* ਬੇਦਾਵੇ ’ਤੇ
ਦਸਖਤ ਕਰਨ ਵਾਲੇ 40 ਨਹੀਂ ਬਲਕਿ ਕੇਵਲ 5 ਸਿੱਖ ਸਨ
* ਗੁਰੂ ਦੀ ਸਿਖਿਆ ਗ੍ਰਹਿਣ
ਕਰਨ ਤੋਂ ਬਿਨਾਂ ਬੇਸ਼ੱਕ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਵਿੱਚ ਟੁੱਭੀਆਂ ਲਾ ਲਈਆਂ ਜਾਣ,
ਭਾਵੇਂ ਮੁਕਤਸਰ ਦੇ ਸਰੋਵਰ ਵਿੱਚ ਟੁੱਭੀਆਂ ਲਾ ਲਈਆਂ ਜਾਣ, ਇਸ ਦਾ ਜੀਵਨ ਵਿੱਚ ਕੋਈ ਵੀ ਲਾਭ ਨਹੀਂ
ਮਿਲਣ ਵਾਲਾ ਨਹੀਂ
* ਜੇ ਧਾਰਮਕ ਸਥਾਨਾਂ ਤੇ ਬੈਠੇ
ਪ੍ਰਚਾਰਕ ਸੁਧਰ ਜਾਣ ਤਾਂ ਸਮਾਜ ਦਾ ਵੱਡਾ ਹਿੱਸਾ ਆਪਣੇ ਆਪ ਸੁਧਰ ਸਕਦਾ ਹੈ
ਬਠਿੰਡਾ,
14 ਜਨਵਰੀ (ਕਿਰਪਾਲ ਸਿੰਘ): ਕਿਸੇ ਇੱਕ ਬੰਦੇ ਵਲੋਂ ਕੀਤਾ ਮਾੜਾ ਕੰਮ ਸਮੁੱਚੀ ਕੌਮ ਲਈ ਬਦਨਾਮੀ
ਦਾ ਕਾਰਣ ਬਣਦਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ
ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਗਿਆਨੀ ਜਗਤਾਰ ਸਿੰਘ ਜਾਚਕ ਨੇ
ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। 40
ਮੁਕਤਿਆਂ ਦੇ ਇਤਿਹਾਸਕ ਦਿਹਾੜੇ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ,
ਭੱਟ ਬਹੀ ਮੁਲਤਾਨੀ ਅਨੁਸਾਰ ਸਿੰਘਾਂ ਨੇ ਅਨੰਦਪੁਰ ਸਾਹਿਬ ਵਿਖੇ ਨਹੀਂ,
ਬਲਕਿ ਮੁਕਤਸਰ ਦੇ ਨਜਦੀਕ ਰਾਮੇਆਣਾ ਵਿਖੇ ਬੇਦਾਵਾ ਲਿਖਿਆ ਸੀ,
ਜਿਸ ’ਤੇ ਕੇਵਲ 5 ਸਿੱਖਾਂ ਨੇ ਦਸਖ਼ਤ ਕੀਤੇ ਸਨ। ਬਹੁਤ ਜਲਦੀ ਹੀ ਮਾਈ ਭਾਗ ਕੌਰ ਤੇ ਭਾਈ ਮਹਾਂ
ਸਿੰਘ ਨੇ ਉਨ੍ਹਾਂ ਨੂੰ ਪ੍ਰੇਰਿਆ, ਕਿ ਬੇਸ਼ੱਕ ਤੁਸਾਂ ਅਤਿ ਦੇ
ਦੁੱਖਾਂ ਦੇ ਕਾਰਣ ਇਹ ਫੈਸਲਾ ਕੀਤਾ ਹੈ, ਪਰ ਯਾਦ ਰੱਖੋ ਕਿ ਕਿਸੇ
ਇੱਕ ਵੀ ਬੰਦੇ ਵਲੋਂ ਕੀਤਾ ਮਾੜਾ ਕੰਮ ਸਮੁੱਚੀ ਕੌਮ ਲਈ ਬਦਨਾਮੀ ਦਾ ਕਾਰਣ ਬਣਦਾ ਹੈ। ਇਸ ਲਈ
ਤੁਹਾਡੇ ਵਲੋਂ ਇਸ ਦੁੱਖ ਦੀ ਘੜੀ ਗੁਰੂ ਸਾਹਿਬ ਜੀ ਦਾ ਸਾਥ ਛੱਡ ਜਾਣ ਨਾਲ,
ਸਮੁੱਚੀ ਕੌਮ ਦੀ ਬਦਨਾਮੀ ਹੋਵੇਗੀ ਕਿ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ। ਇਹ
ਵੀ ਯਾਦ ਰੱਖੋ ਕਿ ‘ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ
ਮੁਕਤਿ ਨ ਪਾਵੈ ॥’ (ਰਾਮਕਲੀ ਅਨੰਦ ਮ: 3, ਗੁਰੂ ਗ੍ਰੰਥ ਸਾਹਿਬ -ਪੰਨਾ 920) ਭਾਵ ਗੁਰੂ
ਤੋਂ ਬਿਨਾਂ ਮੁਕਤੀ ਨਹੀਂ ਮਿਲਣੀ, ਤਾਂ ਗੁਰੂ ਤੋਂ ਬੇਮੁਖ ਕਿਉਂ ਹੋਣਾ ਹੈ।
ਇਸ ਪ੍ਰੇਰਣਾ ਸਦਕਾ ਉਹ ਉਸੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ
ਵਾਪਸ ਮੁੜ ਪਏ। ਗੁਰੂ ਸਾਹਿਬ ਜੀ ਦਾ ਪਿੱਛਾ ਕਰਦੇ ਹੋਏ ਮੁਗਲਾਂ ਦੀ ਫੌਜ ਨਾਲ ਖਿਦਰਾਣੇ ਦੀ ਢਾਬ
ਵਿਖੇ 30 ਪੋਹ 1704 ਨੂੰ ਜੰਗ ਹੋਇਆ। ਇਸ ਜੰਗ ਵਿੱਚ ਬਾਕੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਮਾਈ
ਭਾਗ ਕੌਰ ਜਖਮੀ ਹੋਈ ਤੇ ਭਾਈ ਮਹਾਂ ਸਿੰਘ ਤੇ ਉਨ੍ਹਾਂ ਦਾ ਪਿਤਾ ਭਾਈ ਰਾਏ ਸਿੰਘ ਸਹਿਕਦੇ ਸਨ।
ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਪਾਸ ਆਏ, ਤੇ ਭਾਈ
ਮਹਾਂ ਸਿੰਘ ਦਾ ਸਿਰ ਆਪਣੇ ਪੱਟ ’ਤੇ ਰੱਖ ਕੇ ਪੁੱਛਿਆ, ਬੋਲ ਭਾਈ ਮਹਾਂ ਸਿੰਘ ਕੀ ਚਾਹੀਦਾ ਹੈ।
ਭਾਈ ਮਹਾਂ ਸਿੰਘ ਪ੍ਰਉਪਕਾਰੀ ਸਿੰਘ ਸੀ ਇਸ ਲਈ ਉਨ੍ਹਾਂ ਆਪਣੇ ਲਈ ਕੁਝ ਨਹੀਂ ਮੰਗਿਆ ਤੇ ਬੇਨਤੀ
ਕੀਤੀ ਸੱਚੇ ਪਾਤਸ਼ਾਹ ਜੇ ਤਰੁੱਠੇ ਹੋ ਤਾਂ, ਜਿਹੜੇ ਸਿੰਘ ਬੇਦਾਵਾ
ਲਿਖ ਕੇ ਦੇ ਗਏ ਸਨ, ਕਿਉਂਕਿ ਉਹ ਪਛਤਾਵਾ ਕਰਕੇ ਵਾਪਸ ਮੁੜ ਆਏ
ਸਨ, ਤੇ ਹੁਣ ਗੁਰੂ ਦੇ ਸਨਮੁਖ ਸ਼ਹੀਦੀਆਂ ਪਾ ਗਏ ਹਨ,
ਇਸ ਲਈ ਉਨ੍ਹਾਂ ਨੂੰ ਬਖ਼ਸ਼ ਦੇਵੋ ਤੇ ਬੇਦਾਵਾ ਪਾੜ ਦੇਵੋ। ਸਨਮੁਖ ਹੋਣ ਤੇ ਗੁਰੂ ਦੀ ਬਖ਼ਸ਼ਿਸ਼ ਸਦਕਾ
ਉਹ ਮੁਕਤੀ ਪ੍ਰਾਪਤ ਕਰ ਚੁੱਕੇ ਸਨ। ਇਨ੍ਹਾਂ ਸਿੰਘਾਂ ਦਾ ਸਸਕਾਰ 1 ਮਾਘ ਨੂੰ ਹੋਇਆ ਸੀ ਇਸ ਲਈ
ਉਨ੍ਹਾਂ ਦੀ ਯਾਦ ਵਿੱਚ ਮਾਘੀ ਵਾਲੇ ਪੁਰਬ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਜੋੜਮੇਲਾ ਮਨਾਇਆ
ਜਾਂਦਾ ਹੈ।
ਗਿਆਨੀ ਜਾਚਕ ਜੀ ਨੇ ਕਿਹਾ ਕਿ 40 ਮੁਕਤਿਆਂ ਦੀ ਯਾਦ ਵਿੱਚ ਮਨਾਏ ਇਤਿਹਾਸਕ
ਦਿਹਾੜੇ ਤਾਂ ਹੀ ਸਫਲ ਹਨ, ਜੇ ਇਸ ਦਿਨ ਹਰ ਸਿੱਖ ਆਪਣੇ ਮਨ ਵਿੱਚ
ਇਹ ਵੀਚਾਰ ਕਰੇ ਕਿ ਉਸ ਵਲੋਂ ਕੀਤਾ ਗਿਆ ਕੋਈ ਗਲਤ ਕੰਮ ਸਮੁਚੀ ਕੌਮ ਨੂੰ ਬਦਨਾਮੀ ਦਿਵਾ ਸਕਦਾ ਹੈ,
ਇਸ ਲਈ ਉਸ ਨੂੰ ਜਿੰਨਾ ਜਲਦੀ ਹੋ ਸਕੇ ਆਪਣਾ ਬੇਦਾਵਾ ਪੜਵਾ ਲੈਣਾ ਚਾਹੀਦਾ ਹੈ। ਪਰ ਇਹ ਦੁੱਖ ਦੀ
ਗੱਲ ਇਹ ਹੈ ਕਿ ਅਸੀਂ ਇਸ ਇਤਿਹਾਸ ਤੋਂ ਸੇਧ ਲੈਣ ਦੀ ਥਾਂ,
ਅਨਮਤੀਆਂ ਵਾਂਗ ਸਰੋਵਰ ’ਤੇ ਇਸ਼ਨਾਨ ਕਰਨ ਨੂੰ ਹੀ ਮਹਾਨਤਾ ਦੇ ਛੱਡੀ ਹੈ। ਸਾਡੇ ਗੁਰਦੁਆਰਿਆਂ
ਵਿੱਚ ਵੀ ਤੇ ਵਿਸ਼ੇਸ਼ ਕਰਕੇ ਡੇਰਿਆਂ ਵਿੱਚ ‘ਮਾਘਿ ਮਜਨੁ ਸੰਗਿ ਸਾਧੂਆ
ਧੂੜੀ ਕਰਿ ਇਸਨਾਨੁ ॥’ ਪੜ੍ਹ ਕੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਮਾਘੀ ਦੇ ਪਵਿੱਤਰ ਦਿਹਾੜੇ
’ਤੇ ਇਸ਼ਨਾਨ ਕਰਕੇ ਸੰਤ ਮਹਾਂਪੁਰਖਾਂ ਦੀ ਚਰਨ ਧੂੜ ਮੱਥੇ ’ਤੇ ਲਾਉਣ ਤੇ ਦਾਨ ਪੁੰਨ ਕਰਨ ਦਾ ਲਾਭ
ਪ੍ਰਾਪਤ ਹੁੰਦਾ ਹੈ।
ਗਿਆਨੀ ਜਾਚਕ ਨੇ ਕਿਹਾ ਕਿ ਜੇ ਧਾਰਮਕ ਸਥਾਨਾਂ ਤੇ ਬੈਠੇ ਪ੍ਰਚਾਰਕ- ਬੇਸ਼ੱਕ
ਉਹ ਗੁਰਦੁਆਰਿਆਂ ਵਿੱਚ ਗ੍ਰੰਥੀ, ਰਾਗੀ, ਢਾਢੀ ਤੇ ਕਥਾਵਾਚਕ ਹੋਣ; ਮੰਦਰਾਂ ਦੇ ਪੁਜਾਰੀ ਹੋਣ ਜਾਂ
ਮਸੀਤਾਂ ਵਿੱਚ ਕਾਜ਼ੀ ਮੁੱਲਾਂ ਹੋਣ; ਸੁਧਰ ਜਾਣ ਤਾਂ ਸਮਾਜ ਦਾ ਵੱਡਾ ਹਿੱਸਾ ਆਪਣੇ ਆਪ ਸੁਧਰ ਸਕਦਾ
ਹੈ। ਜੇ ਇਨ੍ਹਾਂ ਪ੍ਰਚਾਰਕਾਂ ਦੇ ਆਪਣੇ ਸੁਆਰਥਾਂ ਦੀ ਪੂਰਤੀ ਦੀ ਲਾਲਸਾ ਨਾ ਹੋਵੇ ਤਾਂ ਗੁਰੂ ਦੀ
ਇਹ ਸਿਖਿਆ ਦ੍ਰਿੜ ਕਰਵਾਉਣ:
‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ
ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ
ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ ਨਾਮੁ ਦਾਰੂ
ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ
ਸਾਚੁ ਤੀਰਥੁ ਮਜਨਾ ॥1॥’ (ਧਨਾਸਰੀ ਮ: 1, ਗੁਰੂ ਗ੍ਰੰਥ
ਸਾਹਿਬ - ਪੰਨਾ 688)
ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਭੁਲੇਖਾ ਰਹਿਣ ਹੀ ਨਹੀਂ
ਦਿੱਤਾ। ਉਹ ਸਪਸ਼ਟ ਸ਼ਬਦਾਂ ਵਿੱਚ ਬਿਆਨ ਕਰ ਰਹੇ ਹਨ ਕਿ ਮੈਂ ਤੀਰਥਾਂ ’ਤੇ ਨਹਾਉਣ ਕਿਉਂ ਜਾਵਾਂ
ਕਿਉਂਕਿ ਮੇਰੇ ਲਈ ਤਾਂ ਨਾਮ ਹੀ ਤੀਰਥ ਹੈ, ਸ਼ਬਦ ਦੀ ਵੀਚਾਰ ਅਤੇ ਗੁਰੂ ਦਾ ਗਿਆਨ ਹੀ ਸੱਚਾ ਤੀਰਥ
ਹੈ।
ਗਿਆਨੀ ਜਾਚਕ ਜੀ ਨੇ ਕਿਹਾ ਬਾਰਹਮਾਹ ਦੇ ਮਾਘ ਦੇ ਮਹੀਨੇ ਰਾਹੀਂ ਇਸ ਸ਼ਬਦ
ਵਿੱਚ ਗੁਰੂ ਅਰਜਨ ਪਾਤਸ਼ਾਹ ਸਮਝਾ ਰਹੇ ਹਨ:
‘ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ
॥’ ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ’ਤੇ ਇਸ਼ਨਾਨ ਕਰਨਾ ਬੜਾ
ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ)
ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ। ਇੱਥੇ ਧੂੜ ਤੋਂ ਭਾਵ ਮਿੱਟੀ ਘੱਟੇ ਨਾਲ ਇਸ਼ਨਾਨ
ਕਰਨਾ ਨਹੀਂ ਬਲਕਿ ਇਸ ਦਾ ਭਾਵ ਹੈ ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, (ਉਥੇ)
‘ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥’ ਪਰਮਾਤਮਾ
ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤਿ ਵੰਡ
‘ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥’
(ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ)
ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।
‘ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥’
(ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ
(ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ)।
‘ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥’
ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਵੀ ਸੋਭਾ ਕਰਦਾ ਹੈ।
‘ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥’
ਮੰਨੇ ਗਏ ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ
ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ)।
‘ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ
॥’ ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ
(ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।
‘ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ
॥’ ਹੇ ਨਾਨਕ! (ਆਖ) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ
ਹਾਂ।
‘ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ
ਮਿਹਰਵਾਨੁ ॥12॥’ ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ
ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤਿ ਦੇਂਦਾ ਹੈ)।12।
(ਮਾਝ ਬਾਰਹਮਾਹਾ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 136)
ਗਿਆਨੀ ਜਾਚਕ ਜੀ ਨੇ ਕਿਹਾ ਕਿ ਜੇ ਇਹ ਸਿੱਖਿਆ ਗ੍ਰਹਿਣ ਕਰਕੇ ਉਸ ’ਤੇ ਅਮਲ
ਕੀਤਾ ਜਾਂਦਾ ਹੈ ਤਾਂ ਸਿੱਖ ਦੇ ਜੀਵਨ ਲਈ ਇਹ ਸ਼ਬਦ ਪੜ੍ਹਨਾ ਸੁਣਨਾ ਸਫਲਾ ਹੈ। ਪਰ ਜੇ ਇਹ ਸਿਖਿਆ
ਗ੍ਰਹਿਣ ਹੀ ਨਹੀਂ ਕੀਤੀ ਜਾਂਦੀ, ਤਾਂ ਬੇਸ਼ੱਕ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਵਿੱਚ
ਟੁੱਭੀਆਂ ਲਾ ਲਈਆਂ ਜਾਣ, ਭਾਵੇਂ ਮੁਕਤਸਰ ਦੇ ਸਰੋਵਰ ਵਿੱਚ ਟੁੱਭੀਆਂ ਲਾ ਲਈਆਂ ਜਾਣ ਇਸ ਦਾ ਜੀਵਨ
ਵਿੱਚ ਕੋਈ ਵੀ ਲਾਭ ਨਹੀਂ ਮਿਲਣ ਵਾਲਾ। ਪਰ ਸਾਡੇ ਪ੍ਰਚਾਰਕ ਇਹ ਸਿੱਖਿਆ ਸੁਣਾਉਂਦੇ ਹੀ ਨਹੀਂ
ਕਿਉਂਕਿ ਉਹ ਸੋਚਦੇ ਹਨ ਕਿ ਜੇ ਸ਼ਰਧਾਲੂ ਆਉਣਗੇ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੁਝ ਭੇਟਾ ਰੱਖਣਗੇ,
ਕੁਝ ਦਾਨ ਕਰਨਗੇ ਤਾਂ ਹੀ ਉਨ੍ਹਾਂ ਦਾ ਫਾਇਦਾ ਹੈ। ਸ਼ਰਧਾਲੂ ਵੀ ਸੋਚਦੇ ਹਨ ਕਿ ਜੇ ਸਰੋਵਰ ਵਿੱਚ
ਟੁੱਭੀ ਲਾਉਣ ਅਤੇ ਕੁਝ ਦਾਨ ਕਰਨ ਨਾਲ ਹੀ ਜੀਵਨ ਦਾ ਲਾਹਾ ਮਿਲਦਾ ਹੈ ਤਾਂ ਸਿੱਖਿਆ ਗ੍ਰਹਿਣ ਕਰਨੀ
ਤੇ ਉਸ ’ਤੇ ਅਮਲ ਕਰਨ ਦੇ ਔਖੇ ਰਾਹ ਪੈਣ ਦੀ ਕੀ ਲੋੜ ਹੈ।