਾਨੀ ਹੈ, ਕਿ ਧਾਰਮਕ ਪਦਵੀਆਂ ’ਤੇ ਬੈਠੇ ਲੋਕ ਵੀ ਆਪਣੀਆਂ ਪਦਵੀਆਂ ਬਚਾਉਣ ਲਈ ਉਸ ਰਾਜੇ ਵਾਂਗ ਅੰਨ੍ਹੇ ਬਣਨਾ ਹੀ ਪ੍ਰਵਾਨ ਕਰ ਲੈਂਦੇ ਹਨ, ਤੇ ਹੁਕਮਨਾਮੇ ਜਾਰੀ ਕਰ ਦਿੰਦੇ ਹਨ, ਕਿ ਇਸ ਅਖੌਤੀ ਪ੍ਰਚਾਰਕ ਨੂੰ ਮੂੰਹ ਨਾ ਲਾਓ, ਇਸ ਨੂੰ ਪੰਥਕ ਸਟੇਜਾਂ ’ਤੇ ਬੋਲਣ ਨਾ ਦਿਓ

ਬਠਿੰਡਾ, 15 ਜਨਵਰੀ (ਕਿਰਪਾਲ ਸਿੰਘ): ਬਹੁਗਿਣਤੀ ਕਮਲਿਆਂ ਦੇ ਦੇਸ਼ ਦਾ ਰਾਜਾ ਬਣੇ ਰਹਿਣ ਲਈ ਰਾਜਾ ਵੀ ਕਮਲਾ ਬਣਨਾ ਪ੍ਰਵਾਨ ਕਰ ਲੈਂਦਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਇੱਕ ਸਾਖੀ ਸੁਣਾਉਂਦਿਆਂ ਉਨ੍ਹਾਂ ਕਿਹਾ ਇੱਕ ਦੇਸ਼ ਵਿੱਚ ਜਿਥੋਂ ਸਾਰੇ ਲੋਕ ਪਾਣੀ ਪੀਂਦੇ ਸਨ, ਉਸ ਖੂਹੀ ਵਿੱਚ ਕਿਸੇ ਨੇ ਐਸੀ ਦਵਾਈ ਪਾ ਦਿੱਤੀ ਕਿ ਉਥੋਂ ਪਾਣੀ ਪੀਣ ਵਾਲਾ ਕਮਲਾ ਹੋ ਜਾਂਦਾ ਸੀ। ਜਦ ਸਾਰੇ ਦੇਸ਼ ਵਾਸੀ ਹੀ ਉਹ ਪਾਣੀ ਪੀਣ ਕਰਕੇ ਕਮਲੇ ਹੋ ਗਏ, ਤੇ ਸਿਰਫ ਰਾਜਾ ਤੇ ਉਸ ਦੇ ਤਿੰਨ ਵਜੀਰ ਜਿਹੜੇ ਪਾਣੀ ਕਿਸੇ ਹੋਰ ਥਾਂ ਤੋਂ ਪੀਂਦੇ ਸਨ ਸਿਆਣੇ ਰਹਿ ਗਏ। ਸਾਰੇ ਕਮਲੇ ਦੇਸ਼ ਵਾਸੀਆਂ ਨੂੰ ਆਪਣਾ ਰਾਜਾ ਕਮਲਾ ਜਾਪਣ ਲੱਗ ਪਿਆ, ਤੇ ਮੰਗ ਕਰਨ ਲੱਗ ਪਏ ਕਿ ਰਾਜੇ ਨੂੰ ਬਦਲਿਆ ਜਾਵੇ। ਜਦ ਰਾਜੇ ਦੀ ਕੋਈ ਗੱਲ ਹੀ ਨਾ ਸੁਣੇ, ਤੇ ਉਸ ਵਿਰੁੱਧ ਬਗਾਵਤ ਉਠ ਖੜ੍ਹੀ ਤਾਂ ਰਾਜੇ ਨੇ ਆਪਣੇ ਸਿਆਣੇ ਵਜੀਰਾਂ ਨਾਲ ਮਸ਼ਵਰਾ ਕੀਤਾ। ਵਜੀਰਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਹੁਣ ਜੇ ਤੁਸੀਂ ਕਮਲਿਆਂ ਦਾ ਰਾਜਾ ਬਣੇ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਇਨ੍ਹਾਂ ਵਰਗਾ ਕਮਲਾ ਹੀ ਬਣਨਾ ਪਏਗਾ, ਇਸ ਲਈ ਉਸੀ ਖੂਹੀ ਤੋਂ ਪਾਣੀ ਪੀ ਲਓ ਜਿਥੋਂ ਇਹ ਪੀਂਦੇ ਹਨ। ਰਾਜੇ ਨੂੰ ਇਹ ਸਲਾਹ ਪ੍ਰਵਾਣ ਕਰਨੀ ਪਈ, ਤੇ ਉਸੇ ਖੂਹੀ ਤੋਂ ਉਹ ਵੀ ਪਾਣੀ ਪੀਣ ਲੱਗ ਪਿਆ। ਜਦ ਰਾਜਾ ਵੀ ਉਸੇ ਖੂਹੀ ਤੋਂ ਪਾਣੀ ਪੀ ਕੇ, ਉਨ੍ਹਾਂ ਵਰਗਾ ਕਮਲਾ ਹੋ ਗਿਆ ਤਾਂ ਸਾਰੇ ਕਹਿਣ ਲੱਗ ਪਏ ਹੁਣ ਠੀਕ ਹੈ, ਰਾਜਾ ਸਿਆਣਾ ਹੋ ਗਿਆ ਹੈ, ਇਸ ਲਈ ਇਸੇ ਨੂੰ ਰਹਿਣ ਦਿਓ।

ਗਿਆਨੀ ਜਾਚਕ ਨੇ ਕਿਹਾ ਕਿ ਅੱਜ ਕਲ੍ਹ ਲੋਕਤੰਤਰ ਵਿੱਚ ਰਾਜਨੀਤਕਾਂ ਦੀ ਤਾਂ ਹੋਰ ਵੀ ਵੱਧ ਕਮਜੋਰੀ ਹੁੰਦੀ ਹੈ, ਕਿਉਂਕਿ ਉਸ ਨੇ ਤਾਂ ਵੱਧ ਵੋਟਾਂ ਹਾਸਲ ਕਰਕੇ ਹੀ ਸਤਾ ’ਤੇ ਟਿਕੇ ਰਹਿਣਾ ਹੈ। ਸਿਆਣੇ ਬੰਦਿਆਂ ਦੀ ਗਿਣਤੀ ਨਾਲੋਂ ਕਮਲਿਆਂ ਦੀ ਗਿਣਤੀ ਹਮੇਸ਼ਾਂ ਹੀ ਵੱਧ ਰਹਿੰਦੀ ਹੈ, ਇਸ ਲਈ ਰਾਜਨੀਤਕ ਆਗੂ ਕਮਲਿਆਂ ਨੂੰ ਖੁਸ਼ ਰੱਖਣ ਲਈ ਹਮੇਸ਼ਾਂ ਹੀ ਉਨ੍ਹਾਂ ਦੀ ਗੱਲ ਨੂੰ ਵੱਧ ਅਹਿਮੀਅਤ ਦਿੰਦਾ ਹੈ, ਤੇ ਸਿਆਣੇ ਬੰਦਿਆਂ ਨੂੰ ਕਮਲੇ ਦੱਸ ਕੇ ਉਨ੍ਹਾਂ ਨੂੰ ਸਜਾ ਦੇਣ ਲਈ ਤਿਆਰ ਹੋ ਜਾਂਦਾ ਹੈ।

ਗਿਆਨੀ ਜਾਚਕ ਨੇ ਕਿਹਾ ਰਾਜਨੀਤਕ ਤੇ ਧਰਮੀ ਬੰਦਿਆਂ ਵਿੱਚ ਇਹੋ ਫਰਕ ਹੁੰਦਾ ਹੈ, ਕਿ ਜਿਥੇ ਰਾਜਨੀਤਕ ਆਗੂ ਨੇ ਹਮੇਸ਼ਾਂ ਬਹੁਗਿਣਤੀ, ਭਾਵੇਂ ਉਹ ਕਮਲੇ ਤੇ ਗਲਤ ਹੀ ਹੋਣ, ਦੀ ਸਲਾਹ ਮੰਨ ਕੇ ਉਸ ਅਨੁਸਾਰ ਨੀਤੀਆਂ ਬਣਾਉਂਦਾ ਤੇ ਕੰਮ ਕਰਦਾ ਹੈ, ਪਰ ਧਾਰਮਕ ਬੰਦਾ ਬਹੁਗਿਣਤੀ ਦੇ ਮਗਰ ਨਹੀਂ ਲੱਗਦਾ, ਸਗੋਂ ਉਹ ਵੇਖਦਾ ਹੈ ਕਿ ਗੁਰੂ ਦੀ ਸਿਖਿਆ ਕੀ ਹੈ, ਤੇ ਉਸ ਅਨੁਸਾਰ ਹੀ ਆਪਣੀਆਂ ਨੀਤੀਆਂ ਬਣਾਉਂਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਧਾਰਮਕ ਅਹੁਦਿਆਂ ਤੇ ਬੈਠੇ ਲੋਕ ਵੀ, ਰਾਜਨੀਤਕਾਂ ਵਾਲੀ ਨੀਤੀ ਅਪਣਾਈ ਬੈਠੇ ਹਨ, ਤੇ ਉਹ ਉਨ੍ਹਾਂ ਕੁਝ ਸਿਆਣੇ ਲੋਕਾਂ ਨੂੰ ਪੰਥ ਵਿੱਚ ਛੇਕ ਰਹੇ ਹਨ ਜਿਹੜੇ ਗੁਰੂ ਦੇ ਸ਼ਬਦ ਤੋਂ ਸੇਧ ਲੈਣ ਦੀ ਗੱਲ ਕਰਦੇ ਹਨ।

ਗਿਆਨੀ ਜਾਚਕ ਜੀ ਨੇ ਕਿਹਾ, ਕਿ ਸ਼ਬਦ ਸਿਰਫ ਉਸ ਨੂੰ ਕਿਹਾ ਜਾ ਸਕਦਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪਰ ਅੱਜ ਕੱਲ੍ਹ ਰਾਗੀ ਉਨ੍ਹਾਂ ਰਚਨਾਵਾਂ ਨੂੰ ਵੀ ਸ਼ਬਦ ਕਹੀ ਜਾਂਦੇ ਹਨ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੁੰਦੇ। ਤੇ ਉਨ੍ਹਾਂ ਤੋਂ ਸੁਣ ਕੇ ਆਮ ਸਿੱਖ ਵੀ ਭੁਲੇਖੇ ਨਾਲ ਉਨ੍ਹਾਂ ਨੂੰ ਸ਼ਬਦ ਹੀ ਸਮਝੀ ਜਾ ਰਹੇ ਹਨ। ਆਮ ਸਰੋਤਿਆਂ ਨੂੰ ਇਸ ਭੁਲੇਖੇ ’ਚੋਂ ਕੱਢਣ ਲਈ ਰਾਗੀ ਸਿੰਘਾਂ ਨੂੰ ਦੱਸਣਾ ਚਾਹੀਦਾ ਹੈ, ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ, ਜਾਂ ਭਾਈ ਗੁਰਦਾਸ ਜੀ ਦੀ ਪਉੜੀ ਹੈ, ਜਾਂ ਭਾਈ ਗੁਰਦਾਸ ਜੀ ਦਾ ਕਬਿਤ ਹੈ, ਜਾਂ ਭਾਈ ਨੰਦ ਲਾਲ ਜੀ ਦੀ ਗਜ਼ਲ ਹੈ, ਜਾਂ ਕਿਸੇ ਹੋਰ ਪੁਸਤਕ ਦੀ ਰਚਨਾ ਹੈ। ਤਾ ਕਿ ਸੁਣਨ ਵਾਲੇ ਨੂੰ ਪਤਾ ਲੱਗ ਸਕੇ ਕਿ ਗੁਰੂ ਦਾ ਸ਼ਬਦ ਕਿਹੜਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਰਚਨਾ ਕਿਹੜੀ ਹੈ।

ਗਿਆਨੀ ਜਾਚਕ ਜੀ ਨੇ ਕਿਹਾ ਅੰਨ੍ਹੇ ਮਨੁੱਖ ਵਲੋਂ ਦੱਸੇ ਰਾਹ ’ਤੇ, ਅੰਨ੍ਹਾ ਹੀ ਜਾਣ ਦੀ ਗਲਤੀ ਕਰ ਸਕਦਾ ਹੈ, ਸੁਜਾਖਾ ਕਦੀ ਵੀ ਅਨ੍ਹੇ ਵਲੋਂ ਦੱਸੇ ਰਾਹ ’ਤੇ ਤੁਰ ਕੇ ਔਝੜੇ ਨਹੀਂ ਪੈਂਦਾ:

‘ਸਲੋਕ ਮ: 2 ॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥

ਗਿਆਨੀ ਜੀ ਨੇ ਸਪਸ਼ਟ ਕੀਤਾ ਕਿ ਇਸ ਸਲੋਕ ਵਿੱਚ ਅੱਗੇ ਲਿਖਿਆ ਹੈ ਕਿ ਗੁਰਮਤਿ ਵਿੱਚ ਅੰਨ੍ਹਾ ਉਸ ਨੂੰ ਨਹੀਂ ਕਿਹਾ ਜਾਂਦਾ, ਜਿਨ੍ਹਾਂ ਦੇ ਚਿਹਰੇ ’ਤੇ ਅੱਖਾਂ ਨਹੀਂ ਹਨ, ਅਸਲ ਅੰਨ੍ਹੇ ਤਾਂ ਉਹ ਹਨ ਜਿਹੜੇ ਮਾਲਕ ਪ੍ਰਭੂ ਦੇ ਹੁਕਮ ਤੋਂ ਖੁੰਝੇ ਹੋਏ ਹਨ:

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥1॥

ਅਤੇ ‘ਮਃ 2 ॥ ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥3॥’ (ਗੁਰੂ ਗ੍ਰੰਥ ਸਾਹਿਬ ਪੰਨਾ 955)

ਗਿਆਨੀ ਜਾਚਕ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਤੇ ਕੇਵਲ ਅਕਾਲ ਪੁਰਖ਼ ਦੀ ਉਸਤਤਿ ਹੈ, ਤੇ ਕਿਸੇ ਵੀ ਸ਼ਬਦ ਵਿੱਚ ਕਿਸੇ ਵਿਅਕਤੀ ਜਾਂ ਕਲਪਤ ਦੇਵੀ ਦੇਵਤੇ ਦੀ ਉਸਤਤਿ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਦੀ ਤਾਂ ਸਿਖਿਆ ਹੈ: ‘ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥’ (ਗੋਂਡ ਭਗਤ ਨਾਮਦੇਵ ਜੀ ਗੁਰੂ ਗ੍ਰੰਥ ਸਾਹਿਬ - ਪੰਨਾ 874) ਜਿਸ ਦਾ ਅਰਥ ਹੈ: ਹੇ ਪਾਂਡੇ ਤੇਰੇ ਸ਼ਿਵ ਜੀ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) ਪਰ ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ ਕਿ ਇਤਨਾ ਕ੍ਰੋਧੀ ਸੀ) ਕਿਸੇ ਮੋਦੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਇਸ ਲਈ ਸ਼ਿਵ ਜੀ ਨੇ ਤ੍ਰਿਸੂਲ ਮਾਰ ਕੇ) ਉਸ ਦਾ ਮੁੰਡਾ ਹੀ ਮਾਰ ਦਿੱਤਾ ॥2॥

ਪਰ ਸਿੱਖ ਦਾ ਮਾਲਕ ਅਕਾਲ ਪੁਰਖ ਤਾਂ ਸਦਾ ਹੀ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ। ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ। ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ। ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ਮੈਂ ਤਾਂ ਸਦਾ ਉਸ ਦੀ ਸਰਨ ਪਿਆ ਰਹਿੰਦਾ ਹਾਂ: ‘ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥1॥ (ਸੂਹੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 784)

ਗਿਆਨੀ ਜਾਚਕ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਇਨ੍ਹ ਸ਼ਬਦਾਂ ਨੂੰ ਗੁਰੂ ਮੰਨਣ ਵਾਲਾ ਸਿੱਖ ਕਦੀ ਵੀ ਅਜਿਹੇ ਕ੍ਰੋਧੀ ਸ਼ਿਵ ਜੀ ਨੂੰ ਆਪਣਾ ਇਸ਼ਟ ਨਹੀਂ ਮੰਨ ਸਕਦਾ। ਉਹ ਕਿਸ ਤਰ੍ਹਾਂ ਅਜਿਹੇ ਸਿਵ ਤੋਂ ਵਰ ਮੰਗਦਾ ਪੜ੍ਹ ਸਕਦਾ ਹੈ: ‘ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥’ (ਉਕਤਿ ਬਿਲਾਸ ਅ. 8 ਬਚਿੱਤਰ ਨਾਟਕ) ਉਹ ਕਿਸ ਤਰ੍ਹਾਂ ਅਜੇਹੇ ਮਹਾਂਕਾਲ ਨੂੰ ਆਪਣਾ ਇਸ਼ਟ ਮੰਨ ਸਕਦਾ ਹੈ ਜਿਸ ਦੇ: ‘ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਯੋ ਗਲ ਮੈ ਅਸਿ ਭਾਰੋ ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥ ਛੂਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜ੍ਯਾਰੋ ॥ ਛਾਡਤ ਜ੍ਵਾਲ ਲਏ ਕਰ ਬ੍ਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥17॥’ (ਚਰਿਤ੍ਰ 1 ਬਚਿਤਰ ਨਾਟਕ)। ਪਰ ਜੇ ਕੋਈ ਸੁਜਾਖਾ ਮਨੁਖ ਕਹਿੰਦਾ ਹੈ ਕਿ ਇਹ ਮੇਰੇ ਗੁਰੂ ਦੀ ਰਚਨਾ ਨਹੀਂ ਹੈ ਤਾਂ ਬਹੁਤ ਸਾਰੇ ਅੰਨ੍ਹੇ ਰੌਲਾ ਪਾਉਣ ਲੱਗ ਪੈਂਦੇ ਹਨ, ਕਿ ਇਹ ਗੁਰੂ ਨਿੰਦਕ ਹੈ ਇਸ ਨੂੰ ਪੰਥ ’ਚੋਂ ਛੇਕ ਦਿਓ। ਹੈਰਾਨੀ ਹੈ ਕਿ ਧਾਰਮਕ ਪਦਵੀਆਂ ’ਤੇ ਬੈਠੇ ਲੋਕ ਆਪਣੀਆਂ ਪਦਵੀਆਂ ਬਚਾਉਣ ਲਈ, ਉਸ ਰਾਜੇ ਵਾਂਗ ਅੰਨ੍ਹੇ ਬਣਨਾ ਹੀ ਪ੍ਰਵਾਨ ਕਰ ਲੈਂਦੇ ਹਨ ਤੇ ਹੁਕਨਾਮੇ ਜਾਰੀ ਕਰ ਦਿੰਦੇ ਹਨ ਕਿ ਇਸ ਅਖੌਤੀ ਪ੍ਰਚਾਰਕ ਨੂੰ ਮੂੰਹ ਨਾ ਲਾਓ, ਇਸ ਨੂੰ ਪੰਥਕ ਸਟੇਜਾਂ ’ਤੇ ਬੋਲਣ ਨਾ ਦਿਓ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top