Share on Facebook

Main News Page

ਪ੍ਰੋ. ਧੂੰਦਾ ਖਿਲਾਫ ਦਿੱਤਾ ਗਿਆ ਫ਼ਤਵਾ ਸਿੱਖ ਸਿਧਾਂਤਾਂ ਦਾ ਘਾਣ: ਗੁਰੂ ਗ੍ਰੰਥ ਵਿਚਾਰ ਮੰਚ ਨੌਰਵੇ

ਓਸਲੋ 10 ਜਨਵਰੀ 2012: “ਗੁਰੁ ਗ੍ਰੰਥ ਵਿਚਾਰ ਮੰਚ ਨੌਰਵੇ” ਦੀ ਇੱਕ ਅਹਿਮ ਮੀਟਿੰਗ ਓਸਲੋ ਵਿਖੇ ਹੋਈ, ਜਿਸ ’ਚ ਪਿਛਲੇ ਦਿਨੀ ਅਕਾਲ ਤਖਤ ਵਿਖੇ ਸੇਵਾਦਾਰਾਂ ਵਲੋਂ ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਖਿਲਾਫ ਜਾਰੀ ਕੀਤੇ ਗਏ ਫ਼ਤਵੇ 'ਤੇ ਵਿਚਾਰ ਕੀਤੀ ਗਈ। ਮੀਟਿੰਗ ਵਿੱਚ ਇਹ ਮਹਿਸੂਸ ਕੀਤਾ ਗਿਆ, ਕਿ ਇਹ ਫੈਸਲਾ ਬਹੁਤ ਹੀ ਮੰਦਭਾਗਾ ਅਤੇ ਪੰਥਕ ਸਿਧਾਂਤਾ ਦੇ ਉਲਟ ਹੈ।

ਪਹਿਲਾਂ ਵੀ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ. ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਹੋਰਾਂ ਖਿਲਾਫ ਗਲਤ ਫੈਸਲੇ ਕੀਤੇ ਗਏ। ਗੁਰੁ ਗ੍ਰੰਥ ਸਾਹਿਬ, ਸਿੱਖ ਰਹਿਤ ਮਰਿਆਦਾ ਜਾਂ ਗੁਰਦੁਆਰਾ ਐਕਟ ਕੋਈ ਵੀ ਅਜਿਹੇ ਫ਼ਤਬੇ ਜਾਰੀ ਕਰਨ ਦੀ ਆਗਿਆ ਨਹੀਂ ਦਿੰਦੇ।

ਇਨ੍ਹਾਂ ਆਪਹੁਦਰੇ ਫੈਸਲਿਆ ਕਾਰਨ ਕੌਮ ਬੁਰੀ ਤਰ੍ਹਾਂ ਦੋਫਾੜ ਹੋਈ ਅਤੇ ਜਿਆਦਾਤਰ ਸੰਗਤ ਨੇ ਇਨ੍ਹਾਂ ਕੁੜਨਾਮਿਆ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਪੂਰੀ ਦੁਨੀਆ ’ਚ ਇਨ੍ਹਾਂ ਨਾਲ ਕੌਮ ਦਾ ਜੋ ਮੌਜੂ ਬਣਿਆ ਉਹ ਸਾਰੀ ਦੁਨੀਆਂ ਨੇ ਵੇਖਿਆ ਹੈ। ਜਗ੍ਹਾ-ਜਗ੍ਹਾ ਗੁਰਦੁਆਰਿਆਂ ਵਿੱਚ ਸਿੱਖਾਂ ਨੇ ਇੱਕ ਦੂਜੇ ਦੀਆਂ ਪੱਗਾਂ ਲਾਹੀਆਂ। ਇਨ੍ਹਾਂ ਜੱਥੇਦਾਰਾਂ ਨੂੰ ਕੌਮ ਦੀ ਇਸ ਦੁਰਗਤ ਨਾਲ ਕੋਈ ਲੈਣ ਦੇਣ ਨਹੀਂ ਹੈ। ਭਾਵੇਂ ਸਾਰੀ ਕੌਮ ਲੜ-ਲੜ ਕੇ ਮਰ ਜਾਵੇ, ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਤਾ ਨਹੀਂ ਕਿ ਇਹ ਕਿਸ ਮਿੱਟੀ ਦੇ ਬਣੇ ਹੋਏ ਹਨ।

ਪ੍ਰੋ. ਸਰਬਜੀਤ ਸਿੰਘ ਧੂੰਦਾ ਜੋ ਕਿ ਸੁਲਝੇ ਹੋਏ ਵਿਦਵਾਨ ਤੇ ਨਿਧੜਕ ਪ੍ਰਚਾਰਕ ਹਨ ਅਤੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹਨ। ਉਹਨਾਂ ਨੂੰ ਸਿੱਖ ਰਹਿਤ ਮਰਿਆਦਾ, ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਚੰਗੀ ਸੂਝ ਹੈ, ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਦੀ ਕਾਬਲੀਅਤ ਰੱਖਦੇ ਹਨ। ਅਜਿਹੇ ਸੁਝਵਾਨ ਪ੍ਰਚਾਰਕ ਨੂੰ ਸਨਮਾਨਤ ਕਰਨ ਦੀ ਬਜਾਇ ਜ਼ਲੀਲ ਕੀਤਾ ਜਾ ਰਿਹਾ ਹੈ। ਦੁਨੀਆਂ ਵਿੱਚ ਸ਼ਾਇਦ ਇਸ ਤਰ੍ਹਾਂ ਹੁਣ ਕਿਤੇ ਵੀ ਨਾਂ ਹੁੰਦਾ ਹੋਵੇ ਕਿ ਅਗਲੇ ਦਾ ਪੱਖ ਸੁਣੇ ਤੋਂ ਬਿਨਾਂ ਹੀ ਸਜਾ ਸੁਣਾ ਦਿੱਤੀ ਜਾਂਦੀ ਹੋਵੇ। ਪਰ ਇਹ ਸਭ ਸਾਡੇ ਅਕਾਲ ਤਖਤ ਤੋਂ ਵਾਰ-ਵਾਰ ਹੋ ਰਿਹਾ ਹੈ। ਇਸ ਵਰਤਾਰੇ ਨੂੰ ਰੋਕਣ ਦੀ ਫੌਰੀ ਲੋੜ ਹੈ।

ਇਹ ਫਤਬਾ ਉਹਨਾਂ ਲੋਕਾਂ ਦੇ ਦਬਾਅ ਹੇਠ ਆ ਕੇ ਜਾਰੀ ਕੀਤਾ ਗਿਆ ਹੈ ਜੋ ਕਨੇਡਾ’ਚ ਪ੍ਰੋ. ਧੂੰਦਾ ਦੇ ਪ੍ਰਚਾਰ-ਫੇਰੀ ਦੌਰਾਨ ਸੰਗਤਾਂ ਵਲੋਂ ਮਿਲੇ ਬੇ-ਮਿਸਾਲ ਹੁੰਗਾਰੇ ਕਾਰਨ ਬੁਖਲਾ ਗਏ ਹਨ। ਉਹ ਲੋਕ ਜੋ ਮਨਮੱਤੀ ਕਹਾਣੀਆਂ ਸੁਣਾ ਕੇ ਸੰਗਤ ਤੋਂ ਡਾਲਰ-ਪੌਂਡ ਇਕੱਠੇ ਕਰਦੇ ਰਹੇ ਹਨ, ਨਹੀਂ ਚਾਹੁੰਦੇ ਕਿ ਸਿੱਖ ਜਾਗਰਤ ਹੋ ਜਾਣ। ਪ੍ਰੰਤੂ ਹਜ਼ਾਰਾਂ ਸੰਗਤਾਂ ਦਾ ਹਰ ਰੋਜ਼ ਪ੍ਰੋ. ਧੁੰਦਾ ਨੂੰ ਸੁਣਨ ਆਉਣਾ ਸਾਬਿਤ ਕਰਦਾ ਹੈ ਕਿ ਲੋਕ ਹੁਣ ਜਾਗਰਤ ਹੋ ਚੁੱਕੇ ਹਨ।ਇਹ ਗੱਲ ਇਨ੍ਹਾਂ ਲੋਕਾਂ ਨੂੰ ਰਾਸ ਨਹੀਂ ਆ ਰਹੀ। ਪ੍ਰੋ. ਧੁੰਦਾ ਵਰਗੇ ਗੁਰਮੁਖਾਂ ਦੇ ਪ੍ਰਚਾਰ ਖੇਤਰ’ਚ ਆਉਣ ਨਾਲ ਸਿੱਖੀ ਦੇ ਸੁਨਹਿਰੇ ਭਵਿੱਖ ਦੀ ਆਸ ਬੱਝੀ ਹੈ। ਸਮੂਹ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪ੍ਰੋ. ਧੂੰਦਾ ਵਰਗੇ ਸੁਲਝੇ ਹੋਏ ਪ੍ਰਚਾਰਕ ਜਿੱਥੇ ਵੀ ਜਾਣ, ਉੱਥੇ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ ਜਾਵੇ ਅਤੇ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਇਹ ਪੂਜਾਰੀ ਜਿੱਥੇ ਵੀ ਜਾਣ, ਸੰਗਤਾਂ ਇਨ੍ਹਾਂ ਤੋਂ ਜੁਆਬ ਤਲਬੀ ਜਰੂਰ ਕਰਨ ਤਾਂ ਕਿ ਅੱਗੇ ਤੋਂ ਇਹ ਇਸ ਤਰ੍ਹਾਂ ਦੀਆਂ ਮਨਮੱਤਾਂ ਕਰਨ ਦੀ ਜੁਰਅਤ ਨਾਂ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top