Share on Facebook

Main News Page

ਸਿਆਣਾ ਵੈਦ - "ਭਾਈ ਸਰਬਜੀਤ ਸਿੰਘ ਧੂੰਦਾ"

ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ, ਬਜੁਰਗਾਂ ਕੋਲੋਂ ਅਕਸਰ ਇੱਕ ਅਖਾਣ ਸੁਣਿਆ ਕਰਦੇ ਸੀ, “ਖੋਤੇ ਨੂੰ ਘਿਓ ਦਿਓ ਤਾਂ ਉਹ ਕਹਿੰਦਾ ਹੈ ਕਿ ਮੇਰੇ ਕੰਨ ਮਰੋੜਦੇ ਹੋ”। ਅਸੀਂ ਸੋਚਦੇ ਹੁੰਦੇ ਸੀ ਪਤਾ ਨਹੀਂ ਇਹ ਬਜੁਰਗ ਕੀ ਕਹਿੰਦੇ ਰਹਿੰਦੇ ਹਨ, ਕਿਉਂਕਿ ਨਾਂ ਤਾਂ ਖੋਤਾ ਬੋਲਦਾ ਹੈ ਅਤੇ ਨਾਂ ਹੀ………………। ਇੱਕ ਗੱਲ ਬਜੁਰਗ ਹੋਰ ਕਹਿੰਦੇ ਹੁੰਦੇ ਸੀ, ਕਿ ਜਿੰਨਾ ਚਿਰ ਕੋਈ ਗੱਲ ਅੱਖਾਂ ਦੇ ਸਾਹਮਣੇ ਨਹੀਂ ਵਾਪਰਦੀ , ਉਸ ਦੀ ਪੂਰੀ ਤਰਾਂ ਸਮਝ ਨਹੀਂ ਪੈਂਦੀ। ਅੱਜ ਭਾਈ ਧੂੰਦਾ ਜੀ ਵਾਲਾ ਮਾਮਲਾ ਦੇਖ ਕੇ ਗੱਲ ਚੰਗੀ ਤਰਾਂ ਸਮਝ ਪੈ ਗਈ ਹੈ, ਕਿ ਬਜੁਰਗ ਬਿਲਕੁਲ ਠੀਕ ਕਿਹਾ ਕਰਦੇ ਸਨ।

ਹੋਇਆ ਕੀ ਕਿ ਜੰਗਲ ਦੇ ਵਿੱਚ ਕਈ ਤਰਾਂ ਦੀਆਂ ਬਿਮਾਰੀਆਂ ਫੈਲ ਗਈਆਂ ਤੇ ਸਾਰੇ ਜਾਨਵਰਾਂ ਦੀ ਹਾਲ-ਪਾਹਰਿਆ ਹੋ ਰਹੀ ਸੀ। ਫਿਰ ਇੱਕ ਵੈਦ ਉੱਠਿਆ ਅਤੇ ਆਪਣੇ ਉਸਤਾਦ ਤੋਂ ਲਈ ਹੋਈ ਸਿੱਖਿਆ ਨੂੰ ਜਦੋਂ ਅਮਲੀ ਜਾਮਾ ਦਿੱਤਾ ਅਤੇ ਜਾਨਵਰਾਂ ਦੀ ਦਵਾਈ-ਬੂਟੀ ਸ਼ੁਰੂ ਕੀਤੀ ਤਾਂ ਜਾਨਵਰਾਂ ਦੇ ਕਈ ਪ੍ਰਕਾਰ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਗਏ। ਇਸੇ ਤਰਾਂ ਦਵਾਈ ਕਰਦੇ-ਕਰਦੇ ਵੈਦ ਨੇ ਆਪਣੇ ਸੁਭਾਅ ਮੁਤਾਬਕ ਖੋਤਿਆਂ ਨੂੰ ਵੀ ਦਵਾਈ ਦੇਣ ਦਾ ਯਤਨ ਕੀਤਾ, ਤਾਂ ਖੋਤਿਆਂ ‘ਚੋਂ ਕੋਈ ਵੀ ਇਹ ਗੱਲ ਨਾ ਸਮਝਿਆ, ਕਿ ਵੈਦ ਸਾਡਾ ਇਲਾਜ ਕਰ ਰਿਹਾ ਹੈ, ਅਤੇ ਇਸ ਇਲਾਜ ਨਾਲ ਅਸੀਂ ਠੀਕ ਹੋ ਜਾਵਾਂਗੇ। ਬੱਸ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਕੰਨ ਮਰੋੜਦਾ ਹੈ, ਗੱਲ ਕੀ ਜਿੰਨੀ ਕੁ ਅਕਲ ਸੀ, ਸਾਰੀ ਵਰਤ ਲਈ। ਫਿਰ ਉਹ ਹੀ ਹੋਇਆ ਜੋ ਹੋਣਾ ਸੀ, ਕੁਝ ਝੋਲੀ-ਚੁੱਕ ਇਕੱਠੇ ਹੋ ਕੇ ‘ਲੰਬੜਦਾਰਾਂ’ ਕੋਲ ਚਲੇ ਗਏ ਅਤੇ ਉਨਾਂ ਦੇ ਕਹਿਣ ਮੁਤਾਬਕ ਲਿਖਤੀ ਸ਼ਿਕਾਇਤ ਕਰ ਦਿੱਤੀ, ਕਿ ਇਹ ਵੈਦ ਠੀਕ ਨਹੀਂ ਹੈ, ਸਾਡੇ ਕੰਨ ਮਰੋੜਦਾ ਹੈ।

ਕਿਥੋਂ ਪਚਦਾ ਹੈ ਸ਼ੁੱਧ ਦੁੱਧ ਖੋਤਿਆਂ ਨੂੰ। ਅੱਗੋਂ ‘ਲੰਬੜਾਂ’ ਨੇ ਵੀ ਆਪਣੀ ਪੁਰੀ ਵਾਹ ਲਾਉਣ ਦਾ ਭਰੋਸਾ ਦਿੱਤਾ। ਵੈਸੇ ਵੀ ‘ਲੰਬੜਾਂ’ ਨੇ ਖੋਤਿਆਂ ਦੀ ਮੰਨਣੀ ਹੀ ਸੀ, ਕਿਉਂਕਿ ਇੱਕ ਤਾਂ ਖੋਤਿਆਂ ਦੀ ਗਿਣਤੀ ਜਿਆਦਾ ਸੀ, ਅਤੇ ਦੂਜਾ ਖੋਤੇ ਗਾਹੇ-ਬ-ਗਾਹੇ ਲੰਬੜਾਂ ਦਾਂ ਭਾਰ ਢੋ ਦਿਆ ਕਰਦੇ ਸੀ।…….ਲੰਬੜਾਂ ਨੇ ਕਾਹਲੀ-ਕਾਹਲੀ ‘ਚ ਸੱਦੀ ਮੀਟਿੰਗ ਵਿੱਚ ਵੈਦ ਨੂੰ ਤਲਬ ਕਰ ਲਿਆ, ਅਖੇ ਜੀ ਵੈਦ ‘ਤੇ ਇਲਜਾਮ ਲੱਗਾ ਹੈ। ਸਿਆਣੇ ਜਾਨਵਰਾਂ ਨੇ ਬਥੇਰਾ ਰੌਲਾ ਪਾਇਆ ਕਿ ਕਮਲਿਓ ਮਸਾਂ ਤਾਂ ਸਿਆਣਾ ਵੈਦ ਮਿਲਿਆ ਹੈ, ਜਿਸ ਨੇ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਜਿਹੜੇ ਹੋਏ ਕਮਲੇ, ਉਹ ਸਿਆਣਿਆਂ ਦੀ ਕਿਥੋਂ ਮੰਨਣ। ‘ਲੰਬੜ’ ਤਾਂ ਫੈਸਲਾ ਕਰਨ ਲੱਗੇ ਹਮੇਸ਼ਾਂ ਗਿਣਤੀ ਦੇਖਦੇ ਹਨ, ਤੇ ਗਿਣਤੀ ਅਕਸਰ ਮੂਰਖਾਂ ਦੀ ਵਧੇਰੇ ਹੁੰਦੀ ਹੈ। ਅੱਗੇ ਆਪ ਜੀ ਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਕਿ, ਕੀ ਅੰਤ ਹੋਇਆ ਹੋਵੇਗਾ ਇਸ ਕਹਾਣੀ ਦਾ।

ਮੈਨੂੰ ਸਮਝ ਪੈ ਗਈ ਕਿ ਸਿਆਣੇ ਸੱਚ ਹੀ ਕਹਿੰਦੇ ਸਨ ਕਿ ‘ਖੋਤੇ ਨੂੰ ਘਿਓ ਦਿਓ ਤਾਂ ਉਹ ਕਹਿੰਦਾ ਹੈ ਕਿ ਮੇਰੇ ਕੰਨ ਮਰੋੜਦੇ ਹੋ’।

ਹਰਵੰਤ ਸਿੰਘ ਫੈਲੋਕੇ
ਸਿੰਘ ਸਭਾ ਸ਼ਰਲੀ ਰੋਡ
ਨਿਊਜੀਲੈਂਡ
00642102341975


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top