Share on Facebook

Main News Page

ਬਿਆਨ ਤਰਾਸ਼ੀ

ਪ੍ਰੋਫੈਸਰ ਧੂੰਦਾ ਨੂੰ ਜੱਥੇਦਾਰਾਂ ਦੇ ਸਾਮ੍ਹਣੇ ("ਸਕਤੱਰੇਤ" ਵਿਚ) ਹਾਜਿਰ ਹੋ ਕੇ ਸਪਸ਼ਟੀਕਰਣ ਦੇਣਾਂ ਚਾਹੀਦਾ ਹੈ: ਗਿਆਨੀ ਕੇਵਲ ਸਿੰਘ

ਟਿੱਪਣੀ: ਗਿਆਨੀ ਜੀ, ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੇ ਜਿਸ ਵੇਲੇ ਅਕਾਲ ਤੱਖਤ ਤੇ ਪੇਸ਼ ਹੋਣਾਂ ਸੀ, ਉਸ ਵੇਲੇ ਤੇ ਤੁਸੀ ਫੋਨ ਕਰ ਕਰ ਕੇ ਲੋਕਾਂ ਨੂੰ ਇਸ ਸਲਾਹ ਦੇ ਰਹੇ ਸੀ ਕੇ ਪ੍ਰੋਫੈਸਰ ਸਾਹਿਬ ਨੂੰ ਕਹੋ ਉਥੇ ਨਾ ਜਾਂਣ, ਤੁਸਾਂ ਕਾਨਪੁਰ ਵੀ ਕਈ ਵੀਰਾਂ ਨੂੰ ਉਸ ਵੇਲੇ ਫੋਨ ਕਰ ਕਰ ਕੇ ਇਹ ਕਹਿਆ ਕਿ ਪ੍ਰੋਫੈਸਰ ਸਾਹਿਬ ਨੂੰ ਇਹ ਸਲਾਹ ਦਿਉ ਕਿ ਉਥੇ ਨਾ ਜਾਣ, ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਹ ਗਲ ਤੁਹਾਡੀ ਮੇਰੇ ਨਾਲ ਵੀ ਹੋਈ। ਉਸ ਦਾ ਅਸਰ ਇਹ ਹੋਇਆ ਕੇ ਸਾਡੀਆਂ 13 ਟਿਕਟਾਂ ਰਿਜਰਵ ਸਨ, ਤੇ ਅਸੀਂ ਦੋ ਹੀ ਬੰਦੇ ਪ੍ਰੋਫੈਸਰ ਸਾਹਿਬ ਦੀ ਪੇਸ਼ੀ 'ਤੇ ਅੰਮ੍ਰਿਤਸਰ ਪੁੱਜੇ, ਬਾਕੀ ਸਾਰੇ ਆਪ ਜੀ ਦੇ ਪ੍ਰੇਪੋਗੰਡੇ ਦਾ ਸ਼ਿਕਾਰ ਹੋ ਗਏ। ਹੁਣ ਪ੍ਰੋਫੈਸਰ ਧੂੰਦਾ ਸਾਹਿਬ ਦੇ ਮਾਮਲੇ ਵਿੱਚ ਤੁਸੀ ਉਲਟੀ ਰਾਏ ਦੇ ਰਹੇ ਹੋ, ਕਿ ਪ੍ਰੋਫੈਸਰ ਧੂੰਦਾ ਨੂੰ ਉੱਥੇ ਜਰੂਰ ਜਾਣਾ ਚਾਹੀਦਾ ਹੈ। ਕੀ ਹੋ ਗਇਆ ਗਿਆਨੀ ਜੀ? ਕੀ ਸਿਧਾਂਤ ਉਸ ਵੇਲੇ ਹੋਰ ਸੀ ਤੇ ਹੁਣ ਹੋਰ ਹੈ? ਸਿਧਾਂਤ ਕਦੀ ਬਦਲਦਾ ਨਹੀਂ ਹੈ, ਇਹ ਤੁਸੀਂ ਵੀ ਜਾਂਣਦੇ ਹੋ, ਤੇ ਉਨ੍ਹਾਂ ਨੂੰ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਵੀ ਜਾਣਦੇ ਹਨ। ਉਸ ਵੇਲੇ ਬੁਰਛਾਗਰਦਾਂ ਦੀ ਰਾਏ ਵੀ ਉਹ ਹੀ ਸੀ, ਜੋ ਤੁਹਾਡੀ ਉਸ ਵੇਲੇ ਸੀ। ਇਸ ਵੇਲੇ ਬੁਰਛਾਗਰਦਾਂ ਦੀ ਜੋ ਮੰਨਸ਼ਾ ਹੈ, ਉਸ ਨਾਲ ਮਿਲਦੀ ਜੁਲਦੀ ਰਾਏ ਹੀ ਤੁਸੀਂ ਦੇ ਰਹੇ ਹੋ?


ਪ੍ਰੋਫੈਸਰ ਧੂੰਦਾ ਨੂੰ ਕਿਸਨੇ ਅਧਿਕਾਰ ਦੇ ਦਿਤਾ ਦਰਬਾਰ ਸਾਹਿਬ ਬਾਰੇ ਗਲਤ ਬਿਆਨੀ (ਇਥੇ ਗਲਤਬਿਆਨੀ ਦੀ ਥਾਂਵੇਂ ਬਹੁਤ ਹੀ ਮਾੜੇ ਸ਼ਬਦ ਦਾ ਇਸਤੇਮਾਲ ਕੀਤਾ ਗਇਆ, ਜੋ ਦਾਸ ਜਨਤਕ ਨਹੀਂ ਕਰਨਾ ਚਾਹੁੰਦਾ) ਕਰਨ ਲਈ। ਉਨ੍ਹਾਂ ਨੂੰ ਜੱਥੇਦਾਰਾਂ ਦੇ ਸਾਮ੍ਹਣੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ: ਹਰਦੇਵ ਸਿੰਘ ਜੰਮੂ

ਟਿੱਪਣੀ:  ਵੀਰ ਜੀ, ਸਾਡਾ ਜੀ ਤੇ ਕਰਦਾ ਹੈ, ਬਾਦਲ ਕੋਲੋਂ "ਫਖਰੇ ਕੌਮ" ਦਾ ਅਵਾਰਡ ਖੋਹ ਕੇ, ਆਪ ਜੀ ਨੂੰ ਇਸ ਅਵਾਰਡ ਨਾਲ ਨਿਵਾਜ ਦਿਤਾ ਜਾਵੇ। ਅੱਜ ਪੂਰਾ ਪੰਥ ਧੂੰਦਾ ਸਾਹਿਬ ਦੇ ਨਿਡਰ ਅਤੇ ਬੇਬਾਕ ਪ੍ਰਚਾਰ ਦਾ ਮੁਰੀਦ ਹੈ। ਅਤੇ ਉਨਾਂ ਦੇ ਪ੍ਰਚਾਰ ਤੋਂ ਡਰਦਿਆਂ ਬੁਰਛਾਗਰਦਾਂ ਦੀ ਜੁੰਡਲੀ ਦੇ ਚਹੇਤੇ ਅਖੌਤੀ ਕਥਾਕਾਰਾਂ ਦੀਆਂ ਸਾਜਿਸ਼ਾਂ ਨਾਲ, ਉਨਾਂ ਤੇ ਇਹ ਹਮਲਾ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਇਆ ਹੈ। ਆਪ ਜੀ ਵਰਗਾ ਵਿਦਵਾਨ, ਜੋ ਅੱਜ ਤਕ ਕਿਸੇ ਲਹਿਰ ਦਾ ਹਿੱਸਾ ਨਹੀਂ ਬਣਿਆ, ਧੂੰਦਾ ਸਾਹਿਬ ਨੂੰ ਹੀ ਮਾੜੀ ਸ਼ਬਦਾਵਲੀ ਵਰਤ ਕੇ ਦੋਸ਼ੀ ਠਹਿਰਾ ਰਿਹਾ ਹੈ, ਅਤੇ ਉਨਾਂ ਨੂੰ ਬੁਰਛਾਗਰਦਾਂ ਦੇ ਸਾਮ੍ਹਣੇ ਪੇਸ਼ ਹੋਣ ਦੀ ਅਤੇ ਅਪਣੀ ਗਲਤੀ ਮਨਣ ਦੀ ਸਲਾਹ ਦੇ ਰਿਹਾ ਹੈ। ਵੀਰ ਜੀ, ਧੂੰਦਾ ਸਾਹਿਬ ਨੂੰ ਕਹਿਨ ਦੀ ਬਜਾਇ ਉਨਾਂ ਬੁਰਛਾਗਰਦਾਂ ਨੂੰ ਤੁਸੀ ਅੱਜ ਤੱਕ ਇਹ ਕਹਿਣ ਦੀ ਹਿੰਮਤ ਕਿਉਂ ਨਹੀਂ ਕਰ ਸਕੇ ਕੇ, ਉਹ ਇਹ ਕੂੜਨਾਮੇ ਅਤੇ ਬਿਆਨ ਦੇ ਕੇ "ਬਕਵਾਸ" ਕਰ ਰਹੇ ਨੇ। ਤੁਹਾਡੀ ਕਲਮ, ਖੋਜ ਅਤੇ ਗਿਆਨ ਦਾ ਦੰਮ ਭਰਦੀ ਹੈ, ਲੇਕਿਨ ਤੁਸੀਂ ਆਪਣੇ ਪੂਰੇ ਜੀਵਨ ਵਿੱਚ ਕਦੀ ਇਨਾਂ ਬੁਰਛਾਗਰਦਾਂ ਦੇ ਖਿਲਾਫ ਇਕ ਅੱਖਰ ਵੀ ਲਿਖਣ ਦੀ ਹਿੰਮਤ ਕਿਉਂ ਨਹੀਂ ਕਰ ਸਕੇ ? ਆਪ ਜੀ ਦਾ ਸਾਰਾ ਗਿਆਨ ਧੂੰਦਾ ਸਾਹਿਬ ਨੂੰ ਦੋਸ਼ੀ ਠਹਿਰਾਉਣ ਲਈ ਕਿਉਂ ਉਮੜ ਪਇਆ?

5 ਦਸੰਬਰ ਨੂੰ ਸਿੱਖ ਮਾਰਗ ਤੇ ਛਪੇ ਲੇਖ ਵਿੱਚ ਹੀ ਤੁਸਾਂ ਧੂੰਦਾ ਸਾਹਿਬ ਨੂੰ ਦੋਸ਼ੀ ਕਰਾਰ ਦੇ ਦਿਤਾ ਸੀ, ਹੁਣ ਉਨਾਂ ਨੂੰ ਸਕਤਰੇਤ ਵਿੱਚ ਹਾਜਿਰ ਹੋਣ ਦੀ ਸਲਾਹ ਦੇ ਕੇ, ਉੱਥੇ ਕਿਸ ਲਈ ਭੇਜਣਾ ਚਾਹੁੰਦੇ ਹੋ\? "ਬੇਨਤੀ" ਨਾਮ ਦੇ ਲੇਖ ਵਿੱਚ ਬਹੁਤ ਸਾਫ ਸੁਥਰੇ ਬਣਕੇ, ਹੋਰ ਸਿੱਖਾਂ ਨੂੰ ਤੁਸੀਂ ਸੁਹਿਰਦ ਸ਼ਬਦਾਵਲੀ ਵਰਤਨ ਦੀ ਸਲਾਹ ਦੇ ਰਹੇ ਹੋ, ਲੇਕਿਨ ਧੂੰਦਾ ਸਾਹਿਬ ਬਾਰੇ ਤੁਸੀਂ ਜੋ ਸ਼ਬਦਾਵਲੀ ਵਰਤੀ, ਉਹ ਤੁਹਾਡੀ "ਕਥਨੀ ਅਤੇ "ਕਰਣੀ" ਦੇ ਫਰਕ ਨੂੰ ਇਕ ਪਲ ਵਿੱਚ ਉਜਾਗਰ ਕਰ ਗਈ। ਤੁਸੀਂ ਇਸ ਪਤੱਰ ਵਿੱਚ ਪੰਥ ਦਰਦੀਆਂ ਨੂੰ ਇਹ ਸਲਾਹ ਵੀ ਦਿਤੀ ਹੈ, ਕਿ "ਕੰਜਰ ਕਵਿਤਾ" ਆਦਿਕ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਵੀਰ ਜੀ ਜੋ ਬੰਦਾ ਆਪ "ਮਹਾਕਾਲ ਅਤੇ ਭਗੌਤੀ" ਨੂੰ ਅਕਾਲ ਪੁਰਖ ਲਈ ਵਰਤਿਆ ਸ਼ਬਦ ਸਾਬਿਤ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੋਵੇ, ਅਤੇ ਇਹ ਪੈਰਵੀ ਕਰਦਾ ਹੋਵੇ ਕਿ ਗੁਰੂ ਸਾਹਿਬ ਨੇ ਅਪਣੇ ਜੀਵਨ ਕਾਲ ਵਿੱਚ ਕੋਈ ਤਾਂ ਬਾਣੀ ਲਿਖੀ ਹੈ, ਐਸੇ ਮਹਾ ਵਿਦਵਾਨ ਨੂੰ "ਚਰਿਤ੍ਰਯੋ ਪਾਖਿਯਾਨ " ਨੂੰ "ਕੰਜਰ ਕਵਿਤਾ" ਲਿਖਣ 'ਤੇ ਤਕਲੀਫ ਹੋਣਾ ਸੁਭਾਵਿਕ ਹੀ ਹੈ।

ਲੇਕਿਨ ਵੀਰ ਹਰਦੇਵ ਸਿੰਘ ਜੀ ਮੈਂ ਅਤੇ ਸਾਡੇ ਹੋਰ ਵੀਰ ਇਸ “ਗੰਦ” ਨੂੰ "ਕੰਜਰ ਕਵਿਤਾ" ਹੀ ਕਹਿ ਕੇ ਬੁਲਾਂਦੇ ਅਤੇ ਲਿਖਦੇ ਰਹਾਂਗੇ, ਜੱਦ ਤੱਕ ਇਸ "ਕੰਜਰ ਕਵਿਤਾ" ਦਾ ਜੁੱਲਾ ਕੌਮ ਦੇ ਸਿਰੋਂ ਨਹੀ ਲਹਿ ਜਾਂਦਾ। (ਸਾਨੂੰ ਕਿਸੇ ਕੋਲੋ ਸੁਹਿਰਦ ਹੋਣ ਦਾ ਸਰਟੀਫਿਕੇਟ ਨਹੀਂ ਚਾਹੀਦਾ)। ਆਪ ਜੀ ਇਹੋ ਜਹੀਆਂ "ਕੰਜਰ ਕਵਿਤਾਵਾਂ" ਦਾ ਸਤਕਾਰ ਕਰੋ, ਜਾਂ ਇਸ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਵਿੱਚ ਲਗੇ ਰਹੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਇਹ ਵੀ ਲਿਖਿਆ ਹੈ ਕੇ ਲੋਕ ਸਾਡੀ ਇਹ ਸ਼ਬਦਾਵਲੀ ਪੜ੍ਹ ਕੇ ਕੀ ਸੋਚਣਗੇ ਕਿ ਸਾਡੇ ਵਿਦਵਾਨ ਇਹੋ ਜਹੇ ਹੀ ਨੇ। ਵਾਹ ਭਾਈ ਹਰਦੇਵ ਸਿੰਘ ਜੀ, ਤੁਹਾਨੂੰ ਇਹ ਚਿੰਤਾ ਤੇ ਹੋ ਗਈ ਕੇ ਸਾਡੇ ਬਾਰੇ ਦੂਸਰੇ ਲੋਕ ਕੀ ਸੋਚਣਗੇ । ਲੇਕਿਨ ਤੁਹਾਨੂੰ ਇਹ ਚਿੰਤਾ ਕਿਉਂ ਨਹੀਂ ਹੁੰਦੀ ਕਿ ਇਹੋ ਜਹੀ "ਕੰਜਰ ਕਵਿਤਾ" ਦੇ ਅਗੇ ਪੰਥ 300 ਸਾਲਾਂ ਤੋਂ ਮੱਥਾ ਟੇਕ ਰਿਹਾ ਹੈ, ਉਨਾਂ ਤੇ ਇਸ ਦਾ ਕੀ ਅਸਰ ਪਵੇਗਾ, ਜੋ ਅੱਜ ਵੀ ਇਸ "ਗੰਦ" ਨੂੰ ਗੁਰੂ ਕ੍ਰਿਤ ਮੰਨਦੇ ਜਾ ਰਹੇ ਨੇ। ਪੂਰੀ ਦੁਨੀਆ ਵਿੱਚ ਇਕ ਤੁਸੀਂ ਹੀ ਉਹ ਮਹਾ ਵਿਦਵਾਨ ਹੋ, ਜੋ ਧੂੰਦਾ ਸਾਹਿਬ ਨੂੰ ਦੋਸ਼ੀ ਕਰਾਰ ਦੇ ਰਹੇ ਹੋ, ਦੂਜਾ ਹੈ ਉਹ ਅਕਾਲ ਤਖਤ ਤੇ ਕਾਬਿਜ ਪੁਜਾਰੀ। ਧੂੰਦਾ ਸਾਹਿਬ ਨੂੰ ਦੋਸ਼ੀ ਠਹਿਰਾ ਕੇ ਤੁਹਾਡੇ ਕੋਲ ਜੋ ਗਲਤੀ ਹੋਈ ਹੈ, ਉਸ ਨੂੰ "ਜਸਟੀਫਾਈ " ਕਰਨ ਲਈ ਹੀ ਤੁਸੀਂ “ਬੇਨਤੀ” ਨਾਮ ਦਾ ਲੇਖ ਲਿਖਿਆ ਹੈ, ਜਿਸ ਦੇ ਥਲੇ ਕੁਝ ਡਾਕਟਰਾਂ ਦੇ ਨਾਮ ਅਤੇ ਇਕ ਵੀਰ ਹਰਮੀਤ ਸਿੰਘ ਦਾ ਨਾਮ ਦੇ ਕੇ, ਤੁਸੀਂ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ, ਕਿ ਧੂੰਦਾ ਸਾਹਿਬ ਨੂੰ ਗਲਤ ਸਾਬਿਤ ਕਰਨ ਵਾਲੇ ਤੁਸੀਂ ਇਕੱਲੇ ਨਹੀਂ, ਤੁਹਾਡੇ ਨਾਲ ਵਿਦਵਾਨਾਂ ਅਤੇ ਪੜ੍ਹੇ ਲਿਖੇ ਡਾਕਟਰਾਂ ਦੀ ਇਕ ਬਹੁਤ ਵੱਡੀ ਫੌਜ ਵੀ ਸ਼ਾਮਿਲ ਹੈ ।

ਵੀਰ ਜੀ ਮੈਂ ਬਹੁਤ ਸਾਰੇ ਪੰਥ ਦਰਦੀਆਂ ਅਤੇ ਵਿਦਵਾਨਾਂ ਨੂੰ ਇਹ ਫੋਨ ਕਰਕੇ ਪੁਛਿਆ ਕਿ ਹਰਦੇਵ ਸਿੰਘ ਜੰਮੂ ਨੇ ਜੋ ਡਾਕਟਰ “ਬੇਨਤੀ” ਵਿੱਚ ਇਕੱਠੇ ਕੀਤੇ ਹਨ, ਕੀ ਤੁਸੀਂ ਉਨ੍ਹਾਂ ਤੋਂ ਜਾਣੂੰ ਹੋ, ਤੇ ਇਕ ਵੀ ਸਿੱਖ ਨੇ ਇਹ ਨਹੀਂ ਕਹਿਆ ਕੇ ਅਸੀਂ ਉਨਾਂ ਡਾਕਟਰਾਂ ਨੂੰ ਜਾਂਣਦੇ ਹਾਂ। ਬਹੁਤ ਖੂਬ ਵੀਰ ਜੰਮੂ ਜੀ! ਤੁਸੀ ਪੰਥ ਤੋਂ ਇੰਨੀ ਦੇਰ ਤੱਕ ਇਨਾਂ ਡਾਕਟਰਾਂ ਨੂੰ ਸਾਡੇ ਕੋਲ ਕਿਉਂ ਛੁਪਾ ਕੇ ਰਖਿਆ? ਵੈਸੇ ਵੀ ਜਿਨਾਂ ਲੋਕਾਂ ਦੇ ਨਾਮ ਤੁਸੀਂ ਇਸ ਖੱਤ ਵਿੱਚ ਲਿਖੇ ਹਨ, ਬਹੁਤੇ ਇਕ ਦੂਜੇ ਨੂੰ ਹੀ ਚੰਗੀ ਤਰ੍ਹਾਂ ਨਹੀ ਜਾਂਣਦੇ, ਸੱਚਾਈ ਤਾਂ ਇਹ ਹੀ ਹੈ। "ਬੇਨਤੀ" ਵਾਲੇ ਖੱਤ ਦੀਆਂ ਮੀਸਨੀਆਂ ਗਲਾਂ ਦਾ ਜਵਾਬ ਤੇ ਦਾਸ ਫੇਰ ਕਦੀ ਵਿਸਤਾਰ ਨਾਲ ਦੇਣ ਦੀ ਕੋਸ਼ਿਸ਼ ਕਰੇਗਾ। ਵਿਸ਼ੇ ਵੱਲ ਤੁਰਦੇ ਹਾਂ।

5 ਦਸੰਬਰ ਨੂੰ ਤੁਸੀ ਸਿੱਖ ਮਾਰਗ ਤੇ ਲਗੇ ਲੇਖ ਵਿੱਚ ਇਹ ਲਿਖਿਆ ਹੈ ਕਿ, ਕੀ ਸਿੱਖਾਂ ਨੇ ਮੱਸਾ ਰੰਗੜ ਦਾ ਸਿਰ, ਸਿਰਫ ਇਸ ਕਰਕੇ ਵਡ੍ਹਿਆ ਕੇ ਉਹ ਸ਼ਰਾਬ ਪੀਂਦਾ ਸੀ, ਕੰਜਰਿਆਂ ਨਚਾਂਦਾ ਸੀ ? ਵਿਦਵਾਨ ਸਾਹਿਬ, ਸਿੱਖ ਕਿਸੇ ਨੂੰ ਸ਼ਰਾਬ ਪੀਣ ਅਤੇ ਕੰਜਰਿਆਂ ਨਚਾਉਣ ਦੀ ਸਜਾ ਸਿਰ ਵਡ੍ਹ ਕੇ ਨਹੀਂ ਦੇਂਦਾ। ਲੇਕਿਨ ਇਹੀ ਕੰਮ ਜਦੋ ਦਰਬਾਰ ਸਾਹਿਬ ਜਹੇ ਮੁਕੱਦਸ ਧਾਰਮਿਕ ਅਦਾਰੇ ਵਿੱਚ ਕੀਤੇ ਜਾਂਦੇ ਨੇ, ਤੇ ਉਸ ਦੀ ਸਜਾ ਸਿੱਖ ਕੁਝ ਇਸੇ ਤਰ੍ਹਾ ਹੀ ਦੇਂਦੇ ਆਏ ਹਨ, ਮੇਰੇ ਨਾਲੋਂ ਤੁਸੀਂ ਸਿੱਖ ਇਤਿਹਾਸ ਜਿਆਦਾ ਪੜ੍ਹਿਆ ਹੋਣਾ ਹੈ। ਇਸ ਤਰ੍ਹਾਂ ਤੇ ਅਕਾਲ ਤੱਖਤ ਤੇ ਹੋਏ 1984 ਦੇ ਹਮਲੇ ਵਿੱਚ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦਾ ਬਲਿਦਾਨ ਹੋ ਜਾਣਾ ਵੀ ਆਪ ਜੀ ਦੀ ਨਿਗਾਹ ਵਿੱਚ ਇਕ ਦੋਸ਼ ਹੀ ਹੋਵੇਗਾ?

ਵੀਰ ਜੀ! ਸਿੱਖ ਨੂੰ ਇਨਾਂ ਠੰਡਾ ਹੋਣ ਦੀ ਸਲਾਹ ਵੀ ਨਾ ਦਿਉ ਕੇ ਉਹ ਨਪੂੰਸਕ ਹੀ ਹੋ ਜਾਵੇ। ਫੇਰ ਧੂੰਦਾ ਸਾਹਿਬ ਨੇ ਤੇ ਕਿਸੇ ਦਾ ਸਿਰ ਵਡ੍ਹਣ ਦੀ ਗਲ ਹੀ ਨਹੀਂ ਕੀਤੀ। ਜੇ ਉਨਾਂ ਨੇ ਇਨਾਂ ਅਦਾਰਿਆਂ 'ਤੇ ਕਾਬਿਜ ਬੁਰਛਾਗਰਦਾਂ ਦੀ ਤੁਲਨਾ ਮੱਸਾ ਰੰਗੜ ਨਾਲ ਕੀਤੀ ਹੈ, ਤੇ ਕੀ ਗਲਤ ਕੀਤਾ ਹੈ? ਮੱਸਾ ਰੰਗੜ ਨੇ ਤੇ ਸਿੱਖਾਂ ਦੇ ਸਿਰ ਵਡ੍ਹੇ ਸਨ, ਇਹ ਤੇ ਸਿੱਖੀ ਨੂੰ ਜੜੋਂ ਹੀ ਵੱਢ ਰਹੇ ਨੇ।

ਕੀ ਅੱਜ ਸਾਡੇ ਧਾਰਮਿਕ ਅਦਾਰਿਆਂ ਤੇ ਮੱਸਾ ਰੰਗੜ ਨਾਲ ਮਿਲਦੀਆਂ ਜੁਲਦੀਆਂ ਕੁਰਹਿਤਾਂ ਆਏ ਦਿਨ ਨਹੀਂ ਹੋ ਰਹੀਆਂ? ਕੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅਕਾਲੀਆਂ ਦੇ ਇਕ ਚਹੇਤੇ ਕੱਟੇ ਵਡ੍ਹੇ ਸਿੰਗਰ ਹੰਸ ਰਾਜ ਹੰਸ ਨੇ ਹੋਛੇ ਗੀਤ ਗਾ ਕੇ ਭੰਗੜਾ ਨਹੀਂ ਕਰਵਾਇਆ। ਇਹ ਸਾਰੇ ਆਗੂ ਉਸ ਵੇਲੇ ਮੂਕ ਦਰਸ਼ਕ ਬਣਕੇ ਵੇਖਦੇ ਰਹੇ। ਤੁਸੀਂ ਉਸ ਵੇਲੇ ਕਿਥੇ ਛੁਪੇ ਰਹੇ? ਤੁਸੀਂ ਉਸ ਵੇਲੇ ਤੇ ਇਸ ਬਾਰੇ ਕੁੱਝ ਨਹੀਂ ਲਿਖਿਆ। ਉਸ ਸਿੰਗਰ ਅਤੇ ਉਨਾਂ ਪ੍ਰਬੰਧਕਾਂ ਦੇ ਖਿਲਾਫ ਇਨਾਂ ਬੁਰਛਾਗਰਦਾਂ ਨੇ ਕੀ ਏਕਸ਼ਨ ਲਿਆ,ਜਿਨ੍ਹਾਂ ਨੇ ਧੂੰਦਾ ਸਾਹਿਬ ਨੂੰ ਨੋਟਿਸ ਭੇਜਿਆ ਹੈ? ਪ੍ਰੋਫੈਸਰ ਧੂੰਦਾ ਸਾਹਿਬ ਦੀ ਕਥਾ ਵਿੱਚ ਕੁਝ ਵੀ ਇਤਰਾਜ ਯੋਗ ਨਹੀਂ ਹੈ, ਜਿਸ ਦਾ ਤੁਸੀਂ ਬਹੁਤ ਹੀ ਮਾੜੀ ਸ਼ਬਦਾਵਲੀ ਵਰਤ ਕੇ ਵਿਰੋਧ ਕਰ ਰਹੇ ਹੋ। ਉਨ੍ਹਾਂ ਨੇ ਤੁਲਨਾ ਕੀਤੀ ਹੈ ਮੱਸਾ ਰੰਗੜ ਨਾਲ, ਕਿਸੇ ਨੂੰ ਸਿੱਧੇ ਤੌਰ ਤੇ ਕੁਝ ਵੀ ਨਹੀਂ ਕਹਿਆ।

ਮੇਰੇ ਵਿਦਵਾਨ ਵੀਰ ਜੀ! ਤਰਕਾਂ ਦੇ ਅਧਾਰ ਤੇ ਜਲੇਬੀ ਵਾਂਗ ਲਛੇਦਾਰ ਲੇਖ ਲਿਖਣਾ, ਅਤੇ ਪੰਥ ਦੀ ਦਰਦ ਤੋਂ ਅਪਣੇ ਮੰਨ ਦੀ ਤਕਲੀਫ ਨੂੰ ਕਾਗਜ ਤੇ ਉਤਾਰਨਾ ਇਨ੍ਹਾਂ ਦੋਹਾਂ ਵਿੱਚ ਬਹੁਤ ਵਡਾ ਫਰਕ ਹੁੰਦਾ ਹੈ। ਜੋ ਪੰਥ ਦਰਦੀ ਅੱਜ ਇਨ੍ਹਾਂ ਪੁਜਾਰੀਆਂ ਨੂੰ "ਵੇਸ਼ਵਾ" ਅਤੇ "ਕੁੱਤਿਆਂ ਨਾਲੋਂ ਮਾੜੇ" ਕਹਿ ਕੇ ਦੁੱਤਕਾਰ ਰਹੇ ਨੇ (ਜੱਦ ਕੇ ਉਹ ਕੋਈ ਵਿਦਵਾਨ ਜਾਂ ਲਿਖਾਰੀ ਨਹੀਂ ਹਨ), ਪੰਥ ਨੂੰ ਉਨਾਂ ਦੇ ਬਿਆਨਾਂ ਵਿੱਚੋ ਪੰਥ ਦਰਦ ਅਤੇ ਦਿਲੋਂ ਲਿੱਖੀ ਵਾਸਤਵਿਕ ਤਕਲੀਫ ਨਜਰ ਆਉਂਦੀ ਹੈ। ਤਰਕਾਂ ਦੇ ਅਧਾਰ 'ਤੇ, ਲੱਛੇਦਾਰ ਸ਼ਬਦਾਵਲੀ ਵਿੱਚ ਸੋਚ ਸਮਝ ਕੇ ਲਿਖੇ ਗਏ ਲੇਖ ਕਦੀ ਵੀ ਪਾਠਕਾਂ ਦੇ ਦਿਲਾਂ ਤੇ ਅਸਰ ਨਹੀਂ ਕਰਦੇ। ਇਹੋ ਜਹੀ ਸ਼ਬਦਾਵਲੀ ਇਨਾਂ ਬੁਰਛਾਗਰਦਾਂ ਦੇ ਖਿਲਾਫ ਉਹ ਹੀ ਲਿੱਖ ਸਕਦਾ ਹੈ, ਜਿਸ ਦੇ ਦਿਲ ਵਿੱਚ ਪੰਥ ਦਰਦ ਅਤੇ ਕੌਮ ਦੀ ਹਾਲਤ ਨੂੰ ਵੇਖ ਕੇ ਤਕਲੀਫ ਕੁੱਟ ਕੁੱਟ ਕੇ ਭਰੀ ਹੁੰਦੀ ਹੈ। ਜਿਸ ਨੂੰ ਕੋਈ ਤਕਲੀਫ ਨਹੀਂ ਉਹ ਕਿਉ ਕਰਾਹੇਗਾ, ਚਿੱਲਾਏਗਾ।

ਧੂੰਦਾ ਸਾਹਿਬ ਸਕਤਰੇਤ ਵਿੱਚ ਪੇਸ਼ ਹੁੰਦੇ ਨੇ ਜਾਂ ਨਹੀਂ ਇਹ ਉਨਾਂ ਦੀ ਕਥਨੀ ਅਤੇ ਕਰਣੀ ਦੇ ਪੱਖ ਨੂੰ ਪੰਥ ਅਗੇ ਪੇਸ਼ ਕਰੇਗਾ। ਪੰਥ ਦਰਦੀ ਤੇ ਅਪਣੀ ਰਾਏ ਹੀ ਦੇ ਸਕਦੇ ਹਨ, ਜੋ ਪੰਥ ਦੇ ਹੱਕ ਵਿੱਚ ਉਹ ਸਮਝਦੇ ਹਨ। ਚੰਗਾ ਹੂੰਦਾ ਕਿ ਉਨ੍ਹਾਂ ਸਿੱਖਾਂ ਅਤੇ ਪੰਥ ਦਰਦੀਆਂ ਦੀ ਰਾਏ ਵੀ ਲੈ ਲਈ ਜਾਂਦੀ ਜੋ "ਪੁਜਾਰੀਵਾਦ" ਦੇ ਖਿਲਾਫ ਉਸ ਲੜਾਈ ਵਿੱਚ ਸ਼ਾਮਿਲ ਹਨ। ਫੇਸ ਬੁਕ ਉੱਤੇ "ਬਚਿਤੱਰ ਨਾਟਕ (ਇਕ ਸਾਜਿਸ਼) ਵਿੱਚ ਇਕ ਵੋਟਿੰਗ ਕੀਤੀ ਜਾ ਰਹੀ ਹੈ। ਜਿੱਸ ਵਿਚ 125 ਪੰਥ ਦਰਦੀਆਂ ਨੇ ਅਪਣਾਂ ਪੱਖ ਦਰਜ ਕੀਤਾ ਹੈ ਕਿ ਧੂੰਦਾ ਸਾਹਿਬ ਨੂੰ ਇਨਾਂ ਪੁਜਾਰੀਆਂ ਦੇ ਸਾਮ੍ਹਣੇ "ਸਕੱਤਰੇਤ" ਵਾਲੇ ਕਮਰੇ ਵਿੱਚ ਪੇਸ਼ ਨਹੀ ਹੋਣਾ ਚਾਹੀਦਾ। ਇਸ ਦੇ ਵਿਰੋਧ ਵਿੱਚ ਕੇਵਲ 4 ਵੋਟ ਆਏ ਹਨ, ਇਕ ਵੋਟ ਵੀਰ ਹਰਦੇਵ ਸਿੰਘ ਜੰਮੂ ਅਤੇ ਇਕ ਵੋਟ ਬੁਰਛਾਗਰਦ ਦਾ ਮਿਲਾ ਲਿਆ ਜਾਵੇ ਤੇ ਕੁਲ ਮਿਲਾ ਕੇ 6 ਵੋਟ ਵਿਰੋਧ ਵਿੱਚ ਆਏ ਹਨ। ਧੂੰਦਾ ਸਾਹਿਬ ਅਤੇ ਉਨਾਂ ਦੇ ਸਲਾਹ ਕਾਰ ਇਸ ਜਨਮਤਿ ਨੂੰ ਇਗਨੋਰ ਕਰਦੇ ਹਨ, ਜਾਂ ਇਸ ਜਨਮਤਿ ਦਾ ਆਦਰ ਕਰਦੇ ਹਨ, ਇਹ ਤਾਂ ਵਕਤ ਹੀ ਦਸੇਗਾ। ਤੱਦ ਤੱਕ ਅਸੀਂ ਅਪਣੀ ਕਲਮ ਨੂੰ ਵੀਰਾਮ ਦੇਂਦੇ ਹਾਂ ਜੀ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top