Share on Facebook

Main News Page

ਉਤਰਾਖੰਡ ਦੀ ਭਾਜਪਾ ਸਰਕਾਰ ਜੇ ਗੁਰਦੁਆਰਾ ਆਜ਼ਾਦ ਨਹੀਂ ਕਰਦੀ ਤਾਂ ਚੋਣਾਂ ਵਿੱਚ ਸਿੱਖ, ਭਾਜਪਾ ਦਾ ਬਾਈਕਾਟ ਕਰਨ: ਪੰਥਕ ਆਗੂ

* ਜੇ ਭਾਜਪਾ ਆਗੂ 500 ਸਾਲ ਤੋਂ ਬਣੀ ਬਾਬਰੀ ਮਸਜਿਦ ਨੂੰ ਢਾਹ ਕੇ ਉਥੇ ਰਾਮ ਮੰਦਰ ਬਣਾਉਣਾ ਚਾਹੁੰਦੇ ਹਨ ਤੇ ਇਹ ਨਾਅਰੇ ਲਾਉਂਦੇ ਹਨ ‘ਕਸਮ ਰਾਮ ਕੀ ਖਾਏਂਗੇ। ਰਾਮ ਮੰਦਰ ਵਹੀ ਬਣਾਏਂਗੇ।’ ਤਾਂ ਉਸੇ ਪਾਰਟੀ ਦੀ ਸਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਆਪਣੀ ਅਸਲੀ ਥਾਂ ’ਤੇ ਬਣਾਉਣਾ ਕਿਉਂ ਨਹੀਂ ਚਾਹੁੰਦੀ?
* ਜੇਕਰ ਉਤਰਾਖੰਡ ਦੀ ਸਰਕਾਰ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਪਾਵਨ ਗੁਰਧਾਮ ਗਿਆਨ ਗੋਦੜੀ ਸਾਹਿਬ ਦੀ ਜਗ੍ਹਾ ਸਿੱਖ ਪੰਥ ਦੇ ਹਵਾਲੇ ਨਹੀ ਕਰਦੀ ਤਾਂ ਪੰਥਕ ਸੇਵਾ ਲਹਿਰ ਵੱਲੋਂ ਸਿੱਖ ਸੰਗਤਾਂ ਅਤੇ ਧਰਮ ਨਿਰਪੱਖ ਲੋਕਾਂ ਦੇ ਸਹਿਯੋਗ ਨਾਲ ਉਸ ਜਗਾ ’ਤੇ ਗੁਰਦੁਆਰਾ ਸਾਹਿਬ ਦੀ ਕਾਰ ਸਵਾ ਆਰੰਭ ਕਰ ਦਿੱਤੀ ਜਾਵਗੀ: ਬਾਬਾ ਦਾਦੂਵਾਲ

ਬਠਿੰਡਾ/ ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਕਿਰਪਾਲ ਸਿੰਘ): ਉਤਰਾਖੰਡ ਦੀ ਭਾਜਪਾ ਸਰਕਾਰ ਜੇ ਗੁਰਦੁਆਰਾ ਅਜ਼ਾਦ ਨਹੀ ਕਰਦੀ ਤਾਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਸਿੱਖ, ਭਾਜਪਾ ਦਾ ਬਾਈਕਾਟ ਕਰਨ। ਇਹ ਸੱਦਾ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲ ਅਕੈਡਮੀ ਦੇ ਨਜਦੀਕ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ, ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਅਤੇ ਹੋਰ ਪੰਥਕ ਮਸਲਿਆਂ ਸਬੰਧੀ ਹੋਈ ਵਿਸ਼ਾਲ ਪੰਥਕ ਕਾਨਫਰੰਸ਼ ਵਿੱਚ ਪੰਥਕ ਆਗੂਆਂ ਨੇ ਦਿੱਤਾ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਸਿੱਖਾਂ ਨੂੰ ਦੇਸ਼ ਅੰਦਰ ਬਣਦਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਜੇਕਰ ਉਤਰਾਖੰਡ ਦੀ ਸਰਕਾਰ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਪਾਵਨ ਗੁਰਧਾਮ ਗਿਆਨ ਗੋਦੜੀ ਸਾਹਿਬ ’ਤੇ ਸਰਕਾਰੀ ਕਬਜਾ ਕਰਕੇ ਧੱਕਸ਼ਾਹੀ ਨਾਲ ਉਸਾਰੀਆਂ ਦੁਕਾਨਾਂ ਤੇ ਦਫ਼ਤਰਾਂ ਨੰੂ ਹਟਾ ਕੇ ਉਹ ਜਗ੍ਹਾ ਸਿੱਖ ਪੰਥ ਦੇ ਹਵਾਲੇ ਨਹੀ ਕਰਦੀ, ਤਾਂ ਪੰਥਕ ਸੇਵਾ ਲਹਿਰ ਵੱਲੋਂ ਸਿੱਖ ਸੰਗਤਾਂ ਅਤੇ ਧਰਮ ਨਿਰਪੱਖ ਲੋਕਾਂ ਦੇ ਸਹਿਯੋਗ ਨਾਲ ਉਸ ਜਗਾ ’ਤੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਜਾਵਗੀ।
ਗੁਰਦੁਆਰਾ ਗਿਆਨ ਗੋਦੜੀ ਦਾ ਇਤਿਹਾਸ ਦੱਸਦਿਆਂ ਬਾਬਾ ਦਾਦੂਵਾਲੇ ਨੇ ਕਿਹਾ ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਹਰਿਦੁਆਰ ਵਿਖੇ ਗੰਗਾ ਨਦੀ ਦੇ ਕੰਡੇ ਹਰਿ ਕੀ ਪਉੜੀ ਦੇ ਨਜ਼ਦੀਕ ਅੱਜ ਤੋਂ ਸਾਢੇ ਚਾਰ ਸੌ ਸਾਲ ਪਹਿਲਾਂ ਗੁਰੂ ਅਮਰਦਾਸ ਜੀ ਦੇ ਸਮੇਂ ਉਸ ਸਥਾਨ ’ਤੇ ਬਣਾਇਆ ਗਿਆ ਸੀ, ਜਿੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਨੇ ਪੰਡਤਾਂ ਨਾਲ ਗਿਆਨ ਗੋਸਟੀ ਕਰਦਿਆਂ ਉਨ੍ਹਾਂ ਨੂੰ ਇਹ ਸਮਝਾਇਆ ਸੀ ਕਿ ਮਰ ਚੁੱਕੇ ਪ੍ਰਾਣੀ ਦੇ ਪਿੱਛੋਂ ਕੀਤੇ ਗਏ ਕ੍ਰਮਕਾਂਡ ਜਾਂ ਕਿਸੇ ਪੁਜਾਰੀ ਦੇ ਰਾਹੀਂ ਭੇਜੀ ਕੋਈ ਵਸਤੂ ਉਸ ਪਾਸ ਨਹੀਂ ਪੁੱਜ ਸਕਦੀ। ਇਹ ਉਹ ਸਥਾਨ ਹੈ ਜਿਥੇ ਪਾਂਡੇ ਚੜ੍ਹਦੇ ਵਾਲੇ ਪਾਸੇ ਮੂੰਹ ਕਰ ਕੇ ਸੂਰਜ ਨੂੰ ਪਾਣੀ ਦੇ ਰਹੇ ਸਨ ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਨਿਵੇਕਲਾ ਢੰਗ ਅਪਣਾਉਂਦੇ ਹੋਏ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਜੇ ਮੇਰੇ ਵਲੋਂ ਸੁੱਟਿਆ ਗਿਆ ਪਾਣੀ 300 ਕੋਹ ਦੂਰ ਨਹੀਂ ਪਹੁੰਚ ਸਕਦਾ ਤਾਂ ਠੀਕ ਇਸੇ ਤਰ੍ਹਾਂ ਇੱਥੋਂ ਕਰੋੜਾਂ ਕੋਹ ਦੂਰ ਪਿੱਤਰਾਂ ਵਿੱਚ ਤੁਹਾਡਾ ਪਾਣੀ ਕਿਵੇਂ ਪਹੁੰਚ ਜਾਵੇਗਾ? ਜਿਸ ਸਥਾਨ ’ਤੇ ਇਹ ਗਿਆਨ ਚਰਚਾ ਹੋਈ ਉਸ ਸਥਾਨ ’ਤੇ ਇਹ ਗੁਰਦੁਆਰਾ ਗਿਆਨ ਗੋਦੜੀ ਬਣਿਆ ਹੋਇਆ ਸੀ ਜਿਹੜਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਇੱਕ ਇਤਿਹਾਸਕ ਘਟਨਾ ਤੇ ਗੁਰਮਤਿ ਦੇ ਸਿਧਾਂਤ ਨੂੰ ਤਾਜਾ ਕਰਕੇ ਦ੍ਰਿੜ ਕਰਵਾਉਂਦਾ ਸੀ।

ਪਰ ਅੱਜ ਤੋਂ ਕਰੀਬ 27 ਸਾਲ ਪਹਿਲਾਂ 1984 ਈਸਵੀ ਵਿੱਚ, ਜਿਸ ਸਮੇਂ ਅਕਾਲ ਤਖ਼ਤ ਸਾਹਿਬ ਹਿੰਦੁਸਤਾਨੀ ਫੌਜਾਂ ਦੇ ਹਮਲੇ ਦੌਰਾਨ ਢਹਿ ਢੇਰੀ ਕਰ ਦਿੱਤਾ ਗਿਆ ਸੀ ਅਤੇ ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ ਸੀ, ਉਸ ਸਮੇਂ ਭਾਰਤ ਵਿੱਚ ਅਨੇਕਾਂ ਹੋਰ ਗੁਰਦੁਆਰਿਆਂ ਸਮੇਤ ਇਹ ਇਤਿਹਾਸਕ ਗੁਰਦੁਆਰਾ ਵੀ ਦੰਗਾਕਾਰੀਆਂ ਵੱਲੋਂ ਮਲੀਆਮੇਟ ਕਰ ਦਿੱਤਾ ਗਿਆ ਸੀ। ਜਿੱਥੇ ਬਾਅਦ ਵਿੱਚ ਉਤਰਾਖੰਡ ਸਰਕਾਰ ਨੇ ਗੁਰਦੁਆਰੇ ਦੀ ਮੁੜ ਉਸਾਰੀ ਕਰਨ ਦੀ ਬਜਾਏ ਸਰਕਾਰੀ ਦਫਤਰ, ਮਾਰਕਿਟ ਤੇ ਪਿਸ਼ਾਬ ਘਰ ਆਦਿ ਬਣਾ ਦਿੱਤੇ ਸਨ। ਬਾਬਾ ਬਲਜੀਤ ਸਿੰਘ ਨੇ ਕਿਹਾ ਉਤਰਖੰਡ ਦੀ ਸਰਕਾਰ ਦੇ ਰੀਕਾਰਡ ਵਿੱਚ ਇਹ ਸਥਾਨ ਹਾਲੀ ਵੀ ਗੁਰਦੁਆਰੇ ਦੇ ਨਾਮ ਹੈ। ਜੇ ਭਾਜਪਾ ਆਗੂ 500 ਸਾਲ ਤੋਂ ਬਣੀ ਬਾਬਰੀ ਮਸਜਿਦ ਨੂੰ ਢਾਹ ਕੇ ਉਥੇ ਰਾਮ ਮੰਦਰ ਬਣਾਉਣਾ ਚਾਹੁੰਦੇ ਹਨ ਤੇ ਇਹ ਨਾਅਰੇ ਲਾਉਂਦੇ ਹਨ ‘ਕਸਮ ਰਾਮ ਕੀ ਖਾਏਂਗੇ। ਰਾਮ ਮੰਦਰ ਵਹੀ ਬਣਾਏਂਗੇ।’ ਤਾਂ ਉਸੇ ਪਾਰਟੀ ਦੀ ਸਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਆਪਣੀ ਅਸਲੀ ਥਾਂ ’ਤੇ ਬਣਾਉਣਾ ਕਿਉਂ ਨਹੀਂ ਚਾਹੁੰਦੀ? ਉਨ੍ਹਾਂ ਕਿਹਾ ਇਨ੍ਹਾਂ ਕੋਲ ਤਾ ਕੋਈ ਸਰਕਾਰੀ ਰੀਕਾਰਡ ਵੀ ਨਹੀਂ ਹੈ ਕਿ ਉਥੇ ਸ਼੍ਰੀ ਰਾਮ ਮੰਦਰ ਕਦੀ ਸੀ ਵੀ ਜਾਂ ਨਹੀਂ, ਪਰ ਸਾਡੇ ਕੋਲ ਤਾਂ ਇਨ੍ਹਾਂ ਦੀ ਸਰਕਾਰ ਦਾ ਹੀ ਰੀਕਾਰਡ ਮੌਜੂਦ ਹੈ ਤੇ ਉੱਥੋਂ ਦਾ ਹਰ ਵਸਨੀਕ ਇਹ ਮੰਨਦਾ ਹੈ ਕਿ ਇੱਥੇ 27 ਸਾਲ ਪਹਿਲਾਂ ਇੱਕ ਗੁਰਦੁਆਰਾ ਹੁੰਦਾ ਸੀ। ਪਰ ਇਹ ਸ਼ਕਤੀਆਂ ਨਹੀਂ ਚਾਹੁੰਦੀਆਂ ਕਿ ਦੁਨੀਆਂ ਦੇ ਲੋਕ ਇਸ ਸਥਾਨ ਦੀ ਯਾਤਰਾ ਕਰਕੇ ਉਥੇ ਦ੍ਰਿੜ ਕਰਵਾਏ ਗਏ ਸਿਧਾਂਤ ਤੋਂ ਜਾਣੂ ਹੋਣ।

ਇਹ ਦੱਸਣਯੋਗ ਹੈ ਕਿ ਵੈਸੇ ਤਾਂ ਭਾਈ ਗੁਰਚਰਨ ਸਿੰਘ ਬੱਬਰ ਵਲੋਂ ਇਹ ਗੁਰਦੁਆਰਾ ਅਜਾਦ ਕਰਵਾਉਣ ਲਈ ਕਾਫੀ ਲੰਬੇ ਸਮੇ ਤੋਂ ਕੋਸ਼ਿਸ਼ਾਂ ਜਾਰੀ ਹਨ, ਪਰ ਪਿਛਲੇ 7 ਨਵੰਬਰ ਤੋਂ ਬਾਅਦ ਇਹ ਤਿੱਖੇ ਸੰਘਰਸ਼ ਦਾ ਰੂਪ ਧਾਰਨ ਕਰਦਾ ਆ ਰਿਹਾ ਹੈ। 7 ਨਵੰਬਰ ਨੂੰ ਭਾਈ ਗੁਰਚਰਨ ਸਿੰਘ ਬੱਬਰ ਅਤੇ ਬਾਬਾ ਬਲਜੀਤ ਸਿੰਘ ਦੀ ਅਗਵਾਈ ਵਿੱਚ ਅਕਾਲ ਤਖ਼ਤ ਸ਼੍ਰੀ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਇਕ ਜਥਾ ਹਰਿਦੁਆਰ ਨੂੰ ਰਵਾਨਾ ਹੋਇਆ ਸੀ ਜਿਨ੍ਹਾਂ ਨੂੰ ਉਤਰਾਖੰਡ ਦੀ ਸਰਕਾਰ ਨੇ ਸੂਬਾਈ ਸਰਹੱਦ ਪਾਰ ਕਰਦਿਆਂ ਗ੍ਰਿਫਤਾਰ ਕਰ ਲਿਆ ਸੀ। ਉਸ ਉਪ੍ਰੰਤ 20 ਦਸੰਬਰ ਨੂੰ ਦਿੱਲੀ ਵਿਖੇ ਸਮੂਹ ਪੰਥਕ ਜਥੇਬੰਦੀਆਂ ਨੇ ਭਾਜਪਾ ਹੈੱਡ ਕੁਅਟਰ ਅੱਗੇ ਧਰਨਾ ਦਿੱਤਾ। 26 ਦਸੰਬਰ ਨੂੰ ਉਤਰਾਖੰਡ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਜ਼ ਦੇ ਰਾਹੀਂ ਸਰਕਾਰਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਦੀ ਜਗ੍ਹਾ ਸਿੱਖ ਕੌਮ ਦੇ ਹਵਾਲੇ ਕਰਨ ਲਈ ਮੰਗ ਪੱਤਰ ਦਿੱਤਾ ਗਿਆ। 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲੇ ਮੌਕੇ ਫ਼ਤਹਿਗੜ੍ਹ ਸਾਹਿਬ ਵਿਖੇ ਕਾਨਫਰੰਸ ਕੀਤੀ ਗਈ ਅਤੇ ਅਤੇ 10 ਜਨਵਰੀ ਨੂੰ ਉਤਰਾਖੰਡ ਦੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ।

ਅੱਜ ਦੀ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਹਰਪਾਲ ਸਿੰਘ ਚੀਮਾ, ਸਿੱਖ ਸਟੂਡੈਂਟਸ ਫੈਡਰਸ਼ਨ ਦੇ ਕਰਨੈਲ ਸਿੰਘ ਪੀਰ ਮਹੰੁਮਦ, ਦਵਿੰਦਰ ਸਿੰਘ ਸੋਢੀ, ਸੋ੍ਰਮਣੀ ਕਮਟੀ ਮੈਂਬਰ ਕੁਲਬੀਰ ਸਿੰਘ ਬੜਾਪਿੰਡ, ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਮਨਿੰਦਰ ਸਿੰਘ ਭੁਝੰਗ ਖਾਲਸਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਆਦਿ ਨੇ ਪ੍ਰਕਾਸ਼ ਸਿੰਘ ਬਾਦਲ ’ਤੇ ਤਾਬੜਤੋੜ ਹਮਲੇ ਕਰਦੇ ਹੋਏ ਕਿਹਾ ਕਿ ਉਹ ਕੁਰਸੀ ਦੀ ਖਾਤਰ ਭਾਜਪਾ ਦੇ ਇਸ ਕਦਰ ਥੱਲੇ ਲੱਗ ਚੁੱਕੇ ਹਨ ਕਿ ਸਿੱਖਾਂ ਦੇ ਹਰ ਅਹਿਮ ਮੁੱਦੇ ’ਤੇ ਅਪਰਾਧਕ ਕਿਸਮ ਦੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਬੇਸ਼ੱਕ ਚੋਣਾਂ ਲੜ ਰਹੀਆਂ ਕਿਸੇ ਵੀ ਪਾਰਟੀ ਦਾ ਉਹ ਸਿੱਧੇ ਤੌਰ ’ਤੇ ਸਮਰਥਨ ਜਾਂ ਵਿਰੋਧ ਨਹੀਂ ਕਰਨਗੇ ਪਰ ਜੇ ਕਰ ਭਾਜਪਾ ਸਰਕਾਰ ਨੇ 1984 ’ਚ ਢਾਹੇ ਗਏ ਗੁਰਦੁਆਰੇ ਦੀ ਜਗ੍ਹਾ ਸਿੱਖ ਕੌਮ ਨੂੰ 15 ਜਨਵਰੀ ਤੱਕ ਵਾਪਸ ਨਾ ਕੀਤੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਆਪਣਾ ਧਾਰਮਕ ਫਰਜ ਨਿਭਾਉਂਦੇ ਹੋਏ, ਭਾਜਪਾ ਦੇ ਵਿਰੁਧ ਵੋਟਾਂ ਪਾਉਣਗੇ, ਜਿਸ ਦਾ ਨੁਕਸਾਨ ਉਸ ਦੀ ਭਾਈਵਾਲ ਪਾਰਟੀ ਬਾਦਲ ਦਲ ਨੂੰ ਵੀ ਉਠਾਉਣਾ ਪਏਗਾ।

ਇਸ ਕਾਨਫਰੰਸ ਵਿੱਚ ਪਹੁੰਚੇ ਵੱਖ ਵੱਖ ਬੁਲਾਰਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਅਜ਼ਾਦ ਕਰਵਾਉਣ ਤੋਂ ਇਲਾਵਾ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਬੇਦੋਸ਼ੇ ਨਜ਼ਰਬੰਦ ਸਿੱਖਾਂ ਦੀ ਰਿਹਾਈ, ਸਾਕਾ ਨੀਲਾ ਤਾਰਾ ਦੀ ਯਾਦਗਾਰ ਦੀ ਉਸਾਰੀ ਅਤੇ ਆਨੰਦ ਮੈਰਿਜ ਐਕਟ ਦੇ ਮੁੱਦਿਆਂ ਦੇ ਹੱਲ ਲਈ ਸਮੁੱਚੀ ਸਿੱਖ ਕੌਮ ਨੂੰ ਇਕੱਠ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top